ਵਿਜੀਲੈਂਸ ਵੱਲੋਂ ‘ਆਪ’ ਵਿਧਾਇਕ ਅਮਿਤ ਰਤਨ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ‘ਆਪ’ ਵਿਧਾਇਕ ਅਮਿਤ ਰਤਨ ਗ੍ਰਿਫ਼ਤਾਰ

ਰਿਸ਼ਵਤ ਲੈਣ ਦੇ ਮਾਮਲੇ ’ਚ ਹੋਈ ਕਾਰਵਾਈ; ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ
ਬਠਿੰਡਾ-ਬਠਿੰਡਾ (ਦਿਹਾਤੀ) ਤੋਂ ‘ਆਪ’ ਵਿਧਾਇਕ ਅਮਿਤ ਰਤਨ ਕੋਟਫੱਤਾ ਨੂੰ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਬੁੱਧਵਾਰ ਦੇਰ ਰਾਤ ਰਾਜਪੁਰਾ ਤੋਂ ਗ੍ਰਿਫ਼ਤਾਰ ਕਰ ਲਿਆ। ਉਸ ਨੂੰ ਇਥੇ ਸਿਵਲ ਲਾਈਨ ਥਾਣੇ ਵਿੱਚ ਲਿਆਂਦਾ ਗਿਆ। ਵਿਜੀਲੈਂਸ ਨੇ ਅੱਜ ਮੈਡੀਕਲ ਕਰਾਉਣ ਪਿੱਛੋਂ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਉਸ ਦਾ 27 ਫਰਵਰੀ ਤੱਕ ਦਾ ਪੁਲੀਸ ਰਿਮਾਂਡ ਦੇ ਦਿੱਤਾ ਹੈ। ਹੁਣ ਵਿਜੀਲੈਂਸ ਪਿੰਡ ਘੁੱਦਾ ਦੀ ਸਰਪੰਚ ਦੇ ਪਤੀ ਵੱਲੋਂ ‘ਰਿਸ਼ਵਤ ਦੇਣ’ ਦੇ ਮਾਮਲੇ ਵਿੱਚ ‘ਆਪ’ ਵਿਧਾਇਕ ਤੋਂ ਪੁੱਛ-ਗਿੱਛ ਕਰੇਗੀ। ਮੀਡੀਆ ਵੱਲੋਂ ਸਵਾਲ ਕਰਨ ’ਤੇ ਅਮਿਤ ਰਤਨ ਨੇ ਕਿਹਾ ਕਿ ਉਹ ਪਾਰਟੀ ਦਾ ਵਫ਼ਾਦਾਰ ਸਿਪਾਹੀ ਹੈ ਅਤੇ ਉਸ ਨੂੰ ਨਿਆਂਪਾਲਿਕਾ ’ਤੇ ਪੂਰਾ ਭਰੋਸਾ ਹੈ। ਵਿਜੀਲੈਂਸ ਨੇ ਸ਼ਨਿਚਰਵਾਰ ਨੂੰ ਰਸ਼ਿਮ ਗਰਗ ਨਾਂ ਦੇ ਵਿਅਕਤੀ ਨੂੰ ਜ਼ਿਲ੍ਹਾ ਬਠਿੰਡਾ ਦੇ ਪਿੰਡ ਘੁੱਦਾ ਦੀ ਸਰਪੰਚ ਸੀਮਾ ਰਾਣੀ ਦੇ ਪਤੀ ਪ੍ਰਿਤਪਾਲ ਕੁਮਾਰ ਕਾਕਾ ਕੋਲੋਂ 4 ਲੱਖ ਰੁਪਏ ਕਥਿਤ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ। ਮੁਲਜ਼ਮ ਰਸ਼ਿਮ ਗਰਗ ਦੇ ਵਿਧਾਇਕ ਦਾ ਪੀਏ ਵਜੋਂ ਚਰਚਾ ਹੋਣ ’ਤੇ ਵਿਧਾਇਕ ਨੇ ਉਸ ਨੂੰ ਆਪਣਾ ਪੀਏ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਰਸ਼ਿਮ ਪੁਲੀਸ ਰਿਮਾਂਡ ’ਤੇ ਚੱਲ ਰਿਹਾ ਹੈ ਅਤੇ ਅੱਜ ਪੇਸ਼ੀ ਸਮੇਂ ਅਦਾਲਤ ਨੇ ਉਸ ਦਾ ਇਕ ਦਿਨ ਦਾ ਰਿਮਾਂਡ ਹੋਰ ਵਧਾ ਦਿੱਤਾ। ਸੂਤਰਾਂ ਮੁਤਾਬਕ ਵਿਜੀਲੈਂਸ ਨੇ ਅੱਜ ਵਿਧਾਇਕ, ਰਸ਼ਿਮ ਗਰਗ ਅਤੇ ਸ਼ਿਕਾਇਤਕਰਤਾ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛ-ਗਿੱਛ ਕੀਤੀ।

ਖ਼ਜ਼ਾਨੇ ਦਾ ਪੈਸਾ ਖਾਣ ਵਾਲਿਆਂ ’ਤੇ ਤਰਸ ਨਹੀਂ ਕਰਾਂਗੇ: ਭਗਵੰਤ ਮਾਨ
ਚੰਡੀਗੜ੍ਹ :ਵਿਜੀਲੈਂਸ ਵੱਲੋਂ ‘ਆਪ’ ਵਿਧਾਇਕ ਅਮਿਤ ਰਤਨ ਦੀ ਗ੍ਰਿਫ਼ਤਾਰੀ ਮਗਰੋਂ ਪੰਜਾਬ ਦੀ ਸਿਆਸਤ ਮੁੜ ਭਖ਼ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਰਿਸ਼ਵਤਖ਼ੋਰਾਂ ਨਾਲ ਸਖ਼ਤੀ ਨਾਲ ਨਜਿੱਠਣ ਦੀ ਗੱਲ ਆਖੀ ਹੈ। ਉਧਰ ਵਿਰੋਧੀ ਧਿਰਾਂ ਵੀ ਸਰਕਾਰ ਨੂੰ ਘੇਰਨ ਦਾ ਮੌਕਾ ਨਹੀਂ ਖੁੰਝਾ ਰਹੀਆਂ ਹਨ। ਇਸ ਤੋਂ ਪਹਿਲਾਂ ਵਿਜੈ ਸਿੰਗਲਾ ਅਤੇ ਫੌਜਾ ਸਿੰਘ ਸਰਾਰੀ ਨੂੰ ਵੀ ਮੰਤਰੀ ਮੰਡਲ ’ਚੋਂ ਬਾਹਰ ਕਰ ਦਿੱਤਾ ਗਿਆ ਸੀ। ਮੁੱਖ ਮੰਤਰੀ ਨੇ ਮੁੜ ਚਿਤਾਵਨੀ ਦਿੱਤੀ ਹੈ ਕਿ ਸੂਬੇ ਵਿਚ ਰਿਸ਼ਵਤਖ਼ੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਨੂੰਨ ਸਾਰਿਆਂ ਲਈ ਇੱਕ ਹੈ ਅਤੇ ਲੋਕਾਂ ਵੱਲੋਂ ਦਿੱਤੇ ਟੈਕਸਾਂ ਦਾ ਪੈਸਾ ਖਾਣ ਵਾਲਿਆਂ ’ਤੇ ਕੋਈ ਰਹਿਮ ਨਹੀਂ ਕੀਤਾ ਜਾਵੇਗਾ।