ਵਿਦੇਸ਼ੀ ਡੈਲੀਗੇਟਾਂ ਦਾ ਬੈਂਡ ਵਾਜਿਆਂ ਨਾਲ ਸਵਾਗਤ

ਵਿਦੇਸ਼ੀ ਡੈਲੀਗੇਟਾਂ ਦਾ ਬੈਂਡ ਵਾਜਿਆਂ ਨਾਲ ਸਵਾਗਤ

ਅੰਮ੍ਰਿਤਸਰ- ਗੁਰੂ ਨਗਰੀ ਅੰਮ੍ਰਿਤਸਰ ਨੇ ਅੱਜ ਜੀ-20 ਸੰਮੇਲਨ ਵਿਚ ਸ਼ਾਮਲ ਹੋਣ ਲਈ ਆਏ ਵੱਖ-ਵੱਖ ਮੁਲਕਾਂ ਦੇ ਪ੍ਰਤੀਨਿਧਾਂ ਨੂੰ ਰਵਾਇਤੀ ਢੰਗ ਤਰੀਕੇ ਨਾਲ ਜੀ ਆਇਆਂ ਆਖਿਆ। ਹਵਾਈ ਅੱਡੇ ’ਤੇ ਇਨ੍ਹਾਂ ਦਾ ਡੋਲ ਧੱਮਕੇ ਅਤੇ ਗਿੱਧੇ ਭੰਗੜੇ ਦੇ ਨਾਲ ਸਵਾਗਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੇ ਪੱਗਾਂ ਤੇ ਫੁਲਕਾਰੀਆਂ ਵੀ ਪਹਿਨਾਈਆਂ ਗਈਆਂ। ਇਸ ਤੋਂ ਇਲਾਵਾ  ਜਿੱਥੇ ਜਿੱਥੇ ਹੋਟਲਾਂ ਵਿੱਚ ਡੈਲੀਗੇਡਾਂ ਨੂੰ ਠਹਿਰਾਇਆ ਗਿਆ ਉਥੇ ਵੀ ਹੋਟਲ ਮਾਲਕਾਂ ਵੱਲੋਂ ਇਨ੍ਹਾਂ ਦਾ ਵੱਖ-ਵੱਖ ਤਰ੍ਹਾਂ ਦੀਆਂ ਪੱਗਾਂ ਪਹਿਨਾਈਆਂ ਗਈਆਂ। ਇਸ ਦੌਰਾਨ ਅੱਜ ਪੁਲੀਸ ਨੇ ਭਲਕੇ ਹੋਣ ਵਾਲੇ ਕੌਮਾਂਤਰੀ ਸੰਮੇਲਨ ਵਾਸਤੇ ਕਈ ਸੜਕਾਂ ’ਤੇ ਆਵਜਾਈ ਦਾ ਬਦਲਵਾਂ ਪ੍ਰਬੰਧ ਕਰਨ ਦਾ ਵੀ ਐਲਾਨ ਕੀਤਾ ਹੈ।

ਮਿਲੀ ਜਾਣਕਾਰੀ ਮੁਤਾਬਕ ਇਤਿਹਾਸਕ ਖਾਲਸਾ ਕਾਲਜ ਵਿੱਚ ਹੋਣ ਵਾਲਾ ਇਹ ਸੰਮੇਲਨ ਦੋ ਪੜਾਵਾਂ ’ਚ ਹੋਵੇਗਾ। ਪਹਿਲੇ ਪੜਾਅ ਵਿੱਚ ਐਜੂਕੇਸ਼ਨ ਵਰਕਿੰਗ ਗਰੁੱਪ ਦੀ ਮੀਟਿੰਗ ਹੋਵੇਗੀ, ਜਿਸ ਦਾ ਵਿਸ਼ਾ ਜੀ-20 ਮੁਲਕਾਂ ਦੇ ਆਪਸੀ ਸਹਿਯੋਗ ਰਾਹੀਂ ਖੋਜ ਅਤੇ ਨਵੀਨਤਾਵਾਂ ਨੂੰ ਉਤਸ਼ਾਹਤ ਕਰਨਾ ਹੈ। ਇਹ ਮੀਟਿੰਗ ਵਸੁਧੈਵ ਕਟੁੰਬਕਮ ਦੇ ਥੀਮ ਇਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ ਦੇ ਹੇਠ ਹੋਵੇਗੀ।

ਇਸ ਸਬੰਧ ਵਿੱਚ ਸ਼ਹਿਰ ਨੂੰ ਸੁੰਦਰ ਦਿੱਖ ਦੇਣ ਦਾ ਯਤਨ ਕੀਤਾ ਗਿਆ ਹੈ। ਸਰਕਾਰੀ ਇਮਾਰਤਾਂ ਦੀਆਂ ਕੰਧਾਂ ’ਤੇ ਸੁੰਦਰ ਚਿੱਤਰਕਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਸੜਕਾਂ ਅਤੇ ਚੁਰਾਹਿਆਂ ਵਿੱਚ ਫੁੱਲ ਬੂਟੇ ਲਾਏ ਗਏ ਹਨ। ਕਾਬਿਲੇਗੌਰ ਹੈ ਕਿ ਕੇਂਦਰ ਸਰਕਾਰ ਵੱਲੋਂ ਇਸ ਜੀ-20 ਸੰਮੇਲਨ ਨੂੰ ਧਿਆਨ ਵਿਚ ਰੱਖਦਿਆਂ ਸ਼ਹਿਰ ਵਿਚ ਬੁਨਿਆਦੀ ਢਾਂਚੇ ਅਤੇ ਸ਼ਹਿਰ ਦੀ ਸੁੰਦਰਤਾ ਲਈ ਲਗਪਗ 100 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਸਨ।

ਜੀ-20 ਸੰਮੇਲਨ ਨੂੰ ਮੁੱਖ ਰੱਖਦਿਆਂ ਸ਼ਹਿਰ ਵਿਚ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇੱਥੇ ਪੰਜਾਬ ਪੁਲੀਸ ਤੋਂ ਇਲਾਵਾ ਨੀਮ ਫੌਜੀ ਬਲਾਂ ਦੇ ਦਸਤੇ ਤਾਇਨਾਤ ਹਨ, ਜਿਨਾਂ ਵਲੋਂ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਫਲੈਗ ਮਾਰਚ ਕੀਤੇ ਗਏ ਹਨ ਅਤੇ ਜਨਤਕ ਥਾਵਾਂ ਦੇ ਜਾਂਚ ਜਾਰੀ ਹੈ। ਪੁਲੀਸ ਦੇ ਡੀਸੀਪੀ ਪੀਐੱਸ ਭੰਡਾਲ ਨੇ ਦੱਸਿਆ ਕਿ ਆਵਾਜਾਈ ਸੁਚਾਰੂ ਬਣਾਉਣ ਲਈ ਸ਼ਹਿਰ ਨੂੰ 3 ਸੈਕਟਰਾਂ ਵਿੱਚ ਵੰਡਿਆ ਗਿਆ ਹੈ। ਇਨ੍ਹਾਂ ਥਾਵਾਂ ਵਿੱਚ ਖਾਲਸਾ ਕਾਲਜ, ਸ੍ਰੀ ਦਰਬਾਰ ਸਾਹਿਬ, ਜੱਲ੍ਹਿਆ ਵਾਲਾ ਬਾਗ , ਪਾਰਟੀਸ਼ੀਅਨ ਮਿਊਜ਼ੀਅਮ, ਸਾਡਾ ਪਿੰਡ, ਗੋਬਿੰਦਗੜ੍ਹ ਕਿਲ੍ਹਾ ਅਤੇ ਹੋਰਨਾ ਥਾਵਾਂ ਨੂੰ ਜਾਣ ਵਾਲੀਆਂ ਸੜਕਾਂ ’ਤੇ ਇਨ੍ਹਾਂ ਦੀ ਆਮਦ ਵੇਲੇ ਆਵਾਜਾਈ ਰੋਕੀ ਜਾਵੇਗੀ। ਆਮ ਲੋਕਾਂ ਲਈ ਬਦਲਵੇਂ ਰੂਟਾਂ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਲਗਪਗ 550 ਮੁਲਾਜ਼ਮਾਂ ਦਾ ਟ੍ਰੈਫਿਕ ਅਮਲਾ ਤਾਇਨਾਤ ਕੀਤਾ ਹੈ। ਇਸੇ ਤਰ੍ਹਾਂ ਸ਼ਹਿਰ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਣਾਏ ਰੱਖਣ ਵਾਸਤੇ ਸ਼ਹਿਰ ਨੂੰ ਤਿੰਨ ਜ਼ੋਨਾਂ ਵਿਚ ਵੰਡਿਆ ਹੈ, ਜਿੱਥੇ ਨੀਮ ਫੌਜੀ ਬਲ, ਸਥਾਨਕ ਪੁਲੀਸ , ਗਸ਼ਤ ਪਾਰਟੀਆਂ ਅਤੇ ਨਾਕਾਬੰਦੀ ਟੀਮਾਂ ਤਾਇਨਾਤ ਕੀਤੀਆਂ ਹਨ।