ਵਿਦਿਆਰਥੀ ਦੀ ਜ਼ਿੰਦਗੀ ’ਚ ਲਾਇਬਰੇਰੀ ਦੀ ਮਹੱਤਤਾ

ਵਿਦਿਆਰਥੀ ਦੀ ਜ਼ਿੰਦਗੀ ’ਚ ਲਾਇਬਰੇਰੀ ਦੀ ਮਹੱਤਤਾ

ਗੁਰਬਿੰਦਰ ਸਿੰਘ ਮਾਣਕ

ਇਸ ਗੱਲ ਬਾਰੇ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਲਾਇਬਰੇਰੀ ਗਿਆਨ ਦਾ ਵਿਸ਼ਾਲ ਭੰਡਾਰ ਹੁੰਦੀ ਹੈ। ਪੁਸਤਕਾਂ ਦੀ ਮਹੱਤਤਾ ਕਾਰਨ ਹੀ ਇਨ੍ਹਾਂ ਨੂੰ ਮਨੁੱਖ ਦਾ ਸੱਚਾ ਮਿੱਤਰ ਕਿਹਾ ਜਾਂਦਾ ਹੈ। ਲਾਇਬਰੇਰੀ ਸ਼ਬਦ ਦੀ ਉਤਪਤੀ ਲਾਤੀਨੀ ਸ਼ਬਦ ‘ਲੀਬਰੇ’ ਤੋਂ ਹੋਈ ਹੈ, ਜਿਸ ਦਾ ਅਰਥ ਹੈ ਕਿਤਾਬ। ਸਾਹਿਤਕ ਤੇ ਗਿਆਨ-ਵਰਧਿਕ ਪੁਸਤਕਾਂ ਮਨੁੱਖ ਦੀ ਸੋਚ ਤੇ ਨਜ਼ਰੀਏ ਨੂੰ ਬਦਲਣ ਤੇ ਪਰਪੱਕ ਕਰਨ ਦਾ ਵਡਮੁੱਲਾ ਕਾਰਜ ਕਰਨ ਵਿਚ ਵੱਡੀ ਭੂਮਿਕਾ ਨਿਭਾਉਂਦੀਆਂ ਹਨ। ਆਪਣੀ ਉਮਰ, ਰੁਚੀ ਤੇ ਪਸੰਦ ਅਨੁਸਾਰ ਕੋਈ ਵੀ ਵਿਅਕਤੀ ਲਾਇਬਰੇਰੀ ਵਿਚ ਪੁਸਤਕਾਂ ਸੰਗ ਦੋਸਤੀ ਪਾ ਕੇ ਨਾ ਕੇਵਲ ਗਿਆਨ-ਰੂਪੀ ਸਮੁੰਦਰ ਵਿਚ ਤਾਰੀਆਂ ਲਾਉਂਦਾ, ਸਗੋਂ ਜੀਵਨ ਦਾ ਵਿਸ਼ੇਸ਼ ਨਜ਼ਰੀਆ ਤੇ ਸੂਝ ਵਿਕਸਤ ਕਰ ਕੇ ਆਪਣੀ ਮੰਜ਼ਿਲ ’ਤੇ ਪਹੁੰਚਣ ਦਾ ਰਾਹ ਵੀ ਤਲਾਸ਼ ਸਕਦਾ ਹੈ। ਘਰ ਤੋਂ ਬਾਅਦ ਸਕੂਲ ਬੱਚੇ ਦੇ ਸਰਬਪੱਖੀ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਸਕੂਲ ਵਿਚ ਆ ਕੇ ਬੱਚੇ ਨੇ ਕੇਵਲ ਪਾਠਕ੍ਰਮ ਦੀਆਂ ਪੁਸਤਕਾਂ ਪੜ੍ਹ ਕੇ ਹੀ ਜਮਾਤਾਂ ਨਹੀਂ ਪਾਸ ਕਰਨੀਆਂ ਹੁੰਦੀਆਂ, ਸਗੋਂ ਸਮਾਜਿਕ, ਸੱਭਿਆਚਾਰਕ, ਭਾਵਨਾਤਮਿਕ ਅਤੇ ਨੈਤਿਕ ਮੁੱਲਾਂ ਸਬੰਧੀ ਬਹੁਤ ਕੁਝ ਸਿੱਖਣਾ ਤੇ ਸਮਝਣਾ ਹੁੰਦਾ ਹੈ। ਇਸ ਗੱੱਲ ਬਾਰੇ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਜ਼ਿੰਦਗੀ ਦਾ ਇਹ ਅਣਮੁੱਲਾ ਗਿਆਨ ਹਾਸਲ ਕਰ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ। ਸਕੂਲ ਪੱਧਰ ’ਤੇ ਪੜ੍ਹਾਏ ਜਾਂਦੇ ਵੱਖ-ਵੱਖ ਵਿਸ਼ਿਆਂ ਦੇ ਨਾਲ-ਨਾਲ ਲਾਇਬਰੇਰੀ ਵਿਚੋਂ ਪੁਸਤਕਾਂ ਪ੍ਰਾਪਤ ਕਰ ਕੇ ਵਿਦਿਆਰਥੀ ਕਿਸੇ ਵੀ ਵਿਸ਼ੇ ਬਾਰੇ ਹੋਰ ਗਿਆਨ ਹਾਸਲ ਕਰ ਕੇ ਚੰਗੀ ਸਮਝ ਸੂਝ ਪੈਦਾ ਕਰ ਸਕਦਾ ਹੈ।

ਅਜੋਕੀ ਸਿੱਖਿਆ ਪ੍ਰਣਾਲੀ ਵਿਚ ਪ੍ਰੀਖਿਆ ਦੀ ਦ੍ਰਿਸ਼ਟੀ ਤੋਂ ਕੇਵਲ ਪਾਠ-ਪੁਸਤਕਾਂ ਤੇ ਨਿਰਧਾਰਤ ਪਾਠਕ੍ਰਮ ਪੜ੍ਹਾਉਣ ’ਤੇ ਹੀ ਵਧੇਰੇ ਜ਼ੋਰ ਦਿੱਤਾ ਜਾਂਦਾ ਹੈ। ਪਾਠਕ੍ਰਮ ਏਨੇ ਲੰਮੇ ਅਕਾਊ ਅਤੇ ਨੀਰਸ ਹਨ ਕਿ ਬੱਚੇ ਅਤੇ ਅਧਿਆਪਕ ਸਾਲ ਦਾ ਬਹੁਤਾ ਸਮਾਂ ਇਸ ਨੂੰ ਮੁਕਾਉਣ ਵਿਚ ਹੀ ਉਲਝੇ ਰਹਿੰਦੇ ਹਨ। ਅਧਿਆਪਕ ਵੀ ਨਤੀਜਾ ਚੰਗਾ ਲਿਆਉਣ ਦੇ ਯਤਨਾਂ ਵਿਚ ਤੇ ਮਹਿਕਮੇ ਨੂੰ ਆਪਣੀ ਕਾਰਗੁਜ਼ਾਰੀ ਦਿਖਾਉਣ ਲਈ ਪਾਠਕ੍ਰਮ ਦੇ ਚੱਕਰਵਿਊ ਵਿਚੋਂ ਹੀ ਬਾਹਰ ਨਹੀਂ ਨਿਕਲਦਾ। ਪ੍ਰੀਖਿਆ ਪਾਸ ਕਰਨ ਦੇ ਹਊਏ ਨੇ ਵਿਦਿਆਰਥੀ ਲਈ ਕਿਸੇ ਵੀ ਹੋਰ ਸਰਗਰਮੀ ਵਿਚ ਹਿੱਸਾ ਲੈਣ ਦੇ ਦਰਵਾਜ਼ੇ ਹੀ ਬੰਦ ਕੀਤੇ ਹੋਏ ਹਨ। ਚਿੰਤਾਜਨਕ ਗੱਲ ਇਹ ਹੈ ਕਿ ਅਜੋਕੇ ਬੱਚੇ ਕੁੱਟਮਾਰ, ਅਪਰਾਧ-ਮੁਖੀ ਤੇ ਨੰਗੇਜ਼ ਭਰਪੂਰ ਫਿਲਮਾਂ ਅਤੇ ਤਰਕਹੀਣ ਤੇ ਗੈਰ ਵਿਗਿਆਨਕ ਸੀਰੀਅਲਾਂ ਦੇ ਦੀਵਾਨੇ ਹੋਏ ਪਏ ਹਨ। ਭਾਵੇਂ ਇਸ ਸਿਲਸਿਲੇ ਨੂੰ ਪੂਰੀ ਤਰ੍ਹਾਂ ਰੋਕਣਾ ਸੰਭਵ ਨਹੀਂ ਪਰ ਸਕੂਲ ਲਾਇਬਰੇਰੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਿਕਸਤ ਕਰ ਕੇ ਵਿਦਿਆਰਥੀਆ ਨੂੰ ਇਕ ਸਾਰਥਿਕ ਬਦਲ ਦਿੱਤਾ ਜਾ ਸਕਦਾ ਹੈ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਲਾਇਬਰੇਰੀ ਸਕੂਲ ਪਾਠਕ੍ਰਮ ਦਾ ਹਿੱਸਾ ਹੋਣ।

ਅਧਿਆਪਕ ਬੱਚਿਆਂ ਦੇ ਮਨ ਵਿਚ ਪੁਸਤਕਾਂ ਦੇ ਵਿਲੱਖਣ ਸੰਸਾਰ ਪ੍ਰਤੀ ਦਿਲਚਸਪੀ ਅਤੇ ਪ੍ਰੇਰਨਾ ਪੈਦਾ ਕਰ ਕੇ ਉਨ੍ਹਾਂ ਨੂੰ ਲਾਇਬਰੇਰੀ ਜਾਣ ਲਈ ਉਤਸ਼ਾਹਿਤ ਕਰਨ। ਬੱਚਿਆਂ ਦੇ ਉਮਰ ਗਰੁੱਪ ਅਨੁਸਾਰ ਉਨ੍ਹਾਂ ਨੂੰ ਪੁਸਤਕਾਂ ਮੁਹੱਈਆ ਕਰਾਈਆਂ ਜਾਣ। ਬੱਚੇ ਨੂੰ ਲਾਇਬਰੇਰੀ ਵਿਚ ਬੈਠ ਕੇ ਅਖਬਾਰਾਂ, ਰਸਾਲੇ ਅਤੇ ਪੁਸਤਕਾਂ ਦੇ ਅਲੋਕਾਰ ਸੰਸਾਰ ਦੀ ਥਾਂਹ ਪਾਉਣ ਦਾ ਮੌਕਾ ਪ੍ਰਦਾਨ ਕਰਨ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾਣ। ਜੇ ਅਧਿਆਪਕ ਨੂੰ ਆਪ ਪੁਸਤਕਾਂ ਪੜ੍ਹਨ ਵਿਚ ਦਿਲਚਸਪੀ ਹੋਏਗੀ ਤਾਂ ਉਹ ਹੌਲੀ ਹੌਲੀ ਬੱਚਿਆਂ ਨੂੰ ਵੀ ਇਸ ਰਾਹ ਤੋਰਨ ਵਿਚ ਕਾਮਯਾਬੀ ਹਾਸਲ ਕਰ ਲਏਗਾ। ਪੁਸਤਕਾਂ ਵਿਚੋਂ ਕਦੇ ਕਦੇ ਕੁਝ ਦਿਲਚਸਪ ਵੇਰਵੇ ਅਧਿਆਪਕ ਬੱਚਿਆਂ ਨੂੰ ਪੜ੍ਹ ਕੇ ਸੁਣਾਉਣ ਤਾਂ ਕਿ ਬੱਚਿਆਂ ਦੇ ਮਨਾਂ ਵਿਚ ਪੁਸਤਕਾਂ ਪ੍ਰਤੀ ਉਤਸੁਕਤਾ ਤੇ ਤਾਂਘ ਪੈਦਾ ਹੋ ਸਕੇ। ਬੱਚਿਆਂ ਦੀ ਸਕੂਲ ਵਿਚ ਕਿਸੇ ਪ੍ਰਾਪਤੀ ਲਈ ਪੁਸਤਕਾਂ ਇਨਾਮ ਵਜੋਂ ਦਿੱਤੀਆਂ ਜਾਣ ਤਾਂ ਕਿ ਉਹ ਜਦੋਂ ਚਾਹੇ ਪੜ੍ਹਨ ਦੀ ਭੁੱਖ ਪੂਰੀ ਕਰ ਸਕੇ। ਇਸ ਤਰ੍ਹਾਂ ਦੇ ਸੁਹਿਰਦ ਯਤਨਾ ਸਦਕਾ ਬੱਚਿਆਂ ਵਿਚ ਸਿਰਜਣਾਤਮਕ ਰੁਚੀਆਂ ਪੈਦਾ ਕੀਤੀਆਂ ਜਾ ਸਕਦੀਆਂ ਹਨ। ਬੱਚੇ ਅਧਿਆਪਕ ਦੀ ਅਗਵਾਈ ਵਿਚ ਹਲਕੇ ਫੁਲਕੇ ਲੇਖ ਅਤੇ ਕਵਿਤਾਵਾਂ ਲਿਖ ਕੇ ਆਪਣੇ ਅੰਦਰ ਛੁਪੀਆਂ ਸੰਭਾਵਨਾਵਾਂ ਨੂੰ ਪ੍ਰਗਟ ਕਰ ਸਕਦੇ ਹਨ।

ਸਿੱਖਿਆ ਨੂੰ ਮਨੁੱਖ ਦਾ ਤੀਜਾ ਨੇਤਰ ਕਿਹਾ ਗਿਆ ਹੈ। ਅਜੋਕੀ ਸਿੱਖਿਆ ਪ੍ਰਣਾਲੀ ਬੱਚੇ ਦੀ ਸੂਝ ਨੂੰ ਵਿਕਸਤ ਕਰਨ ਅਤੇ ਉਸ ਦੇ ਮਨ ਵਿਚ ਆਲੋਚਨਾਤਮਿਕ ਸਵਾਲ ਪੈਦਾ ਕਰਨ ਤੋਂ ਅਸਮਰੱਥ ਹੈ। ਜਦੋਂ ਤੱਕ ਕਿਸੇ ਵਿਚਾਰ ਜਾਂ ਮਸਲੇ ਬਾਰੇ ਕੋਈ ਸਵਾਲ ਪੈਦਾ ਨਹੀਂ ਹੁੰਦਾ, ਉਦੋਂ ਤੱਕ ਤੀਸਰਾ ਨੇਤਰ ਬੰਦ ਹੀ ਰਹੇਗਾ। ਸਾਡੇ ਦੇਸ਼ ਦੀ ਸਮੁੱਚੀ ਸਿੱਖਿਆ ਪ੍ਰਣਾਲੀ ਦਾ ਸਭ ਤੋਂ ਵੱਡਾ ਦੁਖਾਂਤ ਇਹੀ ਹੈ। ਲਾਇਬਰੇਰੀ ਦੀਆਂ ਸਾਹਿਤਕ ਤੇ ਹੋਰ ਗਿਆਨ ਵਰਧਕ ਪੁਸਤਕਾਂ ਦੀ ਲਗਾਤਾਰ ਸਾਂਝ ਨਾਲ ਕਿਸੇ ਦੇ ਜੀਵਨ ਦੀ ਦਿਸ਼ਾ ਨੂੰ ਨਵਾਂ ਤੇ ਸਾਰਥਕ ਮੋੜ ਦੇਣ ਦਾ ਯਤਨ ਕੀਤਾ ਜਾ ਸਕਦਾ ਹੈ। ਪੁਸਤਕਾਂ ਪੜ੍ਹਨ ਦੀ ਰੁਚੀ ਹੌਲੀ ਹੌਲੀ ਬੱਚਿਆਂ ਦੇ ਮਨ ਵਿਚ ਜੀਵਨ ਦੇ ਵਰਤਾਰਿਆਂ ਨੂੰ ਸਮਝਣ ਦੀ ਸੂਝ ਪੈਦਾ ਕਰਦੀ ਹੈ ਤੇ ਸਵੈ-ਵਿਸ਼ਵਾਸ ਪੈਦਾ ਕਰਦੀ ਹੈ। ਅਗਲੇਰੀ ਜ਼ਿੰਦਗੀ ਵਿਚ ਇਹ ਗੁਣ ਕਿਸੇ ਦੀ ਸ਼ਖ਼ਸੀਅਤ ਨੂੰ ਉਸਾਰਨ ਵਿਚ ਸਹਾਈ ਹੁੰਦੇ ਹਨ।

