ਵਿਦਿਆਰਥੀਆਂ ਦੀਆਂ ਖ਼ੁਦਕੁਸ਼ੀਆਂ: ਫੌਰੀ ਹੱਲ ਦੀ ਲੋੜ

ਵਿਦਿਆਰਥੀਆਂ ਦੀਆਂ ਖ਼ੁਦਕੁਸ਼ੀਆਂ: ਫੌਰੀ ਹੱਲ ਦੀ ਲੋੜ

ਹਰਿੰਦਰ ਹੈਪੀ*

ਪਿਛਲੇ ਦਿਨੀਂ ਦੋ ਵੱਖ ਵੱਖ ਸਿੱਖਿਆ ਸੰੰਸਥਾਨਾਂ ਵਿੱਚ ਦੋ ਵਿਦਿਆਰਥੀਆਂ ਵੱਲੋਂ ਕੀਤੀਆਂ ਖ਼ੁਦਕੁਸ਼ੀਆਂ ਨੇ ਸਭ ਦਾ ਧਿਆਨ ਖਿੱਚਿਆ ਹੈ। ਅੰਮ੍ਰਿਤਸਰ ਦੇ ਗੁਰੂ ਰਾਮਦਾਸ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਦਲਿਤ ਵਿਦਿਆਰਥਣ ਵੱਲੋਂ ਖ਼ੁਦਕੁਸ਼ੀ ਅਤੇ ਮੁਲਕ ਦੇ ਤਕਨੀਕੀ ਸਿੱਖਿਆ ਦੇ ਉੱਘੇ ਅਦਾਰੇ ਆਈਆਈਟੀ ਬੰਬਈ ਵਿੱਚ ਦਲਿਤ ਵਿਦਿਆਰਥੀ ਵੱਲੋਂ ਖ਼ੁਦਕੁਸ਼ੀ ਦੀ ਖ਼ਬਰ ਨੇ ਇੱਕ ਵਾਰ ਫਿਰ ਵਿੱਦਿਅਕ ਅਦਾਰਿਆਂ ਵਿੱਚ ਖ਼ੁਦਕੁਸ਼ੀਆਂ ਅਤੇ ਜਾਤ ਪਾਤ ਦੇ ਆਧਾਰ ’ਤੇ ਹੋਣ ਵਾਲੇ ਵਿਤਰਕੇ ਨੂੰ ਉਜਾਗਰ ਕੀਤਾ ਹੈ। ਇਨ੍ਹਾਂ ਦੋਹਾਂ ਮਾਮਲਿਆਂ ਵਿੱਚ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਅਤੇ ਨਿੱਜੀ ਦੋਸਤਾਂ ਮੁਤਾਬਿਕ ਵਿਦਿਆਰਥੀ ਜਾਤ ਆਧਾਰਿਤ ਸ਼ੋਸ਼ਣ ਦੀਆਂ ਸ਼ਿਕਾਇਤਾਂ ਕਰਦੇ ਰਹੇ ਸਨ। ਇਹ ਘਟਨਾਵਾਂ ਨਾ ਸਿਰਫ਼ ਦਲਿਤ ਵਿਦਿਆਰਥੀਆਂ ਲਈ ਮੰਦਭਾਗੀਆਂ ਹਨ ਬਲਕਿ ਭਾਰਤ ਵਿੱਚ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਬਾਰੇ ਵੀ ਵੱਡੇ ਖੁਲਾਸੇ ਕਰਦੀਆਂ ਹਨ।

ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ – ਐੱਨ.ਸੀ.ਆਰ.ਬੀ. ਦੀ 2021 ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਵਿੱਚ 1,64,033 ਵਿਅਕਤੀਆਂ ਨੇ ਵੱਖ-ਵੱਖ ਕਾਰਨਾਂ ਕਰਕੇ ਖ਼ੁਦਕੁਸ਼ੀ ਕੀਤੀ। ਇਹ ਸਾਲ 2020 ਦੇ ਮੁਕਾਬਲੇ 7.2% ਦਾ ਵਾਧਾ ਸੀ। ਲੋਕਾਂ ਦਾ ਵੱਡੀ ਗਿਣਤੀ ਵਿੱਚ ਆਪਣੀਆਂ ਜਾਨਾਂ ਲੈਣ ਅਤੇ ਖ਼ੁਦਕੁਸ਼ੀ ਦੇ ਕਾਰਨਾਂ ਦੇ ਮੱਦੇਨਜ਼ਰ ਖ਼ੁਦਕੁਸ਼ੀ ਵੀ ਜਨਤਕ ਸਿਹਤ ਦਾ ਗੰਭੀਰ ਸੰਕਟ ਹੈ ਜਿਸ ਦਾ ਫੌਰੀ ਹੱਲ ਕਰਨ ਦੀ ਲੋੜ ਹੈ।

ਵਿਸ਼ਵ ਸਿਹਤ ਸੰਗਠਨ (WHO) ਦੁਆਰਾ ‘ਸੁਸਾਈਡ ਵਰਲਡਵਾਈਡ ਇਨ 2019: ਗਲੋਬਲ ਹੈਲਥ ਐਸਟੀਮੇਸ਼ਨ ਰਿਪੋਰਟ’ ਵਿੱਚ ਕਿਹਾ ਗਿਆ ਹੈ ਕਿ ਸੜਕ ਦੁਰਘਟਨਾ, ਟੀ.ਬੀ. ਅਤੇ ਅੰਤਰ-ਵਿਅਕਤੀਗਤ ਸੱਟ ਤੋਂ ਬਾਅਦ ਮੌਤ ਦੇ ਮੁੱਖ ਚਾਰ ਕਾਰਨਾਂ ਵਿੱਚੋਂ ਇੱਕ ਖ਼ੁਦਕੁਸ਼ੀ ਹੈ। ਇਸ ਰਿਪੋਰਟ ਦੇ ਮੁਤਾਬਕ ਹਰ ਸਾਲ 10 ਲੱਖ ਲੋਕ ਖ਼ੁਦਕੁਸ਼ੀ ਕਰਦੇ ਹਨ ਅਤੇ ਉਸ ਤੋਂ 20 ਗੁਣਾ ਵੱਧ ਲੋਕ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਦੇ ਹਨ। ਇਸ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਖ਼ੁਦਕੁਸ਼ੀ ਮਲੇਰੀਆ, ਛਾਤੀ ਦੇ ਕੈਂਸਰ, ਯੁੱਧ ਅਤੇ ਕਤਲੇਆਮ ਨਾਲੋਂ ਜ਼ਿਆਦਾ ਲੋਕਾਂ ਨੂੰ ਮਾਰਦੀ ਹੈ।

ਵਿਦਿਆਰਥੀਆਂ ਦੀਆਂ ਖ਼ੁਦਕੁਸ਼ੀਆਂ ਦੀ ਵਧ ਰਹੀ ਬਾਰੰਬਾਰਤਾ ਨੇ ਦੇਸ਼ ਦੀਆਂ ਸਿਹਤ ਅਤੇ ਸਿੱਖਿਆ ਪ੍ਰਣਾਲੀਆਂ ਨੂੰ ਲੈ ਕੇ ਗੰਭੀਰ ਚਿੰਤਾ ਪੈਦਾ ਕਰ ਦਿੱਤੀ ਹੈ। ਭਾਰਤ ਵਿੱਚ ਵਿਦਿਆਰਥੀ ਖ਼ੁਦਕੁਸ਼ੀ ਦਾ ਵਿਗਿਆਨ ਦਰਸਾਉਂਦਾ ਹੈ ਕਿ ਇਹ ਇੱਕ ਵੱਡੀ ਮਾਨਸਿਕ ਸਿਹਤ ਅਤੇ ਸਮਾਜਿਕ ਸਮੱਸਿਆ ਹੈ। ਰੁਝਾਨ ਦਰਸਾਉਂਦੇ ਹਨ ਕਿ ਸਿੱਖਿਆ ਪ੍ਰਣਾਲੀ ਵਿੱਚ ਸੁਧਾਰਾਂ ਦੇ ਦਾਅਵਿਆਂ ਦੇ ਬਾਵਜੂਦ ਵਿਦਿਆਰਥੀਆਂ ਦੀਆਂ ਮੌਤਾਂ ਵਿੱਚ ਵਾਧਾ ਹੋਇਆ ਹੈ। ਖ਼ੁਦਕੁਸ਼ੀਆਂ ’ਤੇ ਐੱਨ.ਸੀ.ਆਰ.ਬੀ. ਦੀ ਰਿਪੋਰਟ ਦਰਸਾਉਂਦੀ ਹੈ ਕਿ 2010 ਤੋਂ ਬਾਅਦ ਵਿਦਿਆਰਥੀਆਂ ਦੀਆਂ ਖ਼ੁਦਕੁਸ਼ੀਆਂ ਦਾ ਅਨੁਪਾਤ 7379 ਤੋਂ 13089 ਹੋ ਗਿਆ ਹੈ ਜੋ ਕਿ ਕਾਫ਼ੀ ਵੱਡਾ ਵਾਧਾ ਹੈ।

ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਸਿਰਫ਼ ਮਾਨਸਿਕ ਸਿਹਤ ਦੇ ਮੁੱਦੇ ਵਜੋਂ ਨਹੀਂ ਦੇਖਿਆ ਜਾ ਸਕਦਾ। ਇਹ ਮੁੱਖ ਤੌਰ ’ਤੇ ਸਮਾਜ ਦੇ ਸਮਾਜਿਕ, ਸੱਭਿਆਚਾਰਕ ਅਤੇ ਰਾਜਨੀਤਕ ਢਾਂਚੇ ਦੁਆਰਾ ਵੀ ਪ੍ਰੇਰਿਤ ਹੁੰਦਾ ਹੈ। ਸਮਾਜ ਦੀ ਬਦਲ ਰਹੀ ਪ੍ਰਕਿਰਤੀ ਅਤੇ ਲੋਕਾਂ, ਖ਼ਾਸ ਕਰਕੇ ਮੱਧ ਵਰਗ ਦੀ ਆਪਣੇ ਸਮਾਜਿਕ ਅਤੇ ਰਾਜਨੀਤਿਕ ਜੀਵਨ ਵਿੱਚ ਪ੍ਰਮੁੱਖ ਸਥਾਨ ਪ੍ਰਾਪਤ ਕਰਨ ਦੀ ਇੱਛਾ ਉਨ੍ਹਾਂ ਨੂੰ ਮੌਜੂਦਾ ਪੂੰਜੀਵਾਦੀ ਵਿਵਸਥਾ ਵਿੱਚ ਮੁਕਾਬਲਾ ਕਰਨ ਲਈ ਪ੍ਰੇਰਦੀ ਹੈ। ਜਿੱਥੇ ਆਰਥਿਕ ਰੁਤਬੇ ਨੂੰ ਵਧਾਉਣਾ ਹੀ ਅੰਤਿਮ ਟੀਚਾ ਮੰਨਿਆ ਜਾਂਦਾ ਹੈ। ਹਾਲਾਂਕਿ ਇਹ ਸੱਚ ਹੈ ਕਿ ਕਿਸੇ ਨੂੰ ਰੋਜ਼ੀ ਰੋਟੀ ਅਤੇ ਤਰੱਕੀ ਕਰਨ ਲਈ ਘੱਟੋ-ਘੱਟ ਆਰਥਿਕ ਵਸੀਲਿਆਂ ਦੀ ਲੋੜ ਹੈ, ਪਰ ਕੁਝ ਖ਼ਾਸ ਨੌਕਰੀਆਂ ਅਤੇ ਪ੍ਰੀਖਿਆਵਾਂ ਦੀ ਵਡਿਆਈ ਕਰਨਾ ਉਸਾਰੂ ਨਹੀਂ ਹੈ; ਇਹ ਉਨ੍ਹਾਂ ਦੀਆਂ ਯੋਗਤਾਵਾਂ ਨੂੰ ਕੁਝ ਹੱਦ ਤੱਕ ਕਮਜ਼ੋਰ ਕਰਦਾ ਹੈ।

ਜਾਤ, ਭਾਰਤ ਵਿੱਚ ਜਨਤਕ ਸਿਹਤ ਦਾ ਇੱਕ ਮਜ਼ਬੂਤ ਸਮਾਜਿਕ ਨਿਰਣਾਇਕ ਹੈ। ਇਸ ਦਾ ਪ੍ਰਗਟਾਵਾ ਅਤੇ ਅਪ੍ਰਤੱਖ ਕਾਰਜ ਵੀ ਇਸ ਕਿਸਮ ਦੀ ਦੁਖਦਾਈ ਮੌਤ ਦਾ ਇੱਕ ਕਾਰਨ ਬਣ ਜਾਂਦੇ ਹਨ। ਰੋਹਿਤ ਵੇਮੁਲਾ ਅਤੇ ਪਾਇਲ ਤਡਵੀ ਦੇ ਕੇਸਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ‘ਪ੍ਰਗਤੀਸ਼ੀਲ’ ਕਹਾਉਂਦੇ ਵਿੱਦਿਅਕ ਅਦਾਰਿਆਂ ਵਿੱਚ ਵੀ ਜਾਤ-ਪਾਤ ’ਤੇ ਆਧਾਰਿਤ ਵਿਤਕਰਾ ਮੌਜੂਦ ਹੈ। ਰਾਜਸਥਾਨ ਦੇ ਇੰਦਰ ਮੇਘਵਾਲ ਦਾ ਮਾਮਲਾ ਕਾਫ਼ੀ ਖ਼ਬਰਾਂ ਵਿੱਚ ਰਿਹਾ ਜਿੱਥੇ ਇੱਕ ਵਿਦਿਆਰਥੀ ਨੂੰ ਕਥਿਤ ਤੌਰ ’ਤੇ ਉੱਚ ਜਾਤ ਦੇ ਅਧਿਆਪਕ ਦੇ ਘੜੇ ਨੂੰ ਹੱਥ ਲਾਉਣ ਲਈ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ। ਜੋ ਸਦਮਾ ਦਲਿਤ ਵਿਦਿਆਰਥੀ ਸਾਰੀ ਉਮਰ ਝੱਲਦੇ ਹਨ, ਉਹ ਉਨ੍ਹਾਂ ਦੀ ਮਾਨਸਿਕ ਅਤੇ ਸਮਾਜਿਕ ਤੰਦਰੁਸਤੀ ’ਤੇ ਡੂੰਘਾ ਅਸਰ ਪਾਉਂਦਾ ਹੈ।

ਔਰਤਾਂ ਲਈ ਹਾਲਾਤ ਹੋਰ ਵੀ ਚੁਣੌਤੀਪੂਰਨ ਬਣ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਬਚਪਨ ਤੋਂ ਹੀ ‘ਸਹਿਣ’ ਦੀ ਸਿੱਖਿਆ ਅਤੇ ਮੱਤਾਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਲਈ ਕੁਝ ਖ਼ਾਸ ਕਿਸਮ ਦੇ ਜਿਨਸੀ ਜ਼ੁਰਮ ਨੂੰ ਹੀ ਗੰਭੀਰ ਮੰਨਿਆ ਜਾਂਦਾ ਹੈ ਅਤੇ ਬਾਕੀ ਘਟਨਾਵਾਂ ਨੂੰ ਅਣਗੌਲਿਆ ਕਰ ਦਿੱਤਾ ਜਾਂਦਾ ਰਿਹਾ ਹੈ। ਇਸ ਦਾ ਔਰਤਾਂ ਦੀ ਮਾਨਸਿਕ ਸਿਹਤ ਉੱਤੇ ਡੂੰਘਾ ਅਸਰ ਪੈਂਦਾ ਹੈ। ਸਮਾਜ ਅਤੇ ਪਰਿਵਾਰ ਵਿੱਚ ਹੀ ਇੱਕੋ ਜਿਹੀ ਗ਼ਲਤੀ ਕਰਨ ’ਤੇ ਮੁੰਡੇ ਅਤੇ ਕੁੜੀ ਨਾਲ ਵੱਖ-ਵੱਖ ਤਰ੍ਹਾਂ ਨਾਲ ਪੇਸ਼ ਆਇਆ ਜਾਂਦਾ ਹੈ। ਕੁੜੀਆਂ ਤੋਂ ਜ਼ਿਆਦਾ ‘ਸਿੱਧੀ ਅਤੇ ਸਿਆਣੀ’ ਹੋਣ ਦੀ ਉਮੀਦ ਵਿੱਚ ਉਨ੍ਹਾਂ ਨੂੰ ਨੈਤਿਕਤਾ ਦੇ ਪਾਠ ਪੜ੍ਹਾਏ ਜਾਂਦੇ ਹਨ। ਅਜਿਹੇ ਹਾਲਾਤ ਵਿੱਚ ਪੜ੍ਹਾਈ ਦੌਰਾਨ ਵਾਪਰ ਰਹੀ ਹਰ ਇੱਕ ਜ਼ਿਆਦਤੀ ਉਸ ਦੀ ਖ਼ਰਾਬ ਮਾਨਸਿਕ ਸਿਹਤ ਨੂੰ ਹੋਰ ਖ਼ਰਾਬ ਕਰਦੀ ਹੈ ਜੋ ਉਸ ਨੂੰ ਖ਼ੁਦਕੁਸ਼ੀ ਕਰਨ ਤੱਕ ਮਜਬੂਰ ਕਰ ਦਿੰਦੀ ਹੈ।

ਹਾਲਾਂਕਿ, ਇਹ ਗੱਲ ਹੈਰਾਨੀ ਵਾਲੀ ਤਾਂ ਨਹੀਂ, ਪਰ ਮੰਦਭਾਗੀ ਜ਼ਰੂਰ ਹੈ ਕਿ ਇਨ੍ਹਾਂ ਘਟਨਾਵਾਂ ਤੋਂ ਬਾਅਦ ਮੌਤ ਦਾ ਦੋਸ਼ ਉਨ੍ਹਾਂ ਵਿਦਿਆਰਥੀਆਂ ਸਿਰ ਹੀ ਮੜ੍ਹ ਦਿੱਤਾ ਜਾਂਦਾ ਹੈ ਅਤੇ ਪ੍ਰਸ਼ਾਸਨ ਵੱਲੋਂ ਵੀ ਵਿਦਿਆਰਥੀਆਂ ਨੂੰ ‘ਮਾਨਸਿਕ ਤੌਰ ’ਤੇ ਪਰੇਸ਼ਾਨ’ ਦਾ ਟੈਗ ਲਾ ਕੇ ਪਾਸਾ ਵੱਟ ਲਿਆ ਜਾਂਦਾ ਹੈ।

