ਵਿਰੋਧੀ ਧਿਰ ਲਗਾਤਾਰ ਬਦਲ ਰਹੀ ਹੈ ਬਿਆਨ: ਭਾਜਪਾ

ਵਿਰੋਧੀ ਧਿਰ ਲਗਾਤਾਰ ਬਦਲ ਰਹੀ ਹੈ ਬਿਆਨ: ਭਾਜਪਾ

ਨਵੀਂ ਦਿੱਲੀ- ਮਨੀਪੁਰ ਦੇ ਹਾਲਾਤ ਬਾਰੇ ਰਾਜ ਸਭਾ ’ਚ ਚਰਚਾ ’ਚ ਸ਼ਾਮਲ ਹੋਣ ਤੋਂ ਵਿਰੋਧੀ ਧਿਰ ਵੱਲੋਂ ਇਨਕਾਰ ਕਰਨ ’ਤੇ ਭਾਜਪਾ ਨੇ ਉਸ ’ਤੇ ਲਗਾਤਾਰ ਬਿਆਨ ਬਦਲਣ ਦਾ ਦੋਸ਼ ਲਾਇਆ। ਭਾਜਪਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ ਜਦੋਂ ਵੀ ਸਦਨ ’ਚ ਬੋਲੇ ਹਨ ਤਾਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਲਗਾਤਾਰ ਉਨ੍ਹਾਂ ਦੇ ਭਾਸ਼ਨ ’ਚ ਟੋਕਾ-ਟੋਕੀ ਕੀਤੀ ਸੀ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਵਿਰੋਧੀ ਧਿਰ ਮਨੀਪੁਰ ਮੁੱਦੇ ’ਤੇ ‘ਮਗਰਮੱਛ ਦੇ ਹੰਝੂ’ ਵਹਾਅ ਰਹੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦਾ ਵਫ਼ਦ ਮਨੀਪੁਰ ਗਿਆ ਸੀ ਅਤੇ ਉਹ ਸੰਸਦ ਨੂੰ ਦੱਸੇ ਕਿ ਉਨ੍ਹਾਂ ਮਨੀਪੁਰ ’ਚ ਕੀ ਕੁਝ ਦੇਖਿਆ ਹੈ। ‘ਪ੍ਰਦਰਸ਼ਨ ਦੌਰਾਨ ਕਾਲੇ ਕੱਪੜੇ ਪਹਿਨਣ ਵਾਂਗ ਵਿਰੋਧੀ ਧਿਰ ਦੇ ਇਰਾਦੇ ਵੀ ਕਾਲੇ ਹਨ।’ ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਤਿੰਨ ਦਿਨਾਂ ਲਈ ਮਨੀਪੁਰ ਗਏ ਸਨ ਅਤੇ ਉਨ੍ਹਾਂ ਲੋਕਾਂ ਨੂੰ ਰਾਹਤ ਦੇਣ ਦਾ ਭਰੋਸਾ ਦਿੱਤਾ ਸੀ। ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਵਿਰੋਧੀ ਧਿਰ ਵੱਲੋਂ ਬੇਭਰੋਸਗੀ ਮਤੇ ’ਤੇ ਚਰਚਾ ਨਾ ਕਰਾਉਣ ਦੇ ਲਾਏ ਜਾ ਰਹੇ ਦੋਸ਼ਾਂ ਨੂੰ ਨਕਾਰਿਆ। ਰਾਜ ਸਭਾ ’ਚ ਸਦਨ ਦੇ ਆਗੂ ਨੇ ਕਿਹਾ ਕਿ ਲੋਕ ਸਭਾ ’ਚ ਸਰਕਾਰ ਕੋਲ ਦੋ-ਤਿਹਾਈ ਬਹੁਮਤ ਹੈ ਅਤੇ ਸਰਕਾਰ ਡਿੱਗਣ ਦਾ ਕੋਈ ਖ਼ਤਰਾ ਨਹੀਂ ਹੈ।