ਵਿਸ਼ਵ ਦੇ ਮਹਾਨ ਖਿਡਾਰੀ – ਉੱਡਣਾ ਤੈਰਾਕ: ਮਾਈਕਲ ਫਰੈੱਡ ਫੈਲਪਸ

ਪ੍ਰਿੰ. ਸਰਵਣ ਸਿੰਘ

ਅਠਾਈ ਮੈਡਲ ਕਹਿ ਦੇਣੀ ਗੱਲ ਐ! ਉਹ ਵੀ ਓਲੰਪਿਕ ਖੇਡਾਂ ਦੇ। ਓਲੰਪਿਕ ਖੇਡਾਂ ਵਿੱਚੋਂ ਤਾਂ ਇੱਕ ਮੈਡਲ ਜਿੱਤ ਲੈਣਾ ਵੀ ਮਾਣ ਨਹੀਂ ਹੁੰਦਾ। ਅਮਰੀਕਾ ਦੇ ਤੂਫ਼ਾਨੀ ਤੈਰਾਕ ਮਾਈਕਲ ਫੈਲਪਸ ਨੇ ਚਾਰ ਓਲੰਪਿਕ ਖੇਡਾਂ ਵਿੱਚੋਂ 23 ਸੋਨੇ, 3 ਚਾਂਦੀ, 2 ਕਾਂਸੀ, ਕੁਲ 28 ਤਗ਼ਮੇ ਜਿੱਤੇ ਹਨ! ਉਹ ਓਲੰਪਿਕ ਖੇਡਾਂ ਦੇ ਇਤਿਹਾਸ ਦਾ ਸਭ ਤੋਂ ਵੱਧ ਮੈਡਲ ਜਿੱਤਣ ਵਾਲਾ ਓਲੰਪੀਅਨ ਹੈ। ਪਹਿਲਾਂ ਸੋਵੀਅਤ ਰੂਸ ਦੀ ਲਾਰੀਸਾ ਲਤੀਨੀਨਾ ਦਾ 18 ਮੈਡਲ ਜਿੱਤਣ ਦਾ ਰਿਕਾਰਡ ਸੀ। ਫੈਲਪਸ ਨੇ ਵਰਲਡ ਚੈਂਪੀਅਨਸ਼ਿਪਾਂ, ਓਲੰਪਿਕ ਖੇਡਾਂ ਤੇ ਪੈਨ ਅਮੈਰੀਕਨ ਖੇਡਾਂ ਵਿੱਚੋਂ 83 ਮੈਡਲ ਜਿੱਤਦਿਆਂ 39 ਵਰਲਡ ਰਿਕਾਰਡ ਨਵਿਆਏ। ਬੀਜਿੰਗ ਦੀਆਂ ਓਲੰਪਿਕ ਖੇਡਾਂ-2008 ਵਿੱਚੋਂ 8 ਗੋਲਡ ਮੈਡਲਾਂ ਨਾਲ 1 ਓਲੰਪਿਕ ਰਿਕਾਰਡ ਤੇ 7 ਵਰਲਡ ਰਿਕਾਰਡ ਨਵਿਆ ਕੇ ਦੁਨੀਆ ਦੰਗ ਕਰ ਦਿੱਤੀ ਸੀ ਮਾਂ ਦੇ ਪੁੱਤ ਨੇ। ਇੱਕੋ ਓਲੰਪਿਕਸ ਵਿੱਚੋਂ 8 ਗੋਲਡ ਮੈਡਲ ਤੇ 7 ਵਰਲਡ ਰਿਕਾਰਡ।

ਭਾਰਤ ਨੇ 1896 ਤੋਂ ਸ਼ੁਰੂ ਹੋਈਆ ਓਲੰਪਿਕ ਖੇਡਾਂ ਵਿੱਚੋਂ 2021 ਤੱਕ ਕੁੱਲ 10 ਗੋਲਡ ਮੈਡਲ ਜਿੱਤੇ ਹਨ। ਕਾਸ਼! ਫੈਲਪਸ ਕਿਤੇ ਭਾਰਤ ਵਿੱਚ ਜੰਮਿਆ ਹੁੰਦਾ।

