ਸਟਾਕਟਨ ਨਗਰ ਕੀਰਤਨ ਤੇ ਬੂਥ ਲਾਕੇ ਆਮ-ਆਦਮੀ ਪਾਰਟੀ ਨੇ ਪੰਜਾਬੀਆ ਦਾ ਧੰਨਵਾਦ ਕੀਤਾ

ਸਟਾਕਟਨ ਨਗਰ ਕੀਰਤਨ ਤੇ ਬੂਥ ਲਾਕੇ ਆਮ-ਆਦਮੀ ਪਾਰਟੀ ਨੇ ਪੰਜਾਬੀਆ ਦਾ ਧੰਨਵਾਦ ਕੀਤਾ

ਫਰਿਜਨੋ (ਕੈਲੀਫੋਰਨੀਆਂ) (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਹੂੰਝਾ ਫੇਰੂ ਜਿੱਤ ਮਗਰੋਂ ਦੁਨੀਆ ਭਰ ਦੇ ਐਨ. ਆਰ. ਆਈ. ਵੀਰ-ਭੈਣ ਖੁਸੀ ਵਿੱਚ ਖੀਵੇ ਹੋਏ ਆਪੋ ਆਪਣੇ ਸਹਿਰਾਂ ਵਿੱਚ ਪ੍ਰੋਗਰਾਮ ਕਰ ਰਹੇ ਹਨ। ਇਹਨਾਂ ਚਾਵਾਂ ਨੂੰ ਹੋਰ ਦੂਣ ਸਵਾਇਆ ਕਰਨ ਲਈ ਕੈਲੀਫੋਰਨੀਆਂ ਦੇ ਸਹਿਰ ਸਟਾਕਟਨ ਦੇ ਇਤਿਹਾਸਕ ਗੁਰੂਘਰ ਵੱਲੋ ਵਿਸਾਖੀ ਮੌਕੇ ਸਜਾਏ ਜਾਦੇ ਨਗਰ ਕੀਰਤਨ ਮੌਕੇ ਆਪ ਵਲੰਟੀਅਰਾਂ ਨੇ ਵਿਸੇਸ ਬੂਥ ਲਾਕੇ ਪੰਜਾਬੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਆਪ ਵਲੰਟੀਅਰ ਇੱਕ ਵੱਖਰੇ ਜਾਹੋ-ਜਲਾਲ ਵਿੱਚ ਰੰਗੇ ਕੈਲੀਫੋਰਨੀਆਂ ਦੇ ਵੱਖੋ ਵੱਖ ਸਹਿਰਾਂ ਤੋਂ ਪਹੁੰਚੇ ਹੋਏ ਸਨ।
ਇਸ ਮੌਕੇ ਆਪ ਵਲੰਟੀਅਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰ ਕ੍ਰੰਤੀ ਪੰਜਾਬ ਵਿੱਚੋਂ ਜਨਮ ਲੈੰਦੀ ਹੈ, ਅਸੀਂ ਅਣਖੀ ਲੋਕ ਗੁਲਾਮੀ ਦਾ ਜੂਲਾ ਗਲੋ ਲਹੁੰਣਾ ਜਾਣਦੇ ਹਾਂ। ਉਹਨਾਂ ਕਿਹਾ ਕਿ ਪੰਜਾਬੀਆਂ ਦੀ ਲੰਮੇ ਸਮੇਂ ਦੀ ਮਿਹਨਤ ਅਤੇ ਲਗਨ ਨੂੰ ਬੂਰ ਪਿਆ ਹੈ, ਜਿਸ ਸਦਕਾ ਆਮ -ਆਦਮੀ ਪਾਰਟੀ ਨੇ ’ਤੇ ਪੰਜਾਬ ਦੇ ਲੋਕਾਂ ਨੇ, ਪੰਜਾਬ ਦੇ ਇਤਿਹਾਸ ਵਿੱਚ , ਇਕ ਅਣ-ਕਿਆਸੀ, ਇਤਿਹਾਸਕ ਜਿੱਤ ਦਰਜ ਕਰਵਾਈ ਹੈ। ਜਿਸ ਵਿੱਚ ਪੰਜਾਬ ਦੇ ਤਮਾਮ ਪਰਵਾਰਾਂ ਨੇ, ਭਾਵੇਂ ਉਹ ਧਰਤੀ ਦੇ ਕਿਸੇ ਵੀ ਹਿੱਸੇ ਉੱਪਰ ਵੱਸਦੇ ਹੋਣ, ਨੇ ਵੱਡਾ ਯੋਗਦਾਨ ਪਾਇਆ ਹੈ। ਉਹਨਾਂ ਕਿਹਾ ਕਿ ਅੱਜ ਅਸੀਂ ਗਦਰੀ ਬਾਬਿਆਂ ਦੀ ਧਰਤੀ ਸਟਾਕਟਨ ਤੋਂ ਪੰਜਾਬੀਆਂ ਵੱਲੋ ਮਾਰੀ ਵੱਡੀ ਮੱਲ ਲਈ ਉਹਨਾਂ ਨੂੰ ਵਧਾਈ ਦਿੰਦੇ ਸਮੂਹ ਪੰਜਾਬੀਆ ਦਾ ਧੰਨਵਾਦ ਕਰਦੇ ਹਾਂ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਆਪਣਾ ਫਰਜ ਨਿੱਭਾ ਦਿੱਤਾ ਹੁਣ ਆਪ ਸਰਕਾਰ ਕੰਮ ਕਰਕੇ ਪੰਜਾਬੀਆ ਦਾ ਕਰਜ ਉਤਰੇਗੀ।