ਵੱਡਾ ਘੱਲੂਘਾਰਾ: ਸੰਸਦ ਮੈਂਬਰ ਮਾਨ ਵੱਲੋਂ ਸ਼ਹੀਦਾਂ ਨੂੰ ਸਿਜਦਾ

ਵੱਡਾ ਘੱਲੂਘਾਰਾ: ਸੰਸਦ ਮੈਂਬਰ ਮਾਨ ਵੱਲੋਂ ਸ਼ਹੀਦਾਂ ਨੂੰ ਸਿਜਦਾ

ਐਮਪੀ ਫੰਡ ਵਿੱਚੋਂ ਪਾਣੀ ਵਾਲੀ ਟੈਂਕੀ ਦੇਣ ਦਾ ਕੀਤਾ ਐਲਾਨ
ਟੱਲੇਵਾਲ- ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਗਹਿਲ ਵਿਖੇ ਐਸਜੀਪੀਸੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਧਾਰਮਿਕ ਸਮਾਗਮਾਂ ਵਿੱਚ ਦੂਜੇ ਦਿਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਪਹੁੰਚੇ। ਉਨ੍ਹਾਂ ਘੱਲੂਘਾਰੇ ਦੇ ਮਹਾਨ ਸ਼ਹੀਦਾਂ ਨੂੰ ਸਿਜਦਾ ਕਰਦਿਆਂ ਕਿਹਾ ਕਿ ਜਦੋਂ ਵੀ ਸਿੱਖ ਕੌਮ ’ਤੇ ਜ਼ਾਲਮਾਂ ਨੇ ਹਮਲੇ ਕੀਤੇ ਤਾਂ ਸਿੱਖਾਂ ਨੇ ਦੁਸ਼ਮਣਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ। ਵੱਡੇ ਘੱਲੂਘਾਰੇ ਦਾ ਇਤਿਹਾਸ ਇਸੇ ਦੀ ਗਵਾਹੀ ਭਰਦਾ ਹੈ, ਜਿਸ ਕਾਰਨ ਸਿੱਖ ਕੌਮ ਦੀ ਦੁਨੀਆਂ ਵਿਚ ਇਕ ਵੱਖਰੀ ਪਛਾਣ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੇ ਪਿਛਲੇ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਸਜ਼ਾ ਪੂਰੀ ਕਰ ਚੁੱਕੇ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚਾ ਲਾਇਆ ਹੋਇਆ ਹੈ, ਜਿਸਨੂੰ ਸਫ਼ਲ ਬਣਾਉਣ ਲਈ ਹਰ ਵਰਗ ਦੇ ਲੋਕਾਂ ਨੂੰ ਕਾਫ਼ਲੇ ਬੰਨ੍ਹ ਕੇ ਮੋਰਚੇ ਵਿੱਚ ਸ਼ਮੂਲੀਅਤ ਕਰਨ ਦੀ ਲੋੜ ਹੈ। ਇਸ ਮੌਕੇ ਉਨ੍ਹਾਂ ਆਪਣੇ ਐਮਪੀ ਫੰਡ ਵਿੱਚੋਂ ਪਾਣੀ ਵਾਲੀ ਟੈਂਕੀ ਦੇਣ ਦਾ ਐਲਾਨ ਕੀਤਾ। ਇਸ ਮੌਕੇ ਢਾਡੀ ਬਲਦੇਵ ਸਿੰਘ ਲੌਂਗੋਵਾਲ, ਢਾਡੀ ਰਮਨਦੀਪ ਸਿੰਘ ਦੀਵਾਨਾ ਅਤੇ ਕਵੀਸ਼ਰ ਸੋਮਨਾਥ ਰੋਡਿਆਂ ਵਾਲਿਆਂ ਵੱਲੋਂ ਸਿੱਖ ਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਕਮੇਟੀ ਦੇ ਮੈਨੇਜਰ ਬਲਦੇਵ ਸਿੰਘ ਇੰਚਾਰਜ਼ ਨੇ ਦੱਸਿਆ ਕਿ ਭਲਕੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਨਾਲ ਸਮਾਗਮਾਂ ਦੀ ਸਮਾਪਤੀ ਹੋਵੇਗੀ।