ਵਾਰਿਸ ਪੰਜਾਬ ਦੇ’ ਕਾਰਕੁਨਾਂ ਨੂੰ ਡਿਬਰੂਗੜ੍ਹ ਜੇਲ੍ਹ ’ਚ ਮਿਲੇ ਪਰਿਵਾਰਕ ਮੈਂਬਰ

ਵਾਰਿਸ ਪੰਜਾਬ ਦੇ’ ਕਾਰਕੁਨਾਂ ਨੂੰ ਡਿਬਰੂਗੜ੍ਹ ਜੇਲ੍ਹ ’ਚ ਮਿਲੇ ਪਰਿਵਾਰਕ ਮੈਂਬਰ

‘ਪਰਿਵਾਰਾਂ ਨਾਲ ਗਏ ਵਕੀਲ ਨੇ ਐੱਨਐੱਸਏ ਤਹਿਤ ਦਰਜ ਕੇਸ ਨੂੰ ਸਾਜ਼ਿਸ਼ ਦੱਸਿਆ
ਡਿਬਰੂਗੜ੍ਹ(ਅਸਾਮ)- ਇਥੋਂ ਦੀ ਕੇਂਦਰੀ