ਵਿਸ਼ਵ ਦੇ ਇਸ ਉੱਡਣੇ ਤੈਰਾਕ ਨੂੰ ‘ਫਲਾਈਂਗ ਫਿਸ਼’ ਵੀ ਕਿਹਾ ਜਾਂਦੈ। ਉਸ ਨੂੰ ‘ਪਾਣੀਆਂ ਦਾ ਚੈਂਪੀਅਨ’ ਤੇ ‘ਬਾਲਟੀਮੋਰ ਬੁਲੇਟ’ ਦੇ ਖ਼ਿਤਾਬ ਵੀ ਮਿਲੇ ਹਨ। ਉਸ ਨੇ ਖੇਡਾਂ ਦੀ ਦੁਨੀਆ ਵਿੱਚ ਉਹ ਕੁਝ ਕਰ ਵਿਖਾਇਐ ਜਿਸ ਨੂੰ ਕੁਦਰਤ ਦਾ ਕ੍ਰਿਸ਼ਮਾ ਹੀ ਕਿਹਾ ਜਾ ਸਕਦੈ। ਜਿੰਨਾ ਤੇਜ਼ ਉਹ ਤੈਰਦੈ ਆਮ ਬੰਦਾ ਤਾਂ ਤੁਰ ਕੇ ਵੀ ਉਹਦੇ ਨਾਲ ਨਹੀਂ ਰਲ ਸਕਦਾ। 100 ਮੀਟਰ ਦੀ ਤਾਰੀ ਉਸ ਨੇ 8 ਮਿੰਟ ਪ੍ਰਤੀ ਕਿਲੋਮੀਟਰ ਦੀ ਰਫ਼ਤਾਰ ਨਾਲ ਤੈਰੀ। ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਉਹਦੇ ਰਿਕਾਰਡਾਂ ਨਾਲ ਭਰੀ ਪਈ ਹੈ। ਉਸ ਨੂੰ ਖੇਡਾਂ ਦੇ ਸਭ ਤੋਂ ਵੱਡੇ ਟਾਈਟਲ ‘ਲੌਰੀਅਸ ਵਰਲਡ ਸਪੋਰਟਸ ਐਵਾਰਡ’ ਨਾਲ ਸਨਮਾਨਿਆ ਗਿਐ। ਉਹਦੇ ਬਾਰੇ ਲੇਖਕਾਂ ਨੇ ਲੱਖਾਂ ਲਫਜ਼ ਲਿਖੇ ਤੇ ਵੀਡੀਓਜ਼ ਵਾਲਿਆਂ ਨੇ ਸੈਂਕੜੇ ਫਿਲਮਾਂ ਬਣਾਈਆਂ। ਉਹਦੀ ਮਸ਼ਹੂਰੀ ਦਾ ਕੋਈ ਹੱਦ ਬੰਨਾ ਨਾ ਰਿਹਾ।

ਉਸ ਨੇ 11 ਅਗਸਤ 2008 ਨੂੰ ਬੀਜਿੰਗ ਵਿੱਚ 4+100 ਮੀਟਰ ਦੀ ਰੀਲੇਅ ਤਾਰੀ ਵਿੱਚ ਆਪਣੇ ਹਿੱਸੇ ਦੀ ਤਾਰੀ 47.51 ਸੈਕੰਡ ਵਿੱਚ ਲਾਈ ਸੀ। 200 ਮੀਟਰ ਉਹ 1:42.96 ਸੈਕਿੰਡ ਵਿੱਚ ਤੈਰਿਆ ਤੇ 400 ਮੀਟਰ 3:47.79 ਸੈਕਿੰਡ ਵਿੱਚ। 2000 ਤੋਂ 2016 ਤੱਕ ਪੰਜ ਵਾਰ ਉਸ ਨੇ ਓਲੰਪਿਕ ਖੇਡਾਂ ਵਿੱਚ ਭਾਗ ਲਿਆ। ਸੱਤ ਵਾਰ ਉਹ ਵਿਸ਼ਵ ਦਾ ਸਰਬੋਤਮ ਤੈਰਾਕ ਐਲਾਨਿਆ ਗਿਆ। 2001 ਤੋਂ 16 ਤੱਕ ਵਿਸ਼ਵ ਪੱਧਰ ’ਤੇ 83 ਤਗ਼ਮੇ ਜਿੱਤ ਕੇ ਗਲ਼ ਨਾਲ ਆਪਣੀਆਂ ਬਾਂਹਵਾਂ ਵੀ ਭਰ ਲਈਆਂ। ਸਾਰੇ ਮੈਡਲ ਪਹਿਨੀ ਉਹਦੀਆਂ ਤਸਵੀਰਾਂ ਅਜਾਇਬ ਘਰਾਂ ਦੀ ਸ਼ਾਨ ਬਣੀਆਂ। ਉਸ ਨੇ ਦੋ ਕਿਤਾਬਾਂ ਵੀ ਲਿਖੀਆਂ। ਇੱਕ ਦਾ ਨਾਂ ‘ਬਿਨੀਠ ਦੀ ਸਰਫੇਸ’ ਹੈ ਤੇ ਦੂਜੀ ਦਾ ‘ਨੋ ਲਿਮਟਸ: ਦਿ ਵਿੱਲ ਟੂ ਸਕਸੀਡ’। ਬੌਬ ਨੇ ਉਸ ਦੀ ਜੀਵਨੀ ਲਿਖੀ ਹੈ ‘ਮਾਈਕਲ ਫੈਲਪਸ, ਦਿ ਅਨਟੋਲਡ ਸਟੋਰੀ ਆਫ ਏ ਚੈਂਪੀਅਨ’।

ਆਪਣੇ ਵਿਸ਼ਵ ਰਿਕਾਰਡਾਂ ਬਾਰੇ ਫੈਲਪਸ ਦਾ ਕਹਿਣਾ ਹੈ, ਰਿਕਾਰਡ ਕਿੰਨੇ ਵੀ ਅਟੁੱਟ ਕਹੇ ਜਾਣ, ਆਖ਼ਰ ਟੁੱਟਣ ਲਈ ਹੁੰਦੇ ਹਨ। ਜੇ ਉਸ ਨੇ ਪਹਿਲੇ ਤਾਰੂਆਂ ਦੇ ਰਿਕਾਰਡ ਤੋੜੇ ਨੇ ਤਾਂ ਕੋਈ ਵਜ੍ਹਾ ਨਹੀਂ ਕਿ ਉਸ ਦੇ ਰਿਕਾਰਡ ਕੋਈ ਹੋਰ ਨਾ ਤੋੜੇ। ਇਹ ਵੱਖਰੀ ਗੱਲ ਹੈ ਕਿ ਸਮਾਂ ਘੱਟ ਲੱਗੇ ਜਾਂ ਵੱਧ। ਉਹ ਆਸ਼ਾਵਾਦੀ ਹੈ, ਪਰ ਫੋਕੇ ਫੈਂਟਰ ਨਹੀਂ ਮਾਰਦਾ। ਨਾ ਜਿੱਤ ਦੇ ਅਫਰੇਵੇਂ ਵਿੱਚ ਹੈਂਕੜ ਵਿਖਾਉਂਦੈ। ਉਸ ਨੇ ਮਿਸ਼ੀਗਨ ਯੂਨੀਵਰਸਿਟੀ ਵਿੱਚ ਚਾਰ ਸਾਲ ਲਾਏ ਸਨ ਜਿੱਥੇ ਪੰਜਾਬੀ ਲੇਖਕ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਇੰਜਨੀਅਰਿੰਗ ਦੀ ਉਚੇਰੀ ਪੜ੍ਹਾਈ ਕੀਤੀ ਸੀ। ਫੈਲਪਸ ਉੱਥੇ ਸਪੋਰਟਸ ਮਾਰਕੀਟਿੰਗ ਐਂਡ ਮੈਨੇਜਮੈਂਟ ਦੇ ਕੋਰਸ ਦਾ ਵਿਦਿਆਰਥੀ ਸੀ ਜੋ ਤੈਰਨ ਦੀ ਕੋਚਿੰਗ ਵੀ ਲੈਂਦਾ ਰਿਹਾ।

ਉਹਦਾ ਪਰਿਵਾਰਕ ਨਾਂ ਮਾਈਕਲ ਫਰੈੱਡ ਫੈਲਪਸ ਦੂਜਾ ਹੈ। ਉਸ ਦਾ ਜਨਮ 30 ਜੂਨ 1985 ਨੂੰ ਅਮਰੀਕਾ ਦੇ ਸ਼ਹਿਰ ਬਾਲਟੀਮੋਰ ਲਾਗੇ ਟਾਊਸਨ, ਮੈਰੀਲੈਂਡ ਵਿੱਚ ਹੋਇਆ। ਉਹ ਦੋ ਭੈਣਾਂ ਦਾ ਛੋਟਾ ਭਰਾ ਹੈ। ਵੱਡੀ ਭੈਣ ਵਿਟਨੀ 1978 ਵਿੱਚ ਜੰਮੀ ਤੇ ਛੋਟੀ ਹਿਲੈਰੀ 1980 ਵਿੱਚ। ਉਨ੍ਹਾਂ ਦੀ ਮਾਂ ਮਿਡਲ ਸਕੂਲ ਦੀ ਪ੍ਰਿੰਸੀਪਲ ਸੀ। ਪਿਤਾ ਫੁੱਟਬਾਲ ਦਾ ਸ਼ੌਕੀ ਤੇ ਲਹਿਰੀ ਸੁਭਾਅ ਦਾ ਬੰਦਾ ਸੀ। ਫੈਲਪਸ 9 ਸਾਲਾਂ ਦਾ ਸੀ ਜਦੋਂ ਉਹਦਾ ਪਿਤਾ ਉਹਦੀ ਮਾਂ ਨੂੰ ਤਲਾਕ ਦੇ ਕੇ ਚਲਾ ਗਿਆ ਤੇ ਕਿਸੇ ਹੋਰ ਨਾਲ ਵਿਆਹ ਕਰ ਲਿਆ। ਬੱਚਿਆਂ ਦਾ ਪਾਲਣ ਪੋਸ਼ਣ ਤੇ ਪੜ੍ਹਾਈ ਮਾਂ ਨੇ ਕਰਾਈ। ਫੈਲਪਸ ਦੇ ਪੁਰਖਿਆਂ ਦਾ ਪਿਛੋਕੜ, ਇੰਗਲਿਸ਼, ਆਇਰਸ਼, ਸਕਾਟਿਸ਼, ਵੈਲਿਸ਼ ਤੇ ਜਰਮਨ ਦੀ ਅੰਸ਼-ਵੰਸ਼ ਦਾ ਹੈ। ਉਹਦੇ ਵਿੱਚ ਦੋਗਲੀਆਂ ਨਸਲਾਂ ਦਾ ਲਹੂ ਤੈਰਦੈ!

ਫੈਲਪਸ ਨੂੰ ਨਿੱਕੇ ਹੁੰਦਿਆਂ ਹੀ ਅਟੈਨਸ਼ਨ ਡੈਫੀਸਿਟ ਡਿਸਆਰਡਰ ਦੀ ਬਿਮਾਰੀ ਸੀ। ਪਰ ਉਸ ਵਿੱਚ ਲੋਹੜੇ ਦੀ ਊਰਜਾ ਸੀ ਜੋ ਉਸ ਨੂੰ ਟਿਕਾਅ ਨਹੀਂ ਸੀ ਲੈਣ ਦਿੰਦੀ। ਉਹਦੇ ਮਾਪਿਆਂ ਨੂੰ ਡਾਕਟਰਾਂ ਨੇ ਸਲਾਹ ਦਿੱਤੀ ਕਿ ਇਹਨੂੰ ਤੈਰਨ ਲਾਓ। ਫੈਲਪਸ ਪਾਣੀ ਵਿੱਚ ਸਿਰ ਡਬੋਣ ਤੋਂ ਡਰਦਾ ਸੀ। ਉਸ ਨੂੰ ਸੇਫਟੀ ਜੈਕਟ ਪੁਆ ਕੇ ਪਾਣੀ ਵਿੱਚ ਉਤਾਰਿਆ ਤਾਂ ਉਸ ਨੇ ਪਹਿਲਾਂ ਪੁੱਠੀ ਤਾਰੀ ਲਾਈ, ਫਿਰ ਸਿੱਧੀ। ਉਹ 7 ਸਾਲਾਂ ਦਾ ਸੀ ਜਦੋਂ ਆਪਣੀਆਂ ਭੈਣਾਂ ਨੂੰ ਤੈਰਦੀਆਂ ਵੇਖ ਤੈਰਨ ਲੱਗ ਪਿਆ। ਅਚਾਨਕ ਕੋਚ ਬੌਬ ਬਾਊਮੈਨ ਦੀਆਂ ਨਜ਼ਰਾਂ ਵਿੱਚ ਆ ਗਿਆ ਜਿਸ ਨੇ ਉਸ ਨੂੰ ਕੋਚਿੰਗ ਦੇਣੀ ਸ਼ੁਰੂ ਕਰ ਦਿੱਤੀ। ਉਹ ਹਾਲੇ 15 ਸਾਲਾਂ ਦਾ ਸੀ ਕਿ ਸਿਡਨੀ ਦੀਆਂ ਓਲੰਪਿਕ ਖੇਡਾਂ-2000 ਲਈ ਅਮਰੀਕਾ ਦੀ ਰਿਲੇਅ ਟੀਮ ਵਿੱਚ ਚੁਣਿਆ ਗਿਆ। ਅਮਰੀਕਾ ਦੀ ਤੈਰਾਕੀ ਦੇ 70 ਸਾਲਾਂ ਵਿੱਚ ਪਹਿਲੀ ਵਾਰ ਸੀ ਕਿ ਏਨੀ ਛੋਟੀ ਉਮਰ ਦਾ ਤੈਰਾਕ ਅਮਰੀਕਾ ਦੀ ਟੀਮ ਵਿੱਚ ਚੁਣਿਆ ਗਿਆ। ਸਿਡਨੀ ਤੋਂ ਉਹ ਕੋਈ ਤਗ਼ਮਾ ਤਾਂ ਨਾ ਜਿੱਤ ਸਕਿਆ, ਪਰ ਉੱਥੋਂ ਨਵਾਂ ਉਤਸ਼ਾਹ ਲੈ ਕੇ ਮੁੜਿਆ।

ਸਿਡਨੀ ਤੋਂ ਮੁੜ ਕੇ 15 ਸਾਲ 9 ਮਹੀਨੇ ਦੀ ਛੋਟੀ ਉਮਰ ਵਿੱਚ ਮਾਈਕਲ ਫੈਲਪਸ ਨੇ 200 ਮੀਟਰ ਬਟਰ ਫਲਾਈ ਤਾਰੀ ਦਾ ਵਿਸ਼ਵ ਰਿਕਾਰਡ ਤੋੜ ਦਿੱਤਾ! ਉਹਦੀ ਹੋਣਹਾਰੀ ਦੀਆਂ ਧੁੰਮਾਂ ਪੈ ਗਈਆਂ। 2001 ਵਿੱਚ ਉਸ ਨੇ 400 ਮੀਟਰ ਫਰੀ ਸਟਾਈਲ ਤਾਰੀ ਦਾ ਵੀ ਨਵਾਂ ਵਰਲਡ ਰਿਕਾਰਡ ਰੱਖਿਆ। ਫਿਰ ਉਹਦੀਆਂ ਕੌਮਾਂਤਰੀ ਜਿੱਤਾਂ ਦਾ ਦੌਰ ਸ਼ੁਰੂ ਹੋ ਗਿਆ। ਉਸ ਦਾ ਕੱਦ ਵੀ 6 ਫੁੱਟ 4 ਇੰਚ ਉੱਚਾ ਹੋ ਗਿਆ ਤੇ ਵਜ਼ਨ 88 ਕਿਲੋਗ੍ਰਾਮ। ਹੁਣ ਤਾਂ ਸੁੱਖ ਨਾਲ 90 ਕਿਲੋ ਹੈ। ਉਹਦੀਆਂ ਲੱਤਾਂ ਬਾਹਾਂ ਲੰਮੀਆਂ ਹਨ, ਲੱਕ ਪਤਲਾ, ਮੋਢੇ ਚੌੜੇ ਤੇ ਜੁੱਸਾ ਗੁੰਦਵਾਂ। ਧੌਣ ਲੰਮੀ, ਠੋਡੀ ਚੌੜੀ, ਸਿਰ ਦਾ ਆਕਾਰ ਛੋਟਾ ਜਿਸ ਕਰਕੇ ਧੌਣ ਵਰਗਾ ਹੀ ਲੱਗਦੈ। ਚਿਹਰਾ ਲੰਮੂਤਰਾ ਹੈ, ਅੱਖਾਂ ਨਸਵਾਰੀ ਤੇ ਸਿਹਲੀਆਂ ਸੰਘਣੀਆਂ। ਹੱਸਦਾ ਹੈ ਤਾਂ ਗੋਲ ਬੁੱਲ੍ਹਾਂ ਵਿੱਚੋਂ ਚਿੱਟੇ ਦੰਦ ਚਮਕਦੇ ਹਨ। ਪਿੰਡੇ ’ਤੇ ਵਾਲ ਨਾਂਮਾਤਰ, ਹੱਥ ਚੌੜੇ ਚਪਟੇ ਚੱਪੂਆਂ ਵਰਗੇ, ਕੰਨ ਵੱਡੇ ਤੇ ਸਿਰ ਦੇ ਵਾਲ ਛੋਟੇ ਹਨ। ਜੇ ਬਾਹਾਂ ਖਿਲਾਰ ਕੇ ਮਿਣਤੀ ਕਰਾਵੇ ਤਾਂ ਉਹਦੇ ਪੁਰ ਦੀ ਲੰਬਾਈ 2.01 ਮੀਟਰ ਬਣਦੀ ਹੈ।

ਉਸ ਨੇ 2003 ਵਿੱਚ ਟਾਊਸਨ ਦੇ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ। 2004 ਤੋਂ 2008 ਤੱਕ ਉਹ ਐਨ ਆਰਬਰ ਰਿਹਾ। ਉੱਥੇ ਉਸ ਦੇ ਕੋਚ ਬੌਬ ਨੂੰ ਮਿਸ਼ੀਗਨ ਯੂਨੀਵਰਸਿਟੀ ਦੀ ਜੌਬ ਮਿਲ ਗਈ ਸੀ। ਚਾਰ ਸਾਲਾਂ ਬਾਅਦ ਬੌਬ ਬਾਲਟੀਮੋਰ ਮੁੜਿਆ ਤਾਂ ਉਹ ਵੀ ਨਾਲ ਈ ਮੁੜ ਪਿਆ। 2003 ਵਿੱਚ ਤੈਰਾਕੀ ਦੀ ਵਿਸ਼ਵ ਚੈਂਪੀਅਨਸ਼ਿਪ ਵਿੱਚੋਂ ਉਸ ਨੇ 4 ਗੋਲਡ ਤੇ 2 ਸਿਲਵਰ ਮੈਡਲ ਜਿੱਤੇ। 2004 ਵਿੱਚ ਏਥਨਜ਼ ਦੀਆਂ ਓਲੰਪਿਕ ਖੇਡਾਂ ਵਿੱਚੋਂ ਉਸ ਨੇ 6 ਸੋਨੇ ਤੇ 2 ਤਾਂਬੇ ਦੇ ਤਗ਼ਮੇ ਜਿੱਤਦਿਆਂ 3 ਓਲੰਪਿਕ ਤੇ 2 ਵਰਲਡ ਰਿਕਾਰਡ ਨਵਿਆਏ। 2005 ਦੀ ਵਰਲਡ ਚੈਂਪੀਅਨਸ਼ਿਪ ਵਿੱਚ ਉਸ ਨੇ 1 ਸਿਲਵਰ ਤੇ 5 ਗੋਲਡ ਮੈਡਲ ਜਿੱਤੇ। 2007 ਦੀ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ਵਿੱਚ ਉਹ 7 ਸੋਨੇ ਦੇ ਤਗ਼ਮੇ ਜਿੱਤਣ ਨਾਲ 5 ਵਿਸ਼ਵ ਰਿਕਾਰਡ ਰੱਖ ਗਿਆ!

ਏਥਨਜ਼-2004 ਦੀਆਂ ਓਲੰਪਿਕ ਖੇਡਾਂ ਵਿੱਚ ਫੈਲਪਸ 200 ਮੀਟਰ ਫਰੀ ਸਟਾਈਲ ਤਾਰੀ ਵਿੱਚ ਆਸਟਰੇਲੀਆ ਦੇ ਤੈਰਾਕ ਇਆਨ ਥੋਰਪੇ ਤੋਂ ਹਾਰ ਗਿਆ ਸੀ। ਬੀਜਿੰਗ ਦੀਆਂ ਓਲੰਪਿਕ ਖੇਡਾਂ-2008 ਤੋਂ ਪਹਿਲਾਂ ਇਆਨ ਥੋਰਪੇ ਨੇ ਭਵਿੱਖਬਾਣੀ ਕੀਤੀ ਸੀ ਕਿ ਕੋਈ ਵੀ ਤੈਰਾਕ ਇੱਕੋ ਓਲੰਪਿਕਸ ਵਿੱਚੋਂ ਅਮਰੀਕਾ ਦੇ ਹਵਾਈ ਤੈਰਾਕ ਮਾਰਕ ਸਪਿਟਜ਼ ਦਾ 7 ਸੋਨ ਤਗ਼ਮੇ ਜਿੱਤਣ ਦਾ ਰਿਕਾਰਡ ਕਦੇ ਵੀ ਨਹੀਂ ਤੋੜ ਸਕੇਗਾ, ਪਰ ਮਾਈਕਲ ਫੈਲਪਸ ਨੇ ਬੀਜਿੰਗ ਤੋਂ 8 ਗੋਲਡ ਮੈਡਲ ਜਿੱਤ ਕੇ ਥੋਰਪੇ ਦੀ ਭਵਿੱਖਬਾਣੀ ਝੁਠਲਾ ਦਿੱਤੀ।

ਲੰਡਨ-2012 ਦੀਆਂ ਓਲੰਪਿਕ ਖੇਡਾਂ ਵਿੱਚ ਮਾਈਕਲ ਫੈਲਪਸ ਤੇ ਉਸੈਨ ਬੋਲਟ ਦੀ ਚਰਚਾ ਸਭ ਤੋਂ ਵੱਧ ਸੀ। ਸੁਆਲ ਸੀ, ਕੀ ਉਹ ਬੀਜਿੰਗ ਦੀਆਂ ਜਿੱਤਾਂ ਨੂੰ ਦੁਹਰਾਅ ਸਕਣਗੇ? ਉੱਥੇ ਫੈਲਪਸ ਨੇ 4 ਸੋਨੇ ਤੇ 2 ਚਾਂਦੀ ਦੇ ਤਗ਼ਮੇ ਜਿੱਤੇ। ਲੰਡਨ ਦੀਆਂ ਓਲੰਪਿਕ ਖੇਡਾਂ ਵਿੱਚ ਭਾਗ ਲੈ ਕੇ ਫੈਲਪਸ ਤੈਰਨ ਤੋਂ ਰਿਟਾਇਰ ਹੋ ਗਿਆ ਸੀ। ਬਾਅਦ ਵਿੱਚ ਖ਼ਬਰਾਂ ਆਈਆਂ, ਸੰਭਵ ਹੈ ਉਹ 2016 ਵਿੱਚ ਰੀਓ ਡੀ ਜਨੇਰੋ ਦੀਆਂ ਓਲੰਪਿਕ ਖੇਡਾਂ ਵਿੱਚ ਵੀ ਭਾਗ ਲੈ ਲਵੇ। ਉਸ ਨੇ 31 ਸਾਲ ਦੀ ਉਮਰੇ ਸੱਚਮੁੱਚ ਰੀਓ ਦੀਆਂ ਓਲੰਪਿਕ ਖੇਡਾਂ ਵਿੱਚ ਭਾਗ ਲਿਆ ਅਤੇ 5 ਸੋਨੇ ਤੇ 1 ਚਾਂਦੀ ਦਾ ਤਗ਼ਮਾ ਜਿੱਤ ਕੇ ਤੈਰਾਕੀ ਤੋਂ ਰਿਟਾਇਰ ਹੋਇਆ।

ਕਈਆਂ ਨੇ ਸ਼ੱਕ ਪ੍ਰਗਟ ਕੀਤਾ ਸੀ ਕਿ ਫੈਲਪਸ ਕਿਤੇ ਡੋਪਿੰਗ ਨਾ ਕਰਦਾ ਹੋਵੇ। ਵਾਡਾ ਵੱਲੋਂ ਉਸ ਦਾ 9 ਵਾਰ ਡੋਪ ਟੈਸਟ ਹੋਇਆ। ਉਹ ਹਰ ਵਾਰ ਖਰਾ ਖਿਡਾਰੀ ਨਿਕਲਿਆ। ਲਾਜ਼ਮੀ ਡੋਪ ਟੈਸਟਾਂ ਤੋਂ ਬਿਨਾਂ ਉਹ ਵਾਧੂ ਟੈਸਟਾਂ ਲਈ ਵੀ ਆਪਣੇ ਆਪ ਨੂੰ ਪੇਸ਼ ਕਰਦਾ ਰਿਹਾ। ਇਹ ਵੱਖਰੀ ਗੱਲ ਹੈ ਕਿ 19 ਸਾਲ ਦੀ ਉਮਰੇ ਉਹ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ ਸੀ। ਏਥਨਜ਼ ਦੀਆਂ ਓਲੰਪਿਕ ਖੇਡਾਂ ਵਿੱਚੋਂ 8 ਮੈਡਲ ਜਿੱਤ ਕੇ ਮੁੜਿਆ ਤਾਂ ਸ਼ਰਾਬ ਦੇ ਸਰੂਰ ਵਿੱਚ ਆਪਣੇ ਸ਼ਹਿਰ ਨੇੜੇ ਸੈਲਿਸਬਰੀ ਦੇ ਇੱਕ ‘ਸਟਾਪ’ ਸਾਈਨ ’ਤੇ ਨਾ ਰੁਕਿਆ। ਸਿੱਧਾ ਲੰਘ ਜਾਣ ’ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜੁਰਮਾਨਾ ਹੋਇਆ ਤੇ 18 ਮਹੀਨੇ ਦੀ ਪ੍ਰੋਬੇਸ਼ਨ ਲੱਗੀ। ਉਸ ਨੂੰ ਸਕੂਲ ਦੇ ਬੱਚਿਆਂ ਸਾਹਮਣੇ, ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਔਗਣਾਂ ਬਾਰੇ ਭਾਸ਼ਨ ਦੇਣ ਦੀ ਸਜ਼ਾ ਭੁਗਤਣੀ ਪਈ। ਉਸ ਨੇ ਮੰਨਿਆ ਕਿ ਅੱਗੋਂ ਉਹ ਅਜਿਹੀ ਗ਼ਲਤੀ ਨਹੀਂ ਕਰੇਗਾ।

ਫੈਲਪਸ ਦਿਲ ਦਾ ਦਿਆਲੂ ਹੈ। ਉਸ ਨੇ ਆਪਣੇ ਸਪਾਂਸਰ ‘ਸਪੀਡ’ ਤੋਂ ਮਿਲੇ ਦਸ ਲੱਖ ਡਾਲਰਾਂ ਦੇ ਵਜ਼ੀਫ਼ੇ ਨਾਲ ਆਪਣੇ ਸ਼ਹਿਰ ਵਿੱਚ ਮਾਈਕਲ ਫੈਲਪਸ ਫਾਊਂਡੇਸ਼ਨ ਬਣਾਈ ਜੋ ਬੱਚਿਆਂ ਨੂੰ ਸਿਹਤ ਨਰੋਈ ਰੱਖਣ, ਤੈਰਾਕੀ ਦੀ ਕੋਚਿੰਗ ਦੇਣ ਤੇ ਵਧੀਆ ਇਨਸਾਨ ਬਣਨ ਦੀ ਲਗਨ ਲਾਉਣ ਲਈ ਹੈ। ਉਹਦੇ ਸ਼ਹਿਰ ਵਾਸੀਆਂ ਨੇ ਇੱਕ ਸੜਕ ਦਾ ਨਾਂ ‘ਮਾਈਕਲ ਫੈਲਪਸ ਵੇਅ’ ਰੱਖ ਦਿੱਤਾ ਹੈ। ਉਸ ਦਾ ਵਿਆਹ ਕਲੋਰਾਡੋ ਦੀ ਜੰਮਪਲ ਮਿਸ ਅਮਰੀਕਾ, ਨਿਕੁਲ ਜੌਨ੍ਹਸਨ ਨਾਲ 2016 ਵਿੱਚ ਹੋਇਆ। ਉਨ੍ਹਾਂ ਦੇ ਤਿੰਨ ਪੁੱਤਰ ਵਿਹੜੇ ਦੇ ਭਾਗ ਹਨ। ਫੈਲਪਸ ਨੇ ਆਪਣੇ ਖੇਡ ਕੈਰੀਅਰ ਵਿੱਚ 39 ਵਿਸ਼ਵ ਰਿਕਾਰਡ ਰੱਖੇ ਜਿਨ੍ਹਾਂ ਵਿੱਚ 29 ਵਿਅਕਤੀਗਤ ਤੇ 10 ਰਿਲੇਅ ਟੀਮਾਂ ਦੇ ਹਨ। ਉਸ ਤੋਂ ਪਹਿਲਾਂ ਅਮਰੀਕਾ ਦੇ ਹੀ ਮਾਰਕ ਸਪਿਟਜ਼ ਨੇ 33 ਵਿਸ਼ਵ ਰਿਕਾਰਡ ਰੱਖੇ ਸਨ ਜਿਨ੍ਹਾਂ ਵਿੱਚ 26 ਵਿਅਕਤੀਗਤ ਤੇ 7 ਰਿਲੇਅ ਟੀਮਾਂ ਦੇ ਸਨ। 37 ਸਾਲਾਂ ਦੇ ਉੱਡਣੇ ਤੈਰਾਕ ਮਾਈਕਲ ਫੈਲਪਸ ਦਾ ਕਹਿਣਾ ਹੈ ਕਿ ਹੁਣ ਉਹਦਾ ਪੂਲ ਦੇ ਪਾਣੀਆਂ ਤੋਂ ਜੀਅ ਭਰ ਗਿਆ ਹੈ ਤੇ ਉਹ ਸਾਗਰਾਂ ਵਿੱਚ ਤੈਰਨ ਦੇ ਸੁਫ਼ਨੇ ਲੈ ਰਿਹੈ! ਵੇਖਦੇ ਹਾਂ ਖੁੱਲ੍ਹੇ ਸਾਗਰਾਂ ਨੂੰ ਉਹ ਕਦੋਂ ਰੰਗ ਭਾਗ ਲਾਉਂਦੈ?