ਵਿਰੋਧੀ ਤਾਕਤਾਂ ਸੂਬੇ ਦਾ ਕੁਝ ਨਹੀਂ ਵਿਗਾੜ ਸਕਦੀਆਂ: ਸੰਧਵਾਂ

ਵਿਰੋਧੀ ਤਾਕਤਾਂ ਸੂਬੇ ਦਾ ਕੁਝ ਨਹੀਂ ਵਿਗਾੜ ਸਕਦੀਆਂ: ਸੰਧਵਾਂ

ਨੂਰਪੁਰ ਬੇਦੀ- ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਇੱਕ ਮਿਹਨਤੀ ਅਤੇ ਸ਼ਾਂਤੀ ਪਸੰਦ ਸੂਬਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਗੁਰੂਆਂ ਦਾ ਆਸ਼ੀਰਵਾਦ ਪ੍ਰਾਪਤ ਹੈ, ਇਸ ਕਰ ਕੇ ਪੰਜਾਬ ਵਿਰੋਧੀ ਤਾਕਤਾਂ ਸੂਬੇ ਦਾ ਕੁੱਝ ਨਹੀਂ ਵਿਗਾੜ ਸਕਦੀਆਂ ਹਨ। ਸਪੀਕਰ ਸੰਧਵਾਂ ਨੇ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਬੈਂਸ ਵਿੱਚ ਪ੍ਰਾਈਵੇਟ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਸਪੀਕਰ ਕੁਲਤਾਰ ਸਿੰਘ ਸੰਧਵਾਂ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨਾਲ ਇਸ ਪ੍ਰੋਗਰਾਮ ਵਿੱਚ ਪਹੁੰਚੇ ਸਨ। ਸਾਬਕਾ ਵਿਧਾਇਕ ਸੰਦੋਆ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਬੈਂਸ ਵਿੱਚ ਪਹੁੰਚਣ ’ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਬੈਂਸ ਵਿੱਚ ਇੱਕ ਪ੍ਰਾਈਵੇਟ ਹਸਪਤਾਲ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਡਾ. ਬਲਵੀਰ ਸੈਣੀ ਨੂੰ ਨਵਾਂ ਹਸਪਤਾਲ ਖੋਲ੍ਹਣ ’ਤੇ ਵਧਾਈ ਦਿੱਤੀ ਗਈ। ਸਪੀਕਰ ਨੇ ਕਿਹਾ ਕਿ ਉਨ੍ਹਾਂ ਦਾ ਰੂਪਨਗਰ ਇਲਾਕੇ ਨਾਲ ਪਹਿਲਾਂ ਵੀ ਬਹੁਤ ਪਿਆਰ ਹੈ। ਉਹ ਸਮੇਂ ਸਮੇਂ ਉੱਤੇ ਇਸ ਇਲਾਕੇ ਵਿੱਚ ਆਉਂਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਇਲਾਕੇ ਵਿੱਚ ਪਹੁੰਚ ਕੇ ਦਿਲੋਂ ਖ਼ੁਸ਼ੀ ਹੁੰਦੀ ਹੈ।

ਇਸ ਮੌਕੇ ਅਸ਼ਵਨੀ ਸ਼ਰਮਾ, ਡਾਕਟਰ ਸ਼ਿੰਗਾਰ ਸਿੰਘ ਜੱਸੇਮਾਜਰਾ, ਰਾਮ ਕੁਮਾਰ ਮੁਕਾਰੀ, ਨਿਰਮਲ ਚੋਪੜਾ ਬਜਰੂੜ, ਦਲਜੀਤ ਕੌਰ ਬਜਰੂੜ, ਮੋਹਣ ਸਿੰਘ ਸ਼ੈਣੀ, ਡਾ. ਰਾਕੇਸ਼ ਰਾਣਾ, ਮਾਸਟਰ ਗੁਰਦਰਸ਼ਨ, ਲੈਕਚਰਾਰ ਅਨਿਲ ਰਾਣਾ, ਡਾ. ਵਿਜੇ ਚੌਧਰੀ, ਅਸ਼ੋਕ ਮੁਕਾਰੀ, ਕੁਲਦੀਪ ਬੰਗਾ, ਵਿਜੇ ਉੱਪਲ ਆਦਿ ਹਾਜ਼ਰ ਸਨ।