ਵਿਸ਼ਵ ਦੇ ਮਹਾਨ ਖਿਡਾਰੀ-ਬਰਲਿਨ ਦੀਆਂ ਓਲੰਪਿਕ ਖੇਡਾਂ ਦਾ ਹੀਰੋ ਜੇਸੀ ਓਵੇਂਜ਼

ਵਿਸ਼ਵ ਦੇ ਮਹਾਨ ਖਿਡਾਰੀ-ਬਰਲਿਨ ਦੀਆਂ ਓਲੰਪਿਕ ਖੇਡਾਂ ਦਾ ਹੀਰੋ ਜੇਸੀ ਓਵੇਂਜ਼

ਵਿਸ਼ਵ ਦੇ ਮਹਾਨ ਖਿਡਾਰੀ-ਬਰਲਿਨ ਦੀਆਂ ਓਲੰਪਿਕ ਖੇਡਾਂ ਦਾ ਹੀਰੋ ਜੇਸੀ ਓਵੇਂਜ਼
ਪ੍ਰਿੰ. ਸਰਵਣ ਸਿੰਘ

ਜੇਸੀ ਓਵੇਂਜ ਮਨੁੱਖੀ ਜੁੱਸੇ ਵਿੱਚ ਤਾਕਤ ਦਾ ਬੰਬ ਸੀ। ਜਦੋਂ ਦੌੜਦਾ ਤਾਂ ਲੱਗਦਾ ਜਿਵੇਂ ਉਹਦੇ ਪੈਰਾਂ ਹੇਠ ਅੱਗ ਮੱਚਦੀ ਹੋਵੇ। ਉਹ ਵੀਹਵੀਂ ਸਦੀ ਦੇ ਪਹਿਲੇ ਅੱਧ ਦਾ ਸਭ ਤੋਂ ਤੇਜ਼ਤਰਾਰ ਦੌੜਾਕ ਸਾਬਤ ਹੋਇਆ। ਉਸ ਨੇ 5 ਮਈ 1935 ਨੂੰ 45 ਮਿੰਟਾਂ ਦੌਰਾਨ ਤਿੰਨ ਵਿਸ਼ਵ ਰਿਕਾਰਡ ਤੋੜੇ ਤੇ ਚੌਥਾ ਬਰਾਬਰ ਕੀਤਾ। ਉਹਦਾ ਲੰਮੀ ਛਾਲ ਦਾ ਵਿਸ਼ਵ ਰਿਕਾਰਡ 24 ਸਾਲ ਉਹਦੇ ਨਾਂ ਰਿਹਾ! ਬਰਲਿਨ ਦੀਆਂ ਓਲੰਪਿਕ ਖੇਡਾਂ-1936 ਵਿੱਚ ਉਹ 100, 200 ਤੇ 4+100 ਮੀਟਰ ਰਿਲੇਅ ਦੌੜਾਂ ਦੇ ਨਾਲ ਲੰਮੀ ਛਾਲ ਦੇ ਮੁਕਾਬਲੇ ਨਵੇਂ ਓਲੰਪਿਕ ਰਿਕਾਰਡ ਅਤੇ ਵਿਸ਼ਵ ਰਿਕਾਰਡਾਂ ਨਾਲ ਜਿੱਤਿਆ। ਉਹਦਾ ਬਚਪਨ ਬੇਸ਼ੱਕ ਅੰਤਾਂ ਦੀ ਗ਼ਰੀਬੀ ਵਿੱਚ ਗੁਜ਼ਰਿਆ ਸੀ, ਪਰ ਉਹ ਗੋਦੜੀ ਦਾ ਲਾਲ ਸਾਬਤ ਹੋਇਆ।
ਉਹਦਾ ਜਨਮ 12 ਸਤੰਬਰ 1913 ਨੂੰ ਮਾਤਾ ਮੇਰੀ ਐਮਾ ਫਿਟਸ਼ਰਾਲਟ ਤੇ ਪਿਤਾ ਹੈਨਰੀ ਕਲੀਵਲੈਂਡ ਓਵੇਂਜ਼ ਦੇ ਘਰ ਓਕਵਿੱਲ, ਅਲਬਾਮਾ ਵਿੱਚ ਹੋਇਆ ਸੀ। ਉਹ ਤਿੰਨ ਭੈਣਾਂ ਤੇ ਸੱਤ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ। ਉਸ ਨੂੰ ਬਚਪਨ ਵਿੱਚ ਹੀ ਬੜੇ ਔਖੇ ਤੇ ਕਰੜੇ ਕੰਮ ਕਰਨੇ ਪਏ ਜਿਸ ਨਾਲ ਉਹਦਾ ਜੁੱਸਾ ਸਖ਼ਤ ਤੇ ਹੰਢਣਸਾਰ ਹੋ ਗਿਆ ਜੋ ਬਾਅਦ ਵਿੱਚ ਦੌੜਾਂ ਦੌੜਨ ਤੇ ਛਾਲਾਂ ਲਾਉਣ ਦੇ ਕੰਮ ਆਇਆ। ਜੁਆਨੀ ਵਿੱਚ ਉਹਦਾ ਕੱਦ 5 ਫੁੱਟ 11 ਇੰਚ ਤੇ ਵਜ਼ਨ 75 ਕਿਲੋਗ੍ਰਾਮ ਸੀ। ਨੌਂ ਸਾਲਾਂ ਦਾ ਸੀ ਕਿ ਅਮਰੀਕਾ ਦੀ ‘ਗ੍ਰੇਟ ਮਾਈਗ੍ਰੇਸ਼ਨ’ (1910-1940) ਦੌਰਾਨ ਉਨ੍ਹਾਂ ਦਾ ਪਰਿਵਾਰ ਓਕਵਿੱਲ ਅਲਬਾਮਾ ਤੋਂ ਕਲੀਵਲੈਂਡ ਓਹਾਇਓ ਚਲਾ ਗਿਆ। ਉੱਥੇ ਉਸ ਨੇ ਸਕੂਲ ਤੇ ਕਾਲਜ ਦੀ ਪੜ੍ਹਾਈ ਕੀਤੀ ਤੇ ਕੋਚ ਲੈਰੀ ਸਨਾਈਡਰ ਦੀ ਕੋਚਿੰਗ ਨਾਲ 1935 ’ਚ ਐਨਆਰਬਰ ਮਿਸ਼ੀਗਨ ਯੂਨੀਵਰਸਿਟੀ ਵਿੱਚ ਵਿਸ਼ਵ ਦੇ ਚਾਰ ਰਿਕਾਰਡ ਨਵਿਆਏ।

ਉਹ ਸਕੂਲ ਦਾ ਵਿਦਿਆਰਥੀ ਹੀ ਸੀ ਕਿ ਉਸ ਦਾ 1915 ਵਿੱਚ ਜੰਮੀ ਮਿਨੀ ਰੁਥ ਸੋਲੋਮਨ ਨਾਲ ਪਿਆਰ ਹੋ ਗਿਆ। ਅਣਵਿਆਹੀ ਮਿਨੀ ਨੇ 1932 ਵਿੱਚ ਉਸ ਦੀ ਧੀ ਗਲੋਰੀਆ ਨੂੰ ਜਨਮ ਦੇ ਦਿੱਤਾ। 1935 ਵਿੱਚ ਉਨ੍ਹਾਂ ਨੇ ਵਿਆਹ ਕਰਵਾ ਲਿਆ ਤੇ ਦੋ ਬੱਚੇ ਹੋਰ ਪੈਦਾ ਕੀਤੇ। ਮਿਨੀ ਰੁੱਥ ਤੇ ਜੇਸੀ ਦੀ ਅਖ਼ੀਰ ਤੱਕ ਨਿਭੀ। ਉਹ 86 ਸਾਲ ਜੀਵੀ, 21 ਸਾਲ ਰੰਡੇਪਾ ਕੱਟਿਆ ਤੇ 2001 ਵਿੱਚ ਮਰੀ।

ਜਰਮਨੀ ਦੇ ਡਿਕਟੇਟਰ ਹਿਟਲਰ ਦੀ ਤਾਨਾਸ਼ਾਹੀ ਵੇਲੇ ਬਰਲਿਨ ਦੀਆਂ ਓਲੰਪਿਕ ਖੇਡਾਂ ’ਚ ਕਾਲੇ ਜੇਤੂਆਂ ਦਾ ਆਗਮਨ ਸ਼ੁਰੂ ਹੋਇਆ ਸੀ। ਪਹਿਲੀ ਵਾਰ ਅਮਰੀਕਾ ਦੇ ਖਿਡਾਰੀ ਦਲ ਵਿੱਚ ਅਫ਼ਰੀਕੀ ਮੂਲ ਦੇ 18 ਅਮਰੀਕਨ ਖਿਡਾਰੀ ਸ਼ਾਮਲ ਕੀਤੇ ਗਏ ਸਨ। ਉੱਥੇ ਜੇਸੀ ਨੇ ਉਹ ਜਲਵੇ ਵਿਖਾਏ ਕਿ ਬਰਲਿਨ ਦੀਆਂ ਓਲੰਪਿਕ ਖੇਡਾਂ ਨੂੰ ਜੇਸੀ ਓਵੇਂਜ਼ ਦੀਆਂ ਖੇਡਾਂ ਕਹਿ ਕੇ ਯਾਦ ਕੀਤਾ ਜਾਂਦੈ। ਉਸ ਨੇ ਉਪਰੋਥਲੀ ਸੋਨੇ ਦੇ ਚਾਰ ਤਗ਼ਮੇ ਜਿੱਤੇ। ਅਜਿਹਾ ਪਹਿਲੀ ਵਾਰ ਹੋਇਆ ਕਿ ਕਿਸੇ ਅਥਲੀਟ ਨੇ ਇੱਕੋ ਓਲੰਪਿਕਸ ਵਿੱਚੋਂ ਚਾਰ ਗੋਲਡ ਮੈਡਲ ਜਿੱਤੇ ਹੋਣ।

ਬਰਲਿਨ ਨੇ ਖੇਡਾਂ ਕਰਾਉਣ ਦੀ ਤਿਆਰੀ ਵਿਸ਼ਾਲ ਪੈਮਾਨੇ ਉੱਤੇ ਕੀਤੀ ਸੀ। ਓਲੰਪਿਕ ਸਟੇਡੀਅਮ ਵਿੱਚ ਇੱਕ ਲੱਖ ਦਸ ਹਜ਼ਾਰ ਦਰਸ਼ਕ ਸਮਾ ਸਕਦੇ ਸਨ। ਜਰਮਨ ਸਿੱਧ ਕਰਨਾ ਚਾਹੁੰਦੇ ਸਨ ਕਿ ਨਾਜ਼ੀਆਂ ਜਿਹਾ ਹੋਰ ਕੋਈ ਨਹੀਂ ਤੇ ਉਨ੍ਹਾਂ ਦੀ ਆਰੀਅਨ ਨਸਲ ਸਰਬੋਤਮ ਹੈ। ਪਹਿਲੇ ਹੀ ਮੁਕਾਬਲੇ ਵਿੱਚ ਜਰਮਨੀ ਦੇ ਗੋਲਾ ਸੁਟਾਵੇ ਹਾਂਸਵੋਲਕੇ ਨੇ ਨਵੇਂ ਓਲੰਪਿਕ ਰਿਕਾਰਡ ਨਾਲ ਗੋਲਡ ਮੈਡਲ ਜਿੱਤਿਆ ਤਾਂ ਉਸ ਨੂੰ ਹਿਟਲਰ ਕੋਲ ਲੈ ਜਾਇਆ ਗਿਆ। ਹਿਟਲਰ ਨੇ ਹੱਥ ਮਿਲਾ ਕੇ ਉਹਨੂੰ ਸ਼ਾਬਾਸ਼ੇ ਦਿੱਤੀ। ਉਸ ਪਿੱਛੋਂ ਅਮਰੀਕਾ ਦੇ ਸਾਂਵਲੇ ਅਥਲੀਟ ਸੀ. ਜਾਨ੍ਹਸਨ ਨੇ 2.03 ਮੀਟਰ ਉੱਚੀ ਛਾਲ ਲਾ ਕੇ ਨਵੇਂ ਓਲੰਪਿਕ ਰਿਕਾਰਡ ਨਾਲ ਸੋਨ-ਤਗ਼ਮਾ ਜਿੱਤਿਆ ਤਾਂ ਹਿਟਲਰ ਆਪਣੀ ਸੀਟ ਤੋਂ ਉਠ ਕੇ ਚਲਾ ਗਿਆ ਤਾਂ ਜੋ ਉਸ ਨਾਲ ਹੱਥ ਨਾ ਮਿਲਾਉਣਾ ਪਵੇ।

ਜੇਸੀ ਓਵੇਂਜ਼ ਨੇ ਪਹਿਲਾ ਸੋਨ-ਤਗ਼ਮਾ 100 ਮੀਟਰ ਦੀ ਦੌੜ ’ਚੋਂ ਜਿੱਤਿਆ। ਉਹਨੇ ਸੱਤ-ਫੁੱਟੇ ਕਦਮਾਂ ਨਾਲ 10.03 ਸੈਕਿੰਡ ਵਿੱਚ ਦੌੜ ਪੂਰੀ ਕੀਤੀ। ਦੂਜਾ ਸੋਨ-ਤਗ਼ਮਾ 8.06 ਮੀਟਰ ਲੰਮੀ ਛਾਲ ਲਾ ਕੇ ਜਿੱਤਿਆ। ਤੀਜਾ ਸੋਨੇ ਦਾ ਤਗ਼ਮਾ 200 ਮੀਟਰ ਦੌੜ ਵਿੱਚ 20. 07 ਸੈਕਿੰਡ ਦੇ ਸਮੇਂ ਨਾਲ ਹਾਸਲ ਕੀਤਾ ਤੇ ਚੌਥਾ ਸੋਨ-ਤਗ਼ਮਾ 4+100 ਮੀਟਰ ਰੀਲੇਅ ਦੌੜ ਵਿੱਚੋਂ ਪ੍ਰਾਪਤ ਕੀਤਾ। ਜੈਸੀ ਓਵੇਂਸ ਨਾਲ ਹੋਰਨਾਂ ‘ਸਾਂਵਲਿਆਂ’ ਨੇ 14 ਮੈਡਲ ਜਿੱਤੇ ਜਿਸ ਨਾਲ ਨੀਗਰੋ ਨਸਲ ਦੀ ਬੱਲੇ-ਬੱਲੇ ਹੋ ਗਈ।

ਓਲੰਪਿਕ ਪਿੰਡ 136 ਏਕੜ ਰਕਬੇ ਵਿੱਚ ਵਸਾਇਆ ਗਿਆ ਸੀ ਜਿੱਥੇ ਪਹਿਰੇ ਏਨੇ ਸਖ਼ਤ ਸਨ ਕਿ ਨਾਜ਼ੀ ਸਿਪਾਹੀਆਂ ਦੀਆਂ ਭੂਰੀਆਂ ਵਰਦੀਆਂ ਖਿਡਾਰੀਆਂ ਦੇ ਟਰੈਕ ਸੂਟਾਂ ਤੋਂ ਵਧੇਰੇ ਦਿਸਦੀਆਂ ਰਹੀਆਂ। ਭਾਰਤ ਵੱਲੋਂ ਓਲੰਪਿਕ ਖੇਡਾਂ ਵਿੱਚ ਪੰਜ ਅਥਲੀਟ ਭੇਜੇ ਗਏ ਸਨ। ਉਨ੍ਹਾਂ ਵਿੱਚ ਪੰਜਾਬ ਦੇ ਰੌਣਕ ਸਿੰਘ ਤੇ ਨਿਰੰਜਨ ਸਿੰਘ ਸਨ। ਭਾਰਤੀ ਹਾਕੀ ਟੀਮ ਦੇ ਕਪਤਾਨ, ਤੀਜੀ ਵਾਰ ਓਲੰਪਿਕ ਖੇਡ ਰਹੇ ਧਿਆਨ ਚੰਦ ਸਨ। ਉਨ੍ਹਾਂ ਨੂੰ ਹਾਕੀ ਦੇ ਜਾਦੂਗਰ ਕਿਹਾ ਜਾਂਦਾ ਸੀ। ਭਾਰਤ ਨੇ ਹੰਗਰੀ ਨੂੰ 4-0, ਅਮਰੀਕਾ ਨੂੰ 7-0, ਜਪਾਨ ਨੂੰ 9-0, ਫਰਾਂਸ ਨੂੰ 10-0 ਤੇ ਫਾਈਨਲ ਮੈਚ ਵਿੱਚ ਜਰਮਨੀ ਨੂੰ 8-1 ਗੋਲਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਲਗਾਤਾਰ ਤੀਜੀ ਵਾਰ ਸੋਨੇ ਦਾ ਤਗ਼ਮਾ ਜਿੱਤਿਆ ਸੀ। ਉਂਜ ਸਭ ਤੋਂ ਬਹੁਤੇ ਮੈਡਲ ਜਰਮਨੀ ਨੇ ਜਿੱਤੇ ਸਨ ਤੇ ਅਮਰੀਕਾ ਦੋਇਮ ਰਿਹਾ ਸੀ। ਜਰਮਨੀ ਦੇ 33 ਸੋਨੇ, 26 ਚਾਂਦੀ ਤੇ 12 ਤਾਂਬੇ ਦੇ ਮੈਡਲ ਜਦੋਂ ਕਿ ਅਮਰੀਕਾ ਦੇ 24 ਸੋਨੇ, 20 ਚਾਂਦੀ ਤੇ 12 ਤਾਂਬੇ ਦੇ ਮੈਡਲ ਸਨ। ਉਨ੍ਹਾਂ ਵਿੱਚ 8 ਸੋਨੇ, 3 ਚਾਂਦੀ ਤੇ 2 ਤਾਂਬੇ ਦੇ ਤਗ਼ਮੇ ਪਹਿਲੀ ਵਾਰ ਭਾਗ ਲੈ ਰਹੇ ਅਫ਼ਰੀਕੀਆਂ ਦੇ ਸਨ।

