ਸ਼ਹੀਦ ਕੀ ਜੋ ਮੋਤ ਹੈ, ਵੋਹ ਕੌਮ ਕੀ ਹਿਆਤ ਹੈ (ਬੇਦਾਵੇ ਤੋਂ ਲੈ ਕੇ ਖਿਦਰਾਣੇ ਦੀ ਢਾਬ ਤੀਕ)

ਸ਼ਹੀਦ ਕੀ ਜੋ ਮੋਤ ਹੈ, ਵੋਹ ਕੌਮ ਕੀ ਹਿਆਤ ਹੈ (ਬੇਦਾਵੇ ਤੋਂ ਲੈ ਕੇ ਖਿਦਰਾਣੇ ਦੀ ਢਾਬ ਤੀਕ)

ਡਾ ਜਸਬੀਰ ਸਿੰਘ ਸਰਨਾ
ਮਾਝੇ ਦੇ ਨਗਰ ਪੱਟੀ ਵਿੱਚ ਕਾਫੀ ਸਿੱਖ ਚੌਧਰੀ ਦੇਸ ਰਾਜ ਵੜੈਚ ਦੇ ਅਕਾਲ ਚਲਾਣ ਦੇ ਸੰਬੰਧਤ ਵਿੱਚ ਸਤਾਰਮੀ ਦੇ ਦਿਨ ਦੂਰੋਂ-ਨੇੜਿਓ ਆ ਕੇ ਇਕੱਠੇ ਹੋਏ ਸਨ। ਚੌਧਰੀ ਦੇਸ ਰਾਜ, ਭਾਈ ਸੁਲਤਾਨ ਸਿੰਘ ਦਾ ਪਿਤਾ ਸੀ। ਇਸ ਇਕੱਠ ਵਿੱਚ ਕਿਸੇ ਸਿੰਘ ਨੇ ਸੰਗਤਾਂ ਨੂੰ ਆਨੰਦਪੁਰ ਸਾਹਿਬ ਦੇ ਹਾਲਾਤ ਤੋਂ ਜਾਣੂ ਕਰਾਇਆ। ਉਸ ਸਿੰਘ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਆਨੰਦਪੁਰ ਸਾਹਿਬ ਛੱਡ ਕੇ ਮਾਲਵਾ ਦੇਸ਼ ਚਲੇ ਗਏ ਹਨ। ਗੁਰੂ ਸਾਹਿਬ ਦੀ ਬਿਰਧ ਮਾਤਾ, ਚਾਰ ਸਾਹਿਬਜ਼ਾਦੇ, ਭਾਈ ਉਦੈ ਸਿੰਘ ਆਦਿ ਮੈਦਾਨੇ-ਜੰਗ ਵਿੱਚ ਲੜ ਕੇ ਸ਼ਹੀਦ ਹੋ ਚੁੱਕੇ ਹਨ ਅਤੇ ਅਸੀਂ ਨਿਮਾਣੇ ਤੇ ਨਿਭਾਗੇ ਸਿੱਖਾਂ ਅਜਿਹੇ ਸੰਕਟਮਈ ਸਮੇਂ ਆਨੰਦਪੁਰ ਪਹੁੰਚ ਕੇ ਗੁਰੂ ਸਾਹਿਬ ਦਾ ਸਾਥ ਨਹੀਂ ਦਿੱਤਾ। ਉਸ ਸਿੰਘ ਨੇ ਇਹ ਵੀ ਆਖਿਆ ਕਿ ਮਾਝੇ ਦੇ ਮੁਖੀਏ ਦੁਨੀ ਚੰਦ (ਭਾਈ ਸਾਲੂ ਦਾ ਪੋਤਾ), ਚਾਰ ਪੰਜ ਮਝੈਲ ਸਿੰਘਾਂ ਨੂੰ ਨਾਲ ਲੈ ਕੇ ਆਨੰਦਗੜ੍ਹ ਕਿਲ੍ਹੇ ਤੋਂ ਰੱਸਾ ਬੰਨ੍ਹ ਕੇ ਰਾਤ ਸਮੇਂ ਭੱਜ ਆਇਆ ਸੀ। ਇਸ ਵੱਡੇ ਕਲੰਕ ਨੂੰ ਧੋਹਣ ਲਈ ਉਸ ਦੇ ਦੋਵੇਂ ਪੋਤਿਆਂ ਭਾਈ ਅਨੂਪ ਸਿੰਘ ਤੇ ਭਾਈ ਸਰੂਪ ਸਿੰਘ ਨੇ ਨਿਰਮੋਹਗੜ ਦੀ ਜੰਗ ਵਿੱਚ ਜਾਮੇ-ਸ਼ਹਾਦਤ ਪੀ ਲਏ ਸਨ।
ਇਹ ਸਾਰੀ ਵਾਰਤਾ ਸੁਣ ਕੇ ਸਿੱਖਾਂ ਇਸ ਇਕੱਠ ਵਿੱਚ ਸਰਬ ਸੰਮਤੀ ਨਾਲ ਫੈਸਲਾ ਲਿਆ ਕਿ ਮਾਲਵਾ ਦੇਸ਼ ਵਿੱਚ ਗੁਰੂ ਸਾਹਿਬ ਦੀਨਾਂ ਕਾਂਗੜ ਦੇ ਆਸ ਪਾਸ ਹੀ ਹਨ।ਸਾਨੂੰ ਗੁਰੂ ਸਾਹਿਬ ਦੇ ਪ੍ਰਵਾਰ ਅਤੇ ਸਿੱਖਾਂ ਦੀ ਸ਼ਹੀਦੀ ਦੀ ਸਾਰ ਲਈ ਜਾਣਾ ਚਾਹੀਦਾ ਹੈ। ਗੁਰੂ ਸਾਹਿਬ ਨੂੰ ਮਾਝਾ ਦੇਸ਼ ਆਉਣ ਦੀ ਬੇਤਨੀ ਵੀ ਕਰਨੀ ਚਾਹੀਦੀ ਹੈ। ਕਿਸੇ ਸਿੱਖ ਨੇ ਆਖਿਆ ਕਿ ਭਾਗ ਸਿੰਘ ਝਬਾਲ ਇਥੇ ਬੈਠੇ ਹਨ। ਉਹ ਆਪਣਾ ਅਸਰ-ਰਸੂਖ ਨਾਲ ਦਿੱਲੀ ਸਰਕਾਰ ਨਾਲ ਸਲਾਹ ਕਰ ਸਕਦੇ ਹਨ। ਆਖਰ “ਜੈਕਾਰਾ’ ਵਜਿਆ ਤੇ ਸਿੱਖ ਗੁਰੂ ਸਾਹਿਬ ਵੱਲ ਤੁਰ ਪਏ।
ਪੱਟੀ ਨਗਰ ਤੋਂ ਇਹ ਜਥਾ ਭਾਈ ਭਾਗ ਸਿੰਘ ਝਬਾਲੀਏ ਭਾਈ ਸੁਲਤਾਨ ਸਿੰਘ ਆਦਿ ਚਾਲੀ ਸਿੱਖਾਂ ਅਤੇ ਇਕੱਤਾਲਵੀਂ ਮਾਤਾ ਭਾਗ ਕੌਰ ਸਣੇ ਰਵਾਨਾ ਹੋਇਆ। ਇਹ ਸ਼ਰਧਾਲੂ ਸਿੰਘਾਂ ਦਾ ਜਥਾ ਬਿਆਸ ਤੇ ਸਤਲੁਜਧਰ ਨਦੀ ਪਾਰ ਕਰਕੇ ਜ਼ੀਰਾ ਨਗਰ ਪੁੱਜਾ। ਫਿਰ ਇਹ ਜਥਾ ਅਜੇ ਮੋਗੇ ਪੁੱਜਿਆ ਹੀ ਸੀ ਕਿ ਕਿਸੇ ਸਿੱਖ ਨੇ ਖ਼ਬਰ ਦਿੱਤੀ ਗੁਰੂ ਸਾਹਿਬ ਦੀਨਾਂ ਕਾਂਗੜ ਛੱਡ ਕੇ ਲੱਖੀ ਜੰਗਲ ਦੇਸ਼ ਵੱਲ ਤੁਰ ਗਏ ਹਨ। ਇਹ ਜਥਾ ਗੁਰੂ ਸਾਹਿਬ ਦਾ ਪਤਾ ਪੁੱਛਦਾ ਪੁੱਛਦਾ ਰੂਪੇਆਣੇ ਦੇ ਕੋਲ ਰੋਹੀ ਤੇ ਗੁਰੂ ਸਾਹਿਬ ਨੂੰ ਜਾ ਮਿਲਿਆ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਭਾਈ ਮਾਨ ਸਿੰਘ ਨੂੰ ਹੁਕਮ ਕੀਤਾ ਕਿ ਘੋੜੇ ਤੋਂ ਉਤਰ ਕੇ ਚਾਦਰਾ ਵਿਛਾ ਦਏ ਤਾਂ ਜੋ ਇਨ੍ਹਾਂ ਸਿੱਖਾਂ ਨਾਲ ਬਾਤਚੀਤ ਕਰੀਏ। ਭਾਗ ਸਿੰਘ ਆਦਿ ਸਿੱਖਾਂ ਸਭ ਤੋਂ ਪਹਿਲਾਂ ਗੁਰੂ ਸਾਹਿਬ ਨੂੰ ਪ੍ਰਵਾਰ ਅਤੇ ਸ਼ਹੀਦ ਸਿੱਖਾਂ ਬਾਰੇ ਸਾਰ ਲਈ। ਭਾਗ ਸਿੰਘ ਨੇ ਕਿਹਾ ਮੈਂ ਸਰਕਾਰ ਨਾਲ ਤੁਹਾਡੀ ਸੁਲਹ ਕਰਾ ਛਡਦੇ ਹਾਂ। ਤੁਸੀਂ ਅੱਗੇ ਤੋਂ ਬਾਕੀ ਦੀ ਜ਼ਿੰਦਗੀ ਚੰਗੀ ਤਰ੍ਹਾਂ ਬਤੀਤ ਕਰ ਸਕੋ ਤਾਂ ਅਸੀਂ ਵੀ ਤੁਹਾਡੇ ਸੇਵਕ ਬਣੇ ਰਵਾਂਗੇ| ਗੁਰੂ ਸਾਹਿਬ ਨੇ ਇਨ੍ਹਾਂ ਮਝੈਲੀਏ ਸਿੱਖਾਂ ਨੂੰ ਕਿਹਾ- ਤੁਸੀਂ ਕੌਣ ਹੁੰਦੇ ਹੋ ਸੁਲਹ ਸਮਝੌਤੇ ਕਰਾਉਣ ਵਾਲੇ। ਤੁਹਾਡੇ ਵਡੇਰੇ ਪੰਜਵੇਂ ਗੁਰੂ ਸਾਹਿਬ ਵੇਲੇ ਕਿਧਰ ਚਲੇ ਗਏ ਸਨ ? ਛੇਵੇਂ ਗੁਰੂ ਸਾਹਿਬ ਸਮਾਂ ਮਝੈਲ ਸਿੱਖ ਕਿਥੇ ਸਨ ? ਜਦੋਂ ਨੌਵੇਂ ਗੁਰੂ ਜੀ ਨੂੰ ਦਿੱਲੀ ਵਿੱਚ ਜਾ ਕੇ ਸ਼ਹੀਦ ਕੀਤਾ ਗਿਆ ਤਾਂ ਕਿਸੇ ਸਿੱਖ ਨੇ ਨਾਮ ਤੱਕ ਨਹੀਂ ਸੀ ਲਿਆ ? ਆਨੰਦਪੁਰ ਕਈ ਮਹੀਨੇ ਘੇਰਾ ਪਿਆ ਰਿਹਾ ਦੁਸ਼ਮਣਾਂ ਦਾ ਤੁਸੀਂ ਨਹੀਂ ਆਏ। ਹੁਣ ਕੀ ਲੈਣ ਆਏ ਹੋ ?
ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇਹ ਸ਼ਬਦ ਸੁਣ ਕੇ ਸਾਰੇ ਸਿੱਖਾਂ ਨੇ ਸਿਰ ਨੀਵੇਂ ਪਾ ਕੇ ਸੋਚਣ ਲੱਗੇ | ਆਖਰ ਭਾਗ ਸਿੰਘ ਝਬਾਲੀਏ ਨੇ ਆਖਿਆ, “ਗਰੀਬ ਨਿਵਾਜ਼ ! ਜੇ ਤੁਸੀਂ ਇਸੇ ਤਰ੍ਹਾਂ ਰਹਿਣਾ ਹੈ ਤਾਂ ਸਾਡੇ ਤੋਂ ਤੁਹਾਡੀ ਸਿੱਖੀ ਨਹੀਂ ਨਿੱਭ ਸਕਦੀ।ਅਸੀਂ ਵਾਪਸ ਤੁਰਦੇ ਹਾਂ।” ਗੁਰੂ ਸਾਹਿਬ ਨੇ ਫਿਰ ਆਖਿਆ- “ਭਾਗ ਸਿੰਘ ! ਅਸਾਂ ਤੁਮੇਂ ਬੁਲਾਇਆ ਨਹੀਂ ? ਜੇ ਤੁਮ ਆਏ ਹੋ ਤਾਂ ਲਿਖ ਕੇ ਦੇ ਦਿਉ ਕਿ ਅੱਜ ਤੋਂ ਮਾਝਾ ਦੇਸ਼ ਵਿੱਚ ਗੁਰੂ ਕਾ ਸਿੱਖ ਨਹੀਂ ਰਿਹਾ। ਗੁਰੂ ਸਾਹਿਬ ਨੇ ਮਾਨ ਸਿੰਘ ਨੂੰ ਹੁਕਮ ਕੀਤਾ ਖੁਰਜੀ ਤੋਂ ਕਾਗਜ਼, ਕਲਮ ਤੇ ਦਵਾਤ ਲਿਆ ਕੇ ਇਨ੍ਹਾਂ ਸਿੱਖਾਂ ਨੂੰ ਦੇ।”
ਗੁਰੂ ਸਾਹਿਬ ਨੇ ਕਾਗਜ਼, ਕਲਮ ਤੇ ਦਵਾਤ ਭਾਈ ਭਾਗ ਸਿੰਘ ਆਦਿ ਸਿੱਖਾਂ ਅੱਗੇ ਰੱਖ ਦਿੱਤੀ। ਸਭ ਤੋਂ ਪਹਿਲਾਂ ਭਾਗ ਸਿੰਘ ਝਬਾਲੀਏ ਲਿਖਿਆ ਤੇ ਉਸ ਤੋਂ ਬਾਅਦ ਦਿਲਬਾਗ ਸਿੰਘ, ਘਰਬਾਗ ਸਿੰਘ ਤੇ ਗੰਡਾ ਸਿੰਘ ਨੇ ਕਲਮ ਨਾਲ ਦਸਖਤ ਕਰ ਦਿੱਤੇ। ਬਾਕੀ ਪੈਂਤੀ ਸਿੱਖ ਨਿਮੰਝੂਣੇ ਹੋ ਕੇ ਸੋਚਣ ਲੱਗ ਪਏ। ਇਨ੍ਹਾਂ ਪੈਂਤੀ ਸਿੱਖਾਂ ਪੰਚਾਇਤੀ ਕਾਗਜ਼ ‘ਤੇ ਦਸਤਖਤ ਨਹੀਂ ਸਨ ਕੀਤੇ। ਇਹ ਸਾਰੇ ਸਿੱਖ ਸੋਚਾਂ ਵਿੱਚ ਡੁੱਬੇ ਆਪਣੇ ਦਿਲਾਂ ਨਾਲ ਵਿਚਾਰਾਂ ਕਰਨ ਲੱਗੇ। ਹੁਣ ਕੀ ਕੀਤਾ ਜਾਵੇ। ਉਸ ਸਮੇਂ ਇਕ ਸੂਹੀਏ ਸਿੱਖ ਨੇ ਗੁਰੂ ਜੀ ਕੋਲ ਆ ਕੇ ਪਤਾ ਦਿੱਤਾ, ਮਹਾਰਾਜ ਤੁਰਕ ਫੌਜ ਨੇੜੇ ਆ ਰਹੀ ਹੈ ਸਾਨੂੰ ਇਥੋਂ ਤੁਰਨਾ ਚਾਹੀਦਾ ਹੈ।
ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਆਪਣੇ ਸਿੱਖਾਂ ਸਮੇਤ ਇਥੋਂ ਤੁਰ ਗਏ ਤਾਂ ਬਾਅਦ ਵਿੱਚ ਨਿਧਾਨ ਸਿੰਘ ਵੜੈਚ ਦੀ ਪਤਨੀ ਅਤੇ ਭਾਗ ਸਿੰਘ ਤੇ ਦਿਲਬਾਗ ਸਿੰਘ ਦੀ ਵੱਡੀ ਭੈਣ ਮਾਤਾ ਭਾਗ ਕੌਰ ਨੇ ਗਰਜਵੀਂ ਆਵਾਜ਼ ਵਿੱਚ ਆਖਿਆ। ਅੱਗੇ ਤਾਂ ਰੱਸਾ ਬੰਨ੍ਹ ਕੇ ਦੀਵਾਰ ਤੋਂ ਦੁਨੀ ਚੰਦ ਚਾਰ ਪੰਜ ਮਝੈਲ ਸਿੱਖਾਂ ਨੂੰ ਲੈ ਕੇ ਆਨੰਦਗੜ੍ਹ ਕਿਲ੍ਹੇ ‘ਚੋਂ ਭੱਜ ਆਇਆ ਸੀ ਅਤੇ ਉਹ ਕਲੰਕ ਅਜੇ ਤੱਕ ਮਝੈਲ ਸਿੱਖਾਂ ‘ਤੇ ਲੱਗਿਆ ਹੋਇਆ ਹੈ। ਅਜੇ ਉਹ ਭੁਲਿਆ ਨਹੀਂ ਤਾਂ ਅੱਜ ਤੁਸੀਂ ਸਤਿਗੁਰਾਂ ਨੂੰ ਸਾਹਮਣੇ ਲਿਖ ਦਿੱਤਾ ਹੈ। ਹੁਣ ਕਿਹੜਾ ਮੂੰਹ ਲੈ ਕੇ ਵਾਪਸ ਵਤਨਾਂ ਨੂੰ ਜਾਉਗੇ ?
ਮਾਤਾ ਭਾਗ ਕੌਰ ਦੀ ਇਸ ਅਣੱਖੀ ਲਲਕਾਰ ਨੇ ਬੇਦਾਵਾ ਦੇ ਚੁੱਕੇ ਸਿੱਖਾਂ ਅੰਦਰ ਨਵੀਂ ਰੂਹ ਫੂਕ ਦਿੱਤੀ। ਭਾਈ ਭਾਗ ਸਿੰਘ ਆਦਿ ਚਾਲੀ ਸਿੱਖਾਂ ਕਮਰਕੱਸੇ ਕਰਕੇ ਗੁਰੂ ਜੀ ਦੇ ਪਿੱਛੇ ਜਾਣ ਦਾ ਫੈਸਲਾ ਕਰ ਲਿਆ। ‘ਸਤਿ ਸ੍ਰੀ ਅਕਾਲ’ ਦੇ ਜੈਕਾਰੇ ਛੱਡਦੇ ਘੋੜਿਆਂ ‘ਤੇ ਸਵਾਰ ਹੌਲੀ-ਹੌਲੀ ਇਹ ਸਿੱਖ ਖਿਦਰਾਣੇ ਨਗਰ ਦੀ ਢਾਬ ਦੇ ਕੰਢੇ ਆ ਕੇ ਰੁਕੇ। ਇਹ ਸਾਰੇ ਪੂੱਰਬ ਦਿਸ਼ਾ ਵੱਲ ਜਿਧਰੋਂ ਤੁਰਕ ਫੌਜ ਆ ਰਹੀ ਸੀ ਪੂਰੀ ਤਿਆਰੀ ਨਾਲ ਦੁਸ਼ਮਣ ਦਾ ਇੰਤਜ਼ਾਰ ਕਰਨ ਲੱਗ ਪਏ। ਉਧਰ ਗੁਰੂ ਸਾਹਿਬ ਢਾਬ ਤੋਂ ਅੱਗੇ ਇਕ ਟਿੱਬੀ ‘ਤੇ ਜਾਇ ਠਹਿਰੇ।ਸੂਬਾ ਸਰਹੰਦ ਦਾ ਇਕ ਸੂਹੀਆ ਗੁਰੂ ਜੀ ਦਾ ਪਤਾ ਕਰਨ ਆਇਆ ਅਤੇ ਇਕ ਝਾੜੀ ਦੇ ਪਿੱਛੇ ਲੁਕ ਕੇ ਗੁਰੂ ਜੀ ਨੂੰ ਵੇਖਣ ਲੱਗਾ।ਜਾਣੀ ਜਾਣ ਪਾਤਸ਼ਾਹ ਨੇ ਇਸ ਨੂੰ ਵੇਖ ਲਿਆ ਅਤੇ ਇਕ ਤੀਰ ਮਾਰ ਕੇ ਸਦਾ ਦੀ ਨੀਂਦ ਸਵਾ ਦਿੱਤਾ। ਸੂਬਾ ਸਰਹੰਦ ਵਜ਼ੀਰ ਖਾਂ ਫੌਜ ਦੇ ਨਾਲ ਢਾਬ ਦੇ ਨਜ਼ਦੀਕ ਪੁੱਜਾ | ਅਗੋਂ ਸਿੱਖਾਂ ਤੀਰਾਂ, ਤਫੰਗਾਂ ਨਾਲ ਅਜਿਹਾ ਵਾਰ ਕੀਤਾ, ਕੀ ਤੁਰਕ ਫੌਜ ਇਕ ਵਰ ਉਥੇ ਹੀ ਰੁਕ ਗਈ। ਦੋਵਾਂ ਪਾਸਿਆਂ ਤੋਂ ਦੋ ਘੜੀਆਂ ਤੀਕ ਗੋਲੀਆਂ ਦਾ ਬੜਾ ਮੀਂਹ ਵਰਸਿਆ। ਜਦੋਂ ਸਿੱਖਾਂ ਕੋਲੋਂ ਤੀਰ ਤੇ ਗੋਲੀਆਂ ਖਤਮ ਹੋਈਆਂ ਤਾਂ ਉਹ ਮਿਆਨਾਂ ਚ ਖੰਡੇ ਕ੍ਰਿਪਾਨਾ ਧੂਹ ਕੋ ਸਤਿ ਸ੍ਰੀ ਅਕਾਲ ਦੇ ਜੈਕਾਰੇ ਗਜਾਦੇੰ ਵੈਰੀਆਂ ‘ਤੇ ਟੁੱਟ ਪਏ। ਦੋਵਾਂ ਪਾਸਿਆਂ ਤੋਂ ਬੜਾ ਲੋਹਾ ਖੜਕਿਆ। ਸਿੱਖਾਂ ਨੇ ਦੁਸ਼ਮਣਾਂ ਨੂੰ ਭਗੋਤੀਆਂ (ਸ਼ਮਸ਼ੀਰਾਂ) ਨਾਲ ਉਹ ਕੱਟ ਵੱਢ ਕੀਤੀ ਕਿ ਇਕ ਵੇਰਾਂ ਉਨ੍ਹਾਂ ਨੂੰ ”ਅੱਲ੍ਹਾ” ਯਾਦ ਕਰਾ ਦਿੱਤਾ। ਲੋਹੇ ਨਾਲ ਲੋਹਾ ਖੜਕਦਾ ਰਿਹਾ। ਜਦੋਂ ਸੂਬਾ ਸਰਹੰਦ ਨੇ ਵੇਖਿਆ ਕਿ ਅੱਗੋਂ ਲੜਨ ਵਾਲਾ ਕੋਈ ਸਿੱਖ ਨਜ਼ਰ ਨਹੀਂ ਆਉਂਦਾ ਤਾਂ ਉਸ ਫੌਜ ਨੂੰ ਪਿੱਛੇ ਤੁਰ ਜਾਣ ਦਾ ਹੁਕਮ ਦਿੱਤਾ। ਸੂਰਜ ਗਰੂਬ ਹੋ ਚੁੱਕਾ ਸੀ। ਇਧਰ ਗੁਰੂ ਸਾਹਿਬ ਭਾਈ ਮਾਨ ਸਿੰਘ ਆਦਿ ਸਿੱਖਾਂ ਸਮੇਤ ‘ਈਸ਼ਰਸਰ ਤਾਲ’ ਦੇ ਕਿਨਾਰੇ ਆ ਗਏ। ਹੁਕਮ ਕੀਤਾ ਭਾਈ ਮਾਨ ਸਿੰਘ ਸ਼ਹੀਦ ਹੋਏ ਸਿੱਖਾਂ ਦੀਆਂ ਲਾਸ਼ਾਂ ਉਠਾਇ ਕੇ ਲਿਆਉ। ਭਾਈ ਮਹਾਂ ਸਿੰਘ ਸਭ ਤੋਂ ਅੱਗੇ ਸ਼ਹੀਦ ਹੋ ਕੇ ਪਿਆ ਸੀ। ਗੁਰੂ ਗੋਬਿੰਦ ਸਿੰਘ ਨੇ ਆਪਣੇ ਰੁਮਾਲ ਨਾਲ ਭਾਈ ਮਹਾਂ ਸਿੰਘ ਦਾ ਮੁੱਖ ਸਾਫ਼ ਕੀਤਾ ਅਤੇ ਬਚਨ ਕੀਤਾ ਇਹ ਮੇਰਾ ਸਵਾ ਲੱਖੀ ਹੈ। ਇਸੇ ਤਰ੍ਹਾਂ ਬਾਕੀ ਦੇ ਸਾਰੇ ਸਿੱਖਾਂ ਨੂੰ ਉਠਾ ਕੇ ਲਿਆਂਦਾ ਗਿਆ। ਗੁਰੂ ਜੀ ਨੇ ਕਿਸੇ ਨੂੰ ਦਸ ਹਜ਼ਾਰੀ, ਕਿਸੇ ਨੂੰ ਤੀਸ ਹਜ਼ਾਰੀ ਤੇ ਕਿਸੇ ਨੂੰ ਪੰਜ ਹਜ਼ਾਰੀ ਦਾ ਵਰ ਦੇ ਕੇ ਨਿਵਾਜਿਆ। ਇਨ੍ਹਾਂ ਚਾਲੀ ਸਿੱਖਾਂ ਵਿੱਚੋਂ ਭਾਈ ਰਾਇ ਸਿੰਘ, ਭਾਈ ਸੁੰਦਰ ਸਿੰਘ ਅਤੇ ਭਾਈ ਮਹਾਂ ਸਿੰਘ ਅਜੇ ਸਹਿਕਦੇ ਸਨ। ਸਤਿਗੁਰਾਂ ਇਨ੍ਹਾਂ ਦੇ ਮੁੱਖ ਰੁਮਾਲ ਨਾਲ ਝਾੜੇ ਅਤੇ ਅੰਤਮ ਸਮੇਂ ਪਾਣੀ ਮੂੰਹ ਵਿੱਚ ਪਾਇਆ। ਇਨ੍ਹਾਂ ਤਿੰਨ ਸਿੱਖਾਂ ਤੋਂ ਇਲਾਵਾ ਮਾਤਾ ਭਾਗ ਕੌਰ ਜ਼ਖਮੀ ਹੋਈ ਇਕ ਕਰੀਰ ਦੇ ਦਰੱਖਤ ਹੇਠਾਂ ‘ਸ੍ਰੀ ਵਾਹਿਗੁਰੂ’ ਦਾ ਜਾਪ ਜਪ ਰਹੀ ਸੀ।ਇਹ ਵੀ ਗੋਲੀ ਲੱਗਣ ਨਾਲ ਜ਼ਖਮੀ ਸੀ। ਇਸ ਨੂੰ ਵੀ ਜਦੋਂ ਮਾਨ ਸਿੰਘ ਆਦਿ ਸਿੱਖਾਂ ਗੁਰੂ ਜੀ ਕੋਲ ਉਠਾ ਕੇ ਲਿਆਂਦਾ ਤਾਂ ਗੁਰੂ ਸਾਹਿਬ ਪੁਛਿਆ ਬੇਟੀ ਤੇਰੀ ਕੀ ਹਾਲਤ ਹੈ ? ਇਸ ਨੇ ਆਖਿਆ ਮਹਾਰਾਜ ! ਤੇਰੀ ਮਹਿਰ ਨਾਲ ਮੈਂ ਠੀਕ ਹਾਂ, ਕੇਵਲ ਇਕ ਹੀ ਜ਼ਖਮ ਹੈ ਹੋਰ ਕੋਈ ਨਹੀਂ। ਸਤਿਗੁਰਾਂ ਰਾਇ ਸਿੰਘ ਆਦਿ ਸਹਿਕਦੇ ਤਿੰਨ ਸਿੱਖਾਂ ਵੱਲ ਵੇਖ ਕੇ ਪੁੱਛਿਆ ਤੁਸੀਂ ਕਿ ਚਾਹੁੰਦੇ ਹੋ ? ਇਨ੍ਹਾਂ ਵਿੱਚ ਰਾਇ ਸਿੰਘ ਬੋਲਿਆ ਗਰੀਬ ਨਿਵਾਜ | ਜੇਕਰ ਤੁਸੀਂ ਸਾਡੇ ਤੇ ਤਰੁਠੇ ਹੋ ਤਾਂ ਆਪ ਅਸਾਂ ਦਾ ਲਿਖਿਆ ਪੰਚਾਇਤੀ ਬੇਦਾਵਾ ਪਾੜ੍ਹ ਕੇ ਸਿੱਖੀ ਦਾਨ ਬਖਸ਼ੋ | ਗੁਰੂ ਸਾਹਿਬ ਨੇ ਤਿੰਨ ਵੇਰਾਂ ਆਪਣੇ ਮੁਖਾਰਬਿੰਦ ਤੋਂ “ਧੰਨ ਸਿੱਖੀ ! ਧੰਨ ਸਿੱਖੀ। ਧੰਨ ਸਿੱਖੀ” ਕਹਿ ਕੇ ਖੀਸੇ ‘ਚੋਂ ਬੇਦਾਵੇ ਵਾਲਾ ਕਾਗਜ਼ ਕੱਢ ਕੇ ਲੀਰੋ-ਲੀਰ ਕਰ ਦਿੱਤਾ। ਗੁਰੂ ਸਾਹਿਬ ਦੇਰ ਰਾਤ ਤੱਕ ਇਨ੍ਹਾਂ ਸਿੱਖਾਂ ਨਾਲ ਬਚਨ ਬਿਲਾਸ ਕਰਦੇ ਰਹੇ। ਪਹਿਲਾਂ ਭਾਈ ਸੁੰਦਰ ਸਿੰਘ ਝੱਲੀਆਂ ਵਾਲ ਅਤੇ ਬਾਅਦ ਵਿੱਚ ਦੋਹਾਂ ਸਿੱਖਾਂ ਪ੍ਰਾਣ ਤਿਆਗ ਦਿੱਤੇ। ਇਹ ਘਟਨਾ ਸੰਮਤ ੧੭੬੨, ੩੦ ਪੋਹ ਨੂੰ ਰਵੀਵਾਰ (ਐਤਵਾਰ) ਨੂੰ ਹੋਈ। ਗੁਰੂ ਜੀ ਨੇ ਇਨ੍ਹਾਂ ਚਾਲੀ ਸਿੱਖਾਂ ਨੂੰ ਮੁਕਤਿਆਂ ਦਾ ਵਰ ਦਿੱਤਾ। ਗੁਰੂ ਜੀ ਨੇ ਇਸ ਢਾਬ ਦਾ ਨਾਂ ‘ਈਸ਼ਰਸਰ ਮੁਕਤਸਰ” ਰਖਿਆ। ੩੦ ਪੋਹ ਦੀ ਰਾਤ ਬੀਤ ਗਈ। ਸਵੇਰ ਹੋਈ ਤਾਂ “ਸ੍ਰੀ ਆਸਾ ਦੀ ਵਾਰ” ਦਾ ਕੀਰਤਨ ਹੋਇਆ ਅਤੇ ਫਿਰ ਭੋਗ ਪਾਇਆ ਗਿਆ। ਗੁਰੂ ਸਾਹਿਬ ਨੇ ਭਾਈ ਦਾਨ ਸਿੰਘ ਨੂੰ ਖਿਦਰਾਣੇ ਪਿੰਡ ਤੋਂ ਘੀ, ਮੈਦਾ ਤੇ ਖੰਡ ਮੰਗਵਾਉਣ ਲਈ ਭੇਜਿਆ ਤਾਂ ਜੋ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਵਾਈ ਜਾਵੇ। ਸ਼ਹੀਦ ਸਿੰਘਾਂ ਦਾ ਅੰਤਮ ਇਸ਼ਨਾਨ ਗੁਰੂ ਸਾਹਿਬ ਨੇ ਆਪ ਕਰਾਇਆ ਅਤੇ ਫਿਰ ਦੇਹਾਂ ਇਕ ਲਕੜੀ ਦੇ ਢੇਰ ‘ਤੇ ਰੱਖੀਆਂ। ਗੁਰੂ ਸਾਹਿਬ ਨੇ ਆਪ ਸੋਹਿਲੇ ਦਾ ਪਾਠ ਕੀਤਾ। ਫਿਰ ਖੜੇ ਹੋ ਕੇ ਅਰਦਾਸ ਕੀਤੀ। ਸਿੱਖਾਂ ‘ਸਤਿ ਸ੍ਰੀ ਅਕਾਲ’ ਦਾ ਜੈਕਾਰਿਆਂ ਨਾਲ ਅਸਮਾਨ ਗੂੰਜਾ ਦਿੱਤਾ। ਗੁਰੂ ਸਾਹਿਬ” ਸ੍ਰੀ ਵਾਹਿਗੁਰੂ” ਆਖ ਆਪਣੇ ਹਸਤ ਕਮਲਾ ਨਾਲ ਅੰਗੀਠੇ ਨੂੰ ਅੱਗ ਦਿੱਤੀ।ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ। ਅੰਗੀਠੇ ਦੇ ਨਾਲ ਹੀ ਮਾਲ ਦੇ ਬਿਰਛ ਹੇਠ ਗੁਰੂ ਸਾਹਿਬ ਨੇ ਦੀਵਾਨ ਸਜਾਇਆ। ਗੁਰੂ ਸਾਹਿਬ ਨੇ ਆਪਣੇ ਮੁਖਾਰਬਿੰਦ ਤੋਂ ਆਖਿਆ- “ਭਾਈ ਸਿਖੋ ਇਨਾਂ ਚਾਲੀ ਮੁਕਤਿਆਂ ਧਰਮ ਹੇਤ ਸੀਸ ਦੀਏ ਹੈਂ, ਇਨ੍ਹਾਂ ਸਭਨਾਂ ਉੱਚ ਪਦਵੀ ਪਾਈ ਹੈ। ਆਜ ਮਾਘ ਕੀ ਸੰਕਰਾਂਤ ਕਾ ਦਿਨ ਹੈ ਜਿਹੜਾ ਸਿੱਖ ਸਿਖਣੀ ਏਸ ਦਿਨ ਏਸ ਮੁਕਤ ਸਰੋਵਰ ਮੇਂ ਇਸ਼ਨਾਨ ਕਰੇ, ਉਸੇ ਅਠਾਹਠ ਤੀਰਥੋਂ ਕਾ ਫਲ ਪ੍ਰਾਪਤ ਹੋਗਾ।” ਇੰਝ ਗੁਰੂ ਸਾਹਿਬ ਬਚਨ ਬਿਲਾਸ ਕਰਦੇ ਸਾਰਾ ਦਿਨ ਬੀਤ ਗਿਆ। ਰਾਤ ਸਮੇਂ ਸਿੱਖਾਂ ਗੁਰੂ ਜੀ ਦਾ ਹੁਕਮ ਸੁਣ ਕੇ ਅੰਗੀਠੇ ਦੇ ਚਾਰੇ ਪਾਸਿਆਂ ਆਸਨ ਲਗਾਏ।
ਅੰਮ੍ਰਿਤ ਵੇਲੇ ‘ਸ੍ਰੀ ਆਸਾ ਦੀ ਵਾਰ’ ਦੇ ਕੀਰਤਨ ਉਪਰੰਤ ਭਾਈ ਦਾਨ ਸਿੰਘ ਆਦਿ ਸਿੱਖਾਂ ਗੁਰੂ ਜੀ ਦਾ ਬਚਨ ਸੁਣ ਕੇ ਅੰਗੀਠੇ ਉੱਪਰ ਮਿੱਟੀ ਪਾਈ। ਫਿਰ ਤਿਆਰੀ ਦਾ ਹੁਕਮ ਹੋਇਆ। ਖਿਦਰਾਣਾ ਵਾਸੀ ਸਿੱਖ ਸੰਗਤਾਂ ਬੇਨਤੀ ਕਰ ਕੇ ਗੁਰੂ ਸਾਹਿਬ ਨੂੰ ਆਪਣੇ ਪਿੰਡ ਲੈ ਗਈਆਂ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਬਚਨ ਕੀਤਾ- ਭਾਈ ਸਿੱਖੋ ! ਸਾਡੇ ਪਿੱਛੋਂ ਅੰਗੀਠਾ ਫੋਲਨਾ ਨਹੀਂ। ਇਸ ‘ਤੇ ਹੋਰ ਮਿੱਟੀ ਪਾ ਕੇ ਥੜਾ ਬਣਾ ਦੇਣਾ। ਇਸ ਵਿੱਚ ਤੁਹਾਡੀ ਮੁਕਤੀ ਹੈ। ਸਮਾਂ ਪਾ ਕੇ ਮੇਰਾ ਇਕ ਸਿੱਖ ਆਏਗਾ ਜੋ ਇਨ੍ਹਾਂ ਸ਼ਹੀਦਾਂ ਦਾ ਅਸਥਾਨ ਬਣਾਏਗਾ | ਅੱਜ ਤੋਂ ਸਿੱਖ ਸੰਗਤਾਂ ਚਾਲੀ ਮੁਕਤਿਆਂ ਦਾ ਨਾਂ ਦੋਵੇਂ ਵੇਲੇ ਦੀ ਅਰਦਾਸ ਵਿੱਚ ਲਵੇਗੀ।”
ਸਮਾਂ ਗੁਜ਼ਰਨ ਤੋਂ ਬਾਅਦ ਭਾਈ ਲੰਗਰ ਸਿੰਘ ਹਰੀਕੇ ਕਲਾਂ ਨੇ ਇਹ ਸ਼ਹੀਦੀ ਅਸਥਾਨ ਬਣਾਇਆ। ਦਸੰਬਰ ੧੭੨੫ ਈ. ਤੋਂ ਅੰਮ੍ਰਿਤਸਰ ਵਾਸੀ ਸੰਗਤ ਦੇ ਉੱਦਮ ਨਾਲ ਮਾਘੀ ਦੇ ਦੀਵਾਨ ਮਨਾਉਣ ਦੀ ਸ਼ੁਰੂਆਤ ਹੋਈ। ਇਹ ਸੀ ਸਿੱਖ ਤਵਾਰੀਖ ਦਾ ਲਹੂ ਨਾਲ ਲਬਰੇਜ਼ ਵਰਕਾ, ਜੋ ਚਾਲੀ ਮੁਕਤਿਆਂ ਦੀ ਸੂਰਮਗਤੀ ਦੀ ਦਾਸਤਾਨ ਪੇਸ਼ ਕਰਦਾ ਹੈ।
“ਸ਼ਹੀਦ ਕੀ ਜੋ ਮੌਤ ਹੈ
ਵੋਹ ਕੌਮ ਕੀ ਹਿਆਤ ਹੈ।”