ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੂੰ ਅੰਤਿਮ ਵਿਦਾਈ

ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੂੰ ਅੰਤਿਮ ਵਿਦਾਈ

ਪਟਿਆਲਾ- ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਉੱਘੇ ਵਿਦਵਾਨ ਬੀਰਦਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਅੱਜ ਪਟਿਆਲਾ ਸ਼ਹਿਰ ’ਚ ਬਡੂੰਗਰ ਸਥਿਤ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਚਿਤਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਐਡਵੋਕੇਟ ਅਨੰਤਬੀਰ ਸਿੰਘ ਨੇ ਵਿਖਾਈ। ਇਸ ਮੌਕੇ ਵੱਖ-ਵੱਖ ਵਰਗਾਂ ਦੇ ਛੋਟੇ ਵੱਡੇ ਅਨੇਕਾਂ ਲੋਕਾਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਬੀਰ ਦਵਿੰਦਰ ਸਿੰਘ ਦੀ ਪਤਨੀ ਨਵਜੋਤ ਕੌਰ ਸਰਾਓ, ਪੁੱਤਰ ਤੇ ਨੂੰਹ ਅਨੰਤਬੀਰ ਸਰਾਓ-ਨਿਮਰਤਾ ਮਾਨ ਸਰਾਓ, ਪੋਤਰੇ ਅਨਹਦਬੀਰ ਸਰਾਓ, ਅੰਗਦਬੀਰ ਸਰਾਓ, ਪੁੱਤਰੀਆਂ ਦਿਵਜੋਤ ਕੌਰ ਮੂਰੀ, ਗਗਨਦੀਪ ਕੌਰ ਸਿੱਧੂ ਤੇ ਅਨੰਦਜੀਤ ਕੌਰ ਕੰਗ ਸਮੇਤ ਭਰਾ ਪਰਮਜੀਤ ਸਿੰਘ ਸਰਾਓ (ਸਾਬਕਾ ਆਈਜੀ) ਸਣੇ ਆਦਿ ਪਰਿਵਾਰਕ ਮੈਂਬਰ ਮੌਜੂਦ ਸਨ। ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕਰਤਾਰ ਸਿੰਘ ਸੰਧਵਾਂ ਅਤੇ ਪਟਿਆਲਾ ਦੇ ਵਿਧਾਇਕ ਅਜੀਤਪਾਲ ਕੋਹਲੀ ਨੇ ਸ਼ਿਰਕਤ ਕੀਤੀ। ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਕਈ ਹੋਰ ‘ਆਪ’ ਆਗੂਆਂ ਨੇ ਵੀ ਹਾਜ਼ਰੀ ਭਰੀ।
ਉਧਰ, ਅਕਾਲੀ ਨੇਤਾਵਾਂ ਵਿੱਚੋਂ ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਰੱਖੜਾ, ਦਲਜੀਤ ਚੀਮਾ, ਗੁਰਪ੍ਰੀਤ ਰਾਜੂਖੰਨਾ, ਕਰਨੈਲ ਪੀਰਮੁਹੰਮਦ, ਜਗਜੀਤ ਕੋਹਲੀ, ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਪੰਜੋਲੀ, ਜਸਮੇਰ ਲਾਛੜੂ ਤੇ ਜਰਨੈਲ ਕਰਤਾਰਪੁਰ ਨੇ ਸ਼ਰਧਾਂਜਲੀ ਭੇਟ ਕੀਤੀ। ਜਦਕਿ ਕਾਂਗਰਸ ਵਿੱਚੋਂ ਬ੍ਰਹਮ ਮਹਿੰਦਰਾ, ਹਰਵਿੰਦਰ ਖਨੌੜਾ, ਯੋਗਿੰਦਰ ਯੋਗੀ ਤੇ ਹਰਵਿੰਦਰ ਨਿੱਪੀ ਸਣੇ ਕਈ ਹੋਰਾਂ ਨੇ ਵੀ ਹਾਜ਼ਰੀ ਲਵਾਈ। ਕਾਂਗਰਸ ਦੇ ਸਾਬਕਾ ਸੂਬਾਈ ਪ੍ਰਧਾਨ ਨਵਜੋਤ ਸਿੱਧੂ ਸਸਕਾਰ ਤੋਂ ਪਹਿਲਾਂ ਹੀ ਉਨ੍ਹਾਂ ਦੇ ਘਰ ਆ ਕੇ ਨਤਮਸਤਕ ਹੋਏ। ਇਥੇ ਪੁੱਜੀਆਂ ਇਨ੍ਹਾਂ ਸ਼ਖ਼ਸੀਅਤਾਂ ਨੇ ਬੀਰ ਦਵਿੰਦਰ ਸਿੰਘ ਨੂੰ ਇੱਕ ਬੇਬਾਕ ਸ਼ਖ਼ਸੀਅਤ ਦੱਸਦਿਆਂ ਕਿਹਾ ਕਿ ਉਹ ਇੱਕ ਪ੍ਰੌੜ ਸਿਆਸਤਦਾਨ ਦੇ ਨਾਲ-ਨਾਲ ਜਾਗਦੀ ਜਮੀਰ ਵਾਲੇ ਇਨਸਾਨ ਸਨ। ਜਿਨ੍ਹਾਂ ਦੀ ਸੂਝ-ਸੂਝ ਇਕੱਲੀ ਸਿਆਸੀ ਹੀ ਨਹੀਂ, ਬਲਕਿ ਸਿੱਖ ਧਰਮ ਤੇ ਪੰਜਾਬ ਪ੍ਰਤੀ ਦਰਦ ਉਨ੍ਹਾਂ ਦੀਆਂ ਲਿਖ਼ਤਾਂ ਵਿੱਚੋਂ ਸਾਫ਼ ਝਲਕਦਾ ਸੀ। ਪਰਿਵਾਰਕ ਮੈਂਬਰਾਂ ਨਾਲ ਆਪਣੀ ਸੰਵੇਦਨਾ ਦਾ ਇਜ਼ਹਾਰ ਕਰਦਿਆਂ, ਆਗੂਆਂ ਨੇ ਕਿਹਾ ਕਿ ਉਨ੍ਹਾਂ ਦੇ ਬੇਵਕਤ ਅਕਾਲ ਚਲਾਣੇ ਨਾਲ ਨਾ ਸਿਰਫ਼ ਪਰਿਵਾਰ, ਬਲਕਿ ਸਮਾਜ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਬੀਰਦਵਿੰਦਰ ਨਮਿੱਤ ਅੰਤਿਮ ਅਰਦਾਸ 9 ਨੂੰ

ਪਰਿਵਾਰਕ ਸੂਤਰਾਂ ਮੁਤਾਬਕ ਬੀਰਦਵਿੰਦਰ ਸਿੰਘ ਨਮਿੱਤ ਅੰਤਿਮ ਅਰਦਾਸ ਦੁਪਹਿਰੇ 9 ਜੁਲਾਈ ਨੂੰ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਪਟਿਆਲਾ ਵਿੱਚ ਹੋਵੇਗੀ।