ਵਿਦਿਆਰਥੀ ਦੀ ਖ਼ੁਦਕੁਸ਼ੀ ਦੀ ਰਿਪੋਰਟ ਕਰਨਾ ਇੱਕ ਹੋਰ ਨਾਜ਼ੁਕ ਮੁੱਦਾ ਹੈ ਜਿੱਥੇ ਅਸਲ ਤੀਬਰਤਾ ਅਤੇ ਮਹਾਮਾਰੀ ਵਿਗਿਆਨ ਨੂੰ ਮਾਪਿਆ ਜਾ ਰਿਹਾ ਹੈ। ਐੱਨ.ਸੀ.ਆਰ.ਬੀ. ਦੇ ਅੰਕੜਿਆਂ ਨਾਲ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਕਿਉਂਕਿ ਇਹ ਪੁਲੀਸ ਰਿਕਾਰਡਾਂ ਤੋਂ ਇਕੱਠੇ ਕੀਤੇ ਜਾਂਦੇ ਹਨ, ਇਹ ਸਿਰਫ਼ ਉਨ੍ਹਾਂ ਮਾਮਲਿਆਂ ਨੂੰ ਵਿਚਾਰਦੇ ਹਨ ਜਿਨ੍ਹਾਂ ਵਿੱਚ ਐੱਫ.ਆਈ.ਆਰ. ਦਰਜ ਕੀਤੀ ਗਈ ਹੋਵੇ। ਇਹ ਸਪੱਸ਼ਟ ਤੌਰ ’ਤੇ ਉਨ੍ਹਾਂ ਕੇਸਾਂ ਨੂੰ ਬਾਹਰ ਕੱਢ ਦਿੰਦਾ ਹੈ ਜੋ ਪੁਲੀਸ ਰਿਕਾਰਡ ਵਿੱਚ ਨਹੀਂ ਹਨ। ਕੇਸ ਦਰਜ ਨਾ ਹੋਣ ਦੇ ਬਹੁਤ ਸਾਰੇ ਸਮਾਜਿਕ-ਆਰਥਿਕ ਅਤੇ ਰਾਜਨੀਤਿਕ ਕਾਰਨ ਹਨ, ਉਹ ਐੱਨ.ਸੀ.ਆਰ.ਬੀ. ਦੇ ਕਿਸੇ ਵੀ ਵਿਸ਼ਲੇਸ਼ਣ ਅਧੀਨ ਨਹੀਂ ਆਉਂਦੇ ਹਨ।

ਭਾਰਤ ਉਸ ਦਾ ਅਨੁਭਵ ਕਰ ਰਿਹਾ ਹੈ ਜਿਸ ਨੂੰ ਆਮ ਤੌਰ ’ਤੇ ‘ਬਿਮਾਰੀ ਦਾ ਦੁਹਰਾ ਬੋਝ’ ਕਿਹਾ ਜਾਂਦਾ ਹੈ ਜੋ ਕਿ ਸੰਚਾਰੀ ਅਤੇ ਗੈਰ-ਸੰਚਾਰੀ ਬਿਮਾਰੀਆਂ ਦੇ ਬੋਝ ਨੂੰ ਦਰਸਾਉਂਦਾ ਹੈ। ਇਹ ਛੂਤ ਦੀਆਂ ਬਿਮਾਰੀਆਂ, ਕੁਪੋਸ਼ਣ, ਨਵਜਾਤਾਂ ਅਤੇ ਮਾਵਾਂ ਦੀ ਮੌਤ ਦਰ ਅਤੇ ਹੋਰ ਗੰਭੀਰ ਸਿਹਤ ਚਿੰਤਾਵਾਂ ’ਤੇ ਵਧੇਰੇ ਧਿਆਨ ਦੇ ਰਿਹਾ ਹੈ। ਨਤੀਜੇ ਵਜੋਂ ਖ਼ੁਦਕੁਸ਼ੀ ਦੀ ਰੋਕਥਾਮ ਨੂੰ ਬਹੁਤ ਘੱਟ ਤਰਜੀਹ ਮਿਲਦੀ ਹੈ।

