ਵਿਜੀਲੈਂਸ ਵੱਲੋਂ ਭਰਤਇੰਦਰ ਚਾਹਲ ਖ਼ਿਲਾਫ਼ ‘ਲੁੱਕ ਆਊਟ ਸਰਕੁਲਰ’ ਜਾਰੀ

ਵਿਜੀਲੈਂਸ ਵੱਲੋਂ ਭਰਤਇੰਦਰ ਚਾਹਲ ਖ਼ਿਲਾਫ਼ ‘ਲੁੱਕ ਆਊਟ ਸਰਕੁਲਰ’ ਜਾਰੀ

ਚੰਡੀਗੜ੍ਹ- ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਦੀ ਗ੍ਰਿਫਤਾਰੀ ਲਈ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਚਾਹਲ ਦੇ ਵਿਦੇਸ਼ ਦੌੜ ਜਾਣ ਦੇ ਖ਼ਦਸ਼ੇ ਵਜੋਂ ਤਫ਼ਤੀਸ਼ੀ ਏਜੰਸੀ ਨੇ ‘ਲੁੱਕ ਆਊਟ ਸਰਕੁਲਰ’ (ਐਲਓਸੀ) ਵੀ ਜਾਰੀ ਕਰ ਦਿੱਤਾ ਹੈ। ਵਿਜੀਲੈਂਸ ਬਿਊਰੋ ਨੇ 4 ਅਗਸਤ ਨੂੰ ਚਾਹਲ ਖ਼ਿਲਾਫ਼ ਸਰੋਤਾਂ ਤੋਂ ਜ਼ਿਆਦਾ ਆਮਦਨ ਦਾ ਮਾਮਲਾ ਦਰਜ ਕੀਤਾ ਸੀ। ਵਿਜੀਲੈਂਸ ਦੇ ਸੀਨੀਅਰ ਅਧਿਕਾਰੀ ਦਾ ਦੱਸਣਾ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਬਿਊਰੋ ਨੂੰ 6 ਅਗਸਤ ਤੱਕ ਚਾਹਲ ਖ਼ਿਲਾਫ਼ ਚੱਲ ਰਹੀ ਜਾਂਚ ਦਾ ਨਿਪਟਾਰਾ ਕਰਨ ਦੇ ਹੁਕਮ ਦਿੱਤੇ ਸਨ ਤੇ ਵਿਜੀਲੈਂਸ ਨੇ ਐੱਫਆਈਆਰ ਦਰਜ ਕਰਨ ਤੋਂ ਬਾਅਦ ਅਦਾਲਤ ਨੂੰ ਸੂਚਿਤ ਕਰ ਦਿੱਤਾ ਸੀ। ਅਧਿਕਾਰੀ ਦਾ ਦਾਅਵਾ ਹੈ ਕਿ ਹਾਈ ਕੋਰਟ ਤੋਂ ਢੁਕਵੀਂ ਰਾਹਤ ਨਾ ਮਿਲਣ ਕਰਕੇ ਵਿਜੀਲੈਂਸ ਨੇ ਚਾਹਲ ਦੀ ਗ੍ਰਿਫਤਾਰੀ ਲਈ ਮੁਹਿੰਮ ਤੇਜ਼ ਕਰ ਦਿੱਤੀ ਹੈ। ਚਾਹਲ ਨੂੰ ਗ੍ਰਿਫ਼ਤਾਰ ਕਰਨ ਲਈ ਚਾਰ ਵਿਸ਼ੇਸ਼ ਵਿਜੀਲੈਂਸ ਟੀਮਾਂ ਬਣਾਈਆਂ ਗਈਆਂ ਹਨ। ਇਹ ਟੀਮਾਂ ਪੰਜਾਬ, ਹਿਮਾਚਲ ਅਤੇ ਦਿੱਲੀ ਵਿੱਚ ਚਾਹਲ ਦੀ ਭਾਲ ਕਰ ਰਹੀਆਂ ਹਨ। ਚਾਹਲ ਅਤੇ ਪਰਿਵਾਰਕ ਮੈਂਬਰਾਂ ਦਾ 40 ਕਰੋੜ ਰੁਪਏ ਜਾਇਦਾਦ ਦਾ ਖੁਲਾਸਾ ਹੋਇਆ ਹੈ। ਸੂਤਰਾਂ ਦਾ ਦੱਸਣਾ ਹੈ ਕਿ ਵਿਜੀਲੈਂਸ ਨੇ ਚਾਹਲ ਦੇ ਕਰੀਬੀਆਂ ਨੂੰ ਚਾਹਲ ਨੂੰ ਆਤਮ ਸਮਰਪਣ ਕਰਵਾਉਣ ਦਾ ਸੁਨੇਹਾ ਦਿੱਤਾ ਹੈ। ਵਿਜੀਲੈਂਸ ਨੇ ਚਾਹਲ ਦੇ ਇਕ ਕਰੀਬੀ ਦੇ ਦਿੱਲੀ ਸਥਿਤ ਘਰ ’ਤੇ ਛਾਪਾ ਮਾਰਿਆ। ਹਿਮਾਚਲ ਪ੍ਰਦੇਸ਼ ਦੇ ਹੋਟਲ ’ਚ ਤਲਾਸ਼ੀ ਲਈ ਗਈ। ਪਟਿਆਲਾ ਵਿੱਚ ਵੀ ਛਾਪੇਮਾਰੀ ਕੀਤੀ ਗਈ।