ਵਾਸ਼ਿੰਗਟਨ ’ਚ ਡੋਵਾਲ ਤੇ ਜਨਰਲ ਮਾਰਕ ਦੀ ਮੁਲਾਕਾਤ

ਵਾਸ਼ਿੰਗਟਨ ’ਚ ਡੋਵਾਲ ਤੇ ਜਨਰਲ ਮਾਰਕ ਦੀ ਮੁਲਾਕਾਤ

ਉੱਭਰਦੀਆਂ ਤੇ ਅਹਿਮ ਤਕਨੀਕਾਂ ਬਾਰੇ ਭਾਰਤੀ ਵਫ਼ਦ ਅਮਰੀਕੀ ਅਧਿਕਾਰੀਆਂ ਨਾਲ ਕਰੇਗਾ ਸੰਵਾਦ
ਵਾਸ਼ਿੰਗਟਨ – ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਕੇ ਡੋਵਾਲ ਨੇ ਅਮਰੀਕਾ ਦੇ ਜਾਇੰਟ ਚੀਫਸ ਆਫ਼ ਸਟਾਫ਼ ਚੇਅਰਮੈਨ ਜਨਰਲ ਮਾਰਕ ਮਿਲੇ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਭਾਰਤ-ਅਮਰੀਕਾ ਦੁਵੱਲੇ ਸਹਿਯੋਗ ਦੇ ਕਈ ਪਹਿਲੂਆਂ ’ਤੇ ਚਰਚਾ ਕੀਤੀ ਹੈ। ਜਨਰਲ ਮਾਰਕ ਤੇ ਡੋਵਾਲ ਦੀ ਮੀਟਿੰਗ ਸੋਮਵਾਰ ਇੱਥੇ ਇੰਡੀਆ ਹਾਊਸ ਵਿਚ ਹੋਈ ਜੋ ਕਿ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਦੀ ਸਰਕਾਰੀ ਰਿਹਾਇਸ਼ ਹੈ। ਸ਼ਾਮ ਵੇਲੇ ਸੰਧੂ ਨੇ ਡੋਵਾਲ ਦੇ ਸਨਮਾਨ ਵਿਚ ਰਾਤਰੀ ਭੋਜ ਵੀ ਰੱਖਿਆ। ਅਜੀਤ ਡੋਵਾਲ ਵਾਸ਼ਿੰਗਟਨ ਵਿਚ ਉੱਚ ਪੱਧਰੀ ਭਾਰਤੀ ਵਫ਼ਦ ਦੀ ਅਗਵਾਈ ਕਰ ਰਹੇ ਹਨ ਜੋ ਕਿ ਭਾਰਤ ਤੇ ਅਮਰੀਕਾ ਵਿਚਾਲੇ ਮਹੱਤਵਪੂਰਨ ਅਤੇ ਉੱਭਰਦੀਆਂ ਤਕਨੀਕਾਂ ਉਤੇ ਹੋਣ ਵਾਲੇ ਸੰਵਾਦ ਵਿਚ ਹਿੱਸਾ ਲਏਗਾ। ਇਸ ਸਮਾਗਮ ਵਿਚ ਬਾਇਡਨ ਪ੍ਰਸ਼ਾਸਨ ਦੇ ਕਈ ਉੱਚ ਅਧਿਕਾਰੀ ਹਾਜ਼ਰ ਸਨ ਜਿਨ੍ਹਾਂ ਵਿਚ ਅਮਰੀਕਾ ਦੇ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ, ਉਪ ਵਿਦੇਸ਼ ਮੰਤਰੀ ਵੈਂਡੀ ਸ਼ਰਮਨ, ਨਾਸਾ ਦੇ ਡਾਇਰੈਕਟਰ ਬਿਲ ਨੈਲਸਨ ਤੇ ਹੋਰ ਸ਼ਾਮਲ ਸਨ। ਕਈ ਕਾਰਪੋਰੇਟ ਆਗੂ ਤੇ ਅਕਾਦਮਿਕ ਹਸਤੀਆਂ ਵੀ ਇਸ ਮੌਕੇ ਹਾਜ਼ਰ ਸਨ। ਅਮਰੀਕਾ ਵਾਲੇ ਪਾਸਿਓਂ ਇਸ ਮੌਕੇ ਮਾਈਕਰੋਨ, ਲੌਕਹੀਡ ਮਾਰਟਿਨ, ਐਪਲਾਇਡ ਮੈਟੀਰੀਅਲਜ਼, ਲਿੰਕਡਇਨ ਤੇ ਨੈਸਦਕ ਦੇ ਅਧਿਕਾਰੀ ਹਾਜ਼ਰ ਸਨ। ਭਾਰਤ ਵੱਲੋਂ ਇਸ ਸਮਾਗਮ ਵਿਚ ਟਾਟਾ ਸੰਨਜ਼, ਭਾਰਤੀ ਐਂਟਰਪ੍ਰਾਇਜ਼ਿਜ਼, ਐਲਐਂਡਟੀ, ਰਿਲਾਇੰਸ ਜੀਓ, ਅਡਾਨੀ ਡਿਫੈਂਸ, ਮਹਿੰਦਰਾ ਐਂਡ ਮਹਿੰਦਰਾ ਦੇ ਅਧਿਕਾਰੀਆਂ ਨੇ ਹਿੱਸਾ ਲਿਆ।