ਵਿਦਵਾਨਾਂ ਨੇ ਜਸਵਿੰਦਰ ਸਿੰਘ ਛਿੰਦਾ ਦੇ ਨਾਵਲ ‘ਹਵਾਲਾਤ’ ਨੂੰ ਇਤਿਹਾਸਕ ਦਸਤਾਵੇਜ਼ ਕਿਹਾ

ਵਿਦਵਾਨਾਂ ਨੇ ਜਸਵਿੰਦਰ ਸਿੰਘ ਛਿੰਦਾ ਦੇ ਨਾਵਲ ‘ਹਵਾਲਾਤ’ ਨੂੰ ਇਤਿਹਾਸਕ ਦਸਤਾਵੇਜ਼ ਕਿਹਾ

‘ਹਵਾਲਾਤ’ ਨਾਵਲ ਦੀ ਸਮਾਂ ਬੀਤਣ ਨਾਲ ਮਹੱਤਤਾ ਹੋਰ ਵਧੇਗੀ : ਮਿੱਤਰ ਸੈਨ ਮੀਤ
ਜਗਰਾਉਂ, (ਸਾਡੇ ਲੋਕ ਬਿਊਰੋ)- ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ ਕਮਾਲਪੁਰਾ ਵਿਖੇ ਪਿ੍ਰੰ. ਬਲਵੰਤ ਸਿੰਘ ਸੰਧੂ ਦੀ ਅਗਵਾਈ ਹੇਠ ਨਾਵਲਕਾਰ ਜਸਵਿੰਦਰ ਸਿੰਘ ਛਿੰਦਾ ਦੇ ਨਾਵਲ ‘ਹਵਾਲਾਤ’ ’ਤੇ ਵਿਚਾਰ ਗੋਸ਼ਟੀ ਹੋਈ। ਜਿਸ ਵਿਚ ਪ੍ਰਸਿੱਧ ਨਾਵਲਕਾਰ ਮਿੱਤਰ ਸੈਨ ਮੀਤ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਪ੍ਰੋ. ਇੰਦਰਪਾਲ ਸਿੰਘ, ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ, ਪ੍ਰੋ. ਗੁਰਪ੍ਰੀਤ ਸਿੰਘ ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ, ਪ੍ਰੋ. ਹਰਜੀਤ ਸਿੰਘ, ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ, ਪ੍ਰੋ. ਅਮਨਦੀਪ ਕੌਰ, ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ ਕਮਾਲਪੁਰਾ, ਪਿ੍ਰੰ. ਕੁਲਦੀਪ ਕੌਰ, ਸ੍ਰੀ ਗੁਰੂ ਹਰਿਕਿ੍ਰਸ਼ਨ ਪਬਲਿਕ ਸਕੂਲ ਕਮਾਲਪੁਰਾ ਅਤੇ ਸੁਖਵਿੰਦਰ ਕੌਰ ਐਮ. ਏ. (ਪੰਜਾਬੀ) ਭਾਗ ਦੂਜਾ ਨੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਕੇ ਪੇਪਰ ਪੜ੍ਹੇ ਅਤੇ ਸੰਵਾਦ ਰਚਾਇਆ। ਸਮਾਗਮ ਦੀ ਸ਼ੁਰੂਆਤ ਕਰਦਿਆਂ ਮੰਚ ਸੰਚਾਲਕਾ ਪ੍ਰੋ. ਜਤਿੰਦਰਪਾਲ ਕੌਰ ਨੇ ਨਾਵਲ ‘ਹਵਾਲਾਤ’ ਦੇ ਵਿਸ਼ਾ-ਵਸਤੂ ਸਬੰਧੀ ਭੂਮਿਕਾ ਪੇਸ਼ ਕੀਤੀ। ਉਪਰੰਤ ਪਿ੍ਰੰ. ਬਲਵੰਤ ਸਿੰਘ ਸੰਧੂ ਨੇ ਆਏ ਸਮੂਹ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਉਨਾਂ੍ਹ ਦੀ ਵਿਦਿਆਰਥਣਾਂ ਨਾਲ ਜਾਣ-ਪਹਿਚਾਣ ਕਰਵਾਈ। ਗੋਸ਼ਟੀ ’ਚ ਭਾਗ ਲੈਂਦਿਆਂ ਪ੍ਰੋ. ਇੰਦਰਪਾਲ ਸਿੰਘ ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਨੇ ਕਿਹਾ ਕਿ ਇਹ ਨਾਵਲ ਇੱਕ ਅਹਿਮ ਇਤਿਹਾਸਕ ਦਸਤਾਵੇਜ਼ ਹੈ। ਜਿਸ ਵਿਚ 1984 ਤੋਂ 1994 ਦੇ ਪੰਜਾਬ ਦੇ ਹਾਲਾਤਾਂ ਦਾ ਕਲਾਤਮਕ ਢੰਗ ਨਾਲ ਵਰਨਣ ਕੀਤਾ ਗਿਆ ਹੈ ਅਤੇ ਜਸਵਿੰਦਰ ਸਿੰਘ ਛਿੰਦਾ ਨੇ ਨਾਵਲ ਅੰਦਰਲੀਆਂ ਘਟਨਾਵਾਂ ਦੀ ਪੇਸ਼ਕਾਰੀ ਬਾਕਮਾਲ ਕੀਤੀ ਹੈ। ਪ੍ਰੋ. ਗੁਰਪ੍ਰੀਤ ਸਿੰਘ ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਨੇ ਪੇਪਰ ਪੜ੍ਹਦਿਆਂ ਕਿਹਾ ਕੇ ਇਸ ਨਾਵਲ ’ਚ ਪੇਸ਼ ਮੂਲ ਸਮੱਸਿਆ ਦੇ ਬੀਜ, 1947 ਦੀ ਦੇਸ਼ ਵੰਡ ਦੀਆਂ ਘਟਨਾਵਾਂ ’ਚ ਪਏ ਹਨ। ਉਨਾਂ੍ਹ ਨੇ 1947 ਤੋਂ ਹੁਣ ਤੱਕ ਦੇ ਇਤਿਹਾਸ ਦੀ ਵਿਆਖਿਆ ਵੀ ਕੀਤੀ। ਪ੍ਰੋ. ਹਰਜੀਤ ਸਿੰਘ ਗੁਰੀ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ ਨੇ ਨਾਵਲ ਸੰਬੰਧੀ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਦੀਆਂ ਬਦਨੀਤੀਆਂ, ਪੁਲਸ ਪ੍ਰਸ਼ਾਸਨ ਦੀਆਂ ਕਾਨੂੰਨ ਨੂੰ ਛਿੱਕੇ ਟੰਗਣ ਦੀਆਂ ਜਿਆਦਤੀਆਂ ਅਤੇ ਆਮ ਆਦਮੀ ਦੀ ਜ਼ਿੰਦਗੀ ਦੀ ਤਰਜ਼ਮਾਨੀ ਕਰਦਾ ਇਹ ਨਾਵਲ ‘ਹਵਾਲਾਤ’ ਉਸ ਦੌਰ ਦੇ ਹਰ ਇਨਸਾਨ ਨੂੰ ਆਪਣੀ ਕਹਾਣੀ ਲਗਦਾ ਹੈ। ਪ੍ਰੋ. ਅਮਨਦੀਪ ਕੌਰ ਨੇ ਨਾਵਲ ਦੀਆਂ ਕਲਾਤਮਿਕ ਜੁਗਤਾਂ ’ਤੇ ਝਾਤ ਪਾਉਂਦਿਆਂ ਕਿਹਾ ਕਿ ਇਸ ਨਾਵਲ ਵਿੱਚ ਪੇਸ਼ ਚਿੰਨ੍ਹ ਕਲਾਤਮਕ ਤੇ ਬਹੁ ਅਰਥੀ ਹਨ।ਲੇਖਕ ਜਸਵਿੰਦਰ ਸਿੰਘ ਛਿੰਦਾ ਨੇ ਬਾਖੂਬੀ ਇਨਾਂ੍ਹ ਚਿੰਨ੍ਹਾਂ ਰਾਹੀਂ ਵੱਡੀ ਗੱਲ ਕਹਿਣ ਦਾ ਜ਼ੇਰਾ ਕੀਤਾ ਹੈ। ਸ੍ਰੀ ਗੁਰੂ ਹਰਿ ਕਿ੍ਰਸ਼ਨ ਪਬਲਿਕ ਸਕੂਲ ਕਮਾਲਪੁਰਾ ਦੀ ਪਿ੍ਰੰ. ਕੁਲਦੀਪ ਕੌਰ ਨੇ ਨਾਵਲ ਵਿਚਲੇ ਪਾਤਰਾਂ ਦੇ ਕਿਰਦਾਰਾਂ ਨੂੰ ਵੱਖ-ਵੱਖ ਕੋਣਾਂ ਤੋਂ ਪੇਸ਼ ਕਰਦਿਆਂ ਕਿਹਾ ਕੇ ਹਰ ਕਿਰਦਾਰ ਨੂੰ ਬਾਖੂਬ ਚਿਤਰਿਆ ਗਿਆ ਹੈ ਅਤੇ ਨਾਵਲ ਬੇਹੱਦ ਰੌਚਕ, ਸਸਪੈਂਸ ਹੈ ਜੋ ਪਾਠਕ ਦੀ ਇਕਾਗਰਤਾ ਬਣਾਈ ਰੱਖਣ ਵਿਚ ਪੂਰਨ ਤੌਰ ’ਤੇ ਸਫਲ ਹੈ। ਵਿਦਿਆਰਥਣ ਸੁਖਵਿੰਦਰ ਕੌਰ ਨੇ ਨਾਵਲ ਦੇ ਵਿਸ਼ੇਗਤ ਪਹਿਲੂਆਂ ’ਤੇ ਚਰਚਾ ਕਰਦਿਆਂ ਕਿਹਾ ਕੇ ਨਾਵਲ ਅੰਦਰ ਕਿਸੇ ਪ੍ਰਕਾਰ ਦੀ ਕਮੀ ਮਹਿਸੂਸ ਨਹੀਂ ਹੁੰਦੀ ਅਤੇ ਜੋ ਪਾਠਕ ਇਸ ਨੂੰ ਪੜ੍ਹਨਾ ਸ਼ੁਰੂ ਕਰਦਾ ਹੈ ਉਹ ਇਕੋ ਸਾਹੇ ਪੜ੍ਹਕੇ ਹੱਟਦਾ ਹੈ। ਮੁੱਖ ਮਹਿਮਾਨ, ਪ੍ਰਸਿੱਧ ਨਾਵਲਕਾਰ ਮਿੱਤਰ ਸੈਨ ਮੀਤ ਨੇ ਆਪਣੇ ਸੰਬੋਧਨ ’ਚ ਇਸ ਨਾਵਲ ’ਤੇ ਵਿਸਥਾਰ ਸਹਿਤ ਚਾਨਣਾ ਪਾਉਂਦਿਆਂ ਨਾਵਲ ‘ਹਵਾਲਾਤ’ ਨੂੰ ਪ੍ਰਸਿੱਧ ਨਾਵਕਾਰ ਮਰਹੂਮ ਜਸਵੰਤ ਸਿੰਘ ਕੰਵਲ ਦੇ ਨਾਵਲ ‘ਲਹੂ ਦੀ ਲੋਅ’ ਅਤੇ ਆਪਣੇ ਨਾਵਲ ‘ਤਫ਼ਤੀਸ਼’ ਦੀ ਕਤਾਰ ਦਾ ਤੀਸਰਾ ਨਾਵਲ ਕਰਾਰ ਦਿੱਤਾ ਜਿਸ ਨੇ ਪੁਲਸ ਪ੍ਰਸ਼ਾਸ਼ਨ ਦੇ ਰਵੱਈਏ ਨੂੰ ਬਾਖੂਬ ਚਿਤਰਿਆ ਹੈ। ਉਨਾਂ੍ਹ ਕਿਹਾ ਕੇ ‘ਹਵਾਲਾਤਾ’ ਨਾਵਲ ਅਜਿਹਾ ਦਸਤਾਵੇਜ਼ ਹੈ, ਜਿਸ ਦੀ ਸਮਾਂ ਬੀਤਣ ਨਾਲ ਮਹੱਤਤਾ ਹੋਰ ਵੀ ਵਧਦੀ ਜਾਵੇਗੀ ਅਤੇ ਨਾਵਲ ਦੀ ਦੁਨੀਆਂ ’ਚ ਮੀਲ ਪੱਥਰ ਸਾਬਤ ਹੋਵੇਗਾ। ’84 ਦੇ ਸੰਕਟ ਦੀ ਗੱਲ ਇਸ ਨਾਵਲ ਤੋਂ ਬਿਨਾਂ ਅਧੂਰੀ ਰਹੇਗੀ ਅਤੇ ਲੋਕ ਇਸ ਨਾਵਲ ਨੂੰ ਕਦੇ ਵੀ ਨਹੀਂ ਭੁੱਲਣਗੇ। ਇਸ ਨਾਵਲ ’ਤੇ ਵੱਧ ਤੋਂ ਵੱਧ ਚਰਚਾਵਾਂ, ਹੋਣੀਆਂ ਚਾਹੀਦੀਆਂ ਹਨ। ਉਨਾਂ੍ਹ ਨੇ ਜਸਵਿੰਦਰ ਸਿੰਘ ਛਿੰਦਾ ਦੇ ਇਸ ਨਾਵਲ ਨੂੰ ਪਲੇਠਾ ਨਾਵਲ ਕਹਿਣਾ ਨਾਵਲ ਨਾਲ ਨਾ-ਇਨਸਾਫੀ ਹੈ ਕਿਉਂਕਿ ਇਹ ਇਕ ਪ੍ਰਪੱਕ ਨਾਵਲ ਹੈ। ਨਾਵਲਕਾਰ ਜਸਵਿੰਦਰ ਸਿੰਘ ਛਿੰਦਾ ਨੇ ਨਾਵਲ ਦੀ ਸਿਰਜਨ ਪ੍ਰਕਿਰਿਆ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਇਹ ਉਸਦੀ ਹੱਡਬੀਤੀ ਕਹਾਣੀ ਹੈ। ਅਸਲ ’ਚ ਇਹ ਉਸਦੇ ਇਕੱਲੇ ਦੀ ਹੀ ਨਹੀਂ, ਉਸ ਦੌਰ ਦੇ ਹਜ਼ਾਰਾਂ ਬੇਕਸੂਰ ਨੌਜਵਾਨਾਂ ਦੀ ਕਹਾਣੀ ਹੈ। ਇਸ ਨਾਵਲ ਦੀ ਸਿਰਜਣਾ ਉਪਰੰਤ ਉਹ ਆਪਣੇ ਮਨ ਦਾ ਬੋਝ ਹਲਕਾ ਮਹਿਸੂਸ ਕਰ ਰਿਹਾ ਹੈ, ਕਿਉਂਕਿ ਲੋਕਾਂ ਵਲੋਂ ਇਸ ਨੂੰ ਭਰਪੂਰ ਪਸੰਦ ਕੀਤਾ ਜਾ ਰਿਹਾ ਹੈ ਅਤੇ ਵੱਡੇ ਨਾਵਲਕਾਰਾਂ ਵਲੋਂ ਇਸ ਦੀ ਪ੍ਰਸੰਸ਼ਾ ਕੀਤੀ ਜਾ ਰਹੀ ਹੈ। ਕਾਲਜ ਕਮੇਟੀ ਦੇ ਪ੍ਰਧਾਨ ਬਲਜਿੰਦਰ ਸਿੰਘ ਹੰਸਰਾ, ਮੀਤ ਪ੍ਰਧਾਨ ਅਮਰਜੀਤ ਸਿੰਘ ਹੰਸਰਾ, ਸੈਕਟਰੀ ਮਲਕੀਅਤ ਸਿੰਘ ਰਾਜਲ ਅਤੇ ਸ਼ਬਦ ਅਦਬ ਸਾਹਿਤ ਸਭਾ ਮਾਣੂੰਕੇ ਦੇ ਪ੍ਰਧਾਨ ਰਛਪਾਲ ਸਿੰਘ ਚਕਰ, ਮਹਿਫ਼ਲਿ-ਏ-ਅਦੀਬ ਸੰਸਥਾ ਜਗਰਾਉਂ ਦੇ ਅਹੁਦੇਦਾਰ ਕੈਪਟਨ ਪੂਰਨ ਸਿੰਘ ਗਗੜਾ ਨੇ ਜਸਵਿੰਦਰ ਸਿੰਘ ਛਿੰਦਾ ਨੂੰ ਉਸਦੇ ਨਾਵਲ ਹਵਾਲਾਤ ਲਈ ਵਧਾਈਆਂ ਦਿੱਤੀਆਂ। ਆਖ਼ਿਰ ’ਚ ਪਿ੍ਰੰ. ਬਲਵੰਤ ਸਿੰਘ ਸੰਧੂ ਨੇ ਆਏ ਸਮੂਹ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਜਸਵਿੰਦਰ ਸਿੰਘ ਛਿੰਦਾ ਨੂੰ ਵਧਾਈ ਦਿੱਤੀ।ਇਸ ਮੌਕੇ ਕਮੇਟੀ ਮੈਂਬਰ ਸ਼ੇਰ ਸਿੰਘ ਹੰਸਰਾ, ਦਰਸ਼ਨ ਸਿੰਘ ਹੰਸਰਾ, ਪ੍ਰਬੰਧਕੀ ਸੁਪਰਵਾਈਜ਼ਰ ਅਵਤਾਰ ਸਿੰਘ ਚੀਮਾ, ਸ਼ਾਇਰ ਮਹਿੰਦਰ ਸਿੰਘ ਸੰਧੂ, ਗਾਇਕ ਮਨੀ ਹਠੂਰ, ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਹਾਜ਼ਰ ਸਨ।