ਸਮਾਜ ਸ਼ਾਸਤਰੀ ਐਮਿਲ ਡਰਖਾਈਮ ਦੀ ਮਸ਼ਹੂਰ ਰਚਨਾ ‘ਸੁਸਾਈਡ : ਏ ਸਟੱਡੀ ਇਨ ਸੋਸ਼ਿਓਲੋਜੀ, 1897’ ਵਿੱਚ ਪਹਿਲੀ ਵਾਰ ਸਿਧਾਂਤਕ ਤੌਰ ’ਤੇ ਇਹ ਮੰਨਿਆ ਗਿਆ ਕਿ ਖ਼ੁਦਕੁਸ਼ੀ ਇੱਕ ਮਨੋਵਿਗਿਆਨਕ ਵਰਤਾਰਾ ਨਹੀਂ ਹੈ; ਇਸ ਦੀ ਬਜਾਏ, ਇਹ ਇੱਕ ਸਮਾਜਿਕ ਵਰਤਾਰਾ ਹੈ। ਉਸ ਅਨੁਸਾਰ ਖ਼ੁਦਕੁਸ਼ੀ ਇਸ ਗੱਲ ਦਾ ਨਤੀਜਾ ਹੈ ਕਿ ਵਿਅਕਤੀ ਨੂੰ ਸਮਾਜ ਕਿੰਨਾ ਜ਼ਿਆਦਾ ਜਾਂ ਘੱਟ ਨਿਯੰਤਰਿਤ ਕਰਦਾ ਹੈ। ਜਰਮਨ ਦਾਰਸ਼ਨਿਕ ਕਾਰਲ ਮਾਰਕਸ ਨੇ ਵੀ ਆਪਣੀ ਰਚਨਾ ‘ਆਰਥਿਕ ਅਤੇ ਫ਼ਿਲਾਸਫ਼ੀਕਲ ਖਰੜੇ, 1844’ ਵਿੱਚ ‘ਬੇਗਾਨਗੀ’ ਦੇ ਸੰਕਲਪ ਦੀ ਵਿਆਖਿਆ ਕਰਦੇ ਹੋਏ ਮਨੁੱਖ ਦੀਆਂ ਸਮਾਜਿਕ ਅਤੇ ਰਾਜਨੀਤਿਕ ਸਥਿਤੀਆਂ ’ਤੇ ਵੀ ਜ਼ੋਰ ਦਿੱਤਾ, ਜੋ ਮਨੁੱਖ ਦੀ ਮਾਨਸਿਕ ਸਿਹਤ ਅਤੇ ਸਮਾਜਿਕ ਤੰਦਰੁਸਤੀ ਨੂੰ ਨਿਰਧਾਰਤ ਕਰਦੀਆਂ ਹਨ। ਉਸ ਅਨੁਸਾਰ ਪੂੰਜੀਵਾਦ ਦੇ ਅੰਨ੍ਹੇ ‘ਵਿਕਾਸ’ ਵਿੱਚ ਮਨੁੱਖ ਜਿਸ ਕੰਮ ਵਿੱਚ ਲੱਗੇ ਹੋਏ ਹਨ, ਉਸ ਕੰਮ ਨੂੰ ਕਰਨ ਦੀ ਪ੍ਰਕਿਰਿਆ ਅਤੇ ਕੰਮ ਕਰ ਰਹੇ ਨਾਲ ਦੇ ਵਿਅਕਤੀਆਂ ਨਾਲ ਹੀ ਮਨੁੱਖ ਦਾ ਮਾਨਸਿਕ ਰਿਸ਼ਤਾ ਟੁੱਟ ਜਾਂਦਾ ਹੈ ਅਤੇ ਉਸ ਨੂੰ ਜ਼ਿੰਦਗੀ ਜਿਉਣ ਦਾ ਕੋਈ ਮਕਸਦ ਨਜ਼ਰ ਨਹੀਂ ਆਉਂਦਾ।

ਖੋਜਕਾਰ ਜੋਅਨਾ ਮੌਨਕਰੀਫ ਕਹਿੰਦੀ ਹੈ, ‘‘ਅਖੌਤੀ ਮਾਨਸਿਕ ਸਿਹਤ ਸਮੱਸਿਆਵਾਂ ਦੇ ਡਾਕਟਰੀਕਰਨ ਨੂੰ ਅਸਵੀਕਾਰ ਕਰਨਾ ਪੂੰਜੀਵਾਦ ਦੀਆਂ ਕੁਝ ਬੁਨਿਆਦੀ ਵਿਰੋਧਤਾਈਆਂ ਨੂੰ ਉਜਾਗਰ ਕਰਨ ਅਤੇ ਰਾਜਨੀਤਿਕ ਤਬਦੀਲੀ ਦੇ ਆਧਾਰ ਬਣਾਉਣ ਲਈ ਜ਼ਰੂਰੀ ਹੈ।’’ ਇਹ ਬਿਆਨ ਸੰਖੇਪ ਵਿੱਚ ਦੱਸਦਾ ਹੈ ਕਿ ਖ਼ੁਦਕੁਸ਼ੀ ਦੇ ਸਿਰਫ਼ ਮਨੋਵਿਗਿਆਨਕ ਪਹਿਲੂ ’ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ, ਰੋਕਥਾਮ ਅਤੇ ਪ੍ਰਮੋਟਿਵ ਸਿਹਤ ’ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਖ਼ੁਦਕੁਸ਼ੀ ਦੇ ਪੀੜਤ ਵਿਅਕਤੀ ਨੂੰ ਹੀ ਮਾਨਸਿਕ ਰੂਪ ਨਾਲ ਕਮਜ਼ੋਰ ਕਹਿ ਦੇਣਾ ਅਤੇ ਖ਼ੁਦਕੁਸ਼ੀ ਦੇ ਪੂਰੇ ਮਹਾਮਾਰੀ ਵਿਗਿਆਨ ਨੂੰ ਨਾ ਸਮਝਣਾ ਇੱਕ ਵੱਡਾ ਕਾਰਨ ਹੈ ਕਿ ਖ਼ੁਦਕੁਸ਼ੀਆਂ ਰੁਕਣ ਦੀ ਬਜਾਏ ਵਧਦੀਆਂ ਜਾ ਰਹੀਆਂ ਹਨ। ਖ਼ੁਦਕੁਸ਼ੀ ਜੀਵ-ਵਿਗਿਆਨਕ, ਜੈਨੇਟਿਕ, ਮਨੋਵਿਗਿਆਨਕ, ਸਮਾਜਿਕ ਅਤੇ ਵਾਤਾਵਰਨਕ ਕਾਰਕਾਂ ਦੇ ਇੱਕ ਗੁੰਝਲਦਾਰ ਪਰਸਪਰ ਪ੍ਰਭਾਵ ਦੇ ਨਤੀਜੇ ਵਜੋਂ ਹੁੰਦੀ ਹੈ।

ਸਮੁੱਚੀ ਸਮਾਜਿਕ-ਆਰਥਿਕ ਅਤੇ ਰਾਜਨੀਤਿਕ ਸਥਿਤੀ ਸਿਹਤ ਅਤੇ ਹੋਰ ਪੇਸ਼ਿਆਂ ਦੀਆਂ ਨੀਤੀਆਂ ਨੂੰ ਨਿਰਧਾਰਤ ਕਰਦੀ ਹੈ। ਇਸ ਦਾ ਉਦੇਸ਼ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਵੱਲ ਹੋਣਾ ਚਾਹੀਦਾ ਹੈ, ਜਿੱਥੇ ਕੋਈ ਵਿਅਕਤੀ ਵਧੀਆ ਤੇ ਲਾਭਕਾਰੀ ਮਹਿਸੂਸ ਕਰ ਸਕਦਾ ਹੈ ਅਤੇ ਤੰਦਰੁਸਤੀ ਦਾ ਆਨੰਦ ਮਾਣ ਸਕਦਾ ਹੈ। ‘ਚੰਗੀ ਸਿਹਤ ਅਤੇ ਤੰਦਰੁਸਤੀ’ ਦੇ ਤੀਜੇ ਟਿਕਾਊ ਵਿਕਾਸ ਟੀਚੇ ਅਤੇ ਡਬਲਯੂਐੱਚਓ ਅਨੁਸਾਰ ਸਿਹਤ ‘ਨਾ ਸਿਰਫ਼ ਬਿਮਾਰੀ ਜਾਂ ਕਮਜ਼ੋਰੀ ਦੀ ਅਣਹੋਂਦ ਬਲਕਿ ਸੰਪੂਰਨ ਸਰੀਰਕ, ਮਾਨਸਿਕ ਅਤੇ ਸਮਾਜਿਕ ਤੰਦਰੁਸਤੀ’ ਨੂੰ ਸਾਕਾਰ ਕਰਨ ਵਿੱਚ ਖ਼ੁਦਕੁਸ਼ੀਆਂ ਨੂੰ ਰੋਕਣਾ ਬਹੁਤ ਜ਼ਰੂਰੀ ਹੈ।