ਸ਼ਾਹ ਤੇ ਨੱਢਾ ਨੇ ਆਪਣੇ ਘਰਾਂ ’ਤੇ ਤਿਰੰਗੇ ਲਗਾਏ

ਸ਼ਾਹ ਤੇ ਨੱਢਾ ਨੇ ਆਪਣੇ ਘਰਾਂ ’ਤੇ ਤਿਰੰਗੇ ਲਗਾਏ

ਭਾਜਪਾ ਆਗੂ ‘ਹਰ ਘਰ ਤਿਰੰਗਾ’ ਮੁਹਿੰਮ ’ਚ ਜ਼ੋਰ-ਸ਼ੋਰ ਨਾਲ ਲੈ ਰਹੇ ਨੇ ਹਿੱਸਾ
ਨਵੀਂ ਦਿੱਲੀ – ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸਬੰਧ ’ਚ ਕੇਂਦਰੀ ਮੰਤਰੀਆਂ ਸਮੇਤ ਭਾਜਪਾ ਆਗੂਆਂ ਨੇ ਅੱਜ ਤੋਂ ਸ਼ੁਰੂ ਹੋਈ ਤਿੰਨ ਰੋਜ਼ਾ ‘ਹਰ ਘਰ ਤਿਰੰਗਾ’ ਮੁਹਿੰਮ ’ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇ ਪੀ ਨੱਢਾ ਨੇ ਆਪੋ-ਆਪਣੀਆਂ ਰਿਹਾਇਸ਼ਾਂ ’ਤੇ ਕੌਮੀ ਝੰਡੇ ਲਗਾਏ ਅਤੇ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ। ਸ਼ਾਹ ਨੇ ਕਿਹਾ,‘‘ਤਿਰੰਗਾ ਸਾਡਾ ਮਾਣ ਹੈ ਅਤੇ ਇਹ ਹਰੇਕ ਭਾਰਤੀ ਨੂੰ ਇਕਜੁੱਟ ਤੇ ਪ੍ਰੇਰਿਤ ਕਰਦਾ ਹੈ।’’ ਉਨ੍ਹਾਂ ਲੋਕਾਂ ਨੂੰ ਆਪਣੇ ਘਰਾਂ ’ਤੇ ਵੀ 13 ਤੋਂ 15 ਅਗਸਤ ਤੱਕ ਤਿਰੰਗੇ ਲਗਾਉਣ ਦੀ ਅਪੀਲ ਕੀਤੀ। ਭਾਜਪਾ ਨੇ ਇਥੇ ਆਪਣੇ ਦਫ਼ਤਰ ’ਤੇ ਦੇਸ਼ ਦੀ ਵੰਡ ਨਾਲ ਸਬੰਧਤ ਇਕ ਪ੍ਰਦਰਸ਼ਨੀ ਵੀ ਲਗਾਈ। ਸ੍ਰੀ ਨੱਢਾ ਨੇ ਕਿਹਾ ਕਿ ਉਨ੍ਹਾਂ ਵੰਡ ਨਾਲ ਸਬੰਧਤ ਪ੍ਰਦਰਸ਼ਨੀ ’ਚ ਹਿੱਸਾ ਲਿਆ ਜੋ ਚੇਤੇ ਕਰਾਉਂਦੀ ਹੈ ਕਿ ਲੱਖਾਂ ਭੈਣਾਂ-ਭਰਾਵਾਂ ਨੂੰ ਵੰਡ ਦਾ ਦਰਦ ਸਹਿਣਾ ਪਿਆ ਸੀ। ‘ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਹੈ ਕਿ ਨਫ਼ਰਤ ਤੇ ਵੰਡੀਆਂ ਪਾਉਣ ਦੀ ਸਿਆਸਤ ਦੀ ਕੀਮਤ ਚੁਕਾਉਣੀ ਪੈਂਦੀ ਹੈ।’ ਕੇਂਦਰੀ ਮੰਤਰੀ ਭੁਪੇਂਦਰ ਯਾਦਵ ਨੇ ਬਲੀਆ (ਯੂਪੀ) ’ਚ ਸੁਤੰਤਰਤਾ ਸੰਗਰਾਮੀ ਚਿੱਤੂ ਪਾਂਡੇ ਨੂੰ ਸ਼ਰਧਾਂਜਲੀ ਦਿੱਤੀ। ਵੱਖ ਵੱਖ ਆਗੂਆਂ ਨੇ ਦੇਸ਼ ਭਰ ’ਚ ਤਿਰੰਗਾ ਰੈਲੀ ਦੇ ਨਾਲ ਪ੍ਰਭਾਤ ਫੇਰੀਆਂ ਵੀ ਕੱਢੀਆਂ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੁਗ਼ਲਾਂ ਖ਼ਿਲਾਫ਼ ਜੰਗ ਛੇੜਨ ਵਾਲੇ ਯੋਧੇ ਦੁਰਗਾਦਾਸ ਰਾਠੌੜ ਦੇ ਬੁੱਤ ਦਾ ਜੋਧਪੁਰ ’ਚ ਉਦਘਾਟਨ ਕੀਤਾ।

ਸੰਘ ਨੇ ਸੋਸ਼ਲ ਮੀਡੀਆ ਖਾਤੇ ’ਤੇ ਤਿਰੰਗੇ ਦੀ ਤਸਵੀਰ ਲਗਾਈ

ਨਵੀਂ ਦਿੱਲੀ: ਰਾਸ਼ਟਰੀ ਸੋਇਮ ਸੇਵਕ ਸੰਘ (ਆਰਐੱਸਐੱਸ) ਨੇ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਪ੍ਰੋਫਾਈਲ ਤਸਵੀਰ ’ਚ ਰਵਾਇਤੀ ਭਗਵੇ ਝੰਡੇ ਨੂੰ ਬਦਲ ਕੇ ਕੌਮੀ ਝੰਡਾ ਲਗਾ ਦਿੱਤਾ ਹੈ। ਸੰਘ ਦੇ ਕੌਮੀ ਝੰਡੇ ਬਾਰੇ ਸਟੈਂਡ ਦੀ ਕਾਂਗਰਸ ਤੇ ਹੋਰ ਵਿਰੋਧੀ ਧਿਰਾਂ ਆਲੋਚਨਾ ਕਰਦੀਆਂ ਰਹੀਆਂ ਹਨ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਸ ਮਹੀਨੇ ਦੇ ਸ਼ੁਰੂ ’ਚ ਕਿਹਾ ਸੀ ਕਿ ਸੰਘ ਨੇ ਆਪਣੇ ਨਾਗਪੁਰ ਸਥਿਤ ਹੈੱਡਕੁਆਰਟਰ ’ਤੇ ਪਿਛਲੇ 52 ਸਾਲਾਂ ਤੋਂ ਤਿਰੰਗਾ ਨਹੀਂ ਲਹਿਰਾਇਆ ਹੈ ਤਾਂ ਕੀ ਹੁਣ ਉਹ ਪ੍ਰਧਾਨ ਮੰਤਰੀ ਦੇ ਸੁਨੇਹੇ ਨੂੰ ਮੰਨਦਿਆਂ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਤਿਰੰਗੇ ਦੀ ਪ੍ਰੋਫਾਈਲ ਤਸਵੀਰ ਲਗਾਉਣਗੇ। ਸੰਘ ਦੇ ਪ੍ਰਚਾਰ ਵਿਭਾਗ ਦੇ ਸਹਿ-ਇੰਚਾਰਜ ਨਰੇਂਦਰ ਠਾਕੁਰ ਨੇ ਕਿਹਾ ਕਿ ਸੰਘ ਦੇ ਸਾਰੇ ਦਫ਼ਤਰਾਂ ’ਤੇ ਕੌਮੀ ਝੰਡਾ ਲਹਿਰਾ ਕੇ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ।

