ਵ੍ਹਾਈਟ ਪੇਪਰ ’ਤੇ ਚਰਚਾ ਦੌਰਾਨ ਵਿਰੋਧੀ ਧਿਰ ਵੱਲੋਂ ਰਾਜ ਸਭਾ ’ਚੋਂ ਵਾਕਆਊਟ

ਵ੍ਹਾਈਟ ਪੇਪਰ ’ਤੇ ਚਰਚਾ ਦੌਰਾਨ ਵਿਰੋਧੀ ਧਿਰ ਵੱਲੋਂ ਰਾਜ ਸਭਾ ’ਚੋਂ ਵਾਕਆਊਟ

ਨਵੀਂ ਦਿੱਲੀ- ਐੱਨਡੀਏ ਸਰਕਾਰ ਵੱਲੋਂ ਅਰਥਚਾਰੇ ਬਾਰੇ ਪੇਸ਼ ਵ੍ਹਾਈਟ ਪੇਪਰ ’ਤੇ ਰਾਜ ਸਭਾ ’ਚ ਚਰਚਾ ਦੌਰਾਨ ਵਿਰੋਧੀ ਧਿਰਾਂ ਦੇ ਕਈ ਮੈਂਬਰਾਂ ਨੇ ਸਦਨ ’ਚੋਂ ਵਾਕਆਊਟ ਕੀਤਾ। ਸੀਪੀਐੱਮ ਨੇ ਸਦਨ ’ਚ ਰਾਮ ਮੰਦਰ ’ਤੇ ਚਰਚਾ ’ਚ ਹਿੱਸਾ ਲੈਣ ਤੋਂ ਵੀ ਇਨਕਾਰ ਕਰ ਦਿੱਤਾ। ਵਾਕਆਊਟ ਕਰਨ ਵਾਲਿਆਂ ’ਚ ਸੀਪੀਐੱਮ, ਟੀਐੱਮਸੀ ਅਤੇ ਡੀਐੱਮਕੇ ਦੇ ਮੈਂਬਰ ਵੀ ਸ਼ਾਮਲ ਸਨ। ਉਂਜ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਾਂਗਰਸ ’ਤੇ ਵਰ੍ਹਦਿਆਂ ਕਿਹਾ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਨੂੰ ਪਿਛਲੀ ਸਰਕਾਰ ਦੀਆਂ ਪ੍ਰਾਪਤੀਆਂ ’ਤੇ ਪਾਣੀ ਫੇਰਨ ਦੀ ਮੁਹਾਰਤ ਹਾਸਲ ਹੈ। ਭਾਰਤੀ ਅਰਥਚਾਰੇ ਬਾਰੇ ਵ੍ਹਾਈਟ ਪੇਪਰ ’ਤੇ ਰਾਜ ਸਭਾ ’ਚ ਚਰਚਾ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਹੇਠਲੀ ਯੂਪੀਏ ਸਰਕਾਰ ਦੇ 2004 ਤੋਂ 2014 ਰਾਜ ਦੌਰਾਨ ਅਰਥਚਾਰੇ ਦਾ ਮਾੜਾ ਹਾਲ ਸੀ। ਉਨ੍ਹਾਂ ਕਿਹਾ ਕਿ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਨੂੰ ਅਰਥਚਾਰਾ ਲੀਹ ’ਤੇ ਲਿਆਉਣ ਲਈ 10 ਸਾਲ ਤੱਕ ਸਖ਼ਤ ਮਿਹਨਤ ਕਰਨੀ ਪਈ ਅਤੇ ਦੇਸ਼ ਨੂੰ ਸਭ ਤੋਂ ਮਾੜੇ ਪੰਜ ਅਰਥਚਾਰਿਆਂ ’ਚੋਂ ਕੱਢ ਕੇ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਅਰਥਚਾਰਾ ਬਣਾ ਦਿੱਤਾ। ਸੀਤਾਰਮਾਨ ਨੇ ਕਿਹਾ ਕਿ ਦੇਸ਼ ਛੇਤੀ ਹੀ ਦੁਨੀਆ ਦੇ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣ ਜਾਵੇਗਾ। ‘ਅਟਲ ਬਿਹਾਰੀ ਵਾਜਪਈ ਸਰਕਾਰ ਦੇ ਦੇ ਆਖਰੀ ਵਰ੍ਹੇ ’ਚ ਮਹਿੰਗਾਈ ਦਰ 4 ਫ਼ੀਸਦ ਤੋਂ ਹੇਠਾਂ ਸੀ ਪਰ ਯੂਪੀਏ ਹਕੂਮਤ ਦੇ 10 ਸਾਲਾਂ ਦੌਰਾਨ ਇਹ ਬਹੁਤ ਵਧ ਰਹੀ ਸੀ। ਗੁੜ ਨੂੰ ਗੋਬਰ ਕਰਨਾ ਇਨ੍ਹਾਂ (ਕਾਂਗਰਸ) ਦੀ ਮਾਸਟਰੀ ਹੈ।’

ਵਿੱਤ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਵਿਕਾਸ ਕਾਰਜ ਕਦੇ ਵੀ ਸਮੇਂ ਸਿਰ ਮੁਕੰਮਲ ਨਹੀਂ ਕਰਵਾਏ ਸਨ ਪਰ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਵਿਕਾਸ ਪ੍ਰਾਜੈਕਟਾਂ ਦੀ ਪ੍ਰਗਤੀ ਦੀ ਨਿਗਰਾਨੀ ਕਰਦੇ ਹਨ। ਕਾਂਗਰਸ ਦੇ ਕੇ ਸੀ ਵੇਣੂਗੋਪਾਲ ਨੇ ਚਰਚਾ ’ਚ ਹਿੱਸਾ ਲੈਂਦਿਆਂ ਕਿਹਾ ਕਿ ਸਰਕਾਰ ਨੇ ਆਪਣੀ ਰੱਖਿਆ ਲਈ ਵ੍ਹਾਈਟ ਪੇਪਰ ਲਿਆਂਦਾ ਹੈ ਤਾਂ ਜੋ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਤੋਂ ਲੋਕਾਂ ਦਾ ਧਿਆਨ ਵੰਡਾਇਆ ਜਾ ਸਕੇ। ਉਨ੍ਹਾਂ ਸਰਕਾਰ ’ਤੇ ਇਹ ਵੀ ਦੋਸ਼ ਲਾਇਆ ਕਿ ਉਹ ਭਾਰਤ ਰਤਨ ਪੁਰਸਕਾਰ ਦੀ ਵਰਤੋਂ ਸਿਆਸੀ ਲਾਹੇ ਲਈ ਕਰ ਰਹੀ ਹੈ। ‘ਵਿੱਤ ਮੰਤਰਾਲੇ ਨੇ ਨੋਟਬੰਦੀ ਦੇ ਪਏ ਮਾੜੇ ਅਸਰ ਬਾਰੇ ਵ੍ਹਾਈਟ ਪੇਪਰ ’ਚ ਜ਼ਿਕਰ ਕਿਉਂ ਨਹੀਂ ਕੀਤਾ। ਬੇਰੁਜ਼ਗਾਰੀ ਦਰ, ਗਰੀਬੀ ਅਤੇ ਰੁਪਏ ਦੀ ਕੀਮਤ ’ਚ ਨਿਘਾਰ ਬਾਰੇ ਵੀ ਕੋਈ ਰੌਸ਼ਨੀ ਨਹੀਂ ਪਾਈ ਗਈ ਹੈ। ਹਕੀਕਤ ’ਚ ਇਹ ਵ੍ਹਾਈਟ ਪੇਪਰ ਨਹੀਂ ਸਗੋਂ ਇਹ ਕਾਲੀ ਸੱਚਾਈ ਨੂੰ ਛੁਪਾਉਣ ਦਾ ਪਰਚਾ ਹੈ। ਸਰਕਾਰ ਦੇਸ਼ ਨੂੰ ਬਰਬਾਦ ਕਰ ਰਹੀ ਹੈ। ਨੌਜਵਾਨ ਅਤੇ ਕਿਸਾਨ ਪ੍ਰੇਸ਼ਾਨ ਹਨ ਜਿਸ ਕਾਰਨ ਉਨ੍ਹਾਂ ਨੂੰ ਰੋਜ਼ਾਨਾ ਸੰਸਦ ਵੱਲ ਮਾਰਚ ਕਰਨਾ ਪੈਂਦਾ ਹੈ।’ ਵੇਣੂਗੋਪਾਲ ਨੇ ਕਿਹਾ ਕਿ ਸਰਕਾਰ ਭ੍ਰਿਸ਼ਟਾਚਾਰ ਬਾਰੇ ਗੱਲ ਕਰ ਰਹੀ ਹੈ ਪਰ ਜੇਕਰ ਉਹ ਇੰਨੀ ਸੰਜੀਦਾ ਹੈ ਤਾਂ ਫਿਰ ਉਹ ਕੈਗ ਰਿਪੋਰਟ ਪੇਸ਼ ਕਰਨ ਤੋਂ ਕਿਉਂ ਡਰ ਰਹੀ ਹੈ।

ਸੀਪੀਐੱਮ ਮੈਂਬਰ ਜੌਹਨ ਬ੍ਰਿਟਾਸ ਨੇ ਕਿਹਾ ਕਿ ਕੇਰਲਾ ਨਾਲ ਕੀਤੇ ਜਾ ਰਹੇ ਵਿਤਕਰੇ ਖ਼ਿਲਾਫ਼ ਉਹ ਸਦਨ ’ਚੋਂ ਵਾਕਆਊਟ ਕਰ ਰਹੇ ਹਨ। ਰਾਮ ਮੰਦਰ ’ਤੇ ਚਰਚਾ ਬਾਰੇ ਉਨ੍ਹਾਂ ਕਿਹਾ ਕਿ ਉਹ ਸਿਆਸੀ ਹਾਲਾਤ ਨੂੰ ਫਿਰਕੂ ਰੰਗਤ ਦੇਣ ਵਾਲੀ ਧਿਰ ਵੀ ਨਹੀਂ ਬਣਨਗੇ। ਬ੍ਰਿਟਾਸ ਨੇ ਕਿਹਾ ਕਿ ਇਕ ਦਿਨ ਪਹਿਲਾਂ ਪ੍ਰਧਾਨ ਮੰਤਰੀ, ਡਾਕਟਰ ਮਨਮੋਹਨ ਸਿੰਘ ਦੀ ਸ਼ਲਾਘਾ ਕਰ ਰਹੇ ਸਨ ਜਦਕਿ ਵਿੱਤ ਮੰਤਰੀ ਹੁਣ ਮਨਮੋਹਨ ਸਿੰਘ ਨੂੰ ਹੀ ਭੰਡ ਰਹੇ ਹਨ। ਕੱਲ ਨੂੰ ਹੋ ਸਕਦਾ ਹੈ ਕਿ ਇਹੋ ਸਰਕਾਰ ਡਾਕਟਰ ਮਨਮੋਹਨ ਸਿੰਘ ਨੂੰ ਭਾਰਤ ਰਤਨ ਦੇ ਦੇਵੇ ਅਤੇ ਆਖੇ ਕਿ ਸੋਨੀਆ ਗਾਂਧੀ ਨੇ ਉਨ੍ਹਾਂ ਭਾਰਤ ਰਤਨ ਦੇਣ ਤੋਂ ਰੋਕੀ ਰੱਖਿਆ ਸੀ।

ਟੀਐੱਮਸੀ ਮੈਂਬਰ ਸਾਕੇਤ ਗੋਖਲੇ ਨੇ ਕਿਹਾ ਕਿ ਉਹ ਵ੍ਹਾਈਟ ਪੇਪਰ ਨੂੰ ਰੱਦ ਕਰਦੇ ਹਨ ਜੋ ਨਾ ਸਿਰਫ ਸੰਸਦ ਦੀ ਸਮੂਹਿਕ ਸਿਆਣਪ ਦਾ ਅਪਮਾਨ ਕਰਦਾ ਹੈ ਬਲਕਿ ਭਾਰਤ ਦੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਉਨ੍ਹਾਂ ਸਦਨ ’ਚੋਂ ਵਾਕਆਊਟ ਦਾ ਐਲਾਨ ਕਰਦਿਆਂ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ’ਚ ਲੋਕ ਮੋਦੀ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ।