ਵੰਡਪਾਊ ਤਾਕਤਾਂ ਤੋਂ ਸੁਚੇਤ ਰਹਿਣ ਲੋਕ: ਮਮਤਾ ਬੈਨਰਜੀ

ਵੰਡਪਾਊ ਤਾਕਤਾਂ ਤੋਂ ਸੁਚੇਤ ਰਹਿਣ ਲੋਕ: ਮਮਤਾ ਬੈਨਰਜੀ

ਨਵੇਂ ਚੁਣੇ ਗੋਰਖਾਲੈਂਡ ਟੈਰੀਟੋਰੀਅਲ ਐਡਮਨਿਸਟਰੇਸ਼ਨ ਬੋਰਡ ਨੇ ਮੁੱਖ ਮੰਤਰੀ ਦੀ ਹਾਜ਼ਰੀ ’ਚ ਹਲਫ਼ ਲਿਆ
ਕੋਲਕਾਤਾ – ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਲੋਕਾਂ ਨੂੰ ਸੂਬੇ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਕਰਨ ਵਾਲੀਆਂ ਤਾਕਤਾਂ ਤੋਂ ਚੌਕਸ ਰਹਿਣ ਲਈ ਕਿਹਾ ਹੈ। ਬੀਬੀ ਬੈਨਰਜੀ ਉੱਤਰੀ ਬੰਗਾਲ ਵਿੱਚ ਦਾਰਜੀਲਿੰਗ ਦੀਆਂ ਪਹਾੜੀਆਂ ਵਿੱਚ ਨਵੇਂ ਚੁਣੇ ਗੋਰਖਾਲੈਂਡ ਟੈਰੀਟੋਰੀਅਲ ਐਡਮਨਿਸਟਰੇਸ਼ਨ (ਜੀਟੀਏ) ਬੋਰਡ ਦੇ ਮੈਂਬਰਾਂ ਦੇ ਹਲਫ਼ਦਾਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਬੈਨਰਜੀ ਦਾ ਇਹ ਬਿਆਨ ਅਹਿਮ ਹੈ ਕਿਉਂਕਿ ਕੁਝ ਆਗੂਆਂ ਤੇ ਸਿਆਸੀ ਤਾਕਤਾਂ ਵੱਲੋਂ ਲੰਮੇ ਸਮੇਂ ਤੋਂ ਵੱਖਰੇ ਗੋਰਖਾਲੈਂਡ ਦੀ ਮੰਗ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਹਾਲਾਂਕਿ ਆਪਣੀ ਤਕਰੀਰ ਵਿੱਚ ਗੋਰਖਾਲੈਂਡ ਦੇ ਸਿੱਧੇ ਹਵਾਲੇ ਤੋਂ ਟਾਲਾ ਵੱਟੀ ਰੱਖਿਆ।

ਮੁੱਖ ਮੰਤਰੀ ਨੇ ਕਿਹਾ, ‘‘ਬੀਤੇ ਵਿੱਚ ਕੀ ਹੋਇਆ, ਮੈਂ ਉਸ ਵਿੱਚ ਨਹੀਂ ਪੈਣਾ ਚਾਹੁੰਦੀ। ਪਰ ਅੱਜ, ਮੈਂ ਤੁਹਾਡੇ ਸਾਰਿਆਂ ਕੋਲੋਂ ਇਕ ਵਾਅਦਾ ਚਾਹੁੰਦੀ ਹਾਂ। ਕ੍ਰਿਪਾ ਕਰਕੇ ਕਿਸੇ ਵੀ ਆਗੂ ਨੂੰ ਪਹਾੜੀਆਂ ਵਿੱਚ ਮੁੜ ਤਲਖੀ ਪੈਦਾ ਕਰਨ ਦੀ ਇਜਾਜ਼ਤ ਨਾ ਦਿਓ। ਤੁਸੀਂ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਕੋਈ ਵੀ ਮੌਕਾਪ੍ਰਸਤ ਆਗੂ ਪਹਾੜੀਆਂ ਵਿੱਚ ਮੁੜ ਨਫ਼ਰਤ ਦੀ ਅੱਗ ਨਾ ਲਾ ਸਕੇ।’’ ਬੀਬੀ ਬੈਨਰਜੀ ਨੇ ਭਾਵੇਂ ਕਿਸੇ ਦਾ ਨਾਂ ਨਹੀਂ ਲਿਆ, ਪਰ ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਸਪਸ਼ਟ ਇਸ਼ਾਰਾ ਗੋਰਖਾ ਜਨਮੁਕਤੀ ਮੋਰਚਾ (ਜੀਜੇਐੱਮ) ਮੁਖੀ ਬਿਮਨ ਗੁਰੰਗ ਵੱਲ ਸੀ। ਉੱਤਰੀ ਬੰਗਾਲ ਤੇ ਉੱਤਰ-ਪੂਰਬ ਭਾਰਤੀ ਮਾਮਲਿਆਂ ਬਾਰੇ ਮਾਹਿਰ ਅਤੇ ਕਿਤਾਬ ‘ਦਿ ਬੁੱਧਾ ਐਂਡ ਦਿ ਬਾਰਡਰਜ਼’ ਦੇ ਲੇਖਕ ਨਿਰਮਾਲਿਆ ਬੈਨਰਜੀ ਮੁਤਾਬਕ ਜੀਜੇਐੱਮ ਨੇ ਹਾਲੀਆ ਜੀਟੀਏ ਚੋਣਾਂ ਦਾ ਇਹ ਕਹਿੰਦਿਆਂ ਬਾਈਕਾਟ ਕੀਤਾ ਸੀ ਕਿ ਪੱਕੇ ਸਿਆਸੀ ਹੱਲ ਬਿਨਾਂ ਇਹ ਚੋਣਾਂ ਤਰਕਸੰਗਤ ਨਹੀਂ ਹਨ।