ਵਿਸ਼ੇਸ਼ ਸੈਸ਼ਨ ’ਚ ਪਾਸ ਬਿੱਲਾਂ ਬਾਰੇ ਕਾਨੂੰਨੀ ਮਸ਼ਵਰਾ ਲਵਾਂਗਾ: ਪੁਰੋਹਿਤ

ਵਿਸ਼ੇਸ਼ ਸੈਸ਼ਨ ’ਚ ਪਾਸ ਬਿੱਲਾਂ ਬਾਰੇ ਕਾਨੂੰਨੀ ਮਸ਼ਵਰਾ ਲਵਾਂਗਾ: ਪੁਰੋਹਿਤ

ਰਾਜਪਾਲ ਵੱਲੋਂ ਮੁੱਖ ਮੰਤਰੀ ’ਤੇ ਪਲਟਵਾਰ ਮਗਰੋਂ ਟਕਰਾਅ ਵਧਿਆ
ਚੰਡੀਗੜ੍ਹ – ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ’ਤੇ ਪਲਟਵਾਰ ਕਰਦਿਆਂ ਉਨ੍ਹਾਂ ਨੂੰ ਜ਼ਾਬਤੇ ਵਿਚ ਰਹਿਣ ਦੀ ਨਸੀਹਤ ਦਿੱਤੀ। ਮੁੱਖ ਮੰਤਰੀ ਵੱਲੋਂ ਕੱਲ੍ਹ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਲਾਏ ਇਲਜ਼ਾਮਾਂ ’ਤੇ ਰਾਜਪਾਲ ਨੇ ਅੱਜ ਸਫ਼ਾਈ ਦਿੱਤੀ। ਇਸ ਮਗਰੋਂ ਮੁੱਖ ਮੰਤਰੀ ਅਤੇ ਰਾਜਪਾਲ ਵਿਚਾਲੇ ਟਕਰਾਅ ਹੁਣ ਹੋਰ ਤਿੱਖਾ ਹੋ ਗਿਆ ਹੈ। ‘ਆਪ’ ਦਾ ਕੌਮੀ ਪੱਧਰ ’ਤੇ ਭਾਜਪਾ ਦੀ ਕੇਂਦਰੀ ਹਕੂਮਤ ਨਾਲ ਟਕਰਾਅ ਦਾ ਅਸਰ ਹੁਣ ਪੰਜਾਬ ’ਚ ਵੀ ਦਿਖਾਈ ਦੇਣ ਲੱਗਿਆ ਹੈ।

ਰਾਜਪਾਲ ਦੇ ਰੌਂਅ ਤੋਂ ਵਿਧਾਨ ਸਭਾ ਵਿਚ ਕੱਲ੍ਹ ਪਾਸ ਕੀਤੇ ਚਾਰ ਬਿੱਲਾਂ ਦੇ ਭਵਿੱਖ ’ਤੇ ਵੀ ਸੁਆਲੀਆ ਨਿਸ਼ਾਨ ਲਗਦਾ ਨਜ਼ਰ ਆ ਰਿਹਾ ਹੈ। ਰਾਜਪਾਲ ਨੇ ਅੱਜ ਪ੍ਰੈੱਸ ਕਾਨਫ਼ਰੰਸ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ’ਤੇ ਵੀ ਉਂਗਲ ਚੁੱਕੀ। ਉਨ੍ਹਾਂ ਕਿਹਾ ਕਿ ਉਹ ਬਿੱਲਾਂ ਨੂੰ ਲੈ ਕੇ ਕਾਨੂੰਨੀ ਮਸ਼ਵਰਾ ਲੈਣਗੇ। ਜੇ ਕੁਝ ਵੀ ਗੈਰ ਸੰਵਿਧਾਨਿਕ ਪਾਇਆ ਗਿਆ ਤਾਂ ਉਹ ਬਿੱਲ ਰੱਦ ਕਰ ਦੇਣਗੇ। ਉਨ੍ਹਾਂ ਕਿਹਾ ਕਿ ਜੇ ਭਗਵੰਤ ਮਾਨ ਨੇ ਸਦਨ ਤੋਂ ਬਾਹਰ ਉਨ੍ਹਾਂ ਖ਼ਿਲਾਫ਼ ਮਾੜੀ ਸ਼ਬਦਾਵਲੀ ਵਰਤੀ ਤਾਂ ਉਹ ਮਾਣਹਾਨੀ ਦੇ ਕੇਸ ਬਾਰੇ ਸੋਚਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ’ਵਰਸਿਟੀ ਨੂੰ 2017-18 ਤੋਂ 2022-23 ਦੌਰਾਨ 696 ਕਰੋੜ ਦੇਣੇ ਸਨ ਪਰ ਸਿਰਫ਼ 203 ਕਰੋੜ ਰੁਪਏ ਜਾਰੀ ਕੀਤੇ ਗਏ। ਉਨ੍ਹਾਂ ਚੁਣੌਤੀ ਦਿੱਤੀ ਕਿ ਪੰਜਾਬ ਸਰਕਾਰ ਅਜਿਹਾ ਕੋਈ ਇੱਕ ਵੀ ਨੁਕਤਾ ਦੱਸੇ ਜੋ ਸਰਕਾਰ ਦੇ ਕੰਮਾਂ ਵਿਚ ਬੇਲੋੜੇ ਦਖਲ ਵੱਲ ਇਸ਼ਾਰਾ ਕਰਦਾ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਟੈਕਨੀਕਲ ’ਵਰਸਿਟੀ ਦੇ ਵੀਸੀ ਦੀ ਭਾਲ ਲਈ ਜੋ ਕਮੇਟੀ ਬਣਾਈ ਸੀ, ਉਹ ਯੂਜੀਸੀ ਦੇ ਦਿਸ਼ਾ ਨਿਰਦੇਸ਼ਾਂ ਦੀ ਪੂਰਤੀ ਨਹੀਂ ਕਰਦੀ ਸੀ। ਉਨ੍ਹਾਂ ਨੇ ਫਿਰ ਵੀ ਆਪਣੀ ਟਿੱਪਣੀ ਸਮੇਤ ਪੀਟੀਯੂ ਦੇ ਵੀਸੀ ਦੀ ਨਿਯੁਕਤੀ ’ਤੇ ਸਹੀ ਪਾਈ।

