ਵਿਹਾਰਕ ਜੀਵਨ ਤੋਂ ਦੂਰੀ ਕਿਉਂ?

ਵਿਹਾਰਕ ਜੀਵਨ ਤੋਂ ਦੂਰੀ ਕਿਉਂ?

ਬਰਜਿੰਦਰ ਕੌਰ ਬਿਸਰਾਓ

ਮਨੁੱਖੀ ਜ਼ਿੰਦਗੀ ਵਿੱਚ ਉਸ ਦੁਆਰਾ ਕੀਤੇ ਜਾਂਦੇ ਕਾਰ-ਵਿਹਾਰ ਬਹੁਤ ਮਾਅਨੇ ਰੱਖਦੇ ਹਨ। ਜ਼ਿੰਦਗੀ ਨੂੰ ਅਗਾਂਹ ਤੋਰਦੇ ਹੋਏ ਮਨੁੱਖ ਆਪਣੇ ਨਿੱਜੀ ਕਾਰ-ਵਿਹਾਰ, ਪਰਿਵਾਰਕ ਕਾਰ-ਵਿਹਾਰ ਅਤੇ ਸਮਾਜਿਕ ਕਾਰ-ਵਿਹਾਰ ਕਰਦਾ ਹੈ। ਉਸ ਦੇ ਨਿੱਜੀ ਕਾਰ-ਵਿਹਾਰ ਬਿਲਕੁਲ ਉਸ ਦੀ ਆਪਣੀ ਜ਼ਿੰਦਗੀ ਨਾਲ ਜੁੜੇ ਹੋਏ ਹੁੰਦੇ ਹਨ ਜਿਸ ਨਾਲ ਸਿਰਫ਼ ਉਸ ਦੀ ਆਪਣੀ ਜ਼ਿੰਦਗੀ ’ਤੇ ਹੀ ਪ੍ਰਭਾਵ ਪੈਂਦਾ ਹੈ। ਇਸੇ ਤਰ੍ਹਾਂ ਪਰਿਵਾਰ ਨਾਲ ਜੁੜੇ ਕਾਰ-ਵਿਹਾਰ ਉਸ ਦੇ ਚੰਗੇ ਜਾਂ ਮਾੜੇ ਪਰਿਵਾਰਕ ਸਬੰਧ ਬਣਾਉਂਦੇ ਹਨ ਅਤੇ ਸਮਾਜਿਕ ਕਾਰ-ਵਿਹਾਰ ਉਸ ਦੇ ਸਮਾਜ ਨਾਲ ਸਬੰਧ ਬਣਾਉਂਦੇ ਹਨ।

ਪਹਿਲੇ ਸਮਿਆਂ ਵਿੱਚ ਹਰ ਵਿਅਕਤੀ ਆਪਣੇ ਕੰਮ ਪੂਰੀ ਲਗਨ ਅਤੇ ਮਿਹਨਤ ਨਾਲ ਕਰਕੇ ਨੇਪਰੇ ਚਾੜ੍ਹਨ ਵਿੱਚ ਮਾਹਰ ਸੀ ਕਿਉਂਕਿ ਉਸ ਦਾ ਧਿਆਨ ਬਹੁਤੇ ਪਾਸੇ ਨਹੀਂ ਵੰਡਿਆ ਜਾਂਦਾ ਸੀ। ਉਦੋਂ ਆਪਣੇ ਕੰਮ ਕਰਨ ਅਤੇ ਰਿਸ਼ਤੇ ਨਾਤੇ ਨਿਭਾਉਣ ਲਈ ਕੋਈ ਬਹੁਤਾ ਵਿਖਾਵਾ ਕਰਨ ਦੀ ਵੀ ਲੋੜ ਨਹੀਂ ਪੈਂਦੀ ਸੀ। ਉਦੋਂ ਹਰ ਕੋਈ ਆਪਣੀ ਆਪਣੀ ਜ਼ਿੰਦਗੀ ਵਿਹਾਰਕ ਤਰੀਕੇ ਨਾਲ ਜਿਊਂਦਾ ਸੀ ਪਰ ਅੱਜ ਦੇ ਮਨੁੱਖ ਦੀ ਜ਼ਿੰਦਗੀ ਜਿਊਣ ਅਤੇ ਕਾਰ-ਵਿਹਾਰ ਕਰਨ ਦੇ ਤੌਰ ਤਰੀਕਿਆਂ ਵਿੱਚ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਅੰਤਰ ਆ ਗਿਆ ਹੈ।