ਸੰਸਦ ’ਚ ਆਜ਼ਾਦੀ ਦਾ ਸਮਾਗਮ ਨਾ ਕਰਾਉਣ ਲਈ ਕਾਂਗਰਸ ਨੇ ਸਰਕਾਰ ਘੇਰੀ

ਨਵੀਂ ਦਿੱਲੀ: ਕਾਂਗਰਸ ਨੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਸੰਸਦ ਦੇ ਇਤਿਹਾਸਕ ਕੇਂਦਰੀ ਹਾਲ ’ਚ ਵਿਸ਼ੇਸ਼ ਸਮਾਗਮ ਨਾ ਕਰਾਏ ਜਾਣ ਲਈ ਸਰਕਾਰ ’ਤੇ ਹਮਲਾ ਕਰਦਿਆਂ ਦੋਸ਼ ਲਾਇਆ ਹੈ ਕਿ ਆਜ਼ਾਦੀ ਦਿਹਾੜੇ ਦੇ ਸਮਾਗਮ ਸਿਰਫ਼ ‘ਸਰਵਗਿਆਨੀ ਨੂੰ ਵਡਿਆਉਣ’ ਤੱਕ ਸੀਮਤ ਰਹਿ ਗਏ ਹਨ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਆਜ਼ਾਦੀ ਦੀ 25ਵੀਂ, 50ਵੀਂ ਅਤੇ 60ਵੀਂ ਵਰ੍ਹੇਗੰਢ ਮੌਕੇ ਸੰਸਦ ਦੇ ਇਤਿਹਾਸਕ ਕੇਂਦਰੀ ਹਾਲ ’ਚ ਵਿਸ਼ੇਸ਼ ਸਮਾਗਮ ਹੋਏ ਸਨ। ਉਨ੍ਹਾਂ ਕਿਹਾ,‘‘ਦੁੱਖ ਦੀ ਗੱਲ ਹੈ ਕਿ ਇਸ ਵਾਰ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਅਜਿਹਾ ਕੁਝ ਨਹੀਂ ਹੋ ਰਿਹਾ ਹੈ ਅਤੇ ਇਹ ਦਿਹਾੜਾ ਸਿਰਫ਼ ਸਰਵਗਿਆਨੀ ਨੂੰ ਵਡਿਆਉਣ ਤੱਕ ਸੀਮਤ ਰਹਿ ਗਿਆ ਹੈ।’’ ਕਾਂਗਰਸ ਅਤੇ ਭਾਜਪਾ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਸਬੰਧੀ ਕਰਵਾਏ ਜਾ ਰਹੇ ਸਮਾਗਮਾਂ ਨੂੰ ਲੈ ਕੇ ਇਕ-ਦੂਜੇ ’ਤੇ ਦੋਸ਼ ਲਗਾ ਰਹੇ ਹਨ।

ਕਾਂਗਰਸ ਆਪਣੇ ਆਗੂਆਂ ਦੀਆਂ ਤਿਰੰਗਾ ਲਹਿਰਾਉਣ ਦੀਆਂ ਤਸਵੀਰਾਂ ਸਾਂਝੀਆਂ ਕਰੇ: ਭਾਜਪਾ

ਨਵੀਂ ਦਿੱਲੀ: ਭਾਜਪਾ ਨੇ ਕਾਂਗਰਸ ਵੱਲੋਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਸੰਸਦ ’ਚ ਕੋਈ ਸਮਾਗਮ ਨਾ ਕਰਨ ’ਤੇ ਸਰਕਾਰ ਦੀ ਕੀਤੀ ਜਾ ਰਹੀ ਆਲੋਚਨਾ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ ਉਹ ਆਪਣੇ ਆਗੂਆਂ ਦੀਆਂ ਤਿਰੰਗਾ ਲਹਿਰਾਉਣ ਦੀਆਂ ਤਸਵੀਰਾਂ ਸਾਂਝੀਆਂ ਕਰੇ। ਭਾਜਪਾ ਤਰਜਮਾਨ ਸੰਬਿਤ ਪਾਤਰਾ ਨੇ ਕਿਹਾ ਕਿ ਸਰਕਾਰ ਦੀ ‘ਹਰ ਘਰ ਤਿਰੰਗਾ’ ਮੁਹਿੰਮ ਸਿਆਸਤ ਦਾ ਹਿੱਸਾ ਨਹੀਂ ਹੈ ਅਤੇ ਭਾਜਪਾ ਆਗੂਆਂ ਨੇ ਵੀ ਆਪਣੇ ਘਰਾਂ ’ਤੇ ਝੰਡੇ ਲਗਾਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਆਗੂਆਂ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਵੀ ਝੰਡੇ ਲਹਿਰਾਉਣੇ ਚਾਹੀਦੇ ਹਨ ਅਤੇ ਕਾਂਗਰਸ ਆਪਣੇ ਆਗੂਆਂ ਦੀਆਂ ਇਹ ਤਸਵੀਰਾਂ ਸਾਂਝੀਆਂ ਕਰੇ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਕੋਵਿਡ-19 ਵਿਰੋਧੀ ਵੈਕਸੀਨ ਲਗਵਾਉਣ ਦੀ ਤਸਵੀਰ ਵੀ ਸਾਂਝੀ ਨਹੀਂ ਕੀਤੀ ਹੈ।