ਰਾਜਪਾਲ ਨੇ ਮੁੱਖ ਮੰਤਰੀ ਦਾ ਨਾਮ ਲਏ ਬਿਨਾਂ ਕਿਹਾ ‘ਜਿਸ ਸਕੂਲ ’ਚ ਉਹ ਪੜ੍ਹ ਰਹੇ ਹਨ, ਮੈਂ ਉਸ ਸਕੂਲ ਦਾ ਹੈੱਡਮਾਸਟਰ ਸੇਵਾਮੁਕਤ ਹੋਇਆ ਹਾਂ।’ ਚੇਤੇ ਰਹੇ ਕਿ ਰਾਜਪਾਲ ਵੱਲੋਂ ਲਿਖੇ ਪੱਤਰਾਂ ਨੂੰ ਮੁੱਖ ਮੰਤਰੀ ਨੇ ਸਦਨ ਵਿਚ ‘ਲਵ ਲੈਟਰ’ ਦਾ ਨਾਮ ਦਿੱਤਾ ਸੀ। ਰਾਜਪਾਲ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਹੀ ਪੱਤਰ ਲਿਖੇ ਹਨ।

ਪੰਜਾਬ ਸਰਕਾਰ ਦਾ ਹੈਲੀਕਾਪਟਰ ਨਹੀਂ ਵਰਤਾਂਗਾ: ਰਾਜਪਾਲ

ਰਾਜਪਾਲ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦਾ ਹੈਲੀਕਾਪਟਰ ਨਹੀਂ ਵਰਤਣਗੇ ਅਤੇ ਪੰਜਾਬ ਦਾ ਦੌਰਾ ਸੜਕੀ ਰਸਤੇ ਹੀ ਕਰਨਗੇ। ਚੇਤੇ ਰਹੇ ਕਿ ਮੁੱਖ ਮੰਤਰੀ ਨੇ ਬੀਤੇ ਦਿਨ ਕਿਹਾ ਸੀ ਕਿ ਰਾਜਪਾਲ ਹੈਲੀਕਾਪਟਰ ਵੀ ਸਰਕਾਰ ਦਾ ਵਰਤਦੇ ਨੇ ਅਤੇ ਉਨ੍ਹਾਂ (ਮੁੱਖ ਮੰਤਰੀ) ਨੂੰ ਗਾਲ਼ਾਂ ਵੀ ਕੱਢਦੇ ਹਨ। ਰਾਜਪਾਲ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਪੰਜਾਬ ਦੌਰਿਆਂ ਨਾਲ ਸਰਕਾਰ ਦੀ ਪੋਲ ਖੁੱਲ੍ਹਦੀ ਹੈ ਤਾਂ ਸਰਕਾਰ ਘਬਰਾਉਂਦੀ ਹੈ।