ਵੱਡੇ ਅਮੀਰਾਂ ਨੇ ਬਾਕੀ ਸਭ ਕੀਤੇ ਗ਼ਰੀਬ

ਵੱਡੇ ਅਮੀਰਾਂ ਨੇ ਬਾਕੀ ਸਭ ਕੀਤੇ ਗ਼ਰੀਬ

ਔਨਿੰਦਓ ਚੱਕਰਵਰਤੀ

ਭਾਰਤ ਦੇ 70 ਲੱਖ ਸਭ ਤੋਂ ਵੱਡੇ ਅਮੀਰ ਲੋਕਾਂ ਦੀ ਆਮਦਨ ਦੇਸ਼ ਦੇ ਸਭ ਤੋਂ ਵੱਧ ਗ਼ਰੀਬ 80 ਕਰੋੜ ਲੋਕਾਂ ਦੇ ਬਰਾਬਰ ਹੈ। ਦੂਜੇ ਲਫ਼ਜ਼ਾਂ ਵਿਚ ਆਖੀਏ ਤਾਂ ਸਿਖਰਲੇ ਅੱਧਾ ਫ਼ੀਸਦੀ (0.5 ਫ਼ੀਸਦੀ) ਅਮੀਰਾਂ ਦੀ ਆਮਦਨ ਉਂਨੀ ਹੀ ਹੈ, ਜਿੰਨੀ ਦੇਸ਼ ਦੇ ਹੇਠਲੇ 57 ਫ਼ੀਸਦੀ (ਅੱਧਿਉਂ ਵੱਧ) ਗ਼ਰੀਬ ਲੋਕਾਂ ਦੀ ਕੁੱਲ ਕਮਾਈ ਹੈ। ਇਨ੍ਹਾਂ ਅੰਕੜਿਆਂ ਉਤੇ ਮਾੜਾ-ਮੋਟਾ ਵਿਵਾਦ ਹੋ ਸਕਦਾ ਹੈ। ਮੈਂ ਇਨ੍ਹਾਂ ਨੂੰ ਆਲਮੀ ਨਾਬਰਾਬਰੀ ਲੈਬ (World Inequality Lab) ਦੇ ਨਾਬਰਾਬਰੀ ਸਬੰਧੀ ਨਾਮੀ ਅਰਥਸ਼ਾਸਤਰੀ ਥੌਮਸ ਪਿਕੇਟੀ (Thomas Piketty) ਅਤੇ ਉਨ੍ਹਾਂ ਦੇ ਸਹਿਕਰਮੀਆਂ ਦੇ ਅੰਦਾਜ਼ਿਆਂ ਦੇ ਆਧਾਰ ’ਤੇ ਪੇਸ਼ ਕੀਤਾ ਹੈ। ਪਰ ਜਿਸ ਗੱਲ ਉਤੇ ਕੋਈ ਵਿਵਾਦ ਨਹੀਂ ਹੋ ਸਕਦਾ ਉਹ ਇਹ ਹੈ ਕਿ ਭਾਰਤ ਸਿਰੇ ਦਾ ਨਾਬਰਾਬਰੀ ਵਾਲਾ ਮੁਲਕ ਹੈ।
ਉਂਝ ਨਾਬਰਾਬਰੀ ਇਕ ਤੁਲਨਾਤਮਕ ਸ਼ਬਦ ਹੈ। ਇਸ ਸਭ ਕਾਸੇ ਨੂੰ ਚੰਗੀ ਤਰ੍ਹਾਂ ਸਪਸ਼ਟ ਕਰਨ ਲਈ ਆਉ ਕਿਸੇ ਖ਼ਿਆਲੀ ਪਿੰਡ ਬਾਰੇ ਸੋਚਦੇ ਹਾਂ, ਜਿਸ ਵਿਚ ਇਕ ਹਜ਼ਾਰ ਲੋਕ ਰਹਿੰਦੇ ਹਨ। ਅਸੀਂ ਇਹ ਮੰਨਦੇ ਹਾਂ ਕਿ ਇਸ ਪਿੰਡ ਦੇ ਸਾਰੇ ਇਕ ਹਜ਼ਾਰ ਵਾਸ਼ਿੰਦੇ ਬਾਲਗ਼ ਹਨ ਅਤੇ ਕੁਝ ਨਾ ਕੁਝ ਕਮਾਈ ਕਰਦੇ ਹਨ। ਪਿੰਡ ਵਿਚ ਪੰਜ ਬਹੁਤ ਅਮੀਰ ਕਿਸਾਨ ਹਨ, ਜਿਨ੍ਹਾਂ ਵਿਚੋਂ ਹਰੇਕ ਸਾਲਾਨਾ 25 ਲੱਖ ਰੁਪਏ ਕਮਾਉਂਦਾ ਹੈ। ਦੂਜੇ ਪਾਸੇ 570 ਗ਼ਰੀਬ ਕਿਸਾਨ ਸਾਲਾਨਾ ਮਹਿਜ਼ 22000 ਰੁਪਏ ਕਮਾਉਂਦੇ ਹਨ। ਅਮੀਰ ਕਿਸਾਨਾਂ ਦੀ ਕੁੱਲ ਆਮਦਨ 1.25 ਕਰੋੜ ਰੁਪਏ ਬਣਦੀ ਹੈ, ਜਿੰਨੀ ਕਿ ਸਭ ਤੋਂ ਗ਼ਰੀਬ 570 ਕਿਸਾਨਾਂ ਦੀ ਵੀ ਸਾਲਾਨਾ ਆਮਦਨ ਹੈ। ਇਹ ਬਿਲਕੁਲ ਉਸ ਅਨੁਪਾਤ ਨੂੰ ਦਰਸਾਉਂਦਾ ਹੈ, ਜਿਸ ਨਾਲ ਮੈਂ ਇਸ ਲੇਖ ਦੀ ਸ਼ੁਰੂਆਤ ਕੀਤੀ ਹੈ – ਭਾਵ ਸਿਖਰਲੇ 0.5 ਫ਼ੀਸਦੀ ਉਂਨੀ ਹੀ ਕਮਾਈ ਕਰ ਰਹੇ ਹਨ, ਜਿੰਨੀ ਹੇਠਲੇ 57 ਫ਼ੀਸਦੀ ਕਰਦੇ ਹਨ।
ਅਸੀਂ ਇਹ ਵੀ ਫ਼ਰਜ਼ ਕਰ ਲੈਂਦੇ ਹਾਂ ਕਿ ਇਹ ਪਿੰਡ ਕਿਸੇ ਵੱਡੇ ਸ਼ਹਿਰ ਦੇ ਕਰੀਬ ਹੈ। ਇਸ ਸ਼ਹਿਰ ਦੇ ਸਭ ਤੋਂ ਵੱਧ ਅਮੀਰ ਦਸ ਫ਼ੀਸਦੀ ਲੋਕਾਂ ਦੀ ਔਸਤ ਸਾਲਾਨਾ ਆਮਦਨ ਇਕ ਕਰੋੜ ਰੁਪਏ ਹੈ। ਇਸ ਤਰ੍ਹਾਂ ਜਦੋਂ ਸ਼ਹਿਰ ਦੇ ਇਨ੍ਹਾਂ ਵੱਡੇ ਅਮੀਰਾਂ ਨਾਲ ਤੁਲਨਾ ਕੀਤੀ ਜਾਂਦੀ ਹੈ, ਤਾਂ ਪਿੰਡ ਦੇ ਵੱਡੇ ਅਮੀਰ ਕਿਸਾਨਾਂ ਦੀ ਆਮਦਨ ਬੜੀ ਘੱਟ ਬਣਦੀ ਹੈ। ਇਸ ਦਾ ਮਤਲਬ ਇਹ ਨਿਕਲਦਾ ਹੈ ਕਿ ਪਿੰਡ ਵਿਚ ਸਿਰੇ ਦੀ ਨਾਬਰਾਬਰੀ ਦੇ ਬਾਵਜੂਦ ਪਿੰਡ ਵਿਚਲੇ ਸਭ ਤੋਂ ਵੱਧ ਅਮੀਰ ਦੂਜੇ ਪਾਸੇ ਸ਼ਹਿਰ ਦੇ ਸਭ ਤੋਂ ਵੱਧ ਅਮੀਰਾਂ ਦੇ ਨੇੜੇ-ਤੇੜੇ ਵੀ ਨਹੀਂ ਢੁੱਕਦੇ।
ਇਸ ਤੋਂ ਬਾਅਦ ਜਦੋਂ ਅਸੀਂ ਭਾਰਤ ਦੇ ਸਭ ਤੋਂ ਵੱਡੇ ਅਮੀਰਾਂ ਦੀ ਤੁਲਨਾ ਵਿਕਸਿਤ ਸਰਮਾਏਦਾਰ ਮੁਲਕਾਂ ਦੇ ਸਭ ਤੋਂ ਵੱਡੇ ਅਮੀਰਾਂ ਨਾਲ ਕਰਦੇ ਹਾਂ ਤਾਂ ਭਾਰਤ ਵਾਲੇ ਅਮੀਰ ਕਿਥੇ ਕੁ ਖੜ੍ਹਦੇ ਹਨ? ਇਸ ਲਈ ਅਸੀਂ ਮਹਿਜ਼ ਉਨ੍ਹਾਂ ਦੀ ਔਸਤ ਆਮਦਨ ਨੂੰ ਡਾਲਰਾਂ ਵਿਚ ਬਦਲ ਕੇ ਉਨ੍ਹਾਂ ਨਾਲ ਮੁਕਾਬਲਾ ਕਰ ਸਕਦੇ ਹਾਂ। ਉਂਝ, ਇਹ ਗ਼ਲਤ ਤੇ ਨਾਵਾਜਬ ਤੁਲਨਾ ਹੋਵੇਗੀ। ਇਕ ਅਮਰੀਕੀ ਡਾਲਰ ਨਾਲ ਦੁਨੀਆਂ ਭਰ ਵਿਚ ਹਰ ਥਾਈਂ ਉਂਨੀ ਹੀ ਚੀਜ਼ ਨਹੀਂ ਖ਼ਰੀਦੀ ਜਾ ਸਕਦੀ। ਇਸ ਪੱਖੋਂ ਵਾਜਬ ਮੁਕਾਬਲਾ ਕਰਨ ਲਈ ਸਾਡੇ ਵਾਸਤੇ ਜ਼ਰੂਰੀ ਹੈ ਕਿ ਅਸੀਂ ਇਹ ਪਤਾ ਲਾਈਏ ਕਿ ਅਮਰੀਕਾ ਵਿਚ ਇਕ ਡਾਲਰ ਨਾਲ ਜਿੰਨੀ ਚੀਜ਼ ਖ਼ਰੀਦੀ ਜਾ ਸਕਦੀ ਹੈ, ਉਸ ਦਾ ਸਥਾਨਕ ਕਰੰਸੀ ਵਿਚ ਕਿੰਨਾ ਮੁੱਲ ਹੋਵੇਗਾ। ਇਸ ਨੂੰ ਖ਼ਰੀਦ ਸ਼ਕਤੀ ਬਰਾਬਰੀ (purchasing power parity – ਪੀਪੀਪੀ) ਕਹਿੰਦੇ ਹਨ।
ਆਰਥਿਕ ਸਹਿਯੋਗ ਤੇ ਵਿਕਾਸ ਸੰਸਥਾ (Organisation for Economic Cooperation and Development – ਓਈਸੀਡੀ) ਦਾ ਕਹਿਣਾ ਹੈ ਕਿ ਅਮਰੀਕਾ ਵਿਚ ਇਕ ਡਾਲਰ ਨਾਲ ਜਿੰਨੀ ਚੀਜ਼ ਖ਼ਰੀਦੀ ਜਾ ਸਕਦੀ ਹੈ, ਉਸ ਦੀ ਇਸ ਵੇਲੇ ਭਾਰਤ ਵਿਚ ਲਾਗਤ ਮਹਿਜ਼ 24 ਰੁਪਏ ਹੈ। ਦੂਜੇ ਲਫ਼ਜ਼ਾਂ ’ਚ ਬੈਂਕ ਵਿਚ ਤੁਹਾਨੂੰ ਇਕ ਡਾਲਰ ਖ਼ਰੀਦਣ ਲਈ ਭਾਵੇਂ 82 ਰੁਪਏ ਅਦਾ ਕਰਨੇ ਪੈਣਗੇ, ਪਰ ਪੀਪੀਪੀ ਮੁਤਾਬਕ ਦੇਖਿਆ ਜਾਵੇ ਤਾਂ ਇਕ ਡਾਲਰ ਦੀ ਕੀਮਤ ਮਹਿਜ਼ 24 ਰੁਪਏ ਹੈ। ਦੂਜੇ ਪਾਸਿਉਂ ਦੇਖਿਆ ਜਾਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਜੇ ਕੋਈ ਬੰਦਾ ਅਮਰੀਕਾ ਵਿਚ ਮਹੀਨੇ ’ਚ 30 ਹਜ਼ਾਰ ਡਾਲਰ ਦੀ ਕਮਾਈ ਕਰਦਾ ਹੈ, ਤਾਂ ਉਹ ਉਥੇ ਕੁੱਲ ਮਿਲਾ ਕੇ ਉਂਨਾ ਕੁ ਸਾਮਾਨ ਖ਼ਰੀਦ ਸਕੇਗਾ ਜਿੰਨਾ ਭਾਰਤ ਵਿਚ ਕੋਈ 7.20 ਲੱਖ ਰੁਪਏ ਮਹੀਨਾ ਕਮਾਉਣ ਵਾਲਾ ਖ਼ਰੀਦ ਸਕਦਾ ਹੈ।
ਮੈਂ ਇਹ ਅੰਕੜੇ ਜਾਣ-ਬੁੱਝ ਕੇ ਚੁਣੇ ਹਨ। ਅਮਰੀਕਾ ਦੇ ਸਭ ਤੋਂ ਅਮੀਰ 10 ਫ਼ੀਸਦੀ ਬਾਲਗ਼ ਪੀਪੀਪੀ ਪੱਖੋਂ ਮਹੀਨੇ ਦੀ ਅੰਦਾਜ਼ਨ 30 ਹਜ਼ਾਰ ਡਾਲਰ ਦੀ ਕਮਾਈ ਕਰਦੇ ਹਨ। ਇਹ ਬਿਲਕੁਲ ਉਹੋ ਰਕਮ ਹੈ, ਜਿੰਨੀ ਪੀਪੀਪੀ ਦੇ ਪੱਖ ਤੋਂ ਭਾਰਤ ਦੇ 0.5 ਫ਼ੀਸਦੀ ਵੱਡੇ ਅਮੀਰ ਕਮਾਈ ਕਰਦੇ ਹਨ। ਇਸ ਤਰ੍ਹਾਂ ਖ਼ਰੀਦ ਸ਼ਕਤੀ ਬਰਾਬਰੀ ਦੇ ਪੱਖ ਤੋਂ ਭਾਰਤ ਦੇ ਅੱਧਾ ਫ਼ੀਸਦੀ ਸਿਖਰਲੇ ਅਮੀਰ ਉਂਨੇ ਹੀ ਅਮੀਰ ਹਨ, ਜਿੰਨੇ ਕਿ ਦੁਨੀਆਂ ਦੇ ਸਭ ਤੋਂ ਵੱਡੇ ਅਰਥਚਾਰੇ ਭਾਵ ਅਮਰੀਕਾ ਦੇ 10 ਫ਼ੀਸਦੀ ਸਿਖਰਲੇ ਅਮੀਰ ਹਨ। ਇਸ ਦੀ ਤੁਲਨਾ ਸਾਡੇ ਖ਼ਿਆਲੀ ਪਿੰਡ ਅਤੇ ਵੱਡੇ ਸ਼ਹਿਰ ਨਾਲ ਕੀਤੀ ਜਾ ਸਕਦੀ ਹੈ। ਇਸ ਮਾਮਲੇ ਵਿਚ, ਪਿੰਡ ਦੇ ਸਭ ਤੋਂ ਅਮੀਰ ਅੱਧਾ ਫ਼ੀਸਦੀ ਲੋਕਾਂ ਦੀ ਆਮਦਨ ਸ਼ਹਿਰ ਵਿਚ ਰਹਿ ਰਹੇ 10 ਫ਼ੀਸਦੀ ਸਭ ਤੋਂ ਵੱਧ ਅਮੀਰ ਲੋਕਾਂ ਦੀ ਆਮਦਨ ਦੇ ਇਕ ਅੰਸ਼ ਜਿੰਨੀ ਹੀ ਸੀ।
ਜੇ ਅਸੀਂ ਆਮਦਨ ਦੇ ਇਸੇ ਚੌਖਟੇ ਨੂੰ ਲੈਂਦੇ ਹਾਂ, ਤਾਂ ਬਰਤਾਨੀਆ ਤੇ ਜਰਮਨੀ ਦੀ 4 ਫ਼ੀਸਦੀ ਬਾਲਗ਼ ਆਬਾਦੀ ਸਾਂਝੇ ਤੌਰ ’ਤੇ ਇਸ ਸਭ ਤੋਂ ਵੱਡੇ ਅਮੀਰਾਂ ਵਾਲੇ ਵਰਗ ਵਿਚ ਆਉਂਦੀ ਹੈ। ਸੰਪੂਰਨ ਸੰਖਿਆ ਵਜੋਂ ਦੇਖਿਆ ਜਾਵੇ ਤਾਂ ਭਾਰਤ ਵਿਚ ਕਰੀਬ 50 ਲੱਖ ਬਾਲਗ਼ ਅਜਿਹੇ ਹਨ, ਜਿਹੜੇ ਮਾਸਕ 30 ਹਜ਼ਾਰ ਡਾਲਰ (ਪੀਪੀਪੀ) ਦੀ ਕਮਾਈ ਕਰਦੇ ਹਨ ਅਤੇ ਇਹ ਗਿਣਤੀ ਬਰਤਾਨੀਆ ਤੇ ਜਰਮਨੀ ਦੇ ਸਾਂਝੇ ਤੌਰ ’ਤੇ ਅਜਿਹੇ ਇੰਨੇ ਹੀ ਬਾਲਗ਼ਾਂ ਦੇ ਬਰਾਬਰ ਬਣਦੀ ਹੈ। ਇਸ ਦਾ ਅਰਥ ਇਹ ਨਿਕਲਦਾ ਹੈ ਕਿ ਸਾਡੇ ਕੋਲ ਉਂਨੇ ਹੀ ਵੱਡੇ ਅਮੀਰ ਹਨ, ਜਿੰਨੇ ਯੂਰਪ ਦੇ ਦੋ ਵੱਡੇ ਅਰਥਚਾਰਿਆਂ ਕੋਲ ਮਿਲਾ ਕੇ ਹਨ। ਜੇ ਅਸੀਂ ਇਨ੍ਹਾਂ ਬਾਲਗ਼ਾਂ ਉਤੇ ਨਿਰਭਰ ਬੱਚਿਆਂ ਦੀ ਗਿਣਤੀ ਨੂੰ ਵੀ ਮਿਲਾ ਲਈਏ ਤਾਂ ਕਹਿ ਸਕਦੇ ਹਾਂ ਕਿ ਕਰੀਬ 70 ਲੱਖ ਭਾਰਤੀ ਉਂਨੀ ਹੀ ਕਮਾਈ ਕਰਦੇ ਹਨ, ਜਿੰਨੀ ਕਮਾਈ ਵਿਕਸਤ ਸੰਸਾਰ ਦੇ ਸਭ ਤੋਂ ਵੱਡੇ ਅਮੀਰਾਂ ਨੂੰ ਹੁੰਦੀ ਹੈ।
ਦੂਜੇ ਪਾਸੇ ਭਾਰਤ ਦੇ ਸਭ ਤੋਂ ਗ਼ਰੀਬ ਲੋਕਾਂ ਬਾਰੇ ਕੀ ਆਖਿਆ ਜਾਵੇ? ਜੇ ਉਨ੍ਹਾਂ ਦੀ ਸੰਸਾਰ ਦੇ ਸਭ ਤੋਂ ਗ਼ਰੀਬ ਲੋਕਾਂ ਨਾਲ ਤੁਲਨਾ ਕੀਤੀ ਜਾਵੇ ਤਾਂ ਕਿੰਝ ਰਹੇਗਾ? ਮੈਂ ਇਸ ਮਾਮਲੇ ਵਿਚ ਸੰਸਾਰ ਦੇ ਪੰਜ ਸਭ ਤੋਂ ਗ਼ਰੀਬ ਮੁਲਕਾਂ ਵੱਲ ਦੇਖਦਾ ਹਾਂ – ਜਿਨ੍ਹਾਂ ਵਿਚੋਂ ਬੁਰੂੰਡੀ ਨੂੰ ਦੁਨੀਆਂ ਦਾ ਸਭ ਤੋਂ ਵੱਧ ਗ਼ਰੀਬ ਭਾਵ ਸਿਰੇ ਦਾ ਗ਼ਰੀਬ ਮੁਲਕ ਮੰਨਿਆ ਜਾਂਦਾ ਹੈ ਅਤੇ ਦੂਜਾ ਹੈ ਮੈਡਗਾਸਕਰ, ਜਿਹੜਾ ਦੁਨੀਆਂ ਦਾ ਚੌਥਾ ਸਭ ਤੋਂ ਗ਼ਰੀਬ ਦੇਸ਼ ਹੈ (ਦੋਵੇਂ ਅਫ਼ਰੀਕੀ ਮੁਲਕ)। ਮੈਂ ਡੇਟਾ ਪੱਖੋਂ ਸੀਮਾਵਾਂ ਕਾਰਨ ਇਨ੍ਹਾਂ ਦੋਵਾਂ ਦੀ ਚੋਣ ਕੀਤੀ ਹੈ। ਮੈਂ ਜਿੰਨਾ ਵੀ ਡੇਟਾ ਇਸਤੇਮਾਲ ਕੀਤਾ ਹੈ, ਉਹ ਸਾਰਾ ਆਲਮੀ ਨਾਬਰਾਬਰੀ ਡੇਟਾਬੇਸ (World Inequality Database) ਤੋਂ ਲਿਆ ਗਿਆ ਹੈ। ਮੈਨੂੰ ਭਾਰਤ ਵਿਚ ਸਭ ਤੋਂ ਗ਼ਰੀਬ ਲੋਕਾਂ ਦੀ ਆਬਾਦੀ ਦੇ ਵੱਖ-ਵੱਖ ਹਿੱਸਿਆਂ ਦੀ ਔਸਤ ਆਮਦਨ ਦੀ ਤੁਲਨਾ ਕਰਨੀ ਪਈ ਅਤੇ ਫਿਰ ਉਨ੍ਹਾਂ ਗ਼ਰੀਬ ਮੁਲਕਾਂ ਨੂੰ ਤਲਾਸ਼ਣਾ ਪਿਆ, ਜਿਹੜੇ ਪੀਪੀਪੀ ਡਾਲਰ ਕਮਾਈ ਦੇ ਪੱਖੋਂ ਇਨ੍ਹਾਂ ਭਾਰਤੀ ਆਬਾਦੀਆਂ ਦੇ ਸਭ ਤੋਂ ਕਰੀਬ ਹਨ। ਬੁਰੂੰਡੀ ਅਤੇ ਮੈਡਗਾਸਕਰ ਦੀ ਔਸਤ ਆਮਦਨ ਕੁੱਲ ਮਿਲਾ ਕੇ ਭਾਰਤ ਦੇ ਆਬਾਦੀ ਦੇ ਦੋ ਹਿੱਸਿਆਂ ਦੀ ਔਸਤ ਆਮਦਨ ਨਾਲ ਮੇਲ ਖਾਂਦੀ ਹੈ।
ਬੁਰੂੰਡੀ ਵਿਚ 2022 ਵਿਚ ਔਸਤ ਆਮਦਨ ਕਰੀਬ 1750 ਡਾਲਰ (ਪੀਪੀਪੀ) ਸੀ। ਭਾਰਤ ਵਿਚ ਹੇਠਲੇ 42 ਫ਼ੀਸਦੀ ਲੋਕਾਂ ਦੀ ਆਮਦਨ ਇਸ ਤੋਂ ਵੀ ਘੱਟ ਭਾਵ 1720 ਡਾਲਰ (ਪੀਪੀਪੀ) ਸੀ। ਮੈਡਗਾਸਕਰ ਦੀ ਵੀ ਉਸੇ ਸਾਲ ਦੌਰਾਨ ਔਸਤ ਆਮਦਨ ਕਰੀਬ 3065 ਡਾਲਰ (ਪੀਪੀਪੀ) ਸੀ। ਦੂਜੇ ਪਾਸੇ ਭਾਰਤ ਵਿਚ ਸਭ ਤੋਂ ਹੇਠਲੇ 52 ਫ਼ੀਸਦੀ ਬਾਲਗ਼ਾਂ ਨੇ ਇਸ ਤੋਂ ਵੀ ਘੱਟ ਕਮਾਈ ਕੀਤੀ – ਭਾਵ ਕਰੀਬ 3060 ਡਾਲਰ (ਪੀਪੀਪੀ)। ਇਸ ਦਾ ਮਤਲਬ ਹੈ ਕਿ ਕੁੱਲ ਮਿਲਾ ਕੇ 58 ਕਰੋੜ ਭਾਰਤੀ (ਇਨ੍ਹਾਂ ਬਾਲਗ਼ਾਂ ਉਤੇ ਨਿਰਭਰ ਬੱਚਿਆਂ ਨੂੰ ਵੀ ਮਿਲਾ ਕੇ) ਉਂਨੇ ਹੀ ਗ਼ਰੀਬ ਹਨ, ਜਿੰਨੇ ਸੰਸਾਰ ਦੇ ਸਭ ਤੋਂ ਵੱਧ ਗ਼ਰੀਬ
ਮੁਲਕ ਬੁਰੂੰਡੀ ਦੇ ਔਸਤ ਵਾਸ਼ਿੰਦੇ ਹਨ। ਜੇ ਆਮਦਨ ਦਾ ਚੌਖਟਾ ਮੋਕਲਾ ਕਰ ਕੇ ਮੈਡਗਾਸਕਰ ਦੇ ਔਸਤ ਪੱਧਰ ਤੱਕ ਲਿਆਂਦਾ ਜਾਂਦਾ ਹੈ, ਤਾਂ 73 ਕਰੋੜ ਭਾਰਤੀ ਇਸ ਤੋਂ ਹੇਠਾਂ
ਰਹਿ ਜਾਂਦੇ ਹਨ।
ਹੁਣ ਇਨ੍ਹਾਂ ਦੋਵਾਂ ਅੰਕੜਿਆਂ ਨੂੰ ਮਿਲਾ ਕੇ ਦੇਖੋ। ਇਕ ਪਾਸੇ 70 ਲੱਖ ਭਾਰਤੀ, ਪਹਿਲੀ ਦੁਨੀਆਂ ਦੇ ਸਭ ਤੋਂ ਵੱਧ ਅਮੀਰ ਲੋਕਾਂ ਜਿੰਨੇ ਹੀ ਅਮੀਰ ਹਨ, ਜਦੋਂਕਿ ਦੂਜੇ ਪਾਸੇ 70 ਕਰੋੜ ਤੋਂ ਵੱਧ ਭਾਰਤੀ ਤੀਜੀ ਦੁਨੀਆਂ ਦੇ ਸਭ ਤੋਂ ਵੱਧ ਗ਼ਰੀਬ ਲੋਕਾਂ ਤੋਂ ਵੀ ਵੱਧ ਗ਼ਰੀਬ ਹਨ। ਇਹ ਮਹਿਜ਼ ਅੰਦਰੂਨੀ ਆਮਦਨ ਨਾਬਰਾਬਰੀ ਦਾ ਮੁੱਦਾ ਨਹੀਂ ਹੈ। ਸਗੋਂ ਆਰਥਿਕ ਵਿਕਾਸ ਦੇ ਪੱਧਰ ਵੱਲ ਧਿਆਨ ਦਿੱਤੇ ਬਿਨਾਂ ਜੇ ਸੰਸਾਰ ਵਿਚ ਅਮੀਰ ਅਤੇ ਗ਼ਰੀਬ ਦੇ ਸੰਪੂਰਨ ਫ਼ਰਕ ਦੀ ਤੁਲਨਾ ਕਰਦੇ ਹਾਂ ਤਾਂ ਸਾਡੀ ਨਾਬਰਾਬਰੀ ਬਹੁਤ ਜ਼ਿਆਦਾ ਭਿਆਨਕ ਹੈ।
ਭਾਰਤ ਨੇ ਉਦਾਰੀਕਰਨ, ਨਿਜੀਕਰਨ ਅਤੇ ਵਿਸ਼ਵੀਕਰਨ (liberalisation, privatisation and globalisation – ਐਲਪੀਜੀ) ਦੇ ਬੀਤੇ ਤਿੰਨ ਦਹਾਕਿਆਂ ਦੌਰਾਨ ਬਸ ਇਹੋ ਕੁਝ ਖੱਟਿਆ ਹੈ। ਸਾਨੂੰ ਸਾਡੇ ਬਸਤੀਵਾਦੀ ਹਾਕਮਾਂ ਨੇ ਦੋ ਸਦੀਆਂ ਤੱਕ ਦੇਸ਼ ਦੀ ਕੀਤੀ ਭਾਰੀ ਲੁੱਟ-ਖਸੁੱਟ ਤੋਂ ਬਾਅਦ ਜਿਹੜੀ ਭਿਆਨਕ ਭੁੱਖਮਰੀ ਤੇ ਗ਼ਰੀਬੀ ਤੋਹਫ਼ੇ ਵਜੋਂ ਦਿੱਤੀ ਸੀ, ਉਸ ਨੂੰ ਘਟਾਉਣ ਪੱਖੋਂ ਨਹਿਰੂਵਾਦੀ ‘ਸਮਾਜਵਾਦ’ ਨੇ ਭਾਰੀ ਮੱਲਾਂ ਮਾਰੀਆਂ ਸਨ। ਐਲਪੀਜੀ ਸੁਧਾਰਾਂ ਨੇ ਸਾਨੂੰ ਇਕ ਅੰਦਰੂਨੀ ਬਸਤੀਵਾਦ ਦੇ ਵੱਸ ਪਾ ਦਿੱਤਾ ਹੈ, ਜਿਥੇ ਬਹੁਤ ਹੀ ਵੱਡੇ ਅਮਰਾਂ ਦੀ ਇਕ ਛੋਟੀ ਜਿਹੀ ਆਬਾਦੀ ਨੇ ਬਾਕੀ ਸਭਨਾਂ ਤੋਂ ਸਾਰਾ ਕੁਝ ਖੋਹ ਲਿਆ ਹੈ।
*ਲੇਖਕ ਸੀਨੀਅਰ ਆਰਥਿਕ ਵਿਸ਼ਲੇਸ਼ਕ ਹੈ।