ਜਦੋਂ ਤੋਂ ਜ਼ਮਾਨਾ ਹਾਈਟੈਕ ਹੋਇਆ ਹੈ ਉਦੋਂ ਤੋਂ ਲੋਕਾਂ ਨੇ ਰਿਸ਼ਤਿਆਂ ਨੂੰ ਵਿਹਾਰਕ ਰੂਪ ਵਿੱਚ ਨਿਭਾਉਣ ਨਾਲੋਂ ਵਿਖਾਵਾ ਕਰਨ ਵਿੱਚ ਜ਼ਿਆਦਾ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੱਤਾ ਹੈ। ਸੋਸ਼ਲ ਮੀਡੀਆ ਨੇ ਭਾਰਤੀ ਲੋਕਾਂ ਦੀ ਜੀਵਨਸ਼ੈਲੀ ’ਤੇ ਜ਼ਿਆਦਾ ਪ੍ਰਭਾਵ ਪਾਇਆ ਹੈ। ਅੱਜ ਹਰ ਵਿਅਕਤੀ ਆਪਣੀ ਨਿੱਜੀ ਜ਼ਿੰਦਗੀ ਤੋਂ ਲੈ ਕੇ ਸਮਾਜਿਕ ਵਰਤਾਰੇ ਨੂੰ ਸੋਸ਼ਲ ਮੀਡੀਆ ’ਤੇ ਬਣਾਉਟੀ ਢੰਗ ਨਾਲ ਪੇਸ਼ ਕਰ ਰਿਹਾ ਹੈ। ਆਪਣੀ ਨਿੱਜੀ ਜ਼ਿੰਦਗੀ ਨੂੰ ਬਣਾਉਟੀ ਢੰਗਾਂ ਨਾਲ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਕਿ ਵੇਖਣ ਵਾਲਾ ਉਸ ਦੀ ਜ਼ਿੰਦਗੀ ਬਾਰੇ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਕਿ ਅਸਲੀਅਤ ਕੀ ਹੈ। ਆਪਣੇ ਖਾਣ ਪੀਣ ਤੋਂ ਲੈ ਕੇ ਹਰ ਨਿੱਕੀ ਮੋਟੀ ਗੱਲ ਸੋਸ਼ਲ ਮੀਡੀਆ ’ਤੇ ਪੇਸ਼ ਕੀਤੀ ਜਾਂਦੀ ਹੈ। ਉਸ ਨੂੰ ਦੁਨੀਆ ਸਾਹਮਣੇ ਸੋਹਣੇ ਤੋਂ ਸੋਹਣੇ ਤਰੀਕੇ ਨਾਲ ਪੇਸ਼ ਕਰਨ ਲਈ ਉਹ ਉਸ ਵਿੱਚ ਕਈ ਤਰ੍ਹਾਂ ਦੇ ਬਣਾਉਟੀ ਰੰਗ ਭਰਨ ਲੱਗਦਾ ਹੈ। ਆਪਣੇ ਆਪ ਨੂੰ ਦੁਨੀਆ ਸਾਹਮਣੇ ਇੱਕ ਨਾਯਾਬ ਸ਼ਖ਼ਸੀਅਤ ਬਣਾਉਣ ਦੀ ਕੋਈ ਕਸਰ ਨਹੀਂ ਛੱਡਦਾ ਜਦ ਕਿ ਅਸਲ ਵਿੱਚ ਸੱਚਾਈ ਕੁਝ ਹੋਰ ਹੀ ਹੁੰਦੀ ਹੈ। ਇਸ ਤਰ੍ਹਾਂ ਅੱਜ ਦੇ ਮਨੁੱਖ ਦੀ ਸੋਚ ਵਿੱਚ ਹਰ ਕੰਮ ਕਰਨ ਤੋਂ ਪਹਿਲਾਂ ਦੁਨੀਆ ਨੂੰ ਦਿਖਾਉਣ ਦੀ ਸੋਚ ਛੁਪੀ ਹੋਈ ਹੁੰਦੀ ਹੈ। ਕੋਈ ਰਿਸ਼ਤਾ ਨਿਭਾਉਂਦੇ ਹੋਏ ਵੀ ਵਿਖਾਵੇ ’ਤੇ ਜ਼ੋਰ ਦਿੱਤਾ ਜਾਂਦਾ ਹੈ। ਫਿਰ ਉਨ੍ਹਾਂ ਦੇ ਆਲੇ ਦੁਆਲੇ ਦੇ ਲੋਕਾਂ ਦੀ ਉਸ ਦੇ ਕੰਮ ਪ੍ਰਤੀ ਜਾਂ ਦੂਜਿਆਂ ਨਾਲ ਨਿਭਦੇ ਰਿਸ਼ਤਿਆਂ ਪ੍ਰਤੀ ਕੀ ਸੋਚ ਹੈ ਉਸ ਬਾਰੇ ਵੀ ਪੂਰਾ ਧਿਆਨ ਰੱਖਿਆ ਜਾਂਦਾ ਹੈ।

ਇਸ ਪੱਖੋਂ ਜੇ ਦੇਖਿਆ ਜਾਵੇ ਤਾਂ ਪੱਛਮੀ ਮੁਲਕਾਂ ਵਿੱਚ ਲੋਕ ਆਪਣੀ ਜ਼ਿੰਦਗੀ ਵਿਹਾਰਕ ਤਰੀਕੇ ਨਾਲ ਜਿਊਣਾ ਪਸੰਦ ਕਰਦੇ ਹਨ। ਇਹ ਗੱਲ ਤਾਂ ਇਸ ਤਰ੍ਹਾਂ ਵੀ ਸਿੱਧ ਹੋ ਜਾਂਦੀ ਹੈ ਕਿ ਜਿਹੜੇ ਲੋਕ ਭਾਰਤ ਵਿੱਚ ਰਹਿੰਦੇ ਹੋਏ ਹਰ ਸਮੇਂ ਸੋਸ਼ਲ ਮੀਡੀਆ ’ਤੇ ਆਨਲਾਈਨ ਪਾਏ ਜਾਂਦੇ ਸਨ ਤੇ ਆਪਣੀ ਹਰ ਨਿੱਕੀ ਮੋਟੀ ਗਤੀਵਿਧੀ ਲੋਕਾਂ ਨਾਲ ਸਾਂਝੀ ਕਰਦੇ ਸਨ, ਉਹੀ ਜਦ ਵਿਦੇਸ਼ ਜਾਂਦੇ ਹਨ ਤਾਂ ਉਨ੍ਹਾਂ ਦੀਆਂ ਸੋਸ਼ਲ ਮੀਡੀਆ ’ਤੇ ਗਤੀਵਿਧੀਆਂ ਬਹੁਤ ਹੱਦ ਤੱਕ ਘਟ ਜਾਂਦੀਆਂ ਹਨ। ਇਸ ਬਾਰੇ ਜੇ ਪੁੱਛੀਏ ਤਾਂ ਉਨ੍ਹਾਂ ਦਾ ਜਵਾਬ ਹੁੰਦਾ ਹੈ ਕਿ ਸਾਨੂੰ ਕੰਮ ਕਰਨ ਅਤੇ ਪਰਿਵਾਰ ਨਾਲ ਸਮਾਂ ਬਤੀਤ ਕਰਦੇ ਹੋਏ ਹੋਰ ਲੋਕਾਂ ਬਾਰੇ ਸੋਚਣ ਲਈ ਵਕਤ ਹੀ ਨਹੀਂ ਮਿਲਦਾ। ਉਹੀ ਲੋਕ ਜਦ ਆਪਣੇ ਪਰਿਵਾਰ ਨਾਲ ਕਿਧਰੇ ਘੁੰਮਣ ਵੀ ਜਾਂਦੇ ਹਨ ਤਾਂ ਉਹ ਖੁੱਲ੍ਹ ਕੇ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰਦੇ ਹਨ। ਉਨ੍ਹਾਂ ਦਾ ਧਿਆਨ ਉਸੇ ਸਮੇਂ ਦੁਨੀਆ ਨੂੰ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦੇਣਾ ਨਹੀਂ ਹੁੰਦਾ। ਇਸ ਤਰ੍ਹਾਂ ਪੱਛਮੀ ਦੇਸ਼ਾਂ ਵਿੱਚ ਲੋਕਾਂ ਦਾ ਜੀਵਨ ਬਤੀਤ ਕਰਨ ਦਾ ਨਜ਼ਰੀਆ ਇੱਥੇ ਨਾਲੋਂ ਵੱਖਰਾ ਹੈ। ਉਹ ਕੰਮ ਕਰਨ ਅਤੇ ਪਰਿਵਾਰ ਨੂੰ ਸਮਾਂ ਦੇਣ ਵਿੱਚ ਵਿਸ਼ਵਾਸ ਰੱਖਦੇ ਹਨ ਨਾ ਕਿ ਬਣਾਉਟੀ ਢੰਗ ਨਾਲ ਆਪਣੇ ਆਪ ਨੂੰ ਦੁਨੀਆ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ।

ਆਪਣੇ ਕੰਮਾਂ ਨੂੰ ਪੂਰੀ ਵਫ਼ਾਦਾਰੀ ਨਾਲ ਨਾ ਨਿਭਾਉਣਾ, ਵਿਹਲੜਪਣ, ਫੁਕਰਾਪਣ ਅਤੇ ਵਿਖਾਵੇ ਦੀ ਹੋੜ ਨੇ ਲੋਕਾਂ ਨੂੰ ਉਨ੍ਹਾਂ ਦੇ ਵਿਹਾਰਕ ਜੀਵਨ ਤੋਂ ਦੂਰ ਕਰ ਦਿੱਤਾ ਹੈ ਜਿਸ ਕਰਕੇ ਹਰ ਕੋਈ ਆਪਣੀ ਆਪਣੀ ਜ਼ਿੰਦਗੀ ਬਣਾਉਟੀ ਢੰਗ ਨਾਲ ਪੇਸ਼ ਕਰਦਾ ਨਜ਼ਰ ਆ ਰਿਹਾ ਹੈ ਜਿਸ ਦਾ ਅਸਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ’ਤੇ ਪੈ ਰਿਹਾ ਹੈ। ਸਾਡਾ ਆਪਸੀ ਭਾਈਚਾਰਕ ਸਾਂਝ ਵਾਲਾ ਸੱਭਿਆਚਾਰ ਖਤਮ ਹੋ ਰਿਹਾ ਹੈ ਅਤੇ ਲੋਕਾਂ ਦੀ ਜੀਵਨਸ਼ੈਲੀ ਦਾ ਪੱਧਰ ਡਿੱਗਦਾ ਜਾ ਰਿਹਾ ਹੈ। ਸਮਾਂ ਰਹਿੰਦੇ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ।