ਵੀਡੀਓ ਲੀਕ ਮਾਮਲਾ: ਅਣਗਹਿਲੀ ਵਰਤਣ ਵਾਲੇ ਪੰਜ ਜੇਲ੍ਹ ਅਧਿਕਾਰੀ ਗ੍ਰਿਫ਼ਤਾਰ

ਵੀਡੀਓ ਲੀਕ ਮਾਮਲਾ: ਅਣਗਹਿਲੀ ਵਰਤਣ ਵਾਲੇ ਪੰਜ ਜੇਲ੍ਹ ਅਧਿਕਾਰੀ ਗ੍ਰਿਫ਼ਤਾਰ

ਚੰਡੀਗੜ੍ਹ-ਪੰਜਾਬ ਦੇ ਗੋਇੰਦਵਾਲ ਜੇਲ੍ਹ ’ਚ ਬੰਦ ਗੈਂਗਸਟਰਾਂ ਵਿਚਕਾਰ ਹੋਈ ਝੜਪ ਤੋਂ ਬਾਅਦ ਜੇਲ੍ਹ ਦੀ ਵੀਡੀਓ ਵਾਇਰਲ ਹੋਣ ਦੇ ਮਾਮਲੇ ਵਿੱਚ ਪੰਜਾਬ ਪੁਲੀਸ ਨੇ ਅੱਜ ਸੱਤ ਜੇਲ੍ਹ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ ਵਿੱਚੋਂ ਜੇਲ੍ਹ ਸੁਪਰਡੈਂਟ ਸਣੇ ਪੰਜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਗੱਲ ਦੀ ਪੁਸ਼ਟੀ ਆਈਜੀਪੀ ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਚੰਡੀਗੜ੍ਹ ਪੁਲੀਸ ਹੈਡਕੁਆਰਟਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੀ।

ਸ੍ਰੀ ਗਿੱਲ ਨੇ ਕਿਹਾ ਕਿ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ’ਚ ਰਿਕਾਰਡ ਹੋਈ ਵੀਡੀਓ ਐਤਵਾਰ ਨੂੰ ਵਾਇਰਲ ਹੋਈ, ਜਿਸ ’ਚ ਸਚਿਨ ਭਿਵਾਨੀ ਅਤੇ ਉਸ ਦੇ ਸਾਥੀ 26 ਫਰਵਰੀ ਨੂੰ ਜੇਲ੍ਹ ’ਚ ਦੋ ਗੁੱਟਾਂ ਦਰਮਿਆਨ ਹੋਏ ਗੈਂਗਵਾਰ ਦੌਰਾਨ ਮਾਰੇ ਗਏ ਦੋ ਗੈਂਗਸਟਰਾਂ ਦੀ ਘਟਨਾ ਦਾ ਜ਼ਿਕਰ ਕਰਦੇ ਦਿਖਾਈ ਦੇ ਰਹੇ ਹਨ। ਇਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਵਿੱਚ ਆਈਟੀ ਐਕਟ ਦੀ ਧਾਰਾ 66, ਜੇਲ੍ਹ ਐਕਟ ਦੀ ਧਾਰਾ 52, ਆਈਪੀਸੀ ਦੀ ਧਾਰਾ 506 ਅਤੇ 149 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਸ੍ਰੀ ਗਿੱਲ ਨੇ ਕਿਹਾ ਕਿ ਗ੍ਰਿਫ਼ਤਾਰ ਤੇ ਮੁਅੱਤਲ ਕੀਤੇ ਗਏ ਪੰਜ ਜੇਲ੍ਹ ਅਧਿਕਾਰੀਆਂ ਦੀ ਪਛਾਣ ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਬਰਾੜ, ਵਧੀਕ ਜੇਲ੍ਹ ਸੁਪਰਡੈਂਟ ਵਿਜੇ ਕੁਮਾਰ, ਸਹਾਇਕ ਜੇਲ੍ਹ ਸੁਪਰਡੈਂਟ ਹਰੀਸ਼ ਕੁਮਾਰ, ਏਐੱਸਆਈ ਜੋਗਿੰਦਰ ਸਿੰਘ ਅਤੇ ਏਐਸਆਈ ਹਰਚੰਦ ਸਿੰਘ ਵਜੋਂ ਹੋਈ ਹੈ। ਇਸ ਤੋਂ ਇਲਾਵਾ ਵਧੀਕ ਜੇਲ੍ਹ ਸੁਪਰਡੈਂਟ ਜਸਪਾਲ ਸਿੰਘ ਖਹਿਰਾ ਅਤੇ ਹੈੱਡ ਕਾਂਸਟੇਬਲ ਸ਼ਵਿੰਦਰ ਸਿੰਘ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਨੂੰ ਜਾਂਚ ਤੋਂ ਬਾਅਦ ਪੁਲੀਸ ਨੇ ਇਸ ਕੇਸ ਵਿੱਚ ਡਿਊਟੀ ਦੌਰਾਨ ਅਣਗਹਿਲੀ ਕਰਨ ਅਤੇ ਜੇਲ੍ਹ ਦੇ ਕੈਦੀਆਂ ਨਾਲ ਮਿਲੀਭੁਗਤ ਕਰ ਕੇ ਵੀਡੀਓ ਸ਼ੂਟ ਕਰਨ ਲਈ ਨਾਮਜ਼ਦ ਕੀਤਾ ਹੈ। ਵੀਡੀਓ ਘਟਨਾ ਵਾਲੇ ਦਿਨ ਹੀ ਬਣਾਈ ਗਈ ਸੀ ਅਤੇ ਕੁਝ ਦਿਨਾਂ ਬਾਅਦ ਵਾਇਰਲ ਹੋ ਗਈ। ਆਈਜੀਪੀ ਨੇ ਕਿਹਾ ਕਿ ਵੀਡੀਓ ਵਾਇਰਲ ਕਰਨ ਦੇ ਮਾਮਲੇ ’ਚ ਜੇਲ੍ਹ ’ਚ ਬੰਦ ਮਨਪ੍ਰੀਤ ਸਿੰਘ ਉਰਫ ਭਾਊ, ਸਚਿਨ ਭਿਵਾਨੀ ਉਰਫ ਸਚਿਨ ਚੌਧਰੀ, ਅੰਕਿਤ ਲਾਟੀ ਉਰਫ ਅੰਕਿਤ ਸਿਰਸਾ, ਕਸ਼ਿਸ਼ ਉਰਫ ਕੁਲਦੀਪ, ਰਜਿੰਦਰ ਉਰਫ ਜੋਕਰ, ਹਰਦੀਪ ਸਿੰਘ ਉਰਫ ਮਾਮਾ, ਬਲਦੇਵ ਸਿੰਘ ਉਰਫ ਨਿੱਕੂ, ਦੀਪਕ ਉਰਫ ਮੁੰਡੀ ਅਤੇ ਮਲਕੀਤ ਸਿੰਘ ਉਰਫ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ ਨੂੰ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਜਾਵੇਗਾ।