ਵੀਡੀਓ ਲੀਕ ਮਾਮਲਾ: ਤਿੰਨ ਮੈਂਬਰੀ ਸਿੱਟ ਕਾਇਮ

ਮੁਲਜ਼ਮਾਂ ਦਾ 7 ਰੋਜ਼ਾ ਪੁਲੀਸ ਰਿਮਾਂਡ; ਯੂਨੀਵਰਸਿਟੀ 24 ਤੱਕ ਬੰਦ; ਦੋ ਵਾਰਡਨ ਮੁਅੱਤਲ
ਖਰੜ – ਇਥੇ ਚੰਡੀਗੜ੍ਹ ਯੂਨੀਵਰਸਿਟੀ ਦੀ ਵਿਦਿਆਰਥਣ ਵੱਲੋਂ ਸਾਥੀ ਵਿਦਿਆਰਥਣਾਂ ਦੀ ਕਥਿਤ ਇਤਰਾਜ਼ਯੋਗ ਵੀਡੀਓ ਲੀਕ ਕਰਨ ਦੇ ਮਾਮਲੇ ਦੀ ਜਾਂਚ ਲਈ ਮਹਿਲਾਵਾਂ ’ਤੇ ਆਧਾਰਿਤ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਸਿਟ) ਕਾਇਮ ਕਰ ਦਿੱਤੀ ਗਈ ਹੈ। ‘ਸਿਟ’ ਦੀ ਨਿਗਰਾਨੀ ਸੀਨੀਅਰ ਆਈਪੀਐੱਸ ਅਧਿਕਾਰੀ ਗੁਰਪ੍ਰੀਤ ਕੌਰ ਦਿਓ ਕਰਨਗੇ। ਇਸ ਦੌਰਾਨ ਵੀਡੀਓ ਬਣਾਉਣ ਵਾਲੀ ਵਿਦਿਆਰਥਣ ਤੇ ਦੋ ਹੋਰਨਾਂ ਨੂੰ ਸੱਤ ਦਿਨਾਂ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ, ਜਦੋਂਕਿ ਨਿੱਜੀ ਯੂਨੀਵਰਸਿਟੀ 24 ਸਤੰਬਰ ਤੱਕ ਬੰਦ ਕਰ ਦਿੱਤੀ ਗਈ ਹੈ। ਯੂਨੀਵਰਸਿਟੀ ਨੇ ਅਣਗਹਿਲੀ ਦੇ ਦੋਸ਼ ਵਿੱਚ ਦੋ ਵਾਰਡਨਾਂ ਨੂੰ ਮੁਅੱਤਲ ਕਰ ਦਿੱਤਾ ਹੈ। ਕਈ ਵਿਦਿਆਰਥੀ ਅੱਜ ਆਪੋ ਆਪਣੇ ਘਰਾਂ ਨੂੰ ਮੁੜ ਗਏ ਜਦੋਂਕਿ ਕੁਝ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਮਾਪੇ ਲੰਘੇ ਦਿਨੀਂ ਹੀ ਕੈਂਪਸ ਤੋਂ ਲੈ ਗਏ ਸਨ। ਇਸ ਤੋਂ ਪਹਿਲਾਂ ਨਿਰਪੱਖ ਤੇ ਪਾਰਦਰਸ਼ੀ ਜਾਂਚ ਅਤੇ ਕੁਝ ਹੋਰ ਮੰਗਾਂ ਮੰਨਣ ਦੇ ਭਰੋਸੇ ਮਗਰੋਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸੋਮਵਾਰ ਵੱਡੇ ਤੜਕੇ ਡੇਢ ਵਜੇ ਦੇ ਕਰੀਬ ਰੋਸ ਪ੍ਰਦਰਸ਼ਨ ਖ਼ਤਮ ਕਰ ਦਿੱਤਾ ਸੀ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ’ਤੇ ਡੀਜੀਪੀ ਗੌਰਵ ਯਾਦਵ ਨੇ ਏਡੀਜੀਪੀ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਅਤੇ ਮਹਿਲਾ ਮਾਮਲੇ ਗੁਰਪ੍ਰੀਤ ਕੌਰ ਦਿਓ ਦੀ ਨਿਗਰਾਨੀ ਹੇਠ ਤਿੰਨ ਮੈਂਬਰੀ ਆਲ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਸਿੱਟ ਦੀ ਅਗਵਾਈ ਐੱਸਪੀ ਕਾਊਂਟਰ ਇੰਟੈਲੀਜੈਂਸ ਲੁਧਿਆਣਾ ਰੁਪਿੰਦਰ ਕੌਰ ਭੱਟੀ ਕਰਨਗੇ। ਦੋ ਹੋਰਨਾਂ ਮੈਂਬਰਾਂ ਵਿੱਚ ਡੀਐੱਸਪੀ ਖਰੜ-1 ਰੁਪਿੰਦਰ ਕੌਰ ਅਤੇ ਡੀਐੱਸਪੀ ਏਜੀਟੀਐੱਫ ਦੀਪਿਕਾ ਸਿੰਘ ਸ਼ਾਮਲ ਹੋਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਲੰਘੇ ਦਿਨ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਸਨ।
ਉਧਰ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਬੰਧਤ ਵਿਦਿਆਰਥਣ ਤੇ ਦੋ ਹੋਰਨਾਂ ਸੰਨੀ ਮਹਿਤਾ ਅਤੇ ਰੰਜਤ ਨੂੰ ਖਰੜ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸਰਕਾਰੀ ਧਿਰ ਨੇ ਮੁਲਜ਼ਮਾਂ ਦਾ 10 ਦਿਨਾ ਪੁਲੀਸ ਰਿਮਾਂਡ ਮੰਗਦੇ ਹੋਏ ਕਿਹਾ ਕਿ ਇਨ੍ਹਾਂ ਤੋਂ ਜਾਣਕਾਰੀ ਲੈਣੀ ਹੈ ਕਿ ਸਬੰਧਤ ਵੀਡੀਓ ਕਿੱਥੇ ਕਿੱਥੇ ਵਾਇਰਲ ਕੀਤੇ ਗਏ ਹਨ ਜਾਂ ਕਿਸ ਸਾਈਟ ’ਤੇ ਲੋਡ ਕੀਤੇ ਹਨ। ਉਧਰ ਬਚਾਅ ਧਿਰ ਦੇ ਵਕੀਲਾਂ ਨੇ ਪੁਲੀਸ ਰਿਮਾਂਡ ਦਾ ਵਿਰੋਧ ਕੀਤਾ, ਪਰ ਅਦਾਲਤ ਨੇ ਮੁਲਜ਼ਮਾਂ ਨੂੰ 7 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਸੰਨੀ ਤੇ ਰੰਜਤ ਦੋਸਤ ਹਨ।

ਇਸ ਦੌਰਾਨ ਯੂਨੀਵਰਸਿਟੀ ਵਿਚਲੇ ਕੁਝ ਸੂਤਰਾਂ ਨੇ ਕਿਹਾ ਕਿ ਹੋਸਟਲ ਟਾਈਮਿੰਗ ਤੇ ਵਿਦਿਆਰਥੀਆਂ ਵੱਲੋਂ ਰੱਖੇ ਕੁਝ ਹੋਰਨਾਂ ਮੁੱਦਿਆਂ ਨੂੰ ਮੁਖਾਤਿਬ ਹੋਣ ਲਈ ਵਿਦਿਆਰਥੀਆਂ ਤੇ ਯੂਨੀਵਰਸਿਟੀ ਦੇ ਸੀਨੀਅਰ ਸਟਾਫ਼ ਦੀ ਸਾਂਝੀ ਕਮੇਟੀ ਕਾਇਮ ਕੀਤੀ ਗਈ ਹੈ। ਵਿਦਿਆਰਥਣਾਂ ਨੇ ਹੋਸਟਲ ਵਿਚਲੇ ਗੁਸਲਖਾਨਿਆਂ ਵਿੱਚ ਵਧੇਰੇ ਨਿੱਜਤਾ ਤੇ ਹੋਸਟਲ ਟਾਈਮਿੰਗ ’ਚ ਰਾਹਤ ਦੇਣ ਜਿਹੀਆਂ ਮੰਗਾਂ ਰੱਖੀਆਂ ਸਨ।

ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ: ਡੀਜੀਪੀ
ਚੰਡੀਗੜ੍ਹ: ਡੀਜੀਪੀ ਗੌਰਵ ਯਾਦਵ ਨੇ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਵਾਪਰੀ ਘਟਨਾ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੂਰੀ ਸਰਗਰਮੀ ਨਾਲ ਜਾਂਚ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਐਤਵਾਰ ਦੇਰ ਸ਼ਾਮ ਸਬੰਧਤ ਵਿਦਿਆਰਥਣ ਅਤੇ ਹਿਮਾਚਲ ਪ੍ਰਦੇਸ਼ ਰਹਿੰਦੇ ਉਸ ਦੇ ਦੋਸਤ ਤੇ ਇਕ ਹੋਰ ਸ਼ਖ਼ਸ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੁਲਜ਼ਮਾਂ ਕੋਲੋਂ ਕੁਝ ਇਲੈਕਟ੍ਰਾਨਿਕ ਯੰਤਰ ਵੀ ਜ਼ਬਤ ਕੀਤੇ ਗਏ ਹਨ। ਉਨ੍ਹਾਂ ਪੰਜਾਬ ਪੁਲੀਸ ਨੂੰ ਦਿੱਤੇ ਸਹਿਯੋਗ ਲਈ ਹਿਮਾਚਲ ਪ੍ਰਦੇਸ਼ ਪੁਲੀਸ ਦਾ ਧੰਨਵਾਦ ਕੀਤਾ। ਉਨ੍ਹਾਂ ਵਿਦਿਆਰਥੀਆਂ, ਮਾਪਿਆਂ ਅਤੇ ਸਮੂਹ ਭਾਈਚਾਰੇ ਨੂੰ ਅਮਨ-ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਸਾਰੇ ਸਬੰਧਤ ਵਿਦਿਆਰਥੀਆਂ ਦੀ ਨਿੱਜਤਾ ਅਤੇ ਸਨਮਾਨ ਦੀ ਰੱਖਿਆ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਾਣਕਾਰੀ ਲਈ ਸਿਰਫ ਪ੍ਰਮਾਣਿਕ ਚੈਨਲਾਂ ’ਤੇ ਭਰੋਸਾ ਕਰਨ ਅਤੇ ਵੱਖ-ਵੱਖ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ।