ਵਿਜੀਲੈਂਸ ਵੱਲੋਂ ਸਾਬਕਾ ਮੁੱਖ ਮੰਤਰੀ ਚੰਨੀ ਤੋਂ ਪੰਜ ਘੰਟੇ ਪੁੱਛ-ਪੜਤਾਲ

ਵਿਜੀਲੈਂਸ ਵੱਲੋਂ ਸਾਬਕਾ ਮੁੱਖ ਮੰਤਰੀ ਚੰਨੀ ਤੋਂ ਪੰਜ ਘੰਟੇ ਪੁੱਛ-ਪੜਤਾਲ

ਵਿਜੀਲੈਂਸ ਭਵਨ ਮੁਹਾਲੀ ਪਹੁੰਚ ਕੇ ਦੂਜੀ ਵਾਰ ਜਾਂਚ ’ਚ ਸ਼ਾਮਲ ਹੋਏ ਸਾਬਕਾ ਮੁੱਖ ਮੰਤਰੀ ਚੰਨੀ
ਐਸ.ਏ.ਐਸ. ਨਗਰ (ਮੁਹਾਲੀ)- ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਜਾਂਚ ਤੇਜ਼ ਕਰ ਦਿੱਤੀ ਹੈ। ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੰਗਲਵਾਰ ਨੂੰ ਦੂਜੀ ਵਾਰ ਮੁਹਾਲੀ ਸਥਿਤ ਪੰਜਾਬ ਵਿਜੀਲੈਂਸ ਬਿਊਰੋ ਦੇ ਮੁੱਖ ਦਫ਼ਤਰ ਵਿੱਚ ਪਹੁੰਚੇ ਅਤੇ ਵਿਜੀਲੈਂਸ ਦੀ ਜਾਂਚ ਵਿੱਚ ਸ਼ਾਮਲ ਹੋਏ, ਜਿੱਥੇ ਉਨ੍ਹਾਂ ਤੋਂ ਕਰੀਬ 5 ਘੰਟੇ ਲਗਾਤਾਰ ਪੁੱਛਗਿੱਛ ਕੀਤੀ। ਉਹ ਸਵੇਰੇ ਸਾਢੇ 10 ਵਜੇ ਵਿਜੀਲੈਂਸ ਭਵਨ ਪਹੁੰਚੇ ਸੀ ਅਤੇ ਬਾਅਦ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਬਾਹਰ ਆਏ।

ਇਸ ਦੌਰਾਨ ਵਿਜੀਲੈਂਸ ਦੀ ਵਿਸ਼ੇਸ਼ ਜਾਂਚ ਟੀਮ ਨੇ ਸਾਬਕਾ ਮੁੱਖ ਮੰਤਰੀ ਚੰਨੀ ਤੋਂ ਕਾਂਗਰਸ ਸਰਕਾਰ ਸਮੇਂ ਕੈਬਨਿਟ ਮੰਤਰੀ ਹੁੰਦਿਆਂ ਅਤੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੀ ਚੱਲ ਅਤੇ ਅਚੱਲ ਜਾਇਦਾਦ ਬਣਾਉਣ ਬਾਰੇ ਸਵਾਲ ਜਵਾਬ ਕੀਤੇ ਗਏ। ਪਤਾ ਲੱਗਾ ਹੈ ਕਿ ਵਿਜੀਲੈਂਸ ਨੇ ਚੰਨੀ ਨੂੰ ਆਪਣੇ ਆਮਦਨ ਸਰੋਤਾਂ ਅਤੇ ਜਾਇਦਾਦਾਂ ਬਾਰੇ ਜਿਹੜਾ ਪ੍ਰੋਫਾਰਮਾ ਭਰਨ ਲਈ ਦਿੱਤਾ ਸੀ, ਉਨ੍ਹਾਂ ਉਹ ਪ੍ਰੋਫਾਰਮਾ ਭਰ ਕੇ ਅੱਜ ਵਿਜੀਲੈਂਸ ਨੂੰ ਸੌਂਪ ਦਿੱਤਾ ਹੈ। ਇਸ ਵਿੱਚ ਸਾਬਕਾ ਮੁੱਖ ਮੰਤਰੀ ਵੱਲੋਂ ਆਪਣੇ ਆਮਦਨ ਸਰੋਤਾਂ ਅਤੇ ਸੰਪਤੀਆਂ ਦਾ ਵਿਸਥਾਰ ਵਿੱਚ ਬਿਓਰਾ ਦਿੱਤਾ ਗਿਆ ਹੈ। ਉਧਰ, ਜਦੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਜਿਵੇਂ ਹੀ ਵਿਜੀਲੈਂਸ ਭਵਨ ਤੋਂ ਬਾਹਰ ਆਏ ਤਾਂ ਉੱਥੇ ਵੱਡੀ ਗਿਣਤੀ ਵਿੱਚ ਤਾਇਨਾਤ ਮੀਡੀਆ ਕਰਮੀਆਂ ਨੇ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਲੇਕਿਨ ਚੰਨੀ ਮੀਡੀਆ ਨਾਲ ਗੱਲ ਕੀਤੇ ਬਿਨਾਂ ਹੀ ਆਪਣੀ ਕਾਰ ਵਿੱਚ ਬੈਠ ਕੇ ਰਵਾਨਾ ਹੋ ਗਏ, ਜਦੋਂਕਿ ਇਸ ਤੋਂ ਪਹਿਲਾਂ ਚੰਨੀ, ਹਮੇਸ਼ਾ ਸੂਬਾ ਸਰਕਾਰ ਅਤੇ ਜਾਂਚ ਏਜੰਸੀ ਦੀ ਕਾਰਵਾਈ ’ਤੇ ਸਵਾਲ ਚੁੱਕਦੇ ਰਹੇ ਹਨ ਪਰ ਇਸ ਵਾਰ ਉਨ੍ਹਾਂ ਨੇ ਬਿਲਕੁਲ ਚੁੱਪ ਧਾਰ ਲਈ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਸੱਤਾ ਪਰਿਵਰਤਨ ਤੋਂ ਬਾਅਦ ਚਰਨਜੀਤ ਚੰਨੀ ‘ਆਪ’ ਸਰਕਾਰ ਦੇ ਰਾਡਾਰ ’ਤੇ ਹਨ। ਹਾਲਾਂਕਿ ਪਹਿਲਾਂ ਇਹ ਗੱਲ ਬੜੇ ਜ਼ੋਰਾਂ ਸ਼ੋਰਾਂ ਨਾਲ ਪ੍ਰਚਾਰੀ ਗਈ ਸੀ ਕਿ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਚੰਨੀ ਵਿਦੇਸ਼ ਦੌੜ ਗਏ ਹਨ ਪ੍ਰੰਤੂ ਹੁਣ ਚੰਨੀ ਨੂੰ ਵਾਪਸ ਆਇਆਂ ਨੂੰ ਕਾਫ਼ੀ ਸਮਾਂ ਹੋ ਗਿਆ ਹੈ ਲੇਕਿਨ ਅਜੇ ਤਾਈਂ ਸਰਕਾਰ ਨੇ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ। ਵਿਜੀਲੈਂਸ ਬਿਊਰੋ ਵੱਲੋਂ ਚੰਨੀ ਦੇ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੋਈ ਹੈ। ਪਿਛੇ ਜਿਹੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਜਟ ਸੈਸ਼ਨ ਦੌਰਾਨ ਹਾਊਸ ਵਿੱਚ ਇਹ ਗੱਲ ਆਖੀ ਸੀ ਕਿ ਸੂਬੇ ਦੇ ਕਈ ਸਾਬਕਾ ਕਾਂਗਰਸੀ ਮੰਤਰੀਆਂ ਨੂੰ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਫੜ ਕੇ ਜੇਲ੍ਹ ਵਿੱਚ ਡੱਕਿਆ ਗਿਆ ਹੈ ਅਤੇ ਹੁਣ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਵਾਰੀ ਹੈ। ਉਨ੍ਹਾਂ ਨੂੰ ਵੀ ਫੜ ਕੇ ਹਵਾਲਾਤ ਵਿੱਚ ਬੰਦ ਕੀਤਾ ਜਾਵੇਗਾ।