ਵਿਰੋਧੀਆਂ ਨੇ ਏਕਾ ਪਰਖਣ ਲਈ ਬੇਭਰੋਸਗੀ ਮਤਾ ਲਿਆਂਦਾ: ਮੋਦੀ

ਵਿਰੋਧੀਆਂ ਨੇ ਏਕਾ ਪਰਖਣ ਲਈ ਬੇਭਰੋਸਗੀ ਮਤਾ ਲਿਆਂਦਾ: ਮੋਦੀ

ਪ੍ਰਧਾਨ ਮੰਤਰੀ ਨੇ ਭਾਜਪਾ ਦੇ ਸੰਸਦੀ ਦਲ ਨਾਲ ਬੰਦ ਕਮਰਾ ਮੀਟਿੰਗ ਕੀਤੀ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਵਿਰੋਧੀ ਧਿਰ ‘ਇੰਡੀਆ’ ਬਲਾਕ ਖ਼ੁਦ ਬੇਭਰੋਸਗੀ ਨਾਲ ਭਰਿਆ ਹੋਇਆ ਹੈ ਅਤੇ ਆਪਣੇ ਮੈਂਬਰਾਂ ਦਾ ਇੱਕ-ਦੂਜੇ ਪ੍ਰਤੀ ਭਰੋਸਾ ਪਰਖਣ ਲਈ ਉਨ੍ਹਾਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਲਿਆਂਦਾ। ਇੱਥੇ ਭਾਰਤੀ ਜਨਤਾ ਪਾਰਟੀ ਦੇ ਸੰਸਦੀ ਦਲ ਦੀ ਬੰਦ ਕਮਰਾ ਮੀਟਿੰਗ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਵਿਰੋਧੀ ਗੱਠਜੋੜ ਨੂੰ ‘ਘਮੰਡੀਆ’ ਕਰਾਰ ਦਿੱਤਾ ਅਤੇ ਦਿੱਲੀ ਸੇਵਾਵਾਂ ਬਿੱਲ ’ਤੇ ਵੋਟਿੰਗ ਦੌਰਾਨ ਸੈਮੀ-ਫਾਈਨਲ ਜਿੱਤ ਲਈ ਪਾਰਟੀ ਦੇ ਰਾਜ ਸਭਾ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ।

ਇਸ ਦੌਰਾਨ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਪ੍ਰਧਾਨ ਮੰਤਰੀ ਵੱਲੋਂ ਆਖੀ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਇਸ ਗੱਲ ਤੋਂ ਜਾਗਰੂਕ ਸੀ ਕਿ ਸਰਕਾਰ ਕੋਲ ਮਜ਼ਬੂਤ ਬਹੁਮਤ ਹੈ, ਪਰ ਉਹ ਸਿਰਫ਼ ਆਪਣੇ ਮੈਂਬਰਾਂ ਦਾ ਭਰੋਸਾ ਪਰਖਣ ਲਈ ਬੇਭਰੋਸਗੀ ਮਤਾ ਲੈ ਆਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜ ਸਭਾ ਵਿੱਚ ਦਿੱਲੀ ਸੇਵਾਵਾਂ ਬਿੱਲ ’ਤੇ ਵੋਟਿੰਗ ਦੌਰਾਨ ਸਰਕਾਰ ਨੂੰ ਆਸ ਨਾਲੋਂ ਵੱਧ ਵੋਟਾਂ ਪਈਆਂ ਕਿਉਂਕਿ ਇਹ ਬਿੱਲ ਸੰਵਿਧਾਨ ਮੁਤਾਬਕ ਬਣਿਆ ਹੈ। ਸ੍ਰੀ ਮੋਦੀ ਨੇ ਕਿਹਾ ਕਿ ਮੋਦੀ ਸਰਕਾਰ ਦਾ ਮੌਜੂਦਾ ਸਮੇਂ ਦੂਜਾ ਕਾਰਜਕਾਲ ਚੱਲ ਰਿਹਾ ਹੈ। ਹੁਣ ‘ਇੰਡੀਆ’ ਬਲਾਕ ਵੱਲੋਂ ਇਸ ਨੂੰ ਤੀਜੇ ਕਾਰਜਕਾਲ ਲਈ ਸੱਤਾ ’ਚ ਆਉਣ ਤੋਂ ਰੋਕਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਆਪਣੇ ਸੰਸਦ ਮੈਂਬਰਾਂ ਨੂੰ ਸਾਲ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਖੀਰਲੀ ਗੇਂਦ ’ਤੇ ਵੀ ਛੱਕੇ ਜੜਨ ਲਈ ਕਿਹਾ। ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਸੇਧਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਉਨ੍ਹਾਂ ਦੇ ਆਗੂ ਸਮਾਜਿਕ ਨਿਆਂ ਦੀ ਗੱਲ ਕਰਦੇ ਹਨ, ਪਰ ਉਨ੍ਹਾਂ ਆਪਣੀਆਂ ਭ੍ਰਿਸ਼ਟ ਨੀਤੀਆਂ ਨਾਲ ਇਸ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ ਹੈ। ਸ੍ਰੀ ਮੇਘਵਾਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਆਪਣੇ ਸੰਸਦ ਮੈਂਬਰਾਂ ਨੂੰ ਭਲਕੇ 9 ਅਗਸਤ ਨੂੰ ‘ਭਾਈ ਭਤੀਜਾਵਾਦ, ਭ੍ਰਿਸ਼ਟਾਚਾਰ ਭਾਰਤ ਛੱਡੋ ਮੁਹਿੰਮ’ ਦੇ ਸਬੰਧ ’ਚ ਹੋਣ ਵਾਲੇ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਕਿਹਾ। ਸ੍ਰੀ ਮੋਦੀ ਨੇ ਉਨ੍ਹਾਂ ਨੂੰ ‘ਵੰਡ ਦੀ ਯਾਦ ਸਬੰਧੀ ਯਾਦਗਾਰੀ ਦਿਵਸ’ ਮੌਕੇ ਸਮਾਗਮ ਕਰਨ ਤੇ ਭਾਰਤ ਦੀ ਵੰਡ ਦੇ ਦਰਦ ਤੇ ਤ੍ਰਾਸਦੀ ਉਜਾਗਰ ਕਰਨ ਲਈ ਮੌਨ ਮਾਰਚ ਕੱਢਣ ਲਈ ਕਿਹਾ। ਉਨ੍ਹਾਂ ਆਜ਼ਾਦੀ ਸਮਾਗਮ ਤੋਂ ਪਹਿਲਾਂ ‘ਹਰ ਘਰ ਤਿਰੰਗਾ’ ਜਿਹੇ ਸਮਾਗਮਾਂ ਬਾਰੇ ਵੀ ਗੱਲਬਾਤ ਕੀਤੀ। ਉਨ੍ਹਾਂ ਪਾਰਟੀ ਆਗੂਆਂ ਨੂੰ ਕਿਹਾ ਕਿ ਉਹ ਭਾਰਤ ਨੂੰ ਵਿਕਸਿਤ ਮੁਲਕ ਬਣਾਉਣ ਲਈ ਆਪਣਾ ਯੋਗਦਾਨ ਦੇਣ ਦਾ ਵਾਅਦਾ ਲੈਣ ਲਈ ਘਰ-ਘਰ ਪਹੁੰਚ ਕਰਨ।