ਸਤਲੁਜ ’ਚ ਪਾੜ: ਲੋਕ ਮੋਹਰੀ, ਪ੍ਰਸ਼ਾਸਨ ਪੱਛੜਿਆ

ਸਤਲੁਜ ’ਚ ਪਾੜ: ਲੋਕ ਮੋਹਰੀ, ਪ੍ਰਸ਼ਾਸਨ ਪੱਛੜਿਆ

ਲੋਕ ਆਪ ਮੁਹਾਰੇ ਹੜ੍ਹ ਪੀੜਤਾਂ ਦੀ ਸੇਵਾ ਕਰਨ ਲੱਗੇ; ਮਿੱਟੀ ਦੀਆਂ ਬੋਰੀਆਂ, ਲੰਗਰ-ਪਾਣੀ ਦੀ ਹੋਣ ਲੱਗੀ ਸੇਵਾ
ਤਰਨ ਤਾਰਨ- ਸਤਲੁਜ ਦਰਿਆ ਦੇ ਕਿਨਾਰੇ ਦੇ ਪਿੰਡ ਘੜੂੰਮ ਨੇੜੇ ਪੰਜ ਦਿਨ ਪਹਿਲਾਂ ਪਏ ਪਾੜ ਨੂੰ ਪੂਰਨ ਲਈ ਆਮ ਲੋਕ ਸ਼ਰਧਾ ਭਾਵਨਾ ਨਾਲ ਅੱਗੇ ਹੋ ਕੇ ਪੀੜਤਾਂ ਦੀ ਮਦਦ ਕਰ ਰਹੇ ਹਨ। ਇਸ ਕੰਮ ਨਾਲ ਹੁਣ ਲੋਕਾਂ ਦੀਆਂ ਭਾਵਨਾਵਾਂ ਜੁੜ ਗਈਆਂ ਹਨ। ਪਾੜ ਪੈਣ ਕਾਰਨ ਦਰਿਆ ਦੇ ਕਿਨਾਰੇ ਦੇ 20 ਦੇ ਕਰੀਬ ਪਿੰਡਾਂ ਦੀ ਹਜ਼ਾਰਾਂ ਏਕੜ ਫਸਲ ਪਾਣੀ ਵਿਚ ਡੁੱਬ ਗਈ ਹੈ। ਇਥੋਂ ਦੇ ਵਸਨੀਕ ਸੈਂਕੜੇ ਪਰਿਵਾਰ ਆਪਣੇ ਘਰ-ਬਾਰ ਛੱਡ ਗਏ ਹਨ, ਉਨ੍ਹਾਂ ਦੇ ਪਸ਼ੂਆਂ ਨੂੰ ਚਾਰਾ ਨਹੀਂ ਮਿਲ ਰਿਹਾ, ਮੌਸਮ ਖਰਾਬ ਹੋਣ ਕਰਕੇ ਲੋਕ ਬਿਮਾਰ ਹੋ ਰਹੇ ਹਨ| ਦੂਜੇ ਪਾਸੇ ਪਾੜ ਨੂੰ ਪੂਰਨ ਲਈ ਲੋਕ ਰਾਤ-ਦਿਨ ਇਸ ਕਾਰਜ ਵਿੱਚ ਭਾਗ ਲੈ ਰਹੇ ਹਨ| ਘੜੂੰਮ ਪਿੰਡ ਨੂੰ ਜਾਂਦੇ ਰਸਤਿਆਂ ’ਤੇ ਲੋਕਾਂ ਦਾ ਆਪਮੁਹਾਰਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਜਿਹੜੇ ਲੋਕਾਂ ਲਈ ਲੰਗਰ ਤੇ ਪਸ਼ੂਆਂ ਲਈ ਚਾਰਾ ਲੈ ਕੇ ਆ ਰਹੇ ਹਨ| ਲੋਕ ਆਪਮੁਹਾਰੇ ਮਿੱਟੀ ਦੀਆਂ ਟਰਾਲੀਆਂ ਲੈ ਕੇ ਆ ਰਹੇ ਹਨ। ਇਸ ਤੋਂ ਇਲਾਵਾ ਲੋਕਾਂ ਵਲੋਂ ਪੀਣ ਵਾਲੇ ਪਾਣੀ ਦੀਆਂ ਸੈਂਕੜੇ ਬੋਤਲਾਂ ਦਾਨ ਦਿੱਤੀਆਂ ਜਾ ਰਹੀਆਂ ਹਨ।

ਕਾਰ ਸੇਵਾ ਸੰਪਰਦਾ ਸਰਹਾਲੀ ਸਾਹਿਬ ਦੇ ਮੁਖੀ ਬਾਬਾ ਸੁੱਖਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ 600 ਦੇ ਕਰੀਬ ਸੇਵਾਦਾਰ ਪਾੜ ਵਾਲੇ ਥਾਂ ’ਤੇ ਰਾਤ ਵੇਲੇ ਪ੍ਰਸ਼ਾਸਨ ਦੀ ਅਪੀਲ ’ਤੇ ਨਿਗਰਾਨੀ ਕਰਦੇ ਹਨ| ਹੋਰ ਸੈਂਕੜੇ ਸੇਵਾਦਾਰ ਹਰੀਕੇ ਦੀ ਦਾਣਾ ਮੰਡੀ ਵਿੱਚ ਰਾਤ-ਦਿਨ ਮਿੱਟੀ ਦੀਆਂ ਬੋਰੀਆਂ ਭਰ ਰਹੇ ਹਨ। ਇਕ ਅਨੁਮਾਨ ਅਨੁਸਾਰ ਪਾੜ ਪੂਰਨ ਲਈ ਚਾਰ ਲੱਖ ਮਿੱਟੀ ਦੀਆਂ ਬੋਰੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਮੁਸ਼ਕਲ ਦੀ ਇਸ ਘੜੀ ਵਿੱਚ ਗੁਰਦਾਸਪੁਰ, ਮਹਿਤਾ (ਅੰਮ੍ਰਿਤਸਰ), ਬਠਿੰਡਾ ਆਦਿ ਤੋਂ ਲੋਕਾ ਸੇਵਾ ਦੇ ਇਸ ਕਾਰਜ ਵਿੱਚ ਭਾਗ ਲੈ ਰਹੇ ਹਨ| ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਦਰਿਆ ਸਤਲੁਜ ਨਾਲ ਲੱਗਦੇ ਪਿੰਡਾਂ ਸਮੇਤ ਪਾਣੀ ਦੀ ਮਾਰ ਹੇਠ ਆਏ ਵੱਖ-ਵੱਖ ਪਿੰਡਾਂ ਵਿੱਚ ਰਾਹਤ ਕਾਰਜ ਜਾਰੀ ਹਨ। ਲੋਕਾਂ ਵਲੋਂ ਹੜ੍ਹ ਪੀੜਤਾਂ ਲਈ ਲੰਗਰ, ਪਸ਼ੂਆਂ ਲਈ ਚਾਰਾ, ਤਰਪਾਲਾਂ, ਮੱਛਰਦਾਨੀਆਂ, ਪੀਣ ਵਾਲਾ ਪਾਣੀ ਦੀ ਮਦਦ ਕੀਤੀ ਜਾ ਰਹੀ ਹੈ।