ਵਿਜੀਲੈਂਸ ਵੱਲੋਂ ਬ੍ਰਹਮ ਮਹਿੰਦਰਾ 9 ਨੂੰ ਤਲਬ

ਵਿਜੀਲੈਂਸ ਵੱਲੋਂ ਬ੍ਰਹਮ ਮਹਿੰਦਰਾ 9 ਨੂੰ ਤਲਬ

ਚੰਡੀਗੜ੍ਹ- ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸ ਆਗੂ ਬ੍ਰਹਮ ਮਹਿੰਦਰਾ ਨੂੰ ਵਿਜੀਲੈਂਸ ਬਿਊਰੋ ਨੇ 9 ਮਾਰਚ ਨੂੰ ਵਿਜੀਲੈਂਸ ਅਧਿਕਾਰੀਆਂ ਮੂਹਰੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ। ਵਿਜੀਲੈਂਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦਿਆ ਦੱਸਿਆ ਕਿ ਫਲਾਈਇੰਗ ਸਕੁਐਡ ਵੱਲੋਂ ਸਰੋਤਾਂ ਤੋਂ ਵੱਧ ਆਮਦਨ ਦੇ ਮਾਮਲੇ ਵਿੱਚ ਸਾਬਕਾ ਮੰਤਰੀ ਨੂੰ ਸੱਦਿਆ ਗਿਆ ਹੈ। ਬ੍ਰਹਮ ਮਹਿੰਦਰਾ ਨੂੰ ਇਸ ਤੋਂ ਪਹਿਲਾਂ 24 ਫਰਵਰੀ ਨੂੰ ਪੇਸ਼ ਹੋਣ ਲਈ ਸੱਦਿਆ ਗਿਆ ਸੀ ਪਰ ਸਾਬਕਾ ਮੰਤਰੀ ਨੇ ਉਸ ਦਿਨ ਸੂਬੇ ਤੋਂ ਬਾਹਰ ਹੋਣ ਦਾ ਹਵਾਲਾ ਦਿੰਦਿਆ ਵਿਜੀਲੈਂਸ ਅਧਿਕਾਰੀਆਂ ਮੂਹਰੇ ਪੇਸ਼ ਹੋਣ ਤੋਂ ਅਸਮਰੱਥਾ ਪ੍ਰਗਟਾਈ ਸੀ। ਉਸ ਤੋਂ ਬਾਅਦ ਵਿਜੀਲੈਂਸ ਨੇ ਸਾਬਕਾ ਮੰਤਰੀ ਨੂੰ ਨਵੇਂ ਸੰਮਨ ਜਾਰੀ ਕੀਤੇ ਹਨ। ਸ੍ਰੀ ਮਹਿੰਦਰਾ ਪੰਜਾਬ ’ਚ ਕਾਂਗਰਸ ਦੀ ਹਕੂਮਤ ’ਚ ਸਾਲ 2017 ਤੋਂ 2022 ਦੌਰਾਨ ਮੰਤਰੀ ਰਹੇ ਸਨ। ਸੂਬੇ ਵਿੱਚ ਸੱਤਾ ਤਬਦੀਲੀ ਮਗਰੋਂ ਵਿਜੀਲੈਂਸ ਨੇ ਲੰਘੇ ਸਾਲ ਸਾਬਕਾ ਮੰਤਰੀ ਖਿਲਾਫ਼ ਸਰੋਤਾਂ ਤੋਂ ਵੱਧ ਆਮਦਨ ਦੇ ਮਾਮਲੇ ਵਿੱਚ ਜਾਂਚ ਆਰੰਭੀ ਸੀ। ਵਿਜੀਲੈਂਸ ਸੂਤਰਾਂ ਦਾ ਦੱਸਣਾ ਹੈ ਕਿ ਕਾਂਗਰਸ ਦੇ ਇਸ ਆਗੂ ਵੱਲੋਂ ਕਾਂਗਰਸ ਹਕੂਮਤ ਦੌਰਾਨ ਕਰੋੜਾਂ ਰੁਪਏ ਦੇ ਆਦਾਨ ਪ੍ਰਦਾਨ ਦੇ ਤੱਥ ਸਾਹਮਣੇ ਆਏ ਹਨ। ਵਿਜੀਲੈਂਸ ਵੱਲੋਂ ਮੁੱਢਲੀ ਪੜਤਾਲ ਦੌਰਾਨ ਬੈਂਕ ਖਾਤਿਆਂ ਅਤੇ ਜ਼ਮੀਨਾਂ ਆਦਿ ਦੇ ਵੇਰਵੇ ਇਕੱਤਰ ਕੀਤੇ ਗਏ ਹਨ। ਵਿਜੀਲੈਂਸ ਅਧਿਕਾਰੀਆਂ ਦਾ ਦੱਸਣਾ ਹੈ ਕਿ ਬਿਊਰੋ ਵੱਲੋਂ ਇਸ ਸਾਬਕਾ ਮੰਤਰੀ ਦੇ ਪਰਿਵਾਰਕ ਮੈਂਬਰਾਂ ਦੇ ਨਾਮ ’ਤੇ ਜਾਇਦਾਦ ਹੋਣ ਅਤੇ ਹੋਰਨਾਂ ਸੰਪਤੀਆਂ ਦੇ ਵੇਰਵੇ ਵੀ ਇਕੱਤਰ ਕੀਤੇ ਹਨ। ਵਿਜੀਲੈਂਸ ਅਧਿਕਾਰੀਆਂ ਦਾ ਇਹ ਵੀ ਦੱਸਣਾ ਹੈ ਕਿ ਬਿਊਰੋ ਵੱਲੋਂ ਮੁੱਢਲੀ ਜਾਂਚ ਦੌਰਾਨ ਇਕੱਤਰ ਕੀਤੇ ਵੇਰਵਿਆਂ ਦਾ ਮਹਿੰਦਰਾ ਵੱਲੋਂ ਮੁਹੱਈਆ ਕਰਵਾਏ ਜਾਣ ਵਾਲੇ ਦਸਤਾਵੇਜ਼ਾਂ ਨਾਲ ਮਿਲਾਨ ਕੀਤਾ ਜਾਵੇਗਾ ਤੇ ਉਸ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਵਿਜੀਲੈਂਸ ਵੱਲੋਂ ਇਸ ਸਮੇਂ ਦੋ ਦਰਜਨ ਦੇ ਕਰੀਬ ਸਿਆਸਤਦਾਨਾਂ ਜਿਨ੍ਹਾਂ ਵਿੱਚ ਕਾਂਗਰਸ ਦੇ ਸਾਬਕਾ ਮੰਤਰੀਆਂ ਅਤੇ ਸਾਬਕਾ ਵਿਧਾਇਕ, ਸਾਬਕਾ ਚੇਅਰਮੈਨ ਆਦਿ ਸ਼ਾਮਲ ਹਨ ਵਿਰੁੱਧ ਸਰੋਤਾਂ ਤੋਂ ਵੱਧ ਆਮਦਨ ਦੇ ਮਾਮਲੇ ਦੀ ਜਾਂਚ ਵਿੱਢੀ ਗਈ ਹੈ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਸਾਰੇ ਸਿਆਸੀ ਆਗੂਆਂ ਦੇ ਅਸਾਸਿਆਂ ਅਤੇ ਬੈਂਕ ਖਾਤਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ। ਵਿਜੀਲੈਂਸ ਵੱਲੋਂ ਕਈ ਸਿਵਲ ਤੇ ਪੁਲੀਸ ਅਫ਼ਸਰਾਂ ਖਿਲਾਫ਼ ਵੀ ਸਰੋਤਾਂ ਤੋਂ ਵੱਧ ਆਮਦਨ ਦੇ ਮਾਮਲਿਆਂ ਦੀ ਜਾਂਚ ਨੇ ਪ੍ਰਸ਼ਾਸਕੀ ਹਲਕਿਆਂ ’ਚ ਹਲਚਲ ਪੈਦਾ ਕੀਤੀ ਹੋਈ ਹੈ।