ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ: ਨਿਖ਼ਤ, ਨੀਤੂ, ਲਵਲੀਨਾ ਤੇ ਸਵੀਟੀ ਫਾਈਨਲ ’ਚ

ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ: ਨਿਖ਼ਤ, ਨੀਤੂ, ਲਵਲੀਨਾ ਤੇ ਸਵੀਟੀ ਫਾਈਨਲ ’ਚ

ਨਵੀਂ ਦਿੱਲੀ: ਮੌਜੂਦਾ ਚੈਂਪੀਅਨ ਨਿਖ਼ਤ ਜ਼ਰੀਨ (50 ਕਿਲੋਗ੍ਰਾਮ), ਨੀਤੂ ਘਣਗਸ (48 ਕਿਲੋ), ਲਵਲੀਨਾ ਬੋਰਗੋਹੇਨ (75 ਕਿਲੋ) ਤੇ ਸਵੀਟੀ ਬੂਰਾ (81 ਕਿਲੋ) ਨੇ ਅੱਜ ਇੱਥੇ ਆਪੋ ਆਪਣੇ ਮੁਕਾਬਲਿਆਂ ਵਿੱਚ ਸ਼ਾਨਦਾਰ ਜਿੱਤਾਂ ਨਾਲ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਨਿਖ਼ਤ ਨੇ ਇੱਥੇ ਰੀਓ ਓਲੰਪਿਕ ਦੀ ਕਾਂਸੀ ਦਾ ਤਗ਼ਮਾ ਜੇਤੂ ਕੋਲੰਬੀਆ ਦੀ ਇਨਗਰਿਟ ਵੈਲੇਂਸੀਆ ਨੂੰ 5-0 ਨਾਲ ਹਰਾਇਆ। ਉਧਰ, ਨੀਤੂ ਨੇ ਕਜ਼ਾਖਸਤਾਨ ਦੀ ਅਲੂਆ ਬਾਲਕੀਬੇਕੋਵਾ ’ਤੇ 5-2 ਨਾਲ ਜਿੱਤ ਦਰਜ ਕੀਤੀ। ਨਿਖ਼ਤ ਨੇ ਆਪਣੀ ਫੁਰਤੀ ਤੇ ਰਣਨੀਤਕ ਸਮਰੱਥਾ ਨਾਲ ਵੈਲੇਂਸੀਆ ਨੂੰ ਸ਼ਿਕਸਤ ਦਿੱਤੀ ਅਤੇ ਆਪਣੇ ਖ਼ਿਤਾਬ ਦੇ ਬਚਾਅ ਵੱਲ ਕਦਮ ਵਧਾਇਆ। ਇਸ ਤੋਂ ਪਹਿਲਾਂ ਨੀਤੂ ਅਤੇ ਬਾਲਕੀਬੇਕੋਵਾ ਦਰਮਿਆਨ ਮੁਕਾਬਲਾ ਪਿਛਲੇ ਸਾਲ ਦੇ ਕੁਆਰਟਰਫਾਈਨਲ ਵਰਗਾ ਹੀ ਸੀ। ਇਸ ਵਿੱਚ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਨੀਤੂ ਅਤੇ ਬਾਲਕੀਬੇਕੋਵਾ ਨੇ ਪਹਿਲੇ ਗੇੜ ਵਿੱਚ ਇੱਕ ਦੂਜੇ ’ਤੇ ਜ਼ੋਰਦਾਰ ਪੰਚ ਜੜੇ। ਹਾਲਾਂਕਿ ਕਜ਼ਾਖਸਤਾਨ ਦੀ ਮੁੱਕੇਬਾਜ਼ ਵੱਧ ਭਾਰੂ ਰਹੀ। ਇਸ ਤਰ੍ਹਾਂ ਪਹਿਲਾ ਰਾਊਂਡ 3-2 ਨਾਲ ਉਸ ਦੇ ਨਾਮ ਰਿਹਾ।
ਦੂਸਰੇ ਰਾਊਂਡ ਵਿੱਚ ਹਾਲਾਂਕਿ ਨੀਤੂ ਨੇ ਵਾਪਸੀ ਕਰਦਿਆਂ ਜ਼ੋਰਦਾਰ ਮੁੱਕੇ ਜੜੇ। ਦੋਵੇਂ ਮੁੱਕੇਬਾਜ਼ ਇੱਕ-ਦੂਸਰੇ ਨੂੰ ਮਾਤ ਦੇਣ ਦੀਆਂ ਕੋਸ਼ਿਸ਼ਾਂ ਕਰਦੀਆਂ ਰਹੀਆਂ, ਪਰ ਨੀਤੂ ਇਸ ਰਾਊਂਡ ਨੂੰ ਆਪਣੇ ਨਾਮ ਕਰਨ ਵਿੱਚ ਸਫਲ ਰਹੀ।

ਅਗਲੇ ਤਿੰਨ ਮਿੰਟ ਕਾਫ਼ੀ ਤਣਾਅਪੂਰਨ ਰਹੇ, ਜਿਸ ਵਿੱਚ ਨੀਤੂ ਨੇ ਬਾਲਕੀਬੇਕੋਵਾ ਤੋਂ ਬਿਹਤਰ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਦਾ ‘ਰੀਵਿਊ’ ਕੀਤਾ ਗਿਆ ਅਤੇ ਨੀਤੂ ਨੂੰ ਜੇਤੂ ਐਲਾਨਿਆ ਗਿਆ।