1935 ਵਿੱਚ ਲਾਈ 26 ਫੁੱਟ 5 ਇੰਚ ਲੰਮੀ ਛਾਲ ਨਾਲ ਜੇਸੀ ਦੀਆਂ ਧੁੰਮਾਂ ਕੁਲ ਦੁਨੀਆ ਵਿੱਚ ਪੈ ਗਈਆਂ ਸਨ। ਇਹੋ ਕਾਰਨ ਸੀ ਕਿ ਆਮ ਜਰਮਨ ਵਾਸੀ ਉਸ ਨੂੰ ਬਰਲਿਨ ਦੀਆਂ ਓਲੰਪਿਕ ਖੇਡਾਂ ਵਿੱਚ ਦੌੜਦੇ ਤੇ ਛਾਲਾਂ ਲਾਉਂਦੇ ਵੇਖਣਾ ਚਾਹੁੰਦੇ ਸਨ। ਹਿਟਲਰ ਨੇ ਉਸ ਨੂੰ ਹਰਾਉਣ ਲਈ ਇੱਕ ਜਰਮਨ ਨੌਜਵਾਨ ਲੁਜ਼ ਲੌਂਗ ਨੂੰ ਓਹਲਾ ਰੱਖ ਕੇ ਤਿਆਰੀ ਕਰਵਾਈ ਸੀ। ਉਸ ਦੀ ਛਾਲ ਓਲੰਪਿਕ ਰਿਕਾਰਡ ਤੋਂ ਵੱਧ ਲੱਗਣ ਲੱਗ ਪਈ ਸੀ।

ਤਿੰਨ ਟਰਾਇਲ ਛਾਲਾਂ ਵਿੱਚ ਕੁਆਲੀਫਾਈ ਕਰਨਾ ਜ਼ਰੂਰੀ ਸੀ। ਜੇਸੀ ਨੇ ਪਹਿਲੀ ਛਾਲ ਵੈਸੇ ਹੀ ਪ੍ਰੈਕਟਿਸ ਵਜੋਂ ਲਾਈ ਜੋ ਫਾਊਲ ਸੀ। ਪਰ ਜੱਜਾਂ ਨੇ ਉਹ ਪਹਿਲੀ ਟਰਾਇਲ ਛਾਲ ਗਿਣ ਲਈ। ਪਿੱਛੇ ਰਹਿ ਗਈਆਂ ਦੋ ਟਰਾਇਲ ਛਾਲਾਂ। ਲੁਜ਼ ਲੌਂਗ ਪਹਿਲੀ ਛਾਲ ਨਾਲ ਹੀ ਫਾਈਨਲ ਮੁਕਾਬਲੇ ਲਈ ਕੁਆਲੀਫਾਈ ਕਰ ਗਿਆ। ਜੈਸੀ ਓਵੇਨਜ਼ ਉਹਦੀ 26 ਫੁੱਟ ਦੀ ਛਾਲ ਤੋਂ ਹੱਕਾ-ਬੱਕਾ ਰਹਿ ਗਿਆ! ਸੋਚਣ ਲੱਗਾ ਇਹ ਅਫ਼ਲਾਤੂਨ ਕਿੱਥੋਂ ਨਿਕਲ ਆਇਆ? ਹਿਟਲਰ ਦੇ ਨਸਲਵਾਦ ਨੇ ਜੇਸੀ ਦਾ ਪਾਰਾ ਚੜ੍ਹਾ ਦਿੱਤਾ। ਰੋਹ ਵਿੱਚ ਆਇਆ ਜੇਸੀ ਦੂਜੀ ਛਾਲ ਫਾਊਲ ਕਰ ਬੈਠਾ। ਅਣਗਹਿਲੀ ਵਿੱਚ ਉਹਦਾ ਪੈਰ ਛਾਲ ਚੁੱਕਣ ਵਾਲੀ ਫੱਟੀ ਤੋਂ ਮਾਮੂਲੀ ਅੱਗੇ ਚਲਾ ਗਿਆ ਸੀ। ਬਸ ਇੱਕ ਮੌਕਾ ਹੋਰ ਸੀ। ਜੈਸੀ ਦੀ ਘਬਰਾਹਟ ਹੋਰ ਵਧ ਗਈ। ਜੇ ਆਖ਼ਰੀ ਛਾਲ ਵੀ ਫਾਊਲ ਹੋ ਜਾਂਦੀ ਜਾਂ ਮਿਥੀ ਦੂਰੀ ਤੋਂ ਘੱਟ ਰਹਿ ਜਾਂਦੀ ਤਾਂ ਸਾਲਾਂ ਦੀ ਮਿਹਨਤ ’ਤੇ ਪਾਣੀ ਫਿਰ ਜਾਣਾ ਸੀ।

