ਵਿਧਾਨ ਸਭਾਵਾਂ ਵਿੱਚ ਔਰਤਾਂ ਦੀ ਹਿੱਸੇਦਾਰੀ ਵਧਾਉਣੀ ਜ਼ਰੂਰੀ: ਮੁਰਮੂ

ਵਿਧਾਨ ਸਭਾਵਾਂ ਵਿੱਚ ਔਰਤਾਂ ਦੀ ਹਿੱਸੇਦਾਰੀ ਵਧਾਉਣੀ ਜ਼ਰੂਰੀ: ਮੁਰਮੂ

ਰਾਸ਼ਟਰਪਤੀ ਨੇ ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਨੂੰ ਸੰਬੋਧਨ ਕੀਤਾ
ਈਟਾਨਗਰ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਕਿ ਅਰੁਣਾਚਲ ਪ੍ਰਦੇਸ਼ ਸਮੇਤ ਸਾਰੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਵਿੱਚ ਔਰਤਾਂ ਦੀ ਭਾਗੀਦਾਰੀ ਵਧਾਉਣੀ ਬਹੁਤ ਜ਼ਰੂਰੀ ਹੈ ਤਾਂ ਜੋ ਦੇਸ਼ ਦਾ ਚਹੁੰ-ਪੱਖੀ ਵਿਕਾਸ ਹੋ ਸਕੇ। ਉੱਤਰ-ਪੂਰਬੀ ਸੂਬੇ ਵਿੱਚ ਅਸੈਂਬਲੀ ਦੇ ਵਿਸ਼ੇਸ਼ ਇਜਲਾਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਦੇ ਸਮਾਜਿਕ ਤੇ ਆਰਥਿਕ ਵਿਕਾਸ ਲਈ ਅਰੁਣਾਚਲ ਪ੍ਰਦੇਸ਼ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਚਹੁੰ-ਪੱਖੀ ਵਿਕਾਸ ਲਈ ਹਰ ਖੇਤਰ ਵਿੱਚ ਔਰਤਾਂ ਦੀ ਹਿੱਸੇਦਾਰੀ ਹੋਣੀ ਚਾਹੀਦੀ ਹੈ। ਅਰੁਣਾਚਲ ਸਮੇਤ ਸਾਰੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਵਿੱਚ ਔਰਤਾਂ ਦੀ ਹਿੱਸੇਦਾਰੀ ਵਧਾਉਣੀ ਲਾਜ਼ਮੀ ਹੈ। ਇਸ ਦੇ ਨਾਲ ਹੀ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਦੂਜੀਆਂ ਸੰਸਥਾਵਾਂ ਵਿੱਚ ਵੀ ਔਰਤਾਂ ਦੀ ਹਿੱਸੇਦਾਰੀ ਹੋਣੀ ਚਾਹੀਦੀ ਹੈ। ਮੁਰਮੂ ਨੇ ਦਾਅਵਾ ਕੀਤਾ ਕਿ ਅਰੁਣਾਚਲ ਪ੍ਰਦੇਸ਼ ਦੇਸ਼ ਦਾ ਅਹਿਮ ਹਿੱਸਾ ਹੈ ਅਤੇ ਇਸ ਨੇ ਐਕਟ ਈਸਟ ਪਾਲਿਸੀ ਵਿੱਚ ਵੱਡਾ ਵੀ ਯੋਗਦਾਨ ਪਾਇਆ ਹੈ। ਜ਼ਿਕਰਯੋਗ ਹੈ ਕਿ ਉਤਰ-ਪੂਰਬੀ ਖੇਤਰ ਸੜਕਾਂ, ਰੇਲਵੇ ਅਤੇ ਹਵਾਈ ਸੰਪਰਕ ਦੀ ਅਣਹੋਂਦ ਕਾਰਨ ਆਰਥਿਕ ਵਿਕਾਸ ਤੋਂ ਲੰਬਾ ਸਮਾਂ ਪਛੜਿਆ ਰਿਹਾ। ਉਨ੍ਹਾਂ ਕਿਹਾ,‘ਕੁਦਰਤੀ ਤੇ ਮਨੁੱਖੀ ਸੋਮਿਆਂ ਦੀ ਹੋਂਦ ਨਾਲ ਅਰੁਣਾਚਲ ਪ੍ਰਦੇਸ਼ ਉੱਤੇ ਤਰੱਕੀ ਦਾ ਸੂਰਜ ਚਮਕ ਰਿਹਾ ਹੈ।’ ਰਾਸ਼ਟਰਪਤੀ ਨੇ ਸਾਰੇ ਵਿਧਾਇਕਾਂ ਨੂੰ ਸੂਬੇ ਦਾ ਸੱਭਿਆਚਾਰ ਅਤੇ ਰੀਤੀ ਰਿਵਾਜ ਸੰਭਾਲਣ ਲਈ ਸਾਂਝੇ ਯਤਨ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਆਪਣੇ ਵਿਭਿੰਨ ਸੱਭਿਆਚਾਰ ਕਰਕੇ ਅਰੁਣਾਚਲ ਪ੍ਰਦੇਸ਼ ਦੇਸ਼ ਵਿੱਚ ਅਹਿਮ ਸਥਾਨ ਰੱਖਦਾ ਹੈ। ਮੁਰਮੂ ਨੇ ਕਿਹਾ, ‘ਮੌਜੂਦਾ ਦੌਰ ਵਿੱਚ ਵਾਤਾਵਰਨ ਪ੍ਰਦੂਸ਼ਣ ਅਤੇ ਜਲਵਾਯੂ ਤਬਦੀਲੀ ਗੰਭੀਰ ਮੁੱਦੇ ਹਨ। ਸਾਨੂੰ ਇਨ੍ਹਾਂ ਨਾਲ ਨਜਿੱਠਣ ਲਈ ਤੁਰੰਤ ਹੱਲ ਲੱਭਣਾ ਪਵੇਗਾ।’’