ਵਿਰੋਧੀਆਂ ਨੂੰ ਲੋਕ ਸਭਾ ’ਚ ਬੋਲਣ ਨਹੀਂ ਦਿੰਦੀ ਮੋਦੀ ਸਰਕਾਰ: ਮਾਨ

ਵਿਰੋਧੀਆਂ ਨੂੰ ਲੋਕ ਸਭਾ ’ਚ ਬੋਲਣ ਨਹੀਂ ਦਿੰਦੀ ਮੋਦੀ ਸਰਕਾਰ: ਮਾਨ

ਸ੍ਰੀ ਮੁਕਤਸਰ ਸਾਹਿਬ- ਮਾਘੀ ਮੇਲੇ ਮੌਕੇ ਅੱਜ ਡੇਰਾ ਭਾਈ ਮਸਤਾਨ ਸਿੰਘ ਕੰਪਲੈਕਸ ਵਿੱਚ ਸ਼੍ਰੋਮਣੀ ਅਕਾਲੀ ਦਲ (ਅ) ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਲ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਮੋਦੀ ਸਰਕਾਰ ਉਪਰ ਤਾਨਾਸ਼ਾਹੀ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਂ ਉਨ੍ਹਾਂ ਨੂੰ ਪਾਰਟੀਮੈਂਟ ਵਿੱਚ ਵੀ ਬੋਲਣ ਨਹੀਂ ਦਿੰਦੇ| ਉਨ੍ਹਾਂ ਕਿਹਾ ਕਿ ਸਿੱਖ ਵਿਰੋਧੀ ਸੋਚ ਕਰ ਕੇ ਹੀ ਅਮਰੀਕਾ, ਕੈਨੇਡਾ ਤੇ ਇੰਗਲੈਂਡ ਵਰਗੇ ਮੁਲਕਾਂ ਵੱਲੋਂ ਮੋਦੀ ਸਰਕਾਰ ਨੂੰ ਕਥਿਤ ਤੌਰ ’ਤੇ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ| ਇਸ ਮੌਕੇ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ‘ਸਿੱਖਾਂ ਦੀ ਗੱਲ’ ਕਰਨ ਵਾਲੇ ਲੋਕਾਂ ਨੂੰ ਹੀ ਭੇਜਣ ਦੀ ਅਪੀਲ ਕੀਤੀ| ਉਨ੍ਹਾਂ ਕਿਹਾ ਕਿ ਇਸ ਕਮੇਟੀ ਵਿੱਚ ਜੇਕਰ ਸਿੱਖ ਵਿਰੋਧੀ ਜਾਣਗੇ ਤਾਂ ਉਹ ਪੰਜਾਬ ਤੇ ਸਿੱਖਾਂ ਦਾ ਭਲਾ ਨਹੀਂ ਕਰ ਸਕਣਗੇ| ਇਸ ਮੌਕੇ ਗੁਰਸੇਵਕ ਸਿੰਘ ਜਵਾਹਰਕੇ, ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਬਰੀਵਾਲਾ, ਹਰਪਾਲ ਸਿੰਘ, ਪਰਮਿੰਦਰ ਸਿੰਘ ਬਾਲਿਆਂਵਾਲੀ, ਗੁਰਜੰਟ ਸਿੰਘ ਕੱਦੂ, ਬਲਵੰਤ ਸਿੰਘ ਗੋਪਾਲਾ, ਪਰਮਜੀਤ ਸਿੰਘ ਕੌਰ ਮੜ੍ਹਾਕਾ ਅਤੇ ਨਿਸ਼ਾਨ ਸਿੰਘ ਵੀ ਮੌਜੂਦ ਸਨ| ਇਸ ਮੌਕੇ ਹੋਰ ਆਗੂਆਂ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਲੋਕਾਂ ਦੇ ਮਸਲੇ ਹੱਲ ਕਰਨ ਵਿਚ ਨਾਕਾਮ ਹੈ। ਉਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਕੀਤੇ ਵਾਅਦੇ ਪੂਰੇ ਕਰਨ ਦੀ ਮੰਗ ਕੀਤੀ।