ਆਖ਼ਰੀ ਟਰਾਇਲ ਦੀ ਉਡੀਕ ਵਿੱਚ ਉਹ ਗੁੱਸੇ ਨਾਲ ਜ਼ਮੀਨ ’ਤੇ ਠੁੱਡੇ ਮਾਰ ਰਿਹਾ ਸੀ ਕਿ ਇੱਕ ਹਮਦਰਦ ਹੱਥ ਉਸ ਦੇ ਮੋਢੇ ’ਤੇ ਆ ਟਿਕਿਆ। ਉਸ ਨੇ ਮੁੜ ਕੇ ਵੇਖਿਆ ਤਾਂ 26 ਫੁੱਟ ਛਾਲ ਲਾਉਣ ਵਾਲਾ ਲੁਜ਼ ਲੌਂਗ ਖੜ੍ਹਾ ਸੀ। ਗੋਰਾ ਨਿਸ਼ੋਹ, ਪਤਲਾ, ਲੰਮਾ, ਬਿੱਲੀਆਂ ਅੱਖਾਂ ਤੇ ਭੂਰੇ ਵਾਲਾਂ ਵਾਲਾ। ਉਸ ਨੇ ਜੇਸੀ ਨਾਲ ਹੱਥ ਮਿਲਾਇਆ ਤੇ ਹਮਦਰਦੀ ਨਾਲ ਕਿਹਾ, ‘‘ਅੱਜ ਤੈਨੂੰ ਕੀ ਹੋ ਗਿਆ ਜੇਸੀ? ਨਾਰਮਲ ਰਹਿ ਕੇ ਛਾਲ ਲਾ। ਤੂੰ ਤਾਂ ਜੰਪਿੰਗ ਪਿੱਟ ਤੋਂ ਇੱਕ ਫੁੱਟ ਪਿੱਛੋਂ ਛਾਲ ਚੁੱਕੇਂ ਤਾਂ ਵੀ ਕੁਆਲੀਫਾਈ ਕਰ ਸਕਦੈਂ। ਗੁੱਡ ਲੱਕ!’’ ਲੁਜ਼ ਲੌਂਗ ਦੀ ਹਮਦਰਦੀ ਨਾਲ ਓਵੇਂਜ਼ ਨਾਰਮਲ ਹੋ ਗਿਆ। ਉਸ ਨੇ ਤੀਜੀ ਛਾਲ ਫੱਟੀ ਤੋਂ ਪਿੱਛੇ ਰੱਖੇ ਤੌਲੀਏ ਦੀ ਨਿਸ਼ਾਨੀ ਕੋਲੋਂ ਚੁੱਕੀ ਤੇ ਆਸਾਨੀ ਨਾਲ ਕੁਆਲੀਫਾਈ ਕਰ ਗਿਆ।

ਉਸੇ ਦਿਨ ਪਿਛਲੇ ਪਹਿਰ ਫਾਈਨਲ ਮੁਕਾਬਲੇ ਵਿੱਚ ਦੋਹਾਂ ਅਥਲੀਟਾਂ ਨੇ ਗੋਲਡ ਮੈਡਲ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ। ਲੁਜ਼ ਲੌਂਗ ਨੇ ਆਪਣੇ ਖੇਡ ਕਰੀਅਰ ਦੀ ਸਭ ਤੋਂ ਲੰਬੀ ਛਾਲ ਲਾਈ, ਪਰ ਜੇਸੀ ਓਵੇਂਜ਼ ਉਸ ਤੋਂ ਵੀ ਵੱਧ ਲੰਮੀ ਛਾਲ ਲਾ ਕੇ ਸੋਨੇ ਦਾ ਤਗ਼ਮਾ ਜਿੱਤ ਗਿਆ। ਲੁਜ਼ ਲੌਂਗ ਨੇ ਸੁਹਿਰਦ ਖੇਡ ਭਾਵਨਾ ਨਾਲ ਜੇਸੀ ਦਾ ਹੱਥ ਘੁੱਟ ਕੇ ਵਧਾਈ ਦਿੱਤੀ ਤੇ ਉਸ ਨਾਲ ਫੋਟੋ ਖਿਚਵਾਏ। ਕੈਬਿਨ ਵਿੱਚ ਬੈਠਾ ਹਿਟਲਰ ਅਕਲਕਾਂਦ ਹੋ ਉੱਠਿਆ। ਲੁਜ਼ ਨੇ ਉਸ ਵੱਲ ਵੇਖਿਆ, ਪਰ ਕੋਈ ਪਰਵਾਹ ਨਾ ਕੀਤੀ। ਇਸ ਦੀ ਸਜ਼ਾ ਉਸ ਨੂੰ ਆਪਣੀ ਜਾਨ ਦੇ ਕੇ ਭੁਗਤਣੀ ਪਈ ਕਿਉਂਕਿ ਬਾਅਦ ਵਿੱਚ ਹਿਟਲਰ ਨੇ ਉਸ ਨੂੰ ਜੰਗ ਵਿੱਚ ਝੋਕ ਦਿੱਤਾ ਸੀ।

ਉਸੇ ਰਾਤ ਜੇਸੀ ਓਵੇਂਜ਼, ਲੁਜ਼ ਲੌਂਗ ਦਾ ਧੰਨਵਾਦ ਕਰਨ ਉਹਦੇ ਕਮਰੇ ਵਿੱਚ ਗਿਆ। ਉਹ ਦੋ ਘੰਟੇ ਦੋਸਤਾਨਾ ਗੱਲਾਂ ਕਰਦੇ ਰਹੇ। ਲੁਜ਼ ਲੌਂਗ ਨੂੰ ਹਿਟਲਰ ਦੇ ਨਸਲਵਾਦ ਵਿੱਚ ਵਿਸ਼ਵਾਸ ਨਹੀਂ ਸੀ ਤੇ ਨਾ ਹੀ ਉਹ ਉਸ ਤੋਂ ਡਰਦਾ ਸੀ। ਉੱਥੇ ਦੋਹਾਂ ਮਹਾਨ ਅਥਲੀਟਾਂ ਵਿਚਕਾਰ ਨਸਲਵਾਦ ਦੀਆਂ ਹੱਦਾਂ ਨਕਾਰਦੀ ਗੂੜ੍ਹੀ ਦੋਸਤੀ ਹੋ ਗਈ ਜੋ ਪਿੱਛੋਂ ਪਰਿਵਾਰਕ ਸਬੰਧਾਂ ਵਿੱਚ ਬਦਲ ਗਈ। ਜੇਸੀ ਓਵੇਂਜ਼ ਉਸ ਦੋਸਤੀ ਨੂੰ ਆਪਣੇ ਸਾਰੇ ਤਗ਼ਮਿਆਂ ਤੋਂ ਕਿਤੇ ਅਣਮੁੱਲੀ ਸਮਝਦਾ ਰਿਹਾ। ਇਹ ਸੀ ਖੇਡਾਂ ਦੀ ਸੱਚੀ-ਸੁੱਚੀ ਭਾਵਨਾ! ਰਿਕਾਰਡ ਬਣਦੇ ਤੇ ਟੁੱਟਦੇ ਰਹਿੰਦੇ ਹਨ, ਪਰ ਖੇਡ ਭਾਵਨਾ ਅਮਰ ਰਹਿੰਦੀ ਹੈ। ਬਦਕਿਸਮਤੀ ਨਾਲ ਲੁਜ਼ ਲੌਂਗ ਦੂਜੇ ਵਿਸ਼ਵ ਯੁੱਧ ’ਚ ਲੜਦਾ 1943 ’ਚ 30 ਸਾਲ ਦੀ ਜੁਆਨ ਉਮਰੇ ਤਾਨਾਸ਼ਾਹੀ ਦੀ ਭੇਟ ਚੜ੍ਹ ਗਿਆ, ਪਰ ਉਹਦੀ ਖੇਡ ਭਾਵਨਾ ਖੇਡਾਂ ਦੇ ਇਤਿਹਾਸ ਵਿੱਚ ਅਮਰ ਹੋ ਗਈ। ਹੁਣ ਵੀ ਲੋਕ ਲੰਮੀ ਛਾਲ ਦੇ ਉਸ ਮੁਕਾਬਲੇ ਨੂੰ ਇੰਟਰਨੈੱਟ ’ਤੇ ਵੇਖਦੇ ਹਨ ਤੇ ਵਿਦਿਆਰਥੀ ਸਕੂਲਾਂ/ਕਾਲਜਾਂ ਦੀਆਂ ਕਿਤਾਬਾਂ ਦੇ ਪਾਠ-ਕ੍ਰਮ ਵਿੱਚ ਪੜ੍ਹਦੇ ਹਨ।

ਜੇਸੀ ਵਾਪਸ ਅਮਰੀਕਾ ਮੁੜਿਆ ਤਾਂ ਹੋਰਨਾਂ ਗੋਰੇ ਜੇਤੂਆਂ ਸੰਗ ਸਾਂਵਲੇ ਖਿਡਾਰੀਆਂ ਨੂੰ ਵਾਈ੍ਹਟ ਹਾਊਸ ਨਾ ਸੱਦਿਆ ਗਿਆ। ਉਦੋਂ ਉਸ ਨੂੰ ਕੋਈ ਵੱਡੇ ਮਾਣ ਸਨਮਾਨ ਨਾ ਮਿਲੇ ਤੇ ਨਾ ਚੱਜ ਦਾ ਰੁਜ਼ਗਾਰ। 1940 ਤੇ 44 ਦੀਆਂ ਓਲੰਪਿਕ ਖੇਡਾਂ ਦੂਜੀ ਵਿਸ਼ਵ ਜੰਗ ਦੀ ਭੇਟ ਚੜ੍ਹ ਗਈਆਂ। ਜੇਸੀ ਨਿੱਕੀਆਂ ਮੋਟੀਆਂ ਨੌਕਰੀਆਂ ਕਰਦਾ ਰਿਹਾ ਜਿਨ੍ਹਾਂ ਵਿੱਚ ਘੋੜਿਆਂ ਬਰਾਬਰ ਦੌੜ ਕੇ ਡਾਲਰ ਕਮਾਉਣਾ ਵੀ ਸੀ। ਇਸ ਦੌਰਾਨ ਉਹ ਚੇਨ ਸਮੋਕਰ ਬਣ ਗਿਆ ਜਿਸ ਨਾਲ ਫੇਫੜਿਆਂ ਦਾ ਕੈਂਸਰ ਹੋ ਗਿਆ। ਆਖ਼ਰ 31 ਮਾਰਚ 1980 ਨੂੰ ਉਹ ਟਕਸਨ, ਐਰੀਜ਼ੋਨਾ ਵਿੱਚ ਫੌਤ ਹੋ ਗਿਆ। ਉਸ ਨੂੰ ਲੇਕ ਆਫ ਮੈਮਰੀਜ਼ ਐਟ ਓਕਵੁੱਡਜ਼ ਸੀਮੈਟਰੀ ਸ਼ਿਕਾਗੋ ਵਿੱਚ ਦਫ਼ਨਾ ਦਿੱਤਾ ਗਿਆ। ਬਰਲਿਨ ਦੀਆਂ ਓਲੰਪਿਕ ਖੇਡਾਂ ਦੇ ਦਫ਼ਨਾਏ ਗਏ ਹੀਰੋ ਨੂੰ ਕੋਈ ਸਾਰ ਨਹੀਂ ਕਿ ਪਿਛੋਂ ਉਹਦੀਆਂ ਅਨੇਕ ਫਿਲਮਾਂ ਬਣੀਆਂ, ਪੁਸਤਕਾਂ ਛਪੀਆਂ, ਡਾਕ ਟਿਕਟਾਂ ਨਿਕਲੀਆਂ ਅਤੇ ਅਮਰੀਕਾ ਤੇ ਵਿਸ਼ਵ ਦੇ ਵੱਡੇ ਤੋਂ ਵੱਡੇ ਮਾਣ ਸਨਮਾਨ ਮਿਲੇ।

ਜੇਸੀ ਉਸ ਦਾ ਅਸਲੀ ਨਾਂ ਨਹੀਂ ਸੀ। ਉਸ ਦਾ ਜਮਾਂਦਰੂ ਨਾਂ ਜੇਮਜ਼ ਕਲੀਵਲੈਂਡ ਓਵੇਂਜ਼ ਸੀ। ਜਦੋਂ ਉਹ ਨੌਂ ਸਾਲ ਦੀ ਉਮਰੇ ਆਪਣੇ ਜਨਮ ਸਥਾਨ ਤੋਂ ਉੱਜੜ ਕੇ ਕਲੀਵਲੈਂਡ, ਓਹਾਇਓ ਦੇ ਸਕੂਲ ਵਿੱਚ ਪੜ੍ਹਨ ਲੱਗਾ ਤਾਂ ਅਧਿਆਪਕਾ ਨੇ ਉਸ ਦਾ ਨਾਂ ਪੁੱਛਿਆ। ਉਸ ਨੇ ਨਾਂ ਮੂਹਰਲੇ ਅੱਖਰਾਂ ਮੁਤਾਬਿਕ ਜੇ ਸੀ ਦੱਸਿਆ ਤਾਂ ਮੈਡਮ ਨੇ ਰਜਿਸਟਰ ਵਿੱਚ ਜੇਸੀ ਲਿਖ ਲਿਆ। ਬਾਅਦ ਵਿੱਚ ਲੋਕ ਜੇਮਜ਼ ਕਲੀਵਲੈਂਡ ਨੂੰ ਭੁੱਲ ਗਏ ਤੇ ਉਹ ‘ਜੇਸੀ’ ਨਾਂ ਨਾਲ ਹੀ ਮਸ਼ਹੂਰ ਹੋਇਆ। ਉਹ ਅਫ਼ਰੀਕੀ ਮੂਲ ਦਾ ਸਿਆਹਫਾਮ ਅਮਰੀਕਨ ਅਥਲੀਟ ਸੀ। ਉਹਦੇ ਦਾਦੇ ਪੜਦਾਦੇ ਗੋਰੇ ਅਮਰੀਕਨਾਂ ਦੇ ਗ਼ੁਲਾਮ ਸਨ।