ਵਿੱਦਿਆ ਦੇ ਮਹਾਂਸਾਗਰ ਸਨ ਸੰਤ ਅਮਰ ਸਿੰਘ ਕਿਰਤੀ

ਵਿੱਦਿਆ ਦੇ ਮਹਾਂਸਾਗਰ ਸਨ ਸੰਤ ਅਮਰ ਸਿੰਘ ਕਿਰਤੀ

ਬਲਵਿੰਦਰ ਸਿੰਘ ਧਾਲੀਵਾਲ
ਹਰ ਦੌਰ ‘ਚ ਪ੍ਰਚਾਰਕਾਂ ਵਲੋਂ ਕੱਚੀ ਬਾਣੀ ਅਤੇ ਆਪ ਬਣਾਈਆਂ ਧਾਰਨਾਵਾਂ ਪੂਰੇ ਜ਼ੋਬਨ ‘ਤੇ ਰਹਿੰਦੀਆਂ ਹਨ ਅਤੇ ਗੁਰਬਾਣੀ ਦੇ ਸਹੀ ਗਿਆਤਾ ਬਿਰਲੇ ਮਨੁੱਖ ਹੀ ਹੁੰਦੇ ਹਨ। ਅਜਿਹੇ ਬਿਰਲੇ ਮਨੁੱਖਾਂ ਵਿਚੋਂ ਇਕ ਮਹਾਂਪੁਰਸ਼ ਸੰਤ ਅਮਰ ਸਿੰਘ ਕਿਰਤੀ ਹੋਏ ਹਨ। ਜੋ ਨਾਮਬਾਣੀ ਦੇ ਰਸੀਏ, ਕਹਿਣੀ-ਕਥਨੀ ਦੇ ਪੂਰੇ, ਗੁਰਬਾਣੀ ਦੇ ਗੂੜ੍ਹ ਗਿਆਤਾ ਸਨ ਅਤੇ ਉਨ੍ਹਾਂ ਸਿਰ ਅਨੇਕਾਂ ਸਿੰਘਾਂ ਨੂੰ ਗੁਰਮਤਿ ਦੀ ਵਿੱਦਿਆ ਦੇ ਕੇ ਸਮਾਜ ‘ਚ ਸਤਿਕਾਰਯੋਗ ਥਾਂ ਦਿਵਾਉਣ ਦਾ ਸਿਹਰਾ ਬੱਝਦਾ ਹੈ। ਬ੍ਰਹਮ ਗਿਆਨੀ ਸੰਤ ਬਾਬਾ ਗੁਰਬਚਨ ਸਿੰਘ ਖ਼ਾਲਸਾ ਜਥਾ ਭਿੰਡਰਾਂ ਵਾਲਿਆਂ ਦੇ ਜਥੇ ‘ਚ ਸ਼ਾਮਿਲ ਹੋ ਕੇ ਉਨ੍ਹਾਂ ਮਹਾਂਪੁਰਸ਼ਾਂ ਤੋਂ ਗੁਰਮਤਿ, ਗੁਰ ਇਤਿਹਾਸ, ਗੁਰਬਾਣੀ ਬੋਧ ਤੇ ਕਥਾ ਵਿਚਾਰ ਦੀ ਸਿੱਖਿਆ ਪ੍ਰਾਪਤ ਕੀਤੀ। ਆਪ ਜੀ ਦਾ ਜਨਮ ਸੰਨ 1919 ਨੂੰ ਸ: ਘਮੰਡ ਸਿੰਘ ਦੇ ਘਰ ਮਾਤਾ ਰਾ ਕੌਰ ਦੀ ਕੁੱਖੋਂ ਪਿੰਡ ਟਿੱਬਾ (ਸੰਗਰੂਰ) ਵਿਖੇ ਹੋਇਆ। ਉਹ ਬਚਪਨ ਤੋਂ ਹੀ ਸਾਧੂ ਸੁਭਾਅ ਵਾਲੇ ਸਨ ਅਤੇ ਮਾਪਿਆਂ ਨੇ ਆਪ ਨੂੰ ਸੰਤ ਭਿੰਡਰਾਂ ਵਾਲਿਆਂ ਦੇ ਚਰਨੀਂ ਲਗਾ ਦਿੱਤਾ। ਸੰਤਾਂ ਦੇ ਹੁਕਮ ਅਨੁਸਾਰ ਸੰਤ ਕਿਰਤੀ ਨੇ ਪਿੰਡ ਫੱਤਾ ਮਾਲੋਕਾ (ਮਾਨਸਾ) ਵਿਖੇ ਗੁਰੂ ਘਰ ਦੀ ਸੇਵਾ ਸੰਭਾਲੀ। ਉਨ੍ਹਾਂ ਇਸ ਪਿੰਡ ‘ਚ ਤਕਰੀਬਨ ਅੱਧੀ ਸਦੀ (45 ਸਾਲ) ਸੇਵਾ ਨਿਭਾਉਂਦਿਆਂ ਜਿੱਥੇ ਅਨੇਕਾਂ ਸਿੰਘਾਂ ਨੂੰ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਦੀ ਸਿੱਖਿਆ ਦਿੱਤੀ, ਉੱਥੇ ਬਹੁਤ ਸਾਰੇ ਸਿੰਘਾਂ ਨੂੰ ਕਥਾਵਾਚਕ ਵੀ ਬਣਾਇਆ। ਆਪ ਨੂੰ ਪੂਰਾ ਗੁਰੂ ਗ੍ਰੰਥ ਸਾਹਿਬ ਕੰਠ ਸੀ। ਪਿੰਡ ਫੱਤਾ ਮਾਲੋਕਾ ਵਿਖੇ ਰਹਿੰਦਿਆਂ ਜਿੱਥੇ ਇਲਾਕੇ ‘ਚ ਅਨੇਕਾਂ ਗੁਰੂ ਘਰਾਂ ਦੀ ਉਸਾਰੀ ਕਰਵਾਈ ਉੱਥੇ ਅੰਮ੍ਰਿਤ ਪ੍ਰਚਾਰ ਦੀ ਲਹਿਰ ਵੀ ਤੋਰੀ। ਲੋਕਾਂ ਨੂੰ ਅੰਧ ਵਿਸ਼ਵਾਸ ‘ਚੋਂ ਕੱਢ ਕੇ ਗੁਰਮਤਿ ਦੇ ਲੜ ਲਾਇਆ ਅਤੇ ਹੱਥੀਂ ਕਿਰਤ ਕਰਨ ਦੀ ਪ੍ਰੇਰਨਾ ਦਿੱਤੀ। ਆਪ ਦੇ ਸ਼ਾਗਿਰਦਾਂ ‘ਚ ਗਿਆਨੀ ਇਕਬਾਲ ਸਿੰਘ ਸ੍ਰੀ ਪਟਨਾ ਸਾਹਿਬ, ਗਿਆਨੀ ਹਰਭਜਨ ਸਿੰਘ ਢੁੱਡੀਕੇ, ਗਿਆਨੀ ਦੀਦਾਰ ਸਿੰਘ, ਗਿਆਨੀ ਕੌਰ ਸਿੰਘ, ਭਾਈ ਹਰਚਰਨ ਸਿੰਘ ਕਮਾਣੇ ਵਾਲੇ, ਭਾਈ ਜਸਬੀਰ ਸਿੰਘ ਦਿੱਲੀ, ਗਿਆਨੀ ਮਹਿਮਾ ਸਿੰਘ, ਸੰਤ ਬੱਗਾ ਸਿੰਘ, ਗਿਆਨੀ ਨਛੱਤਰ ਸਿੰਘ ਤੇ ਮਾਘ ਸਿੰਘ ਆਦਿ ਗੁਰਮਤਿ ਦਾ ਜਸ ਫੈਲਾ ਰਹੇ ਹਨ। ਸੰਤ ਅਮਰ ਸਿੰਘ ਕਿਰਤੀ 1994 ਵਿਚ ਬ੍ਰਹਮ ਲੀਨ ਹੋ ਗਏ। ਸੰਤ ਬਾਬਾ ਦਰਸ਼ਨ ਸਿੰਘ ਅਤੇ ਬਾਬਾ ਹਰਚਰਨ ਸਿੰਘ ਕਮਾਣੇ ਵਾਲਿਆਂ ਦੀ ਅਗਵਾਈ ਵਿਚ ਉਨ੍ਹਾਂ ਦੀ 29ਵੀਂ ਬਰਸੀ ਪਿਛਲੇ ਦਿਨੀਂ ਗੁਰਦੁਆਰਾ ਸਾਹਿਬ ਵਿੱਦਿਆ ਸਾਗਰ ਫੱਤਾ ਮਾਲੋਕਾ ਵਿਖੇ ਸ਼ਰਧਾ ਨਾਲ ਮਨਾਈ ਗਈ।