ਵਿਰੋਧੀ ਪਾਰਟੀ ’ਤੇ ਭਾਜਪਾ ਦਾ ਵਿਰੋਧ ਕਰਦੇ-ਕਰਦੇ ਭਾਰਤ ਦਾ ਵਿਰੋਧ ਸ਼ੁਰੂ ਕਰਨ ਦੇ ਦੋਸ਼ ਲਗਾਏ

ਵਿਰੋਧੀ ਪਾਰਟੀ ’ਤੇ ਭਾਜਪਾ ਦਾ ਵਿਰੋਧ ਕਰਦੇ-ਕਰਦੇ ਭਾਰਤ ਦਾ ਵਿਰੋਧ ਸ਼ੁਰੂ ਕਰਨ ਦੇ ਦੋਸ਼ ਲਗਾਏ

ਜੋਧਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਦੀ ਦੁਨੀਆ ਭਰ ਵਿੱਚ ਪੈ ਰਹੀ ਗੂੰਜ ਕਾਰਨ ਕਾਂਗਰਸ ਪ੍ਰੇਸ਼ਾਨ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਨੇ ਭਾਜਪਾ ਦਾ ਵਿਰੋਧ ਕਰਦੇ-ਕਰਦੇ ਭਾਰਤ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ। ਰਾਜਸਥਾਨ ਜਿੱਥੇ ਕਿ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ, ਵਿੱਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਅਸ਼ੋਕ ਗਹਿਲੋਤ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਰਾਜਸਥਾਨ ਵਿੱਚ ‘ਪੇਪਰ ਲੀਕ ਮਾਫੀਆ’ ਨੇ ਲੱਖਾਂ ਨੌਜਵਾਨਾਂ ਦਾ ਭਵਿੱਖ ਖ਼ਰਾਬ ਕਰ ਦਿੱਤਾ ਹੈ ਅਤੇ ਉਹ ਨਿਆਂ ਦੀ ਮੰਗ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਇਸ ਦੌਰਾਨ ‘ਲਾਲ ਡਾਇਰੀ’ ਬਾਰੇ ਗੱਲ ਵੀ ਕੀਤੀ। ਉਨ੍ਹਾਂ ਰਾਜਸਥਾਨ ਸਰਕਾਰ ’ਚੋਂ ਹਟਾਏ ਗਏ ਮੰਤਰੀ ਰਾਜੇਂਦਰ ਗੁੜਾ ਦੇ ਹਵਾਲੇ ਨਾਲ ਕਿਹਾ ਕਿ ਇਸ ਵਿੱਚ ਕਾਂਗਰਸ ਵੱਲੋਂ ਕੀਤੇ ਭ੍ਰਿਸ਼ਟਾਚਾਰ ਦੀ ਹਰੇਕ ਕਾਲੀ ਕਰਤੂਤ ਦਰਜ ਹੈ ਅਤੇ ਇਸ ਦਾ ਖੁਲਾਸਾ ਕਰਨ ਲਈ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣਾਉਣੀ ਹੋਵੇਗੀ। ਮੋਦੀ ਨੇ ਸੂਬੇ ਵਿੱਚ ਅੱਜ ਦੋ ਹਫ਼ਤਿਆਂ ਦੇ ਅੰਦਰ ਇਹ ਤੀਜੀ ਰੈਲੀ ਕੀਤੀ ਹੈ। ਇਹ ਰੈਲੀ ਜੋਧਪੁਰ ਵਿੱਚ ਪੈਂਦੇ ਵਿਧਾਨ ਸਭਾ ਹਲਕਾ ਸਰਦਾਰਪੁਰਾ ਵਿੱਚ ਰਾਵਣ ਕਾ ਚਬੂਤਰਾ ਮੈਦਾਨ ’ਚ ਕੀਤੀ ਗਈ। ਇਹ ਮੁੱਖ ਮੰਤਰੀ ਗਹਿਲੋਤ ਦੀ ਸੀਟ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਨੂੰ ਨਾ ਤਾਂ ਕਿਸਾਨਾਂ ਦੀ ਪ੍ਰਵਾਹ ਹੈ ਤੇ ਨਾ ਹੀ ਜਵਾਨਾਂ ਦੀ। ਮੋਦੀ ਨੇ ਕਿਹਾ ਕਿ ਕਾਂਗਰਸੀ ਕਦੇ ਵੀ ਮਹਿਲਾ ਰਾਖਵਾਂਕਰਨ ਦੇ ਸਮਰਥਨ ਵਿੱਚ ਨਹੀਂ ਸਨ। ਇਸ ਵਾਸਤੇ ਇਹ ਕਾਨੂੰਨ ਬਣਨ ਤੋਂ ਬਾਅਦ, ਇਹ ਲੋਕ ਬੁਖਲਾਹਟ ਵਿੱਚ ਆ ਗਏ।’’ ਇਸ ਤੋਂ ਪਹਿਲਾਂ ਉਨ੍ਹਾਂ ਨੇ ਜੋਧਪੁਰ ਵਿੱਚ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਤੇ ਨੀਂਹ ਪੱਥਰ ਰੱਖੇ।