ਵੰਡ ਦੇ ਦੁੱਖੜੇ-ਤੇਰੀ ਮਾਂ ਹਾਲੇ ਜਿਊਂਦੀ ਏ!

ਵੰਡ ਦੇ ਦੁੱਖੜੇ-ਤੇਰੀ ਮਾਂ ਹਾਲੇ ਜਿਊਂਦੀ ਏ!

ਸਾਂਵਲ ਧਾਮੀ

ਜ਼ਿਲ੍ਹਾ ਮਾਨਸਾ ਦਾ ਇੱਕ ਪਿੰਡ ਹੈ ਭੰਮੇ ਕਲਾਂ। ਇਹ ਪਿੰਡ ਮਾਨਸਾ ਸਿਰਸਾ ਰੋਡ ’ਤੇ ਪੈਂਦਾ ਹੈ। ਇਸ ਪਿੰਡ ’ਚ ਬਹੁਤੇ ਧਾਲੀਵਾਲ ਤੇ ਸਿੱਧੂ ਜੱਟ ਵੱਸਦੇ ਹਨ। ਕੁਝ ਘਰ ਢਿੱਲੋਂ ਅਤੇ ਸਰਾਂ ਗੋਤ ਦੇ ਜੱਟਾਂ ਦੇ ਵੀ ਹਨ। ਮੀਰ ਆਲਮਾ ਤੇ ਮੁਸਲਮਾਨ ਲੁਹਾਰਾਂ ਦਾ ਇੱਕ-ਇੱਕ ਘਰ ਵੀ ਸੰਤਾਲੀ ’ਚ ਇੱਥੇ ਰਹਿ ਗਿਆ ਸੀ।

ਦੋ ਵਰ੍ਹੇ ਪਹਿਲਾਂ ਮੈਂ ਇਸ ਪਿੰਡ ’ਚ ਵੱਸਦੀ ਬੀਬੀ ਨੂਰੀ ਨੂੰ ਮਿਲਿਆ ਸਾਂ। ਉਹ ਆਪਣੇ ਟੱਬਰ ’ਚੋਂ ਇਕੱਲੀ ਇੱਧਰ ਰਹਿ ਗਈ ਸੀ। ਸੰਤਾਲੀ ਵੇਲੇ ਉਹਦੀ ਉਮਰ ਅੱਠ-ਦਸ ਕੁ ਵਰ੍ਹੇ ਸੀ। ਚੁਰਾਸੀ ਵਰ੍ਹਿਆਂ ਨੂੰ ਢੁਕੀ ਬੀਬੀ ਨੂਰੀ ਦੀ ਮਾਨਸਿਕਤਾ ਹੁਣ ਉੱਖੜ ਗਈ ਏ। ਉਹ ਮੁੜ-ਮੁੜ ਇੱਕੋ ਗੱਲ ਕਰਦੀ ਰਹਿੰਦੀ ਏ – ਮੈਂ ਜਗਾ ਰਾਮ ਤੀਰਥ ਦੀ ਜੰਮੀ ਜਾਈ ਆਂ। ਮੈਂ ਡੋਗਰਾਂ ਦੀ ਧੀ ਆਂ। ਮੈਂ ਨਸਰੂ ਦੀ ਭੈਣ ਆਂ।

ਜਗਾ ਰਾਮ ਤੀਰਥ ਬਠਿੰਡਾ ਦੀ ਤਹਿਸੀਲ ਤਲਵੰਡੀ ਸਾਬੋ ਦੇ ਕੋਲ ਇੱਕ ਘੁੱਗ ਵੱਸਦਾ ਪਿੰਡ ਏ। ਸੰਤਾਲੀ ਤੋਂ ਪਹਿਲਾਂ ਇੱਥੇ ਦੋ ਪੱਤੀਆਂ ’ਚ ਮੁਸਲਮਾਨ ਡੋਗਰ ਤੇ ਇੱਕ ਪੱਤੀ ’ਚ ਸਿੱਖ ਸਿੱਧੂ ਵੱਸਦੇ ਸਨ। ਵੰਡ ਮਗਰੋਂ ਡੋਗਰਾਂ ਵਾਲੇ ਘਰ ਅਤੇ ਜ਼ਮੀਨਾਂ ਲਹੌਰੀਆਂ ਨੂੰ ਮਿਲ ਗਈਆਂ। ਸੰਤਾਲੀ ’ਚ ਇਸ ਪਿੰਡ ’ਚ ਬਹੁਤ ਵੱਢ-ਟੁੱਕ ਹੋਈ ਸੀ। ਚੁਫ਼ੇਰਿਓਂ ਹਮਲਾ ਹੋਇਆ ਤਾਂ ਪਿੰਡ ’ਚ ਚੀਕ ਚਿਹਾੜਾ ਪੈ ਗਿਆ। ਮੁਸਲਮਾਨ ਡੋਗਰਾਂ ਨੇ ਆਪਣੀਆਂ ਧੀਆਂ-ਭੈਣਾਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ। ਨੂਰੀ ਦੇ ਭਾਈ ਨਸਰੂ ਨੇ ਆਪਣੀਆਂ ਮੁਟਿਆਰ ਭੈਣਾਂ ਅਤੇ ਨਵ ਵਿਆਹੀ ਵਹੁਟੀ ਨੂੰ ਹੱਥੀਂ ਕਤਲ ਕਰ ਦਿੱਤਾ। ਉਹਦੇ ਚਾਚੇ ਖੁਸ਼ੀਏ ਨੇ ਆਪਣੀਆਂ ਚਾਰ ਧੀਆਂ ਹੱਥੀਂ ਕਤਲ ਕਰ ਦਿੱਤੀਆਂ। ਵਕਤ ਬਹੁਤ ਘੱਟ ਸੀ। ਹਮਲਾਵਰ ਗਲ਼ੀਆਂ ’ਚ ਆਣ ਵੜੇ ਸਨ। ਅੰਤ ਉਹ ਘਰਾਂ ਅੰਦਰ ਆਣ ਵੜੇ। ਡੋਗਰਾਂ ਨੇ ਪਹਿਲਾਂ ਤਾਂ ਮੁਕਾਬਲਾ ਕੀਤਾ, ਪਰ ਜਦੋਂ ਮੂਹਰਿਓਂ ਗੋਲੀ ਚੱਲਣ ਲੱਗ ਪਈ ਤਾਂ ਉਹ ਨੱਠ ਤੁਰੇ। ਬੁੱਢੇ-ਠੇਰੇ ਤਾਂ ਘਰਾਂ ’ਚ ਹੀ ਕਤਲ ਹੋ ਗਏ ਤੇ ਨੌਜਵਾਨ ਲੜਦਿਆਂ ਮਾਰੇ ਗਏ। ਇਸ ਪਿੰਡ ’ਚੋਂ ਚੰਦ ਕੁ ਬੰਦੇ ਹੀ ਬਚ ਕੇ ਨਿਕਲ ਸਕੇ ਸਨ। ਇਸ ਹਫ਼ੜਾ-ਦਫ਼ੜੀ ’ਚ ਡੋਗਰ ਆਪਣੀਆਂ ਜਿਨ੍ਹਾਂ ਮੁਟਿਆਰ ਕੁੜੀਆਂ ਤੇ ਔਰਤਾਂ ਨੂੰ ਨਾ ਮਾਰ ਸਕੇ ਉਨ੍ਹਾਂ ਨੂੰ ਧਾੜਵੀ ਧਰੂਹ ਕੇ ਲੈ ਲਏ।
ਜਦੋਂ ਨਸਰੂ ਨੇ ਆਪਣੀਆਂ ਮੁਟਿਆਰ ਭੈਣਾਂ ਅਤੇ ਪਤਨੀ ਨੂੰ ਕਤਲ ਕੀਤਾ ਤਾਂ ਨੂਰੀ ਪਿੰਡ ਤੋਂ ਦੌੜ ਗਈ ਸੀ। ਉਹਨੇ ਕੰਬਦੇ ਬੋਲਾਂ ਨਾਲ ਮੈਨੂੰ ਦੱਸਿਆ ਸੀ,“ਮੈਨੂੰ ਇੰਨਾ ਕੁ ਯਾਦ ਹੈ ਕਿ ਮੈਂ ਰੋਂਦੀ-ਰੋਂਦੀ ਲਹਿੰਦੇ ਵੱਲ ਦੌੜੀ ਜਾ ਰਹੀ ਸੀ। ਮੇਰੇ ਮੂਹਰੇ ਦੌੜਦੇ ਲੋਕ ਦੂਰ ਤੇ ਹੋਰ ਦੂਰ ਹੁੰਦੇ ਜਾ ਰਹੇ ਸਨ। ਮੈਂ ਚੀਖੀ ਜਾ ਰਹੀ ਸਾਂ, ਪਰ ਮੇਰੀ ਆਵਾਜ਼ ਸ਼ਾਇਦ ਕਿਸੇ ਨੂੰ ਸੁਣਾਈ ਨਹੀਂ ਸੀ ਦੇ ਰਹੀ। ਆਖ਼ਰ ਮੈਂ ਇਕੱਲੀ ਰਹਿ ਗਈ। ਮੈਂ ਝੀਂਡਿਆਂ ’ਚ ਲੁਕ ਕੇ ਬੈਠ ਗਈ। ਬੜੀ ਦੇਰ ਰੋਂਦੀ ਰਹੀ ਤੇ ਫਿਰ ਪਤਾ ਨਹੀਂ ਮੈਨੂੰ ਕਦੋਂ ਨੀਂਦ ਆ ਗਈ। ਸਵੇਰ ਹੋਈ ਤਾਂ ਮੈਂ ਕੁੜੀਆਂ ਦੀਆਂ ਆਵਾਜ਼ਾਂ ਸੁਣੀਆਂ। ਇੱਕ ਛਿਣ ਲਈ ਮੈਨੂੰ ਇਉਂ ਲੱਗਿਆ ਜਿਉਂ ਮੇਰੀਆਂ ਭੈਣਾਂ ਆ ਗਈਆਂ ਹੋਣ। ਪਰ ਉਹ ਤਾਂ ਉੱਡਤ ਭਗਤ ਰਾਮ ਪਿੰਡ ਦੀਆਂ ਕੁੜੀਆਂ ਸਨ। ਉਨ੍ਹਾਂ ਕੁੜੀਆਂ ’ਚ ਇੱਕ ਜਰਨੈਲ ਕੌਰ ਵੀ ਸੀ। ਉਹ ਮੈਨੂੰ ਆਪਣੇ ਘਰ ਲੈ ਗਈ ਸੀ।”

ਇਹ ਪਿੰਡ ਜਗੇ ਤੋਂ ਪੱਚੀ ਕਿਲੋਮੀਟਰ ਦੂਰ ਏ। ਇਸ ਪਿੰਡ ਦੇ ਸਿੱਧੂ ਪਰਿਵਾਰ ਨੇ ਨੂਰੀ ਨੂੰ ਧੀਆਂ ਵਾਂਗ ਪਾਲਿਆ। ਜਦੋਂ ਉਹ ਮੁਟਿਆਰ ਹੋਈ ਤਾਂ ਉਹਦਾ ਨਿਕਾਹ ਭੰਮੇ ਕਲਾਂ ਦੇ ਅਲੀ ਲੁਹਾਰ ਨਾਲ ਕਰ ਦਿੱਤਾ।

ਬੀਬੀ ਨੂਰੀ ਦੀ ਇਹ ਦਰਦ ਕਹਾਣੀ ਮੈਂ ਆਪਣੇ ਯੂ-ਟਿਊਬ ਚੈਨਲ ‘ਸੰਤਾਲੀਨਾਮਾ’ ਉੱਤੇ ਅਪਲੋਡ ਕਰ ਦਿੱਤੀ। ਕੁਝ ਦਿਨਾਂ ਬਾਅਦ ਮੈਨੂੰ ਰੂਸ ਦੀ ਸਟੇਟ ਕਿਰਕਿਸਤਾਨ ਤੋਂ ਈਮੇਲ ਆਈ। ਉੱਥੇ ਮੈਡੀਕਲ ਦੀ ਪੜ੍ਹਾਈ ਕਰ ਰਹੀ ਇੱਕ ਪਾਕਿਸਤਾਨੀ ਕੁੜੀ ਨੇ ਲਿਖਿਆ ਸੀ ਕਿ ਬੀਬੀ ਨੂਰੀ ਉਹਦੀ ਦਾਦੀ ਦੀ ਚਚੇਰੀ ਭੈਣ ਏ। ਉਹਦੀ ਦਾਦੀ ਨੇ ਬੀਬੀ ਨੂਰੀ ਦੀ ਵੀਡੀਓ ਵੇਖੀ ਹੈ ਤੇ ਉਹ ਬੀਬੀ ਨੂਰੀ ਨਾਲ ਗੱਲ ਕਰਨਾ ਚਾਹੁੰਦੀ ਏ।

ਮੈਂ ਉਸ ਕੁੜੀ ਨਾਲ ਗੱਲ ਕੀਤੀ। ਉਹ ਕੁਝ ਦਿਨਾਂ ਤੱਕ ਪਾਕਿਸਤਾਨ ਜਾ ਰਹੀ ਸੀ। ਮੈਂ ਉਹਨੂੰ ਆਖਿਆ ਕਿ ਉਹ ਆਪਣੇ ਘਰ ਜਾ ਕੇ ਰਾਬਤਾ ਕਰੇ। ਮੈਂ ਸੋਚਿਆ ਕਿ ਪੌਣੀ ਸਦੀ ਬਾਅਦ ਦੋ ਭੈਣਾਂ ਦੀ ਗੱਲਬਾਤ ਨੂੰ ਰਿਕਾਰਡ ਕਰਨ ਦਾ ਮੌਕਾ ਨਹੀਂ ਗੁਆਉਣਾ ਚਾਹੀਦਾ।

ਕੋਈ ਵੀਹ ਕੁ ਦਿਨਾਂ ਬਾਅਦ ਉਸ ਕੁੜੀ ਦਾ ਸੁਨੇਹਾ ਆਇਆ। ਮੈਂ ਭੰਮੇ ਕਲਾਂ ’ਚ ਵੱਸਦੇ ਦੋਸਤ ਪ੍ਰੋਫ਼ੈਸਰ ਸੰਦੀਪ ਸਿੰਘ ਨੂੰ ਗੁਜ਼ਾਰਿਸ਼ ਕੀਤੀ ਕਿ ਉਹ ਕੁਝ ਵਕਤ ਕੱਢੇ ਤੇ ਮੋਬਾਈਲ ਲੈ ਕੇ ਬੀਬੀ ਨੂਰੀ ਦੇ ਘਰ ਪਹੁੰਚੇ।

ਤੈਅ ਵਕਤ ’ਤੇ ਜ਼ੂਮ ’ਤੇ ਵੀਡੀਓ ਰਾਹੀਂ ਮੁਲਾਕਾਤ ਸ਼ੁਰੂ ਹੋ ਗਈ। ਪਾਕਿਸਤਾਨ ਵਾਲੀ ਬੀਬੀ ਦਾ ਨਾਂ ਹਮੀਦਾ ਸੀ।

“ਨੂਰੀ ਭੈਣੇ ਮੈਂ ਤੇਰੇ ਚਾਚੇ ਬੱਗੂ ਦੀ ਧੀ ਆਂ। ਛੋਟੀ।” ਇਹ ਆਖ ਬੀਬੀ ਹਮੀਦਾ ਨੇ ਰੋਣਾ ਸ਼ੁਰੂ ਕਰ ਦਿੱਤਾ। ਥੋੜ੍ਹਾ ਸੰਭਲੀ ਤਾਂ ਉਹਨੇ ਆਪਣੇ ਬਾਰੇ ਦੱਸਿਆ। ਫਿਰ ਉਹਨੇ ਬੀਬੀ ਨੂਰੀ ਦੇ ਖਾਵੰਦ ਅਤੇ ਧੀਆਂ-ਪੁੱਤਰਾਂ ਬਾਰੇ ਪੁੱਛਿਆ। ਇੱਕ ਗੱਲ ਉਹ ਮੁੜ-ਮੁੜ ਪੁੱਛਦੀ ਰਹੀ ਕਿ ਬੀਬੀ ਨੂਰੀ ਜਗੇ ਦੇ ਡੋਗਰਾਂ ਦੀਆਂ ਕਿੰਨੀਆਂ ਕੁ ਕੁੜੀਆਂ ਨੂੰ ਜਾਣਦੀ ਏ? ਉਹ ਕਿੱਥੇ-ਕਿੱਥੇ ਵੱਸਦੀਆਂ ਨੇ? ਉਨ੍ਹਾਂ ’ਚੋਂ ਕਿਹੜੀ-ਕਿਹੜੀ ਜਿਊਂਦੀ ਏ? ਫਿਰ ਉਹ ਆਪਣੇ ਬਚਪਨ ਦੀਆਂ ਗੱਲਾਂ ਕਰਨ ਲੱਗ ਪਈ।

“ਅਸੀਂ ਸਾਰੀ ਦਿਹਾੜੀ ਤੁਹਾਡੇ ਆਲੇ ਵਾੜੇ ’ਚ ਖੇਡਦੀਆਂ। ਨਸਰੂ ਭਾਈ ਦਬਕਦਾ ਤਾਂ ਦੌੜ ਪੈਂਦੀਆਂ। ਸਾਡੇ ਬਾਰ ਮੂਹਰੇ ਕਿੱਕਰ ਸੀ। ਫਿਰ ਅਸੀਂ ਉੱਥੇ ਖੇਡਣ ਲੱਗ ਜਾਂਦੀਆਂ। ਕਦੇ-ਕਦੇ ਅਸੀਂ ਸ਼ਹਾਬੂ ਕੀ ਨਿੰਮ ਹੇਠ ਫੁਲਕਾਰੀਆਂ ਕੱਢਦੀਆਂ ਵੱਡੀਆਂ ਭੈਣਾਂ ਕੋਲ ਚਲੀਆਂ ਜਾਂਦੀਆਂ। ਸ਼ਾਮ ਢਲ਼ੇ ਅਸੀਂ ’ਕੱਠੀਆਂ ਰਲ਼ ਕੇ ਦਾਣੇ ਭੁੰਨਾਉਣ ਜਾਂਦੀਆਂ ਹੁੰਦੀਆਂ ਸੀ।

ਨੂਰੀ ਯਾਦ ਕਰ ਆਪਾਂ ਖੇਤ ਜਾਂਦੀਆਂ ਹੁੰਦੀਆਂ ਸੀ। ਤੁਹਾਡੇ ਖੇਤ ਸਾਡੇ ਰਾਹ ’ਚ ਹੁੰਦੇ ਸੀ। ਤੂੰ ਤੇ ਭੁੱਲੀ ਬੈਠੀ ਏਂ ਸਾਰਿਆ ਨੂੰ। ਤੈਨੂੰ ਉਹ ਗੱਲ ਯਾਦ ਆ ਜਦੋਂ ਸਰਵਣ ਕਾ ਬੱਗੂ ਮਾਰਿਆ ਸੀ। ਤੈਨੂੰ ਯਾਦ ਆ ਕਿ ਮੇਰੇ ਵੱਡੇ ਭਰਾ ਦਾ ਨਾਂ ਸਦੀਕ ਮੁਹਮੰਦ ਹੁੰਦਾ ਸੀ? ਮੇਰੀਆਂ ਅੱਖਾਂ ਮੂਹਰੇ ਮੇਰੇ ਦਾਦੇ ਨੇ ਮੇਰੀਆਂ ਚਾਰ ਫੁੱਫੀਆਂ ਨੂੰ ਮਾਰ ਦਿੱਤਾ ਸੀ। ਉਨ੍ਹਾਂ ’ਚੋਂ ਇੱਕ ਦਾ ਨਾਂ ਕੰਮੀ ਤੇ ਦੂਜੀ ਦਾ ਨਾਂ ਹਸਨੀ ਸੀ।

ਸਾਡਾ ਘਰ ਬਾਹਰ ਡਿੱਗੀ ’ਤੇ ਸੀ। ਟੋਭੇ ਦੇ ਕੋਲ। ਉਸ ਟੋਭੇ ਵਿੱਚ ਸਾਰੇ ਚੱਕ ਦੇ ਮੀਂਹ ਦਾ ਪਾਣੀ ਪੈਂਦਾ ਸੀ। ਅਸੀਂ ਉਹਦੇ ਕੰਢੇ ਖੇਡਦੀਆਂ ਰਹਿਣਾ। ਫਿਰ ਸਾਡੇ ਉੱਤੇ ਰੇਤਾ ਪੈ ਜਾਣਾ। ਅਸੀਂ ਡਿੱਗੀ ’ਚ ਨ੍ਹਾ ਕੇ ਘਰੇ ਤੁਰ ਜਾਣਾ। ਸਾਡੇ ਪਿੰਡ ’ਚ ਚਾਰ ਖੂਹ ਹੁੰਦੇ ਸਨ। ਪਾਣੀ ਮਾਛੀ ਢੋਂਦੇ। ਕਈ ਵਾਰ ਮੁਟਿਆਰਾਂ ਵੀ ਪਾਣੀ ਲੈਣ ਚਲੀਆਂ ਜਾਂਦੀਆਂ। ਨੂਰੀ ਭੈਣੇ ਤੂੰ ਤਾਂ ਹੁਣ ਕੰਧ ਬਣੀ ਬੈਠੀ ਏਂ। ਤੈਨੂੰ ਯਾਦ ਏ ਨਾ ਕਿ ਸਾਡੇ ਪਿੰਡ ’ਚ ਸਭ ਤੋਂ ਪਹਿਲਾ ਕਤਲ ਮੇਰੇ ਫੁੱਫੜ ਦਾ ਹੋਇਆ ਸੀ। ਉਹ ਤਲਵੰਡੀ ਵਾਲੇ ਮੇਲੇ ’ਤੇ ਗਿਆ ਮਾਰਿਆ ਗਿਆ ਸੀ।

ਸਾਡੇ ਪਿੰਡ ਉੱਤੇ ਦਸ ਗਿਆਰਾਂ ਵਜੇ ਹਮਲਾ ਹੋਇਆ ਸੀ। ਪਹਿਲਾਂ ਆਏ ਤਾਂ ਉਨ੍ਹਾਂ ਦੇ ਬੱਗੇ ਚਿੱਟੇ ਕੱਪੜੇ ਪਾਏ ਹੋਏ ਸਨ। ਸਾਡੇ ਬੰਦੇ ਕਹਿੰਦੇ ਕਿ ਨੇੜਲੇ ਪਿੰਡਾਂ ਦੇ ਡੋਗਰ ਆਉਂਦੇ ਪਏ ਨੇ। ਜਦੋਂ ਉਹ ਪਿੰਡ ਦੇ ਨੇੜੇ ਆਏ ਤਾਂ ਉਨ੍ਹਾਂ ਨੇ ਨੀਲੇ ਬਾਣੇ ਪਾ ਲਏ। ਭਾਲੇ ਕੱਢ ਲਏ। ਤਲਵਾਰਾਂ ਕੱਢ ਲਈਆਂ। ਫਿਰ ਆਉਣ ਲਲਕਾਰੇ ਮਾਰਦੇ। ਸਾਡੇ ਚੱਕ ’ਚ ਅਸਲਾ ਨਹੀਂ ਸੀ। ਜੇ ਅਸਲਾ ਹੁੰਦਾ ਤਾਂ ਅਸੀਂ ਐਨੇ ਨੀਵੇਂ ਨਹੀਂ ਸੀ ਲੱਗਦੇ। ਫਿਰ ਅਗਲੇ ਅਲੀ ਅਲੀ ਕਰਦੇ ਪੈ ਗਏ। ਉਹ ਸੱਥਰੀਆਂ ਪਾਉਂਦੇ ਤੁਰੀ ਆਏ। ਜਿਹੜੀਆਂ ਧੀਆਂ ਭੈਣਾਂ ਆਪਣਿਆਂ ਹੱਥੋਂ ਬਚ ਗਈਆਂ, ਉਨ੍ਹਾਂ ਨੂੰ ਖਿੱਚ ਕੇ ਲੈ ਗਏ। ਮੇਰੇ ਦੋਵੇਂ ਭਾਈ ਉੱਥੇ ਕਤਲ ਹੋ ਗਏ। ਹਮਲੇ ਵਾਲੀ ਸ਼ਾਮ ਬਹੁਤ ਮੀਂਹ ਪਿਆ ਸੀ। ਜਿਹੜੀਆਂ ਕੁੜੀਆਂ ਸਹਿਮੀਆਂ ਘਰਾਂ ’ਚ ਲੁਕ ਗਈਆਂ, ਉਨ੍ਹਾਂ ਨੂੰ ਕੋਈ ਕਹੇ, ‘ਬਾਹਰ ਨਿਕਲ ਆਓ, ਕੁੜੇ ਛੋਹਰੀਓ। ਮੈਂ ਤੁਹਾਨੂੰ ਪਾਕਿਸਤਾਨ ਲੈ ਚਲੂੰਗਾ।’ ਕੋਈ ਮੈਨੂੰ ਵੀ ਵਰ੍ਹਦੇ ਮੀਂਹ ’ਚ ਖਿੱਚ ਕੇ ਲੈ ਤੁਰਿਆ ਸੀ।”

ਉਹ ਖਿੱਚ ਕੇ ਲੈ ਜਾਣ ਵਾਲਿਆਂ ਨੂੰ ਗਾਲ੍ਹਾਂ ਕੱਢਣ ਲੱਗ ਪਈ। ਉਹਦੀ ਪੋਤਰੀ ਨੇ ਰੋਕਿਆ ਤਾਂ ਮੈਂ ਕਿਹਾ-ਇਹ ਪੌਣੀ ਸਦੀ ਦਾ ਗੁੱਸਾ ਏ। ਇਸ ਗੁੱਸੇ ਨੂੰ ਨਿਕਲਣ ਦਿਓ।

ਹਮੀਦਾ ਬੀਬੀ ਬੋਲੀ-ਜਿਨ੍ਹਾਂ ਐਡੇ ਐਡੇ ਲਾਲ ਖਪਾਏ। ਜਿਨ੍ਹਾਂ ਦੀਆਂ ਹਾੜ੍ਹੀ ਦੀਆਂ ਫ਼ਸਲਾਂ ਵਾਂਗੂ ਸੱਥਰੀਆਂ ਪਾਈਆਂ। ਉਹ ਗੁੱਸਾ ਕਿਤੇ ਨਿਕਲਣ ਲੱਗਾ! ਉਹ ਗੁੱਸਾ ਤਾਂ ਸਾਡੇ ਨਾਲ ਹੀ ਜਾਊਗਾ। ਮੈਨੂੰ ਵੀ ਤੇਰੇ ਵਰਗਾ ਕੋਈ ਖਿੱਚ ਕੇ ਲੈ ਗਿਆ ਸੀ। ਮਾਲੇਰਕੋਟਲੇ ਕੋਲ ਲਿਜਾ ਸੁੱਟੀ। ਕਿੱਥੇ ਜਗਾ ਰਾਮ ਤੀਰਥ ਤੇ ਕਿੱਥੇ ਮਾਲੇਰਕੋਟਲਾ। ਫਿਰ ਮੈਂ ਉੱਥੇ ਦਸ-ਬਾਰ੍ਹਾਂ ਸਾਲ ਕੱਟੇ। ਉੱਥੋਂ ਮੈਨੂੰ ਮਿਲਟਰੀ ਲੈ ਕੇ ਆਈ ਸੀ।” ਉਹ ਚੁੱਪ ਹੁੰਦਿਆਂ ਅੱਖਾਂ ਪੂੰਝਣ ਲੱਗ ਪਈ।

ਨੂਰੀ ਬੀਬੀ ਨੂੰ ਕੁਝ ਯਾਦ ਨਾ ਆਇਆ। ਉਹ ਮੁੜ ਮੁੜ ਇੱਕੋ ਗੱਲ ਕਰਦੀ ਰਹੀ- ਮੁੱਦਤਾਂ ਹੋ ਗਈਆਂ। ਕੁਸ਼ ਯਾਦ ਨਹੀਂ ਮੈਨੂੰ।

ਇਸ ਗੱਲਬਾਤ ਤੋਂ ਪੰਜ ਕੁ ਦਿਨ ਬਾਅਦ ਮੈਨੂੰ ਫੋਨ ਆਇਆ। ਬੀਬੀ ਹਮੀਦਾ ਦੀ ਪੋਤਰੀ ਬੋਲੀ-ਦਾਦੀ ਨਾਲ ਗੱਲ ਕਰੋ।

“ਪੁੱਤਰ ਇੱਕ ਗੱਲ ਉਸ ਦਿਨ ਰਹਿ ਗਈ ਸੀ। ਉਹ ਮੈਂ ਸਾਰਿਆਂ ਦੇ ਸਾਹਮਣੇ ਨਹੀਂ ਸੀ ਕਰ ਸਕਦੀ।” ਹਮੀਦਾ ਬੀਬੀ ਬੋਲੀ।

“ਪੁੱਤਰ ਤੂੰ ਓਸ ਪਿੰਡ ਜਾਈਂ, ਜਿੱਥੇ ਮੈਂ ਬਾਰ੍ਹਾਂ ਸਾਲ ਰਹੀ ਸਾਂ। ਉੱਥੇ ਜਾ ਕੇ ਪਤਾ ਕਰੀਂ ਕਿ ਸੂਬੇਦਾਰ ਦਾ ਘਰ ਕਿਹੜਾ। ਉਹ ਤਾਂ ਮੈਥੋਂ ਤੀਹ ਸਾਲ ਵੱਡਾ ਸੀ। ਉਹ ਪਾਪੀ ਤਾਂ ਕਦੋਂ ਦਾ ਮਰ ਖਪ ਗਿਆ ਹੋਣੈ। ਉਹਦੇ ਪੁੱਤ ਬਾਰੇ ਪਤਾ ਕਰੀਂ। ਜਦੋਂ ਮੈਂ ਇੱਧਰ ਆਈ ਤਾਂ ਉਹ ਚਾਰ ਵਰ੍ਹਿਆਂ ਦਾ ਸੀ। ਹੁਣ ਤਾਂ ਉਹ ਵੀ ਬਿਰਧ ਹੋ ਗਿਆ ਹੋਣਾ। ਮੇਰੀ ਆਂਦਰ ਏ ਉਹ। ਮੈਂ ਉਹਨੂੰ ਵਿਲਕਦੇ ਨੂੰ ਛੱਡ ਆਈ ਸਾਂ। ਇਹ ਗੱਲ ਮੈਂ ਆਪਣੇ ਧੀਆਂ-ਪੁੱਤਰਾਂ ਨੂੰ ਵੀ ਨਹੀਂ ਦੱਸ ਸਕਦੀ। ਜੇ ਉਹ ਮਿਲਿਆ ਤਾਂ ਉਹਨੂੰ ਆਖੀਂ ਕਿ ਤੇਰੀ ਮਾਂ ਹਾਲੇ ਜਿਊਂਦੀ ਏ।”

ਇਹ ਆਖ ਉਹ ਭੁੱਬਾਂ ਮਾਰ ਕੇ ਰੋਣ ਲੱਗ ਪਈ।