ਵਿਧਾਇਕ ਦੀ ਗੱਡੀ ’ਤੇ ਲੱਗਾ ਫੈਂਸੀ ਨੰਬਰ ਕਿਸੇ ਹੋਰ ਨੇ ਖਰੀਦਿਆ

ਵਿਧਾਇਕ ਨੇ ਨਵੀਂ ਸੀਰੀਜ਼ ਦਾ ਇਹੀ ਨੰਬਰ ਗੱਡੀ ’ਤੇ ਲਾਇਆ

ਰਈਆ- ਬਾਬਾ ਬਕਾਲਾ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਪਿਛਲੇ ਕਈ ਦਿਨਾਂ ਤੋਂ ਜਿਸ ਫਾਰਚੂਨਰ ਗੱਡੀ ’ਤੇ ਇੱਕ ਫੈਂਸੀ ਨੰਬਰ ਪਲੇਟ ਲਾ ਕੇ ਘੁੰਮ ਰਹੇ ਸਨ, ਉਹ ਕਿਸੇ ਹੋਰ ਵਿਅਕਤੀ ਨੇ 84 ਹਜ਼ਾਰ ਰੁਪਏ ਦੀ ਬੋਲੀ ਲਾ ਕੇ ਖਰੀਦ ਲਿਆ ਹੈ। ਦਿਲਚਸਪ ਗੱਲ ਇਹ ਹੈ ਕਿ ਵਿਧਾਇਕ ਵੱਲੋਂ ਹੁਣ ਇਸੇ ਨੰਬਰ ਦੀ ਦੂਸਰੀ ਸੀਰੀਜ਼ ਵਾਲੇ ਨੰਬਰ ਦੀ ਵਰਤੋਂ ਕੀਤੀ ਜਾ ਰਹੀ ਹੈ। ਵਿਧਾਇਕ ਵੱਲੋਂ ਇਹ ਨੰਬਰ ਲਗਾਉਣ ’ਤੇ ਹੁਣ ਸਵਾਲ ਉੱਠ ਰਹੇ ਹਨ। ਜਾਣਕਾਰੀ ਅਨੁਸਾਰ ਵਿਧਾਇਕ ਦਲਬੀਰ ਟੌਂਗ ਪਿਛਲੇ ਇੱਕ ਮਹੀਨੇ ਤੋਂ, ਜਿਸ ਚਿੱਟੇ ਰੰਗ ਦੀ ਫਾਰਚੂਨਰ ਗੱਡੀ ਦੀ ਵਰਤੋਂ ਕਰ ਰਹੇ ਹਨ, ਉਹ ਕਿਸੇ ਵਕੀਲ ਦੇ ਨਾਮ ਤੇ ਖਰੀਦੀ ਦੱਸੀ ਗਈ ਹੈ। ਇਸ ਗੱਡੀ ’ਤੇ ਪਹਿਲਾਂ ਪੀਬੀ 02 ਈਐੱਚ 0039 ਨੰਬਰ ਵਾਲੀ ਪਲੇਟ ਲੱਗੀ ਹੋਈ ਸੀ ਤੇ ਗੱਡੀ ’ਤੇ ਪੰਜਾਬ ਸਰਕਾਰ ਵੀ ਲਿਖਿਆ ਹੋਈਆ ਸੀ। ‘ਪੰਜਾਬੀ ਟ੍ਰਿਬਿਊਨ’ ਵਿੱਚ ਇਸ ਸਬੰਧੀ ਖ਼ਬਰ ਛਪਣ ਮਗਰੋਂ ਇਹ ਮਾਮਲਾ ਚਰਚਾ ਵਿੱਚ ਆਇਆ ਸੀ। ਹੁਣ ਕੱਲ੍ਹ 25 ਅਗਸਤ ਨੂੰ ਹੋਈ ਬੋਲੀ ਵਿੱਚ ਇਹ ਨੰਬਰ ਨਿਰਮਲ ਸਿੰਘ ਵਾਸੀ ਪੱਡਾ ਨੇ 84 ਹਜ਼ਾਰ ਰੁਪਏ ਵਿੱਚ ਖ਼ਰੀਦ ਲਿਆ ਹੈ। ਇਸ ਮਗਰੋਂ ਵਿਧਾਇਕ ਨੇ ਹੁਣ ਪੀਬੀ 02 ਈਜੇ 0039 ਨੰਬਰ ਵਾਲੀ ਪਲੇਟ ਲਗਾਈ ਹੈ, ਜੋ 25 ਅਗਸਤ ਨੂੰ ਐਡਵੋਕੇਟ ਮਨਿੰਦਰ ਸਿੰਘ ਦੇ ਨਾਮ ’ਤੇ ਆਰਟੀਓ ਦਫ਼ਤਰ ਅੰਮ੍ਰਿਤਸਰ ਤੋਂ 12,500 ਰੁਪਏ ਵਿੱਚ ਖਰੀਦਿਆ ਗਿਆ ਹੈ। ਆਰਟੀਓ ਅੰਮ੍ਰਿਤਸਰ ਅਰਸ਼ਦੀਪ ਸਿੰਘ ਲੁਬਾਣਾ ਅਨੁਸਾਰ ਉਕਤ ਦੋਵੇਂ ਨੰਬਰਾਂ ਦੀ ਬੋਲੀ 25 ਅਗਸਤ ਨੂੰ ਹੋਈ ਹੈ। ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਵਿਮਲ ਸੇਤੀਆਂ ਨੇ ਕਿਹਾ ਕਿ ਜਿਸ ਵਿਅਕਤੀ ਦੀ ਵੱਧ ਬੋਲੀ ਹੋਵੇਗੀ ਨੰਬਰ ਉਸ ਨੂੰ ਹੀ ਅਲਾਟ ਕੀਤਾ ਜਾਵੇਗਾ।

ਵਿਧਾਇਕ ਦਲਬੀਰ ਸਿੰਘ ਟੌਂਗ ਨਾਲ ਇਸ ਬਾਰੇ ਗੱਲ ਕਰਨ ਲਈ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਦੇ ਬਾਵਜੂਦ ਉਨ੍ਹਾਂ ਗੱਲ ਨਹੀਂ ਕੀਤੀ ਹੈ। ਹਾਲਾਂਕਿ ਪਹਿਲੀ ਨੰਬਰ ਪਲੇਟ ਬਾਰੇ ਜਦੋਂ ਬੀਤੇ ਦਿਨੀਂ ਉਨ੍ਹਾਂ ਨੂੰ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਾਰੇ ਟੈਕਸ ਭਰੇ ਹੋਏ ਹਨ। ਨਵੇਂ ਨੰਬਰ ਬਾਰੇ ਵਿਧਾਇਕ ਦੇ ਸਹਾਇਕ ਪ੍ਰਿਤਪਾਲ ਸਿੰਘ ਪੱਡਾ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪੀਬੀ 02 ਈਜੇ 0039 ਨੰਬਰ ਆਡਿਟ ਕਰਵਾਇਆ ਗਿਆ ਹੈ ਤੇ ਇਸ ਦੀ ਹਾਈ ਸਕਿਓਰਿਟੀ ਨੰਬਰ ਪਲੇਟ ਵੀ ਲਗਾ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਗੱਡੀ ’ਤੇ ਲੱਗਿਆ ਪਹਿਲਾ ਨੰਬਰ ਖਰੀਦਣ ਵਾਲੇ ਨਿਰਮਲ ਸਿੰਘ ਵਾਸੀ ਪਿੰਡ ਪੱਡਾ ਦਾ ਕਹਿਣਾ ਹੈ ਕਿ ਅਖ਼ਬਾਰ ’ਚ ਖ਼ਬਰ ਪੜ੍ਹਨ ਮਗਰੋਂ ਹੀ ਉਸ ਨੇ ਇਹ ਨੰਬਰ ਖਰੀਦਣ ਦਾ ਮਨ ਬਣਾਇਆ ਸੀ। ਇਸੇ ਕਰਕੇ ਉਸ ਨੇ 84 ਹਜ਼ਾਰ ਰੁਪਏ ਵਿੱਚ ਇਹ ਨੰਬਰ ਖਰੀਦ ਕੇ ਫੀਸ ਵੀ ਭਰ ਦਿੱਤੀ ਹੈ ਤੇ ਹੁਣ ਇਹ ਨੰਬਰ ਉਸ ਵੱਲੋਂ ਇੱਕ ਦੋ ਪਹੀਆ ਵਾਹਨ ’ਤੇ ਲਗਾਇਆ ਗਿਆ ਹੈ।

‘ਅਜਿਹੀਆਂ ਖਬਰਾਂ ਲਾਉਣ ਵਾਲਿਆਂ ਨੂੰ ਸਬਕ ਸਿਖਾਇਆ ਜਾਵੇਗਾ’

ਅੱਜ ਸ਼ਾਮ ਵਿਧਾਇਕ ਦਲਬੀਰ ਸਿੰਘ ਟੌਂਗ ਦੇ ਇੱਕ ਬੰਦੇ ਨੇ ਇਸ ਪੱਤਰਕਾਰ ਤੇ ਨੰਬਰ ਖਰੀਦਣ ਵਾਲੇ ਨਿਰਮਲ ਸਿੰਘ ਨੂੰ ਸੁਨੇਹਾ ਭੇਜ ਕੇ ਇਹ ਖ਼ਬਰ ਗ਼ਲਤ ਹੋਣ ਦਾ ਦਾਅਵਾ ਕੀਤਾ ਹੈ ਤੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਖ਼ਿਲਾਫ਼ ਗ਼ਲਤ ਖ਼ਬਰਾਂ ਲਗਾਉਣ ਵਾਲਿਆਂ ਨੂੰ ਸਬਕ ਸਿਖਾਇਆ ਜਾਵੇਗਾ।