ਅਕਸਰ ਹੀ ਇਹ ਕਿਹਾ ਜਾਂਦਾ ਹੈ ਕਿ ਲਾਇਬਰੇਰੀ ਦੀ ਵਰਤੋਂ ਨਾਲ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ। ਇਹ ਸੋਚ ਕਿਸੇ ਵੀ ਤਰ੍ਹਾਂ ਸਹੀ ਨਹੀਂ ਹੈ। ਇਸ ਦੇ ਉਲਟ ਸਗੋਂ, ਪੁਸਤਕਾਂ ਪੜ੍ਹਨ ਅਤੇ ਗਿਆਨ ਹਾਸਲ ਕਰਨ ਦੀ ਪ੍ਰਵਿਰਤੀ ਬੱਚੇ ਦੇ ਮਨ ਵਿਚ ਜੀਵਨ ’ਚ ਅੱਗੇ ਵਧਣ ਲਈ ਜੋਸ਼ ਅਤੇ ਲਗਨ ਪੈਦਾ ਕਰਦੀ ਹੈ। ਸਾਰਥਿਕ ਰੁਚੀਆਂ ਪੈਦਾ ਕਰਨ ਲਈ ਸਾਹਿਤਕ ਪੁਸਤਕਾਂ ਦੀ ਭੂਮਿਕਾ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ। ਪਿਛਲੇ ਕੁਝ ਸਾਲਾਂ ਤੋਂ ਸਰਕਾਰੀ ਸਕੂਲਾਂ ਵਿਚ ਵੀ ਕੁਝ ਹੱਦ ਤੱਕ ਲਾਇਬਰੇਰੀਆਂ ਦੀ ਸਥਾਪਨਾ ਹੋਈ ਹੈ। ਪੁਸਤਕਾਂ ਖਰੀਦਣ ਲਈ ਗਰਾਂਟਾਂ ਵੀ ਮੁਹੱਈਆ ਕਰਾਈਆਂ ਗਈਆਂ ਹਨ। ਜਿੱਥੇ ਅਧਿਆਪਕ ਰੁਚੀ ਲੈਂਦੇ ਹਨ, ਉਨ੍ਹਾਂ ਸਕੂਲਾਂ ਵਿਚ ਬਹੁਤ ਹੀ ਸ਼ਾਨਦਾਰ, ਆਕਰਸ਼ਿਕ ਅਤੇ ਪ੍ਰਭਾਵਸ਼ਾਲੀ ਲਾਇਬਰੇਰੀਆਂ ਦੇਖੀਆਂ ਜਾ ਸਕਦੀਆਂ ਹਨ। ਲਾਇਬਰੇਰੀ ਵਿਚ ਬੈਠ ਕੇ ਬੱਚੇ ਆਰਾਮ ਨਾਲ ਅਖਬਾਰਾਂ ਅਤੇ ਪੁਸਤਕਾਂ ਪੜ੍ਹਦੇ ਹਨ। ਬਹੁਤੇ ਸਕੂਲਾਂ ਵਿਚ ਲਾਰਿਬਰੇਰੀਅਨ ਦੀ ਅਸਾਮੀ ਖਾਲੀ ਹੋਣ ਕਾਰਨ ਅਧਿਆਪਕ ਹੀ ਲਾਇਬਰੇਰੀ ਦਾ ਕੰਮਕਾਜ ਦੇਖਦਾ ਹੈ। ਜੇਕਰ ਅਧਿਆਪਕ ਆਪ ਪੁਸਤਕਾਂ ਵਿਚ ਰੁਚੀ ਰੱਖਦਾ ਹੋਵੇ ਫਿਰ ਤਾਂ ਇਹ ਕੰਮ ਖੁਸ਼ੀ ਨਾਲ ਕੀਤਾ ਜਾਂਦਾ ਹੈ ਨਹੀਂ ਤਾਂ ਬਹੁਤੇ ਅਧਿਆਪਕ ਇਸ ਨੂੰ ਵਾਧੂ ਦਾ ਬੋਝ ਸਮਝ ਕੇ ਬੱਧੇ-ਰੁੱਧੇ ਹੀ ਕਰਦੇ ਹਨ। ਇਸ ਤਰ੍ਹਾਂ ਲਾਇਬਰੇਰੀ ਦੇ ਵਿਦਿਅਕ, ਸਾਹਿਤਕ ਅਤੇ ਸੂਝ ਨੂੰ ਰੌਸ਼ਨ ਕਰਨ ਦੇ ਮਹੱਤਵ ਨੂੰ ਬਿਲਕੁਲ ਹੀ ਅਣਗੌਲਿਆਂ ਕਰ ਦਿੱਤਾ ਜਾਂਦਾ ਹੈ। ਜੇਕਰ ਬੱਚਿਆਂ ਦੇ ਹੱਥਾਂ ਵਿੱਚ ਕਿਤਾਬਾਂ ਨਹੀਂ ਜਾਂਦੀਆਂ ਤਾਂ ਉਨ੍ਹਾਂ ਨੂੰ ਸੁੰਦਰ ਅਲਮਾਰੀਆਂ ਦਾ ਸ਼ਿੰਗਾਰ ਬਣਾ ਕੇ ਕਿਸੇ ਦਾ ਲਾਭ ਨਹੀਂ ਹੈ। ਬਹੁ ਗਿਣਤੀ ਸਕੂਲਾਂ ਵਿਚ ਘੱਟੇ-ਮਿੱਟੀ ਵਿਚ ਲੱਥ-ਪੱਥ ਹੋਇਆ ਇਹ ਗਿਆਨ ਰੂਪੀ ਸਰਮਾਇਆ, ਅਲਮਾਰੀਆਂ ਵਿਚ ਕੈਦ ਹੋ ਕੇ ਹੀ ਰਹਿ ਗਿਆ ਹੈ।

ਅਜੋਕੇ ਸਮੇਂ ਵਿਚ ਬੱਚੇ ਕੰਪਿਊਟਰ ਅਤੇ ਮੋਬਾਈਲ ਆਦਿ ਤਕਨੀਕੀ ਸਾਧਨਾਂ ਵਿਚ ਉਲਝ ਕੇ ਰਹਿ ਗਏ ਹਨ। ਇਥੇ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਲਾਇਬਰੇਰੀਆਂ ਨੂੰ ਗੰਭੀਰਤਾ ਨਾਲ ਸਕੂਲੀ ਸਿੱਖਿਆ ਦਾ ਅੰਗ ਬਣਾਇਆ ਜਾਵੇ ਤਾਂ ਕਿ ਬੱਚੇ ਕਿਤਾਬਾਂ ਨਾਲ ਸਾਂਝ ਪਾ ਸਕਣ। ਗਿਆਨ ਦੇ ਭਾਵੇਂ ਜਿੰਨੇ ਵੀ ਸਾਧਨ ਆ ਜਾਣ ਪਰ ਕਿਤਾਬ ਦੀ ਮਹੱਤਤਾ ਹਮੇਸ਼ਾ ਕਾਇਮ ਰਹੇਗੀ। ਕੋਈ ਵੀ ਹੋਰ ਸਾਧਨ ਪੁਸਤਕ ਦਾ ਬਦਲ ਨਹੀਂ ਹੋ ਸਕਦਾ। ਬਹੁਤ ਜ਼ਰੂਰੀ ਹੈ ਕਿ ਸਕੂਲ ਲਾਇਬਰੇਰੀ ਨੂੰ ਸਕੂਲੀ ਪਾਠਕ੍ਰਮ ਦਾ ਹਿੱਸਾ ਬਣਾ ਕੇ ਇਸ ਦੀ ਸੁਚੱਜੀ ਤੇ ਯੋਗ ਵਰਤੋਂ ਕੀਤੀ ਜਾਵੇ ਤਾਂ ਕਿ ਸਕੂਲਾਂ ਵਿਚ ਪੜ੍ਹਦਾ ਦੇਸ਼ ਦਾ ਭਵਿੱਖ ਨਵੀਆਂ ਵੰਗਾਰਾਂ ਦਾ ਮੁਕਾਬਲਾ ਕਰਨ ਲਈ ਤਿਆਰ ਹੋ ਸਕੇ।