ਵਿਸ਼ਵ ਚੈਂਪੀਅਨਸ਼ਿਪ: ਭਾਰਤੀ ਨਿਸ਼ਾਨੇਬਾਜ਼ਾਂ ਨੇ ਪੰਜਵਾਂ ਸੋਨ ਤਗ਼ਮਾ ਫੁੰਡਿਆ

ਵਿਸ਼ਵ ਚੈਂਪੀਅਨਸ਼ਿਪ: ਭਾਰਤੀ ਨਿਸ਼ਾਨੇਬਾਜ਼ਾਂ ਨੇ ਪੰਜਵਾਂ ਸੋਨ ਤਗ਼ਮਾ ਫੁੰਡਿਆ

ਕਾਹਿਰਾ: ਇੱਥੇ ਆਈਐੱਸਐੱਸਐੱਫ ਵਿਸ਼ਵ ਚੈਂਪੀਅਨਸ਼ਿਪ ਵਿੱਚ ਅੱਜ ਭਾਰਤ ਦੇ ਰੁਦਰਕਸ਼ ਬਾਲਾਸਾਹਿਬ ਪਾਟਿਲ, ਕਿਰਨ ਅੰਕੁਸ਼ ਜਾਧਵ ਅਤੇ ਅਰਜੁਨ ਬਬੂਤਾ ਦੀ ਤਿੱਕੜੀ ਨੇ ਪੁਰਸ਼ 10 ਮੀਟਰ ਏਅਰ ਰਾਈਫਲ ਮੁਕਾਬਲੇ ਦੇ ਫਾਈਨਲ ਵਿੱਚ ਚੀਨ ਨੂੰ 16-10 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ ਹੈ। ਚੈਂਪੀਅਨਸ਼ਿਪ ਵਿੱਚ ਭਾਰਤ ਦਾ ਇਹ ਪੰਜਵਾਂ ਸੋਨ ਤਗ਼ਮਾ ਹੈ। ਫਾਈਨਲ ’ਚ ਭਾਰਤੀ ਟੀਮ ਨੇ ਸ਼ਾਨਦਾਰ ਸ਼ੁਰੂਆਤ ਕਰਦਿਆਂ 14-2 ਲੀਡ ਹਾਸਲ ਕੀਤੀ। ਚੀਨ ਦੀ ਟੀਮ ਨੇ ਵਾਪਸੀ ਕਰਦਿਆਂ ਅਗਲੀਆਂ ਚਾਰ ਸੀਰੀਜ਼ ਜਿੱਤ ਕੇ ਸਕੋਰ 10-14 ਕਰ ਦਿੱਤਾ ਪਰ ਭਾਰਤੀ ਨਿਸ਼ਾਨੇਬਾਜ਼ਾਂ ਨੇ ਅਗਲੀ ਸੀਰੀਜ਼ ਜਿੱਤ ਕੇ ਸੋਨ ਤਗ਼ਮਾ ਆਪਣੇ ਨਾਂ ਕਰ ਲਿਆ। ਰੁਦਰਕਸ਼ ਦਾ ਸੀਨੀਅਰ ਪੱਧਰ ’ਤੇ ਆਪਣੀ ਪਹਿਲੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਹੀ ਇਹ ਦੂਜਾ ਸੋਨ ਤਗ਼ਮਾ ਹੈ। ਉਸ ਨੇ ਪਹਿਲਾਂ 10 ਮੀਟਰ ਰਾਈਫਲ ਵਿੱਚ ਵਿਅਕਤੀਗਤ ਮੁਕਾਬਲੇ ਵਿੱਚ ਵੀ ਸੋਨ ਤਗ਼ਮਾ ਜਿੱਤਿਆ ਸੀ। ਇਸੇ ਦੌਰਾਨ ਮਹਿਲਾ 10 ਮੀਟਰ ਏਅਰ ਪਿਸਟਲ ਟੀਮ ਨੇ ਵੀ ਸੋਨ ਤਗ਼ਮੇ ਲਈ ਮੁਕਾਬਲੇ ਵਿੱਚ ਜਗ੍ਹਾ ਬਣਾ ਲਈ ਹੈ ਜਿਸ ਨਾਲ ਭਾਰਤ ਦਾ ਇੱਕ ਹੋਰ ਤਗ਼ਮਾ ਪੱਕਾ ਹੋ ਗਿਆ ਹੈ।