ਵਿਗਿਆਨਕ ਪ੍ਰਾਪਤੀਆਂ ਦੇ ਅਰਥ ਸਮਝਦਿਆਂ…

ਵਿਗਿਆਨਕ ਪ੍ਰਾਪਤੀਆਂ ਦੇ ਅਰਥ ਸਮਝਦਿਆਂ…

ਪਾਵੇਲ ਕੁੱਸਾ

ਚੰਦਰਯਾਨ-3 ਨਾਲ ਜੁੜ ਕੇ ਵਿਗਿਆਨਕ ਪ੍ਰਾਪਤੀਆਂ ਬਾਰੇ ਚਰਚਾ ਛਿੜੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਰ ਵੱਡੀ ਛੋਟੀ ਘਟਨਾ ਨੂੰ ਅੰਨ੍ਹੇ ਰਾਸ਼ਟਰਵਾਦ ਦਾ ਤੜਕਾ ਲਾਉਣ ਦੀ ਪਹੁੰਚ ਨੇ ਇਸ ਚਰਚਾ ਦੇ ਕਈ ਪਾਸਾਰ ਬਣਾ ਦਿੱਤੇ ਹਨ। ਵਿਗਿਆਨਕ ਖੇਤਰ ਦੀਆਂ ਪ੍ਰਾਪਤੀਆਂ ਦੀ ਚਰਚਾ ਦਰਮਿਆਨ ਇਨ੍ਹਾਂ ਪ੍ਰਾਪਤੀਆਂ ਦੇ ਅਰਥਾਂ ਤੇ ਸੁਭਾਅ ਦੇ ਮਸਲੇ ਲੋਕ ਸਰੋਕਾਰਾਂ ਦੇ ਨੁਕਤਾ ਨਜ਼ਰ ਤੋਂ ਹਮੇਸ਼ਾ ਹੀ ਕੇਂਦਰ ਵਿਚ ਰਹਿਣਗੇ। ਸਿਆਸਤਦਾਨਾਂ ਲਈ ਤਾਂ ਸਰੋਕਾਰ ਸਿਰਫ ਇਹੀ ਹੋਣਾ ਹੈ ਕਿ ਉਹ ਇਹਨਾਂ ਪ੍ਰਾਪਤੀਆਂ ਨੂੰ ਅੰਨ੍ਹਾ ਰਾਸ਼ਟਰਵਾਦੀ ਗੁਬਾਰ ਖੜ੍ਹਾ ਕਰਨ ਦੀ ਸੇਵਾ ਵਿਚ ਕਿਵੇਂ ਵਰਤ ਸਕਦੇ ਹਨ ਤੇ ਹਰ ਪ੍ਰਾਪਤੀ ਨੂੰ ਵੋਟਾਂ ਵਿਚ ਕਿਵੇਂ ਢਾਲ਼ ਸਕਦੇ ਹਨ। ਜਿਨ੍ਹਾਂ ਦਾ ਮਕਸਦ ਹੀ ਮਨੁੱਖੀ ਚੇਤਨਾ ਤੇ ਸਮਾਜਿਕ ਵਿਕਾਸ ਦਾ ਪਹੀਆ ਪਿਛਾਂਹ ਨੂੰ ਘੁਮਾਉਣਾ ਹੋਵੇ, ਜਿਹੜੇ ਸਮਾਜ ਅੰਦਰ ਹਰ ਤਰ੍ਹਾਂ ਦੇ ਗੈਰ-ਵਿਗਿਆਨਕ ਨਜ਼ਰੀਏ ਦਾ ਸੰਚਾਰ ਕਰਨ ਲਈ ਜੁਟੇ ਹੋਏ ਹੋਣ, ਉਨ੍ਹਾਂ ਵੱਲੋਂ ਮਨਾਏ ਜਾ ਰਹੇ ਵਿਗਿਆਨਕ ਪ੍ਰਾਪਤੀ ਦੇ ਜਸ਼ਨਾਂ ਦੇ ਮੰਤਵ ਸਮਝਣਾ ਔਖਾ ਨਹੀਂ ਹੈ।

ਸਵਾਲ ਚੰਦ ’ਤੇ ਪਹੁੰਚ ਜਾਣ ਦੀ ਕਿਸੇ ਵਿਸ਼ੇਸ਼ ਪ੍ਰਾਪਤੀ ਦਾ ਨਹੀਂ, ਚੰਦ ’ਤੇ ਪਹੁੰਚ ਜਾਣਾ ਤਾਂ ਵਿਗਿਆਨਕ ਤਰੱਕੀ ਦੀ ਸਿਖਰ ਦਾ ਪ੍ਰਤੀਕ ਹੈ। ਅਜਿਹੀਆਂ ਕੋਸਿ਼ਸ਼ਾਂ ਵਿਚ ਵਿਗਿਆਨੀ ਤਾਂ ਹੌਸਲਾ ਅਫਜ਼ਾਈ ਦੇ ਹੱਕਦਾਰ ਹੁੰਦੇ ਹੀ ਹਨ ਪਰ ਅਸਲ ਨੁਕਤਾ ਤਾਂ ਵਿਗਿਆਨਕ ਤਰੱਕੀ ਦੀ ਸਿਖਰ ਦਾ ਲੋਕਾਂ ਦੀ ਬਿਹਤਰ ਜਿ਼ੰਦਗੀ ਦੀ ਉਸਾਰੀ ਨਾਲ ਸਬੰਧ ਜੋੜਨ ਦਾ ਹੈ। ਇਸ ਸਹੀ ਸਬੰਧ ਤੋਂ ਬਿਨਾ ਵਿਗਿਆਨਕ ਤਰੱਕੀ ਦੇ ਅਰਥਾਂ ਦੀ ਚਰਚਾ ਵਿਅਰਥ ਹੋ ਜਾਂਦੀ ਹੈ।

ਵਿਗਿਆਨਕ ਖੋਜਾਂ ਦੀ ਦਿਸ਼ਾ ਸਿਆਸੀ ਸਮਾਜੀ ਢਾਂਚਾ ਹੀ ਤੈਅ ਕਰਦਾ ਹੈ, ਉਹ ਲੋਕ ਪੱਖੀ ਹੈ ਜਾਂ ਲੋਕ ਦੋਖੀ, ਇਹੀ ਕਿਸੇ ਸਮਾਜ ਦੇ ਵਿਗਿਆਨੀਆਂ ਦੇ ਰਸਤੇ ਤੈਅ ਕਰਦਾ ਹੈ। ਲੋਕ ਦੋਖੀ ਨਿਜ਼ਾਮਾਂ ਅੰਦਰ ਖੋਜ ਕਾਰਜਾਂ ਦੀਆਂ ਤਰਜੀਹਾਂ ਲੋਕਾਂ ਤੋਂ ਬੇਮੁੱਖ ਰਹਿੰਦੀਆਂ ਹਨ ਤੇ ਲੋਕ ਵਿਗਿਆਨ ਦੀਆਂ ਪ੍ਰਾਪਤੀਆਂ ਤੋਂ ਲਾਭ ਨਾ ਉਠਾ ਸਕਣ ਲਈ ਸਰਾਪੇ ਰਹਿੰਦੇ ਹਨ, ਵਿਗਿਆਨ ਪੂੰਜੀਪਤੀਆਂ ਦੀ ਗ਼ੁਲਾਮ ਬਣੀ ਰਹਿੰਦੀ ਹੈ। ਸਮਾਜ ਅੰਦਰ ਵਿਗਿਆਨਕ ਵਿਕਾਸ ਦੀ ਦਿਸ਼ਾ ਤੈਅ ਕਰਨ ਲਈ ਸਿਆਸਤ ਹਮੇਸ਼ਾ ਹੀ ਸਿਰਮੌਰ ਰਹਿੰਦੀ ਹੈ। ਚੀਨ ਦੀ ਸਮਾਜਵਾਦੀ ਉਸਾਰੀ ਦੇ ਸਾਲਾਂ ਦੌਰਾਨ ਕਮਿਊਨਿਸਟ ਪਾਰਟੀ ਨੇ ਬੰਦੇ ਦੇ ਵਿਕਾਸ ਦੇ ਦੋ ਪੱਖਾਂ ‘ਲਾਲ’ ਅਤੇ ‘ਮਾਹਿਰ’ ’ਤੇ ਜ਼ੋਰ ਦਿੱਤਾ ਸੀ ਅਤੇ ਦੋਹਾਂ ’ਚੋਂ ਲਾਲ ਹੋਣ ਨੂੰ ਸਿਰਮੌਰ ਰੱਖਿਆ ਸੀ; ਭਾਵ, ਬੰਦੇ ਦੇ ਕਮਿਊਨਿਸਟ ਨਜ਼ਰੀਏ ਨੂੰ ਮੋਹਰੀ ਮਹੱਤਵ ਦਿੱਤਾ ਸੀ। ਇਹ ਕਮਿਊਨਿਸਟ ਨਜ਼ਰੀਆ ਹੀ ਸੀ ਜਿਹੜਾ ਵਿਗਿਆਨ ਦੇ ਵਿਕਾਸ ਨੂੰ ਸਹੀ ਅਰਥਾਂ ਵਿਚ ਮਨੁੱਖਤਾ ਦੇ ਲੇਖੇ ਲਾ ਸਕਦਾ ਸੀ ਜਾਂ ਕਿਹਾ ਜਾ ਸਕਦਾ ਹੈ ਕਿ ਮਨੁੱਖਤਾ ਮੁਖੀ ਵਿਗਿਆਨਕ ਵਿਕਾਸ ਯਕੀਨੀ ਕਰ ਸਕਦਾ ਸੀ। ਵਿਗਿਆਨ ਨੂੰ ਵੀ ਮਨੁੱਖਤਾ ਦੀ ਆਜ਼ਾਦੀ ਦੇ ਮਹਾਨ ਮਿਸ਼ਨ ਦੀ ਸੇਵਾ ਵਿਚ ਭੁਗਤਾ ਸਕਦਾ ਸੀ।

ਖਾਲੀ ਢਿੱਡਾਂ ਵਾਲਿਆਂ ਲਈ ਵਿਗਿਆਨਿਕ ਤਰੱਕੀ ਦੇ ਅਰਥ ਸਦਾ ਹੀ ਬੇਵਸੀ ਦੇ ਅਹਿਸਾਸ ਅਧੀਨ ਰਹਿਣਗੇ ਤੇ ਵਿਗਿਆਨਕ ਖੋਜਾਂ ਦੀਆਂ ਤਰਜੀਹਾਂ ਸਵਾਲਾਂ ਹੇਠ ਰਹਿਣਗੀਆਂ। ਜਿਨ੍ਹਾਂ ਲਈ ਰੋਟੀ ਦੇ ਮਸਲੇ ਹੱਲ ਹੋ ਚੁੱਕੇ ਹਨ, ਉਹ ਹੋਰ ਥਾਂ ਤੋਂ ਖੜ੍ਹ ਕੇ ਸੋਚਦੇ ਹਨ। ਉਹ ਖਾਲੀ ਢਿੱਡਾਂ ਤੇ ਬੋਝਲ ਸਿਰਾਂ ਨੂੰ ਸਮਝਾਉਣ ਦੀ ਕੋਸਿ਼ਸ਼ ਕਰਦੇ ਹਨ ਕਿ ਤੁਹਾਨੂੰ ਦੇਸ਼ ਦੀ ਵਿਗਿਆਨਕ ਤਰੱਕੀ ’ਤੇ ਕਿਉਂ ਮਾਣ ਕਰਨਾ ਚਾਹੀਦਾ ਹੈ। ਉਹੀ ਹਿੱਸੇ ਹਾਕਮਾਂ ਦੇ ਅਜਿਹੇ ਨਜ਼ਰੀਏ ਨੂੰ ਸੰਚਾਰਨ ਦੇ ਵਾਹਕ ਵੀ ਬਣਦੇ ਹਨ।

ਇੱਕ ਉਦਾਹਰਨ ਨਾਲ ਇਹ ਗੱਲ ਸੌਖੀ ਸਮਝੀ ਜਾ ਸਕਦੀ ਹੈ: ਜਿਵੇਂ ਐਸ ਵੇਲੇ ਭਾਰਤ ਸਰਕਾਰ ਦਾ ਚਿਪ ਬਣਾਉਣ ਦੇ ਉਦਯੋਗ ’ਤੇ ਬਹੁਤ ਜ਼ੋਰ ਲੱਗਿਆ ਹੋਇਆ ਹੈ। ਇਹ ਸਾਮਰਾਜੀ ਬਹੁ-ਕੌਮੀ ਕੰਪਨੀਆਂ ਲਈ ਆਪਸੀ ਮੁਕਾਬਲੇਬਾਜ਼ੀ ਦਾ ਖੇਤਰ ਹੈ ਤੇ ਇਹਦੇ ਲਈ ਭਾਰਤ ਸਰਕਾਰ ਬਹੁਤ ਵੱਡੇ ਸਰਕਾਰੀ ਬਜਟ ਵੀ ਝੋਕ ਰਹੀ ਹੈ, ਕੰਪਨੀਆਂ ਨੂੰ ਲੁਟਾ ਰਹੀ ਹੈ। ਇਹਦੇ ਵਿਚ ਦਲਾਲ ਭਾਰਤੀ ਸਰਮਾਏਦਾਰਾਂ ਨੇ ਵੀ ਹਿੱਸੇਦਾਰ ਬਣਨਾ ਹੈ ਤੇ ਇਸ ਖੇਤਰ ’ਚ ਚੀਨ ਨਾਲ ਮੁਕਾਬਲੇ ਲਈ ਤਿੰਘ ਰਿਹਾ ਹੈ। ਭਾਰਤ ਦੀ ਬਹੁ ਗਿਣਤੀ ਆਬਾਦੀ ਲਈ ਇਹ ਖੋਜ ਮੁੱਖ ਜ਼ਰੂਰਤ ਹੈ ਜਾਂ ਹੋਰ ਬਹੁਤ ਲੋੜਾਂ ਹਨ ਜਿਹੜੀਆਂ ਆਮ ਲੋਕਾਂ ਦੀ ਜਿ਼ੰਦਗੀ ਸੌਖੀ ਕਰ ਸਕਦੀਆਂ ਹਨ। ਜਿਵੇਂ ਸੀਵਰ ਦੀ ਸਫਾਈ ਦੇ ਕੰਮ ਵਿਚ ਮਨੁੱਖ ਨੂੰ ਨਰਕ ਭਰੇ ਹਾਲਾਤ ਵਿਚ ਕੰਮ ਕਰਨ ਤੋਂ ਛੁਟਕਾਰਾ ਦਿਵਾਇਆ ਜਾ ਸਕਦਾ ਹੈ, ਹੋਰ ਵੱਧ ਤਕਨੀਕ ਵਿਕਸਿਤ ਕੀਤੀ ਜਾ ਸਕਦੀ ਹੈ ਪਰ ਇਹ ਕਿਸੇ ਕੰਪਨੀ ਲਈ ਸਰੋਕਾਰ ਦਾ ਮਸਲਾ ਨਹੀਂ। ਹੁਣ ਜੇਕਰ ਅਜਿਹੇ ਹਾਲਾਤ ਦਰਮਿਆਨ ਭਾਰਤੀ ਵਿਗਿਆਨੀ ਅਤਿ ਵਿਕਸਿਤ ਚਿਪ ਬਣਾਉਣ ਦੇ ਮਾਮਲੇ ਵਿਚ ਕੋਈ ਉਪਲਬਧੀ ਹਾਸਲ ਕਰ ਵੀ ਲੈਣ ਤਾਂ ਇਹ ਸਾਡੇ ਲਈ ਕਿੰਨੀ ਕੁ ਤਸੱਲੀ ਵਾਲੀ ਗੱਲ ਹੋ ਸਕਦੀ ਹੈ।

ਇਉਂ ਹੀ ਜਿਵੇਂ ਦੇਸ਼ ਅੰਦਰ ਬੁਲੇਟ ਟ੍ਰੇਨ ਚਲਾਉਣ ਦੇ ਪ੍ਰਾਜੈਕਟ ਦਾ ਸਵਾਲ ਹੈ। ਭਾਰਤੀ ਰੇਲਵੇ ਖੇਤਰ ਅੰਦਰ ਉੱਚ ਦਰਜੇ ਦੀ ਰਫ਼ਤਾਰ ਨਾਲੋਂ ਜਿ਼ਆਦਾ ਸਮੁੱਚੀਆਂ ਟ੍ਰੇਨਾਂ ਦੀ ਹਾਲਤ ਦੀ ਬਿਹਤਰੀ ਭਾਰਤ ਦੇ ਲੋਕਾਂ ਦਾ ਮੁੱਖ ਸਰੋਕਾਰ ਬਣਦਾ ਹੈ। ਭਾਰਤ ਦੀ ਸਮੁੱਚੀ ਤਕਨੀਕੀ ਤਰੱਕੀ ਜਨ-ਸਾਧਾਰਨ ਵੱਲੋਂ ਵਰਤੀਆਂ ਜਾਣ ਵਾਲੀਆਂ ਗੱਡੀਆਂ ਦੀ ਬਿਹਤਰੀ ਲੇਖੇ ਲੱਗਣੀ ਚਾਹੀਦੀ ਹੈ। ਵਿਗਿਆਨ ਦੇ ਕਿਰਦਾਰ ਬਾਰੇ ਸਭ ਤੋਂ ਸਿਖਰਲੀ ਉਦਾਹਰਨ ਹਿਟਲਰ ਦੇ ਰਾਜ ਅੰਦਰ ਵਿਗਿਆਨਕ ਤਕਨੀਕਾਂ ਦੇ ਬੰਦਿਆਂ ਨੂੰ ਚੈਂਬਰਾਂ ਅੰਦਰ ਸਾੜਨ ਲੇਖੇ ਲੱਗਣ ਦੀ ਹੈ। ਜਰਮਨ ਦੇ ਵਿਗਿਆਨੀਆਂ ਦੀਆਂ ਖੋਜਾਂ ਦਾ ਜੋ ਮਨੁੱਖਤਾ ਦੋਖੀ ਮੁਹਾਣ ਬਣਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਸੀ, ਉਹ ਬੇਹੱਦ ਖ਼ੌਫ਼ਨਾਕ ਸੀ। ਇਹ ਵਰਤਾਰਾ ਸਰਮਾਏਦਾਰੀ ਦੀ ਕਰੂਰਤਾ ਦਾ ਸਿਖਰ ਸੀ, ਉਂਝ ਉਸ ਤੋਂ ਮਗਰੋਂ ਵੀ ਸੰਸਾਰ ਸਾਮਰਾਜ ਨੇ ਇਹਨਾਂ ਤਕਨੀਕਾਂ ਨੂੰ ਪਰਮਾਣੂ ਬੰਬਾਂ ਤੋਂ ਲੈ ਕੇ ਕਲੱਸਟਰ ਬੰਬਾਂ ਤੱਕ ਦੇ ਅਤਿ ਮਾਰੂ ਹਥਿਆਰਾਂ ਲਈ ਵਰਤਿਆ ਹੈ ਤੇ ਦੁਨੀਆ ਭਰ ਅੰਦਰ ਅਥਾਹ ਕੀਮਤੀ ਮਨੁੱਖੀ ਜਾਨਾਂ ਨਿਗਲੀਆਂ ਹਨ। ਅਨੇਕਾਂ ਮਾਸੂਮ ਬਾਲਾਂ ਨੂੰ ਜਿ਼ੰਦਗੀ ਭਰ ਲਈ ਅਪਾਹਜ ਬਣਾਇਆ ਹੈ।

ਹੁਣ ਵੀ ਦੁਨੀਆ ਭਰ ਅੰਦਰ ਮੈਡੀਕਲ ਸਾਇੰਸ ਲੋਕਾਂ ਦੇ ਇਲਾਜ ਤੋਂ ਪਹਿਲਾਂ ਕਾਰਪੋਰੇਸ਼ਨਾਂ ਦੇ ਮੁਨਾਫਿ਼ਆਂ ਦਾ ਸਰੋਤ ਬਣੀ ਹੋਈ ਹੈ। ਉੱਥੇ ਵੀ ਖੋਜਾਂ ਸਸਤੇ ਤੇ ਸਭ ਤਕ ਪਹੁੰਚਣ ਵਾਲੇ ਇਲਾਜ ਦੀਆਂ ਲੋੜਾਂ ਦੇ ਅਨੁਸਾਰ ਨਹੀਂ ਹੁੰਦੀਆ ਸਗੋਂ ਮੁਨਾਫ਼ੇ ਮੁੱਖ ਰੱਖ ਕੇ ਹੁੰਦੀਆਂ ਹਨ। ਬਹੁਤ ਸਾਰੀਆਂ ਇਲਾਜ ਵਿਧੀਆਂ ਦੀਆਂ ਖੋਜਾਂ ਰੋਕ ਕੇ ਰੱਖੀਆਂ ਜਾਂਦੀਆਂ ਹਨ। ਇਲਾਜ ਦੇ ਸੋਖੇ ਤੇ ਸਰਲ ਢੰਗਾਂ ਨੂੰ ਨਿਰ-ਉਤਸ਼ਾਹਿਤ ਕੀਤਾ ਜਾਂਦਾ ਹੈ ਤੇ ਉੱਚ ਤਕਨੀਕ ਆਧਾਰਿਤ ਮਸ਼ੀਨਰੀ ਦੀ ਵਰਤੋਂ ਯਕੀਨੀ ਬਣਾ ਕੇ ਰੱਖੀ ਜਾਂਦੀ ਹੈ। ਮੁਨਾਫ਼ੇ ਦਾ ਜ਼ਰੀਆ ਨਾ ਬਣਦੀਆਂ ਹੋਣ ਕਰ ਕੇ ਕਈ ਪੈਥੀਆਂ ਰੋਲ ਦਿੱਤੀਆਂ ਜਾਂਦੀਆਂ ਹਨ। ਪੁਲਾੜ ਖੋਜ ਦਾ ਖੇਤਰ ਵੀ ਹੁਣ ਬਹੁ-ਕੌਮੀ ਕੰਪਨੀਆਂ ਦੀ ਦਿਲਚਸਪੀ ਦਾ ਖੇਤਰ ਬਣਿਆ ਹੋਇਆ ਹੈ। ਇਹਦੇ ’ਚ ਹੋਣ ਵਾਲੀਆਂ ਪ੍ਰਾਪਤੀਆਂ ਦੇ ਅਰਥ ਵੀ ਸਿੱਧ-ਪੱਧਰੇ ਨਹੀਂ ਹਨ। ਇਸ ਲਈ ਕਿਸੇ ਵੀ ਵਿਗਿਆਨਕ ਪ੍ਰਾਪਤੀ ਹੋ ਜਾਣ ਦੇ ਨਾਲ ਹੀ ਇਹ ਸਵਾਲ ਉਸ ਤੋਂ ਵੀ ਵੱਡੇ ਆਕਾਰ ਨਾਲ ਸਾਹਮਣੇ ਖੜ੍ਹਾ ਹੁੰਦਾ ਹੈ ਕਿ ਇਸ ਨੇ ਆਖ਼ਰ ਕਿਸ ਦੇ ਲੇਖੇ ਲੱਗਣਾ ਹੈ। ਕਿਸੇ ਵੀ ਪ੍ਰਾਪਤੀ ਨੂੰ ਇਸ ਸਵਾਲ ਤੋਂ ਜੁਦਾ ਕਰ ਕੇ ਸਹੀ ਅਰਥਾਂ ’ਚ ਨਹੀਂ ਸਮਝਿਆ ਜਾ ਸਕਦਾ।

ਜਿਵੇਂ ਖੇਤੀ ਖੇਤਰ ਅੰਦਰ ਹੋਈ ਕੋਈ ਵੀ ਖੋਜ ਵਿਹਲੇ ਕਰ ਦਿੱਤੇ ਗਏ ਖੇਤ ਮਜ਼ਦੂਰਾਂ ਨੂੰ ਫਾਕੇ ਕੱਟਣ ਲਈ ਮਜਬੂਰ ਕਰ ਰਹੀ ਹੁੰਦੀ ਹੈ ਤਾਂ ਉਸ ਖੋਜ ਦੀ ਸਾਰਥਿਕਤਾ ਸਵਾਲਾਂ ਅਧੀਨ ਕਿਵੇਂ ਨਹੀਂ ਆਵੇਗੀ। ਵਿਗਿਆਨਕ ਤੇ ਤਕਨੀਕ ਦੀ ਤਰੱਕੀ ਦੇ ਨਜ਼ਰੀਏ ਤੋਂ ਉਸ ਖੋਜ ਦਾ ਜਿੰਨਾ ਵੀ ਮਹੱਤਵ ਹੋਵੇ ਪਰ ਵਿਹਲੇ ਹੋਏ ਖੇਤ ਮਜ਼ਦੂਰ ਉਸ ਤਰੱਕੀ ’ਤੇ ਮਾਣ ਕਿਵੇਂ ਕਰ ਸਕਣਗੇ। ਹੁਣ ਵੀ ਸਾਡੇ ਦੇਸ਼ ਵਾਸੀਆਂ ਸਾਹਮਣੇ ਇਹ ਸਵਾਲ ਉਭਰਿਆ ਖੜ੍ਹਾ ਹੈ ਕਿ ਕੀ ਦੇਸ਼ ਨੂੰ ਪਹਿਲਾਂ ਆਈਟੀ ਖੇਤਰ ਦੇ ਉੱਚ ਪੱਧਰੇ ਤਕਨੀਕ ਵਿਕਾਸ ਲਈ ਸੋਮੇ ਜੁਟਾਉਣੇ ਚਾਹੀਦੇ ਹਨ ਜਾਂ ਉਸ ਤੋਂ ਪਹਿਲਾਂ ਡੇਂਗੂ ਮਲੇਰੀਆ ਫੈਲਾਉਂਦੇ ਮੱਛਰ ਮਾਰਨ ਵਾਲੀਆਂ ਸਾਧਾਰਨ ਤਕਨੀਕਾਂ ਦਾ ਪਸਾਰਾ ਕਰਨ ਲਈ ਪੂੰਜੀ ਜੁਟਾਉਣੀ ਚਾਹੀਦੀ ਹੈ। ਕੁਪੋਸ਼ਣ ਦਾ ਸਿ਼ਕਾਰ ਕਰੋੜਾਂ ਦੇਸ਼ ਵਾਸੀਆਂ ਦੇ ਮੁਲਕ ਅੰਦਰ ਕਿਸੇ ਵੀ ਤਕਨੀਕੀ ਵਿਕਾਸ ਤੋਂ ਪਹਿਲਾਂ ਹਰ ਬਾਸਿ਼ੰਦੇ ਦੀ ਪਹੁੰਚ ਵਿਚ ਸੰਤੁਲਿਤ ਭੋਜਨ ਕਿਉਂ ਨਹੀਂ ਯਕੀਨੀ ਕੀਤਾ ਜਾਣਾ ਚਾਹੀਦਾ ਤੇ ਇਸ ਦੀ ਕੀਮਤ ਉੱਤੇ ਹੋਣ ਵਾਲਾ ਤਕਨੀਕੀ ਵਿਕਾਸ ਵਾਜਬ ਕਿਵੇਂ ਠਹਿਰਾਇਆ ਜਾ ਸਕਦਾ ਹੈ। ਜਿਵੇਂ ਜੀਡੀਪੀ ਦੀ ਵਧਦੀ ਦਰ ਆਪਣੇ ਆਪ ਵਿਚ ਦੇਸ਼ ਵਾਸੀਆਂ ਦੀ ਖੁਸ਼ਹਾਲੀ ਦਾ ਪ੍ਰਤੀਕ ਨਹੀਂ ਹੈ, ਉਵੇਂ ਹੀ ਤਕਨੀਕ ਦੀ ਉੱਤਮਤਾ ਵੀ ਆਪਣੇ ਆਪ ਵਿਚ ਦੇਸ਼ ਦੀ ਖੁਸ਼ਹਾਲੀ ਦਾ ਪ੍ਰਤੀਕ ਨਹੀਂ ਹੋ ਸਕਦੀ। ਮੌਜੂਦਾ ਪੂੰਜੀਵਾਦੀ ਚੀਨ ਦੀ ਤਕਨੀਕੀ ਤਰੱਕੀ ਵੀ ਫਾਕੇ ਕੱਟ ਰਹੇ ਕਰੋੜਾਂ ਚੀਨੀ ਮਜ਼ਦੂਰਾਂ ਦੀ ਕੀਮਤ ’ਤੇ ਹੋਈ ਹੈ ਜਿਹੜੇ ਸੈਮਸੰਗ ਵਰਗਿਆਂ ਕੰਪਨੀਆਂ ਲਈ ਦਿਨ ਰਾਤ ਨਿਚੋੜੇ ਗਏ ਹਨ। ਸਮਾਜਵਾਦੀ ਚੀਨ ਅੰਦਰ ਇਹੀ ਮਜ਼ਦੂਰ ਹੁਣ ਨਾਲੋਂ ਕਿਤੇ ਸੁਖਾਲੀ ਜਿ਼ੰਦਗੀ ਗੁਜ਼ਾਰਦੇ ਸਨ, ਚਾਹੇ ਉਦੋਂ ਚੀਨੀ ਤਕਨੀਕੀ ਸਮਾਨ ਦੀ ਦੁਨੀਆਂ ਅੰਦਰ ਧੁੰਮ ਨਹੀਂ ਸੀ ਪੈ ਰਹੀ।

ਹੁਣ ਮੌਜੂਦਾ ਸਰਕਾਰ ਵੱਲੋਂ ਕੌਮੀ ਖੋਜ ਫਾਊਂਡੇਸ਼ਨ ਨਾਂ ਦੀ ਨਵੀਂ ਸੰਸਥਾ ਬਣਾਉਣ ਦਾ ਕਾਨੂੰਨ ਪਾਸ ਕੀਤਾ ਗਿਆ ਹੈ ਜਿਸ ਬਾਰੇ ਅਜੇ ਬਹੁਤੀ ਜਾਣਕਾਰੀ ਭਾਵੇਂ ਹਾਸਲ ਨਹੀਂ ਹੈ ਪਰ ਉਸ ਵਿਚ ਅਹਿਮ ਨੁਕਤਾ ਕਾਰਪੋਰੇਟ ਕੰਪਨੀਆਂ ਵੱਲੋਂ ਦਿੱਤੇ ਜਾਣ ਵਾਲੇ ਫੰਡਾਂ ਉੱਤੇ ਟੇਕ ਰੱਖਣ ਦਾ ਹੈ। ਭਲਾ ਕਾਰਪੋਰੇਟ ਜਗਤ ਵੱਲੋਂ ਹੋਣ ਵਾਲੀ ਫੰਡਿੰਗ ਰਾਹੀਂ ਦੇਸ਼ ਦੀਆਂ ਯੂਨੀਵਰਸਿਟੀਆਂ ਹੋਰ ਖੋਜੀ ਸੰਸਥਾਵਾਂ ਕਿਸ ਦੇ ਹਿਤਾਂ ਲਈ ਖੋਜ ਕਰਨਗੀਆਂ? ਭਾਰਤ ਆਪਣੇ ਬਜਟ ’ਚੋਂ ਪਹਿਲਾਂ ਹੀ ਬਹੁਤ ਨਿਗੂਣਾ ਹਿੱਸਾ ਖੋਜ ਕਾਰਜਾਂ ਲਈ ਰੱਖਦਾ ਹੈ ਤੇ ਇਸ ਖ਼ਾਤਰ ਸਰਕਾਰੀ ਬਜਟ ਜੁਟਾਉਣ ਦੀ ਥਾਂ ਖੋਜ ਦਾ ਖੇਤਰ ਵੀ ਬਹੁੁਕੌਮੀ ਸਾਮਰਾਜੀ ਕੰਪਨੀਆਂ ਹਵਾਲੇ ਕੀਤਾ ਜਾਣਾ ਹੈ।

ਇਸ ਲਈ ਮਸਲਾ ਵਿਗਿਆਨੀਆਂ ਦੀ ਪ੍ਰਾਪਤੀ ਨਾਲੋਂ ਵੱਡਾ ਇਨ੍ਹਾਂ ਪ੍ਰਾਪਤੀਆਂ ਨੂੰ ਸਰਮਾਏਦਾਰਾਂ ਦੇ ਲੁਟੇਰੇ ਮੰਤਵਾਂ ਲਈ ਵਰਤੇ ਜਾਣ ਦਾ ਹੈ। ਉਸ ਤੋਂ ਵੀ ਅੱਗੇ ਖੋਜਾਂ ਤੇ ਵਿਕਾਸ ਦਾ ਮੁਹਾਣ ਪੂੰਜੀਵਾਦੀ ਲੁਟੇਰੇ ਮੰਤਵਾਂ ਦੀਆਂ ਲੋੜਾਂ ਅਨੁਸਾਰ ਤੈਅ ਕਰਨ ਦਾ ਹੈ। ਇੱਕੋ ਵਿਗਿਆਨਕ ਪ੍ਰਾਪਤੀ ਲਈ ਲੁੱਟੇ ਜਾਣ ਵਾਲੀ ਤੇ ਲੁਟੇਰੀ ਜਮਾਤ ਲਈ ਸਾਂਝੇ ਜਸ਼ਨਾਂ ਦੀ ਸਾਂਝ ਦੀ ਹਾਲਤ ਨਹੀਂ ਹੁੰਦੀ। ਜਮਾਤਾਂ ਦੇ ਸਰੋਕਾਰ ਆਪੋ-ਆਪਣੇ ਹੁੰਦੇ ਹਨ। ਵਿਗਿਆਨਕ ਵਿਕਾਸ ਜਾਂ ਤਕਨੀਕੀ ਤਰੱਕੀ ਨੂੰ ਕਦੇ ਵੀ ਸਮਾਜਿਕ ਆਰਥਿਕ ਸਬੰਧਾਂ ਦੀ ਹਾਲਤ ਤੋਂ ਵੱਖ ਕਰ ਕੇ ਨਹੀਂ ਦੇਖਿਆ ਜਾ ਸਕਦਾ। ਇਸ ਵਿਕਾਸ ਦਾ ਕਿਰਦਾਰ ਆਰਥਿਕ ਸਮਾਜਿਕ ਸਬੰਧਾਂ ਦੀ ਜ਼ਮੀਨ ’ਚੋਂ ਹੀ ਉਸਰਦਾ ਹੈ।