ਵਿੱਤੀ ਗਰਾਂਟ ਨਾਲ ਪੰਜਾਬੀ ’ਵਰਸਿਟੀ ਦੀ ਬਹਾਲੀ ਦਾ ਮੁੱਢ ਬੱਝਿਆ: ਪ੍ਰੋ. ਅਰਵਿੰਦ

ਵਿੱਤੀ ਗਰਾਂਟ ਨਾਲ ਪੰਜਾਬੀ ’ਵਰਸਿਟੀ ਦੀ ਬਹਾਲੀ ਦਾ ਮੁੱਢ ਬੱਝਿਆ: ਪ੍ਰੋ. ਅਰਵਿੰਦ

ਚੰਡੀਗੜ੍ਹ – ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਪ੍ਰੋ. ਅਰਵਿੰਦ ਨੇ ‘ਆਪ’ ਸਰਕਾਰ ਵੱਲੋਂ ਜਾਰੀ 90 ਕਰੋੜ ਰੁਪਏ ਦੀ ਪਹਿਲੀ ਤਿਮਾਹੀ ਨੂੰ ਪੰਜਾਬੀ ’ਵਰਸਿਟੀ ਦੀ ਬਹਾਲੀ ਦਾ ਮੁੱਢ ਦੱਸਿਆ ਹੈ। ਪ੍ਰੋ. ਅਰਵਿੰਦ ਨੇ ’ਵਰਸਿਟੀ ਦੇ ਵਿੱਤੀ ਸੰਕਟ ਦੀ ਚੀਸ ਨੂੰ ਪਿਛਲੇ ਦਿਨਾਂ ਵਿਚ ਭਾਵੁਕ ਸੁਨੇਹੇ ਜ਼ਰੀਏ ਉਜਾਗਰ ਕੀਤਾ ਸੀ। ‘ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚਾ’ ਨੇ ਵੀ ’ਵਰਸਿਟੀ ਨੂੰ ਬਚਾਉਣ ਲਈ ਦਬਾਅ ਬਣਾਇਆ ਸੀ। ਅਖੀਰ ਪੰਜਾਬ ਸਰਕਾਰ ਨੇ ਪਹਿਲੀ ਤਿਮਾਹੀ ’ਚ 90 ਕਰੋੜ ਰੁਪਏ ਦੇਣ ਦਾ ਫ਼ੈਸਲਾ ਕੀਤਾ ਅਤੇ ਪਹਿਲੇ ਮਹੀਨੇ 30 ਕਰੋੜ ਰੁਪਏ ਜਾਰੀ ਕੀਤੇ।

ਪ੍ਰੋ. ਅਰਵਿੰਦ ਨੇ ਅੱਜ ਇੱਥੇ ਪ੍ਰੈੱਸ ਮਿਲਣੀ ’ਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਵਿੱਤੀ ਗਰਾਂਟ ਲਈ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ’ਵਰਸਿਟੀ ਦੇ ਮੂਲ ਟੀਚਿਆਂ ਨੂੰ ਹਾਸਲ ਕਰਨ ਵਾਸਤੇ ਤੇਜ਼ੀ ਨਾਲ ਕੰਮ ਸ਼ੁਰੂ ਕਰਨਗੇ ਅਤੇ ਯੂਨੀਵਰਸਿਟੀ ਦੀ ਪੁਰਾਣੀ ਸ਼ਾਨ ਬਹਾਲ ਕੀਤੀ ਜਾਵੇਗੀ। ਉਪ ਕੁਲਪਤੀ ਨੇ ਕਿਹਾ ਕਿ ’ਵਰਸਿਟੀ ਵਿੱਚ ਮਿਆਰੀ ਖੋਜ ਕਾਰਜਾਂ ਨੂੰ ਉਤਸ਼ਾਹਿਤ ਕਰਾਂਗੇ ਅਤੇ ਅਧਿਆਪਨ ਕਾਰਜਾਂ ’ਚ ਨਿਖਾਰ ਲਿਆਂਦਾ ਜਾਵੇਗਾ। ਚੇਤੇ ਰਹੇ ਕਿ ’ਵਰਸਿਟੀ ਨੂੰ ਮਾਲੀ ਤੰਗੀ ਕਰ ਕੇ ਕਾਫ਼ੀ ਧੱਕਾ ਲੱਗਾ ਹੈ ਅਤੇ ਖੋਜ ਕਾਰਜ ਵੀ ਪਿੱਛੇ ਰਹਿ ਗਏ ਹਨ।

ਉਪ ਕੁਲਪਤੀ ਨੇ ਕਿਹਾ ਕਿ ਪੰਜਾਬੀ ’ਵਰਸਿਟੀ ਦੇ ਮੱਥੇ ’ਤੇ ਪੁਰਾਣੇ ਸਮੇਂ ਦੌਰਾਨ ਲੱਗੇ ਭ੍ਰਿਸ਼ਟਾਚਾਰ ਦੇ ਦਾਗ਼ਾਂ ਨੂੰ ਮਿਟਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਉੱਚ ਅਦਾਰੇ ਵਿਚ ਪਾਰਦਰਸ਼ੀ ਮਾਹੌਲ ਲਈ ਭ੍ਰਿਸ਼ਟਾਚਾਰ ਖ਼ਿਲਾਫ਼ ਮੁਹਿੰਮ ਨੂੰ ਫ਼ੈਸਲਾਕੁਨ ਮੁਕਾਮ ’ਤੇ ਪਹੁੰਚਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਲੱਖਾਂ ਦੇ ਘਪਲੇ ਤੋਂ ਸ਼ੁਰੂ ਹੋਈ ਜਾਂਚ ਹੁਣ 14 ਕਰੋੜ ਤੱਕ ਪੁੱਜ ਗਈ ਹੈ। ਜਾਂਚ ਮਗਰੋਂ ਕਈ ਮੁਲਾਜ਼ਮ ਮੁਅੱਤਲ ਅਤੇ ਬਰਖ਼ਾਸਤ ਕੀਤੇ ਗਏ ਹਨ। ਇਸ ਜਾਂਚ ਦੀ ਜ਼ਿੰਮੇਵਾਰੀ ਹਾਈ ਕੋਰਟ ਦੇ ਸਾਬਕਾ ਜੱਜ ਜ਼ੋਰਾ ਸਿੰਘ ਨਿਭਾਅ ਰਹੇ ਹਨ।