ਸਟਾਕਟਨ ਕੈਲੀਫੋਰਨੀਆ ਦੇ ਉਘੇ ਸਿੱਖ ਗਿੱਲ ਪ੍ਰਵਾਰ ਨੂੰ ਭਾਰੀ ਸਦਮਾ

ਸਟਾਕਟਨ ਕੈਲੀਫੋਰਨੀਆ ਦੇ ਉਘੇ ਸਿੱਖ ਗਿੱਲ ਪ੍ਰਵਾਰ ਨੂੰ ਭਾਰੀ ਸਦਮਾ

ਸੜਕ ਹਾਦਸੇ ਦੌਰਾਨ 21 ਸਾਲਾ ਬੇਟੀ ਗੁਰਜੋਤ ਕੌਰ ਗਿੱਲ ਦੀ ਮੌਤ ਨਾਲ ਇਲਾਕੇ ’ਚ ਹਾਹਾਕਾਰ
ਸਟਾਕਟਨ/ ਕੈਲੀਫੋਰਨੀਆ (ਸਾਡੇ ਲੋਕ) : ਸਟਾਕਟਨ ਨਿਵਾਸੀ 21 ਸਾਲਾ ਗੁਰਜੋਤ ਕੌਰ ਦੀ ਇਕ ਸੜਕ ਹਾਦਸੇ ’ਚ ਮੌਤ ਹੋਣ ਦੀ ਦੁਖਦਾਈ ਖ਼ਬਰ ਪ੍ਰਾਪਤ ਹੋਈ ਹੈ। ਸਵੇਰੇ ਤਕਰੀਬਨ 7 ਵਜੇ ਦੇ ਕਰੀਬ ਹਾਈਵੇ 4 ਉੱਤੇ ਡਨਟਨ ਰੋਡ ਦੇ ਨਜ਼ਦੀਕ ਗੁਰਜੋਤ ਕੌਰ ਦੀ ਕਾਰ ਸਾਹਮਣੇ ਤੋਂ ਆ ਰਹੀ ਇਕ ਹੋਰ ਕਾਰ ਨਾਲ ਟਕਰਾ ਗਈ, ਜਿਸ ਕਾਰਨ ਗੁਰਜੋਤ ਕੌਰ ਸਮੇਤ ਦੂਜੇ ਕਾਰ ਦੇ ਡਰਾਈਵਰ 51 ਸਾਲਾ ਰੂਡੀ ਮਰਸਾਡੋ ਦੀ ਵੀ ਮੌਕੇ ’ਤੇ ਮੌਤ ਹੋ ਗਈ। ਗੁਰਜੋਤ ਕੌਰ ਮੈਡੀਕਲ ਦੀ ਵਿਦਿਆਰਥਣ ਸੀ ਅਤੇ ਉਹ ਕਾਲਜ ਜਾ ਰਹੀ ਸੀ।
ਦੁਰਘਟਨਾ ਤੋਂ ਬਾਅਦ ਸੁਰੱਖਿਆ ਦਸਤੇ ਮੌਕੇ ’ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਦੋਵਾਂ ਨੂੰ ਹਾਦਸਾਗ੍ਰਸਤ ਗੱਡੀਆਂ ਵਿਚੋਂ ਬਾਹਰ ਕੱਢਿਆ। ਮੌਕੇ ’ਤੇ ਜਾਂਚ ਕਰਨ ’ਤੇ ਦੋਵੇਂ ਹੀ ਮਿ੍ਰਤਕ ਪਾਏ ਗਏ।
ਗੁਰਜੋਤ ਕੌਰ ਕੈਲੀਫੋਰਨੀਆ ਦੀ ਜੰਮਪਲ ਸੀ ਅਤੇ ਆਪਣੇ ਪਿਤਾ ਬਲਬੀਰ ਸਿੰਘ ਗਿੱਲ ਅਤੇ ਮਾਤਾ ਰਮਨਦੀਪ ਕੌਰ ਗਿੱਲ ਨਾਲ ਅਤੇ ਆਪਣੇ ਛੋਟੇ ਭਰਾ ਨਾਲ ਹਸਦਾ ਵਸਦਾ ਪ੍ਰਵਾਰ ਖੁਸ਼ੀਆ ਨਾਲ ਰਹਿ ਰਿਹਾ ਸੀ।
ਗੁਰਜੋਤ ਕੌਰ ਦੇ ਪਿਤਾ ਕੁਝ ਦਿਨ ਪਹਿਲਾਂ ਹੀ ਆਪਣੇ ਪਿੰਡ ਘੁੱਗ ਨੇੜੇ ਭੋਗਪੁਰ ਆਏ ਹੋਏ ਹਨ। ਗੁਰਜੋਤ ਕੌਰ ਦੇ ਮਾਮਾ ਜੀ ਜਸਵੀਰ ਸਿੰਘ ਰਾਜਾ ਗਿੱਲ ਪਿਛਲੀਆਂ ਚੋਣਾਂ ਦੌਰਾਨ ਟਾਂਡਾ ਉੜਮੁੜ ਤੋਂ ਆਮ ਆਦਮੀ ਪਾਰਟੀ ਵੱਲੋਂ ਵਿਧਾਇਕ ਜਿੱਤੇ ਸਨ। ਇਸ ਖ਼ਬਰ ਨਾਲ ਇਲਾਕੇ ਦੇ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਅਸੀ ਸਾਡੇ ਲੋਕ, ਖਾਲਸਾ ਅਫੇਅਰ ਦੇ ਸਮੂਹ ਪ੍ਰਵਾਰ ਵਲੋਂ ਅਕਾਲ ਪੁਰਖ ਦੇ ਚਰਨਾ ’ਚ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਬੱਚੀ ਨੂੰ ਆਪਣੇ ਚਰਨਾ ’ਚ ਨਿਵਾਸ ਬਖਸ਼ੇ ਅਤੇ ਪ੍ਰਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ।