ਵੱਡਿਆਂ ਘਰਾਂ ’ਚੋਂ ਮੁੜੇ ਪੈਸੇ ਨਾਲ ਖ਼ਜ਼ਾਨਾ ‘ਬਾਗੋ ਬਾਗ਼’..!

ਵੱਡਿਆਂ ਘਰਾਂ ’ਚੋਂ ਮੁੜੇ ਪੈਸੇ ਨਾਲ ਖ਼ਜ਼ਾਨਾ ‘ਬਾਗੋ ਬਾਗ਼’..!

ਚੰਡੀਗੜ੍ਹ- ਵੱਡਿਆਂ ਘਰਾਂ ਨੇ ਆਖ਼ਰ ‘ਬਾਗ਼ ਘੁਟਾਲੇ’ ਦੇ ਕਰੋੜਾਂ ਰੁਪਏ ਸਰਕਾਰੀ ਖ਼ਜ਼ਾਨੇ ’ਚ ਜਮ੍ਹਾਂ ਕਰਵਾ ਦਿੱਤੇ ਹਨ। ਵਿਜੀਲੈਂਸ ਬਿਊਰੋ ਨੇ ਮੁਹਾਲੀ ਜ਼ਿਲ੍ਹੇ ’ਚ ਹੋਏ ਇਸ ਘੁਟਾਲੇ ਦੀ ਜਾਂਚ ਮਗਰੋਂ ਘਪਲੇ ਦੇ ਕਸੂਰਵਾਰਾਂ ਨੂੰ ਸਲਾਖ਼ਾਂ ਪਿੱਛੇ ਪਹੁੰਚਾ ਦਿੱਤਾ ਹੈ। ਫ਼ਿਰੋਜ਼ਪੁਰ ਦੇ ਡੀਸੀ ਦੇ ਪਰਿਵਾਰ ਨੇ ਵੀ ‘ਬਾਗ਼ ਘੁਟਾਲੇ’ ’ਚ ਘਿਰਨ ਮਗਰੋਂ ਖ਼ਜ਼ਾਨੇ ’ਚ ਪੈਸਾ ਜਮ੍ਹਾਂ ਕਰਾ ਦਿੱਤਾ ਹੈ। ਵੇਰਵਿਆਂ ਅਨੁਸਾਰ ਵਿਜੀਲੈਂਸ ਵੱਲੋਂ ਅਜਿਹੇ 106 ਲਾਭਪਾਤਰੀਆਂ ਦੀ ਪਛਾਣ ਕੀਤੀ ਗਈ ਹੈ, ਜਨਿ੍ਹਾਂ ਨੇ ਐਕੁਆਇਰ ਹੋਈ ਜ਼ਮੀਨ ਵਿੱਚ ਰਾਤੋ ਰਾਤ ਬਾਗ਼ ਦਿਖਾ ਕੇ ਸਰਕਾਰੀ ਖ਼ਜ਼ਾਨੇ ’ਚੋਂ 137.18 ਕਰੋੜ ਰੁਪਏ ਦਾ ਮੁਆਵਜ਼ਾ ਹਾਸਲ ਕਰ ਲਿਆ ਸੀ। ਜਦੋਂ ਇਸ ਘੁਟਾਲੇ ’ਚ ਗ੍ਰਿਫ਼ਤਾਰ ਰਸੂਖਵਾਨਾਂ ਨੇ ਜ਼ਮਾਨਤ ਅਰਜ਼ੀਆਂ ਲਾਈਆਂ ਸਨ ਤਾਂ ਅਦਾਲਤ ਨੇ ਗ਼ਲਤ ਤਰੀਕੇ ਨਾਲ ਹਾਸਲ ਕੀਤੀ ਮੁਆਵਜ਼ਾ ਰਾਸ਼ੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਾਉਣ ਦੀ ਸ਼ਰਤ ਲਾ ਦਿੱਤੀ। ਅਦਾਲਤ ਨੇ ਹੁਣ ਤੱਕ 106 ’ਚੋਂ 47 ਜਣਿਆਂ ਨੂੰ ਬਾਗ਼ਾਂ ਦੇ ਮੁਆਵਜ਼ੇ ਵਜੋਂ ਹਾਸਲ ਕੀਤੀ 52.08 ਕਰੋੜ ਦੀ ਰਾਸ਼ੀ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਾਉਣ ਦੇ ਹੁਕਮ ਕੀਤੇ ਹਨ। ਤਾਜ਼ਾ ਰਿਪੋਰਟ ਅਨੁਸਾਰ ਇਨ੍ਹਾਂ ’ਚੋਂ 25 ਰਸੂਖਵਾਨਾਂ ਨੇ ਸਰਕਾਰੀ ਖ਼ਜ਼ਾਨੇ ’ਚ 38.12 ਕਰੋੜ ਰੁਪਏ ਜਮ੍ਹਾਂ ਕਰਾ ਦਿੱਤੇ ਹਨ, ਜਦਕਿ ਬਾਕੀ 22 ਜਣਿਆਂ ਨੂੰ ਵੀ 13.96 ਕਰੋੜ ਦੀ ਰਾਸ਼ੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਾਉਣ ਲਈ ਕਿਹਾ ਹੈ। 59 ਜਣਿਆਂ ਵੱਲੋਂ ਹਾਸਲ ਕੀਤੀ ਬਾਕੀ 88 ਕਰੋੜ ਦੀ ਮੁਆਵਜ਼ਾ ਰਾਸ਼ੀ ਬਾਰੇ ਹਾਲੇ ਫ਼ੈਸਲਾ ਹੋਣਾ ਬਾਕੀ ਹੈ। ਦੱਸਣਯੋਗ ਹੈ ਕਿ ਵਿਜੀਲੈਂਸ ਬਿਊਰੋ ਵੱਲੋਂ ਹੁਣ ਤੱਕ ਇਸ ਕੇਸ ਵਿੱਚ 99 ਮੁਲਜ਼ਮ ਨਾਮਜ਼ਦ ਕੀਤੇ ਗਏ ਹਨ। ਮੁਲਜ਼ਮਾਂ ਵਿੱਚ 11 ਅਧਿਕਾਰੀ ਤੇ ਮੁਲਾਜ਼ਮ ਹਨ, ਜਨਿ੍ਹਾਂ ’ਚ ਬਾਗ਼ਬਾਨੀ ਵਿਭਾਗ ਦੇ ਉੱਚ ਅਧਿਕਾਰੀ ਵੀ ਸ਼ਾਮਲ ਹਨ। 20 ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਅਤੇ ਇਨ੍ਹਾਂ ’ਚੋਂ 16 ਜਣਿਆਂ ਨੂੰ ਰੈਗੂਲਰ ਜ਼ਮਾਨਤ ਮਿਲ ਚੁੱਕੀ ਹੈ, ਜਦਕਿ ਚਾਰ ਜਣੇ ਹਿਰਾਸਤ ਵਿੱਚ ਹਨ। ਇਸੇ ਤਰ੍ਹਾਂ ਬਾਕੀ 38 ਜਣਿਆਂ ਨੂੰ ਅਦਾਲਤ ’ਚੋਂ ਅਗਾਊਂ ਜ਼ਮਾਨਤ ਮਿਲ ਚੁੱਕੀ ਹੈ ਅਤੇ ਇਸ ਕੇਸ ਵਿੱਚ 41 ਮੁਲਜ਼ਮ ਹਾਲੇ ਭਗੌੜੇ ਹਨ। ਅਦਾਲਤ ਨੇ ਬਹੁਤੇ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜੇਲ੍ਹ ’ਚੋਂ ਰਿਹਾਈ ਮਗਰੋਂ ਇੱਕ ਮਹੀਨੇ ਦੇ ਅੰਦਰ-ਅੰਦਰ ਪੈਸਾ ਖ਼ਜ਼ਾਨੇ ਵਿੱਚ ਜਮ੍ਹਾਂ ਕਰਾਇਆ ਜਾਵੇ। ਇਸ ਘਪਲੇ ਵਿੱਚ ਭੁਪਿੰਦਰ ਸਿੰਘ ਆਦਿ ਨੇ ਸਭ ਤੋਂ ਵੱਧ 23.79 ਕਰੋੜ ਮੁਆਵਜ਼ਾ ਰਾਸ਼ੀ ਵਜੋਂ ਹਾਸਲ ਕੀਤੇ ਸਨ। ਮੁੱਢਲੇ ਪੜਾਅ ’ਤੇ ਦੋ ਮਹਿਲਾਵਾਂ ਪ੍ਰਵੀਨ ਲਤਾ ਅਤੇ ਸ਼ਮਾ ਜਿੰਦਲ ਨੇ ਗਮਾਡਾ ਕੋਲ 1.09 ਕਰੋੜ ਰੁਪਏ ਦੀ ਰਾਸ਼ੀ ਜਮ੍ਹਾਂ ਕਰਵਾਈ ਹੈ।