ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਖ਼ਿਲਾਫ਼ ਮੋਰਚਾ ਖੋਲ੍ਹਿਆ

ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਖ਼ਿਲਾਫ਼ ਮੋਰਚਾ ਖੋਲ੍ਹਿਆ

ਪੇਪਰਾਂ ਵਿੱਚ ਘੱਟ ਅੰਕ ਆਉਣ ’ਤੇ ਲਾਇਆ ਧਰਨਾ; ਪੁਨਰ ਮੁਲਾਂਕਣ ਦੌਰਾਨ ਕਈਆਂ ਦੇ ਨੰਬਰ ਪਹਿਲਾਂ ਨਾਲੋਂ ਘਟੇ
ਪਟਿਆਲਾ- ਪੰਜਾਬੀ ਯੂਨੀਵਰਸਿਟੀ ਦੇ ਵੱਖ ਵੱਖ ਕੋਰਸਾਂ ਨਾਲ ਸਬੰਧਤ ਪਿਛਲੇ ਸਮੈਸਟਰ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਵਿਚੋਂ ਚਾਰ ਸੌ ਦੇ ਕਰੀਬ ਵਿਦਿਆਰਥੀ ਇਕ ਤੋਂ ਵੱੱਧ ਵਿਸ਼ਿਆਂ ਵਿਚੋਂ ਫੇਲ੍ਹ ਹੋ ਗਏ ਸਨ ਜਿਸ ਸਬੰਧੀ ਰੇੜਕਾ ਜਾਰੀ ਹੈ। ਭਾਵੇਂ ਯੂਨੀਵਰਸਿਟੀ ਵੱਲੋਂ ਬਿਨਾਂ ਫੀਸ ਲਿਆਂ ਇਨ੍ਹਾਂ ਵਿਦਿਆਰਥੀਆਂ ਦੇ ਪੇਪਰਾਂ ਦਾ ਪੁਨਰ ਮੁਲਾਂਕਣ ਵੀ ਕਰਵਾ ਦਿੱਤਾ ਗਿਆ ਹੈ। ਇਸ ਦੌਰਾਨ ਜ਼ੀਰੋ ਨੰਬਰ ਵਾਲ਼ਿਆਂ ਦੇ ਵੀ ਨੰਬਰ ਵੱਧ ਗਏ ਹਨ। ਭਾਵੇਂ ਕੁਝ ਵਿਦਿਆਰਥੀ ਪਾਸ ਹੋ ਗਏ ਹਨ, ਪਰ ਕਈਆਂ ਦੇ ਨੰਬਰ ਪਹਿਲਾਂ ਨਾਲੋਂ ਘੱਟ ਗਏ ਹਨ। ਇਸ ਮਾਮਲੇ ਨੂੰ ਲੈ ਕੇ ਵੱਖ ਵੱਖ ਖੇਤਰਾਂ ਵਿਚੋਂ ਯੂਨੀਵਰਸਿਟੀ ਪੁੱਜੇ ਇਨ੍ਹਾਂ ਵਿਦਿਆਰਥੀਆਂ ਨੇ ਅੱਜ ਇਥੇ ਪ੍ਰੀਖਿਆ ਸ਼ਾਖਾ ਮੂਹਰੇ ਧਰਨਾ ਦਿੱਤਾ।

ਮਹਿੰਦਰਾ ਕਾਲਜ ਨਾਲ਼ ਸਬੰਧਤ ਕੁਨਾਲ ਦਾ ਕਹਿਣਾ ਸੀ ਕਿ ਬੀਏ ਦੇ ਚੌਥੇ ਸਮੈਸਟਰ ਵਿਚੋਂ ਉਸ ਨੇ ਟੌਪ ਕੀਤਾ ਸੀ ਪਰ ਪੰਜਵੇਂ ਸਮੈਸਟਰ ਦੇ ਦੋ ਵਿਸ਼ਿਆਂ ਵਿਚੋਂ ਉਸ ਨੂੰ ਫੇਲ੍ਹ ਕਰ ਦਿੱਤਾ ਗਿਆ। ਇੱਕ ਵਿਦਿਆਰਥਣ ਦਾ ਕਹਿਣਾ ਸੀ ਕਿ ਗੇਮ ਖੇਡਣ ਦੇ ਬਾਵਜੂਦ ਉਸ ਨੇ ਬਾਰ੍ਹਵੀਂ ਵਿਚੋਂ 87 ਫੀਸਦੀ ਅੰਕ ਲਏ ਪਰ ਬੀ ਏ ਭਾਗ ਪਹਿਲਾ ਵਿਚੋਂ ਉਹ ਚਾਰ ਪੇਪਰਾਂ ਵਿਚੋਂ ਫੇਲ੍ਹ ਦਰਸਾ ਦਿੱਤੀ ਗਈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੇਪਰ ਚੈੱਕ ਕਰਨ ਵੇਲੇ ਅਣਗਹਿਲੀ ਵਰਤੀ ਗਈ। ਵਿਦਿਆਰਥੀਆਂ ਨੇ ਦਿਨ ਵੇਲੇ ਲਾਇਆ ਧਰਨਾ ਸਮਾਪਤ ਕਰ ਦਿੱਤਾ ਸੀ ਪਰ ਸ਼ਾਮ ਨੂੰ ਆਏ ਨਤੀਜੇ ਮਗਰੋਂ ਵਿਦਿਆਰਥੀ ਮੁੜ ਧਰਨੇ ’ਤੇ ਬੈਠ ਗਏ ਜੋ ਅਧਿਕਾਰੀਆਂ ਦੇ ਭਰੋਸੇ ਮਗਰੋਂ ਦੇਰ ਸ਼ਾਮੀਂ ਸਮਾਪਤ ਹੋਇਆ।

ਵਿਦਿਆਰਥੀਆਂ ਦੀ ਮੰਗ ਸੀ ਕਿ ਉਨ੍ਹਾਂ ਦੇ ਪੇਪਰ ਉਨ੍ਹਾਂ ਨੂੰ ਵਿਖਾਏ ਜਾਣ ਪਰ ਅਧਿਕਾਰੀਆਂ ਦਾ ਤਰਕ ਸੀ ਕਿ ਅਜਿਹਾ ਵਾਈਸ ਚਾਂਸਲਰ ਦੀ ਪ੍ਰਵਾਨਗੀ ਨਾਲ ਹੀ ਹੋ ਸਕਦਾ ਹੈ। ਇਸ ਵੇਲੇ ਸੌ ਦੇ ਕਰੀਬ ਵਿਦਿਆਰਥੀਆਂ ਦਾ ਨਤੀਜਾ ਆਉਣੋ ਰਹਿੰਦਾ ਹੈ, ਉਹ ਮੰਗਲ਼ਵਾਰ ਤੱਕ ਕੱਢਣ ਦਾ ਭਰੋਸਾ ਦਿੱਤਾ ਗਿਆ ਹੈ।

ਵਾਈਸ ਚਾਂਸਲਰ ਦੇ ਨਿੱਜੀ ਸਕੱਤਰ ਡਾ. ਨਾਗਰ ਸਿੰਘ ਮਾਨ ਦਾ ਕਹਿਣਾ ਸੀ ਕਿ ਕੋਈ ਵੀ ਕਾਰਵਾਈ ਨਿਯਮਾਂ ਤਹਿਤ ਹੀ ਅਮਲ ਵਿਚ ਲਿਆਂਦੀ ਜਾਵੇਗੀ ਤੇ ਇਹ ਮਾਮਲਾ ਜਲਦੀ ਨਜਿੱਠ ਲਿਆ ਜਾਵੇਗਾ।