ਵਿਧਾਨਪਾਲਿਕਾ ਜਾਂ ਕਾਰਜਪਾਲਿਕਾ ਨਹੀਂ ਬਣ ਸਕਦੀ ਨਿਆਂਪਾਲਿਕਾ: ਧਨਖੜ

ਵਿਧਾਨਪਾਲਿਕਾ ਜਾਂ ਕਾਰਜਪਾਲਿਕਾ ਨਹੀਂ ਬਣ ਸਕਦੀ ਨਿਆਂਪਾਲਿਕਾ: ਧਨਖੜ

ਨਵੀਂ ਦਿੱਲੀ-ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਹੈ ਕਿ ਨਿਆਂਪਾਲਿਕਾ, ਵਿਧਾਨਪਾਲਿਕਾ ਜਾਂ ਕਾਰਜਪਾਲਿਕਾ ਨਹੀਂ ਬਣ ਸਕਦੀ ਕਿਉਂਕਿ ਕਿਸੇ ਕਾਰਜ ਖੇਤਰ ਦਾ ਇਕ ਹਿੱਸਾ ਜੇ ਦੂਜੇ ਹਿੱਸੇ ਵਿਚ ਦਖ਼ਲ ਦਿੰਦਾ ਹੈ ਤਾਂ ਇਸ ਨਾਲ ਸ਼ਾਸਨ ਦਾ ਤਵਾਜ਼ਨ ਵਿਗੜਦਾ ਹੈ। ਧਨਖੜ ਨੇ ਐਲ.ਐਮ. ਸਿੰਘਵੀ ਯਾਦਗਾਰੀ ਭਾਸ਼ਣ ਮੌਕੇ ਵਿਚਾਰ ਰੱਖਦਿਆਂ ਕਿਹਾ, ‘ਸਾਡੀ ਨਿਆਂਪਾਲਿਕਾ ਸ਼ਾਸਨ ਦੀਆਂ ਅਹਿਮ ਇਕਾਈਆਂ ਵਿਚੋਂ ਇਕ ਹੁੰਦਿਆਂ ਵਿਧਾਨਪਾਲਿਕਾ ਜਾਂ ਕਾਰਜਪਾਲਿਕਾ ਨਹੀਂ ਬਣ ਸਕਦੀ। ਤਾਕਤਾਂ ਦੀ ਵੰਡ ਦਾ ਸਿਧਾਂਤ ਸਾਡੇ ਸ਼ਾਸਨ ਕਰਨ ਦੇ ਤਰੀਕੇ ਦੀ ਬੁਨਿਆਦ ਹੈ। ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀ.ਵਾਈ. ਚੰਦਰਚੂੜ ਦੀ ਹਾਜ਼ਰੀ ਵਿਚ ਸੰਬੋਧਨ ਕਰਦਿਆਂ ਧਨਖੜ ਨੇ ਨਾਲ ਹੀ ਕਿਹਾ ਕਿ ਸੰਵਿਧਾਨ ਦੀ ਪ੍ਰਸਤਾਵਨਾ ਵਿਚ ‘ਅਸੀਂ ਭਾਰਤ ਦੇ ਲੋਕ’ ਦਾ ਜ਼ਿਕਰ ਹੈ ਤੇ ਸੰਸਦ ਲੋਕਾਂ ਦੀਆਂ ਇੱਛਾਵਾਂ ਨੂੰ ਦਰਸਾਉਂਦੀ ਹੈ।’ ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਹੈ ਕਿ ਤਾਕਤ ਲੋਕਾਂ ਵਿਚ, ਉਨ੍ਹਾਂ ਦੇ ਫ਼ਤਵੇ ਤੇ ਵਿਵੇਕ ਵਿਚ ਵਸਦੀ ਹੈ।

ਉਪ ਰਾਸ਼ਟਰਪਤੀ ਧਨਖੜ ਨੇ ਕਿਹਾ ਕਿ 2015-16 ਵਿਚ ਸੰਸਦ ਸੰਵਿਧਾਨਕ ਸੋਧ ਐਕਟ ਨਾਲ ਨਜਿੱਠ ਰਹੀ ਸੀ ਤੇ ਸਾਰੀ ਲੋਕ ਸਭਾ ਨੇ ਸਰਬਸੰਮਤੀ ਨਾਲ ਵੋਟ ਪਾਈ। ਕੋਈ ਵਿਰੋਧ ਨਹੀਂ ਸੀ ਤੇ ਨਾ ਹੀ ਗੈਰਹਾਜ਼ਰੀ ਸੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ, ‘ਅਸੀਂ ਭਾਰਤ ਦੇ ਲੋਕਾਂ- ਉਨ੍ਹਾਂ ਦੀ ਇੱਛਾ ਨੂੰ ਸੰਵਿਧਾਨਕ ਤਜਵੀਜ਼ ਵਿਚ ਬਦਲ ਦਿੱਤਾ।’ ਉਪ ਰਾਸ਼ਟਰਪਤੀ ਨੇ ਇਸ ਮੌਕੇ ਭਾਰਤੀ ਲੋਕਤੰਤਰ ਨੂੰ ਮਜ਼ਬੂਤ ਕਰਾਰ ਦਿੱਤਾ ਤੇ ਕਿਹਾ ਕਿ ਇਹ ਇਕ ਆਦਰਸ਼ ਲੋਕਤੰਤਰ ਹੈ।