ਵਿਪਸਾਅ ਵੱਲੋਂ ਲੇਖਕ ਗੁਰਚਰਨ ਸੱਗੂ ਨਾਲ਼ ਵਿਸ਼ੇਸ਼ ਮੁਲਾਕਾਤ

ਵਿਪਸਾਅ ਵੱਲੋਂ ਲੇਖਕ ਗੁਰਚਰਨ ਸੱਗੂ ਨਾਲ਼ ਵਿਸ਼ੇਸ਼ ਮੁਲਾਕਾਤ

ਹੇਵਰਡ: ਬੀਤੇ ਦਿਨੀਂ ਵਿਪਸਾਅ ਦੇ ਪ੍ਰਧਾਨ ਕੁਲਵਿੰਦਰ ਦੇ ਗ੍ਰਹਿ ਵਿਖੇ ਇੰਗਲੈਂਡ ਤੋਂ ਅਮਰੀਕਾ ਫੇਰੀ ’ਤੇ ਪਹੁੰਚੇ ਬਹੁ ਵਿਧਾਈ ਲੇਖਕ ਗੁਰਚਰਨ ਸੱਗੂ ਨਾਲ਼ ਵਿਸ਼ੇਸ਼ ਮੁਲਕਾਤ ਕੀਤੀ ਗਈ। ਜਨਰਲ ਸਕੱਤਰ ਜਗਜੀਤ ਨੌਸ਼ਹਿਰਵੀ ਨੇ ਹਾਜ਼ਰ ਲੇਖਕਾਂ ਅਤੇ ਸਾਹਿਤ ਪ੍ਰੇਮੀਆਂ; ਪ੍ਰੋ. ਸੁਰਿੰਦਰ ਸਿੰਘ ਸੀਰਤ, ਸੁਰਿੰਦਰ ਸਿੰਘ ਧਨੋਆ (ਪੰਜਾਬ ਲੋਕ ਰੰਗ), ਕੰਵਲਦੀਪ ਕੌਰ, ਡਾ. ਸੁਖਵਿੰਦਰ ਕੰਬੋਜ, ਮੁਕੇਸ਼ ਕੁਮਾਰ, ਪ੍ਰੋ. ਬਲਜਿੰਦਰ ਸਿੰਘ, ਸੂਫ਼ੀ ਗਾਇਕ ਸੁਖਦੇਵ ਸਾਹਿਲ, ਰਿਮੀ ਸੰਧੂ, ਜੇ ਸੰਧੂ ਅਤੇ ਮਨਜੀਤ ਪਲਾਹੀ ਦੀ ਜਾਣ-ਪਛਾਣ ਕਰਵਾਈ। ਡਾ. ਸੁਖਵਿੰਦਰ ਕੰਬੋਜ ਨੇ ਗੁਰਚਰਨ ਸੱਗੂ ਦੀ ਜਾਣ-ਪਛਾਣ ਕਰਵਾਉਂਦੇ ਹੋਏ ਦੱਸਿਆ ਕਿ ਪਾਕਿਸਤਾਨ ਦੇ ਜੰਮ-ਪਲ ਗੁਰਚਰਨ ਸੱਗੂ ਨੂੰ ਉਹ ਪਹਿਲੀ ਵਾਰੀ ਨਕੋਦਰ ਵਿਖੇ ਮਿਲੇ ਸੀ। ਉਸ ਤੋਂ ਬਾਅਦ ਇਹ ਇੰਗਲੈਂਡ ਆ ਵਸੇ। ਇੱਥੇ ਇਨ੍ਹਾਂ ਨੇ ਪਾਕਿਸਤਾਨੀ ਸਫ਼ਰਨਾਮਾ ‘ਜੜ੍ਹਾਂ ਦੀ ਪਰਕਰਮਾ’ ਕਵਿ ਸੰਗ੍ਰਹਿ ‘ਜਦੋਂ ਰਾਤ ਜਾਗਦੀ ਹੈ’, ਨਾਵਲ ‘ਸੱਚੇ ਮਾਰਗਿ ਚਲਦਿਆਂ’, ਅਤੇ ਫਿਲਮ ਮੇਕਿੰਗ ਦਰਦ, ‘ਵੇਖਿਆ ਸ਼ਹਿਰ ਬੰਬਈ’ ਜਿਹੀਆਂ ਵਿਲੱਖਣ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾਈਆਂ। ਇਨ੍ਹਾਂ ਦੀ ਕਵਿਤਾ ਨੇ ਮੈਨੂੰ ਹਮੇਸ਼ਾ ਪ੍ਰਭਾਵਿਤ ਕੀਤਾ। ਇਸ ਉਪਰੰਤ ਗੁਰਚਰਨ ਸੱਗੂ ਨੇ ਸਭ ਦੇ ਰੂ-ਬ-ਰੂ ਹੁੰਦੇ ਹੋਏ ਕਿਹਾ ਕਿ ਉਨ੍ਹਾਂ ਦੀ ‘ਜ਼ੀਰੋ ਤੋਂ ਹੀਰੋ’ ਬਣਨ ਤੱਕ ਇੱਕ ਲੰਮੀ ਅਤੇ ਸੰਘਰਸ਼ ਭਰੀ ਕਹਾਣੀ ਹੈ। ਉਨ੍ਹਾਂ ਦੇ ਪਿਤਾ ਆਜ਼ਾਦੀ ਘੁਲਾਟੀਏ ਸਨ। ਸਰਕਾਰ ਵੱਲੋਂ ਉਨ੍ਹਾਂ ਨੂੰ ਪੰਜਾਹ ਕਿੱਲੇ ਜ਼ਮੀਨ ਜਾਂ ਪੰਜਾਹ ਰੁਪਈਏ ਪੈਨਸ਼ਨ ਦੀ ਪੇਸ਼ਕਸ਼ ਕੀਤੀ ਗਈ। ਉਨ੍ਹਾਂ ਪੰਜਾਹ ਰੁਪਈਏ ਪੈਨਸ਼ਨ ਸਵੀਕਾਰ ਕਰ ਲਈ। ਉਹ ਆਪਣੇ ਪਿਤਾ ਜੀ ਕੋਲੋਂ ਪੱਗਾਂ ਦੇ ਰੰਗ ਮਿਲਾਉਣੇ ਸਿੱਖਦੇ ਰਹੇ। ਲਲਾਰੀ ਦੀ ਦੁਕਾਨ ’ਤੇ ਪਿਤਾ ਜੀ ਦਾ ਹੱਥ ਵਟਾਉਂਦੇ ਉਹ ਵਿਦੇਸ਼ੋਂ ਪਰਤੇ ਪੰਜਾਬੀਆਂ ਤੋਂ ਬਹੁਤ ਪ੍ਰਭਾਵਿਤ ਹੁੰਦੇ। ਇਸ ਲਈ 1962 ਵਿੱਚ ਉਹ ਕੋਸ਼ਿਸ਼ ਕਰਕੇ ਇੰਗਲੈਂਡ ਪਹੁੰਚੇ। ਏਥੇ ਉਨ੍ਹਾਂ ਬਿਲਡਿੰਗ ਲੇਬਰ ਤੋਂ ਲੈ ਕੇ ਹੋਰ ਬਹੁਤ ਸਾਰੇ ਕੰਮਾਂ ’ਤੇ ਹੱਥ ਅਜ਼ਮਾਇਆ। ਦੇਸ ਪ੍ਰਦੇਸ ਦੇ ਸਹਾਇਕ ਐਡੀਟਰ ਵਜੋਂ ਵੀ ਕੰਮ ਕੀਤਾ। ਉਨ੍ਹਾਂ 1983 ਵਿੱਚ ਵੱਡਾ ਵੇਅਰ ਹਾਊਸ ਲਿਆ ਅਤੇ ਵੱਡੇ ਪੱਧਰ ’ਤੇ ਫਿਲਮੀ ਸਤਾਰਿਆਂ ਦਾ ਸ਼ੋਅ ਕਰਵਾਇਆ। ਉਸ ਸੰਗਤ ਦਾ ਰੰਗ ਐਸਾ ਚੜਿ੍ਹਆ ਕਿ ਉਹ ਮੁੰਬਈ ਜਾ ਪਹੁੰਚੇ ਅਤੇ ਫਿਲਮ ਬਣਾਉਂਦੇ ਹੋਏ ਲੱਖਾਂ ਪੌਂਡ ਗਵਾ ਲਏ। ਸਿੱਟੇ ਵਜੋਂ ਆਰਥਿਕ ਤੰਗੀ ਦਾ ਸ਼ਿਕਾਰ ਹੋ ਗਏ। ਇੱਕ ਦਿਨ ਪ੍ਰੇਸ਼ਾਨੀ ਦੀ ਹਾਲਤ ਵਿੱਚ ਆਤਮ ਹੱਤਿਆ ਦੇ ਖ਼ਿਆਲ ਨਾਲ਼ ਸਮੁੰਦਰ ਵੱਲ ਤੁਰ ਪਏ। ਆਪਣੇ ਆਪ ਨੂੰ ਡੋਬਣ ਤੋਂ ਪਹਿਲਾਂ ਇੱਕ ਪੱਥਰ ਸਮੁੰਦਰ ਵਿੱਚ ਵਗਾਹ ਕੇ ਮਾਰਿਆ ਤੇ ਉੱਠਦੀਆਂ ਹੋਈਆਂ ਲਹਿਰਾਂ ਅਤੇ ਡੁੱਬਦਾ ਹੋਇਆ ਸੂਰਜ ਕਿਸੇ ਹੋਰ ਥਾਂ ਉਦੈ ਹੋਣ ਦਾ ਸੰਦੇਸ਼ ਦੇ ਗਿਆ। ਮੁੜ ਕੁਝ ਕਰਨ ਦੀ ਇੱਛਾ ਪੈਦਾ ਹੋ ਗਈ। ਨਵੇਂ ਸਿਰਿਓਂ ਬਿਜ਼ਨੈਸ ਸ਼ੁਰੂ ਕੀਤਾ। ਚਾਰ ਸਾਲ ਪਹਿਲਾਂ ਸੇਵਾ ਮੁਕਤ ਹੋ ਕੇ ਆਪਣੇ ਪਿੰਡ ਵਿੱਚ ਲਾਇਬ੍ਰੇਰੀ ਬਣਾਈ। ਪੂਰੀ ਦੁਨੀਆਂ ਦਾ ਭਰਮਣ ਕਰਨਾ ਉਨ੍ਹਾਂ ਦਾ ਸੁਪਨਾ ਹੈ। ਇਸ ਮੌਕੇ ਉਨ੍ਹਾਂ ਦਾ ਨਾਵਲ ‘ਕਰਮਾਂ ਵਾਲੀ ਧੀ’ ਲੋਕ ਅਰਪਣ ਕੀਤਾ ਗਿਆ। ਦੂਜੇ ਸੈਸ਼ਨ ਵਿੱਚ ਸੂਫ਼ੀ ਗਾਇਕ ਸੁਖਦੇਵ ਸਾਹਿਲ ਨੇ ਸੂਫ਼ੀ ਕਲਾਮ ਅਤੇ ਗ਼ਜ਼ਲ ਗਾਇਨ ਕਰਕੇ ਸਮਾਂ ਬੰਨ੍ਹ ਦਿੱਤਾ। ਪ੍ਰੋ. ਸੁਰਿੰਦਰ ਸਿੰਘ ਸੀਰਤ ਵੱਲੋਂ ਉਨ੍ਹਾਂ ਨੂੰ ਇੰਗਲੈਂਡ ਦੀ ਸਾਹਿਤਕ ਪਰੰਪਰਾ ਬਾਰੇ ਸਵਾਲ ਪੁੱਛਿਆ ਗਿਆ। ਉਨ੍ਹਾਂ ਦੱਸਿਆ ਕਿ ਸ਼ੁਰੂ ਵਿੱਚ ਇੰਗਲੈਂਡ ਦੀ ਸਾਹਿਤ ਸਭਾ ਵਿੱਚ ਅਠਾਟ ਮੈਂਬਰ ਸਨ। ਉਨ੍ਹਾਂ ਨੂੰ ਅਵਤਾਰ ਜੰਡਿਆਲਵੀ ਨੇ ਪ੍ਰਰਿਤ ਕੀਤਾ। ਵਿਪਸਾਅ ਵੱਲੋਂ ਇਸ ਮਹਿਮਾਨ ਲੇਖਕ ਨੂੰ ਕੁਝ ਪੁਸਤਕਾਂ ਭੇਟ ਕਰਨ ਉਪਰੰਤ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਪ੍ਰੋ. ਬਲਜਿੰਦ ਸਿੰਘ ਨੇ ਪ੍ਰੋਗਰਾਮ ਦਾ ਮੁਲਾਂਕਣ ਕਰਦੇ ਹੋਏ ਕਿਹਾ ਕਿ ਵਿਪਸਾਅ ਸਮੇਂ-ਸਮੇਂ ’ਤੇ ਬਾਹਰੋਂ ਆਏ ਲੇਖਕਾਂ ਨਾਲ ਮੁਲਕਾਤ ਕਰਵਾਉਂਦੀ ਰਹਿੰਦੀ ਹੈ। ਅੱਜ ਦਾ ਪ੍ਰੋਗਰਾਮ ਬਹੁਤ ਮਿਆਰੀ ਅਤੇ ਗੁਣਾਤਮਿਕ ਰਿਹਾ। ਗੁਰਚਰਨ ਸੱਗੂ ਦਾ ਸਾਹਿਤਕ ਸਫ਼ਰ ਬਹੁਤ ਪ੍ਰਭਾਵਸ਼ਾਲੀ ਹੈ। ਇਹ ਸ਼ਾਮ ਇੱਕ ਅਭੁੱਲ ਸ਼ਾਮ ਬਣ ਗਈ ਹੈ।
ਰਿਪੋਰਟ: ਲਾਜ ਨੀਲਮ ਸੈਣੀ
ਫੋਨ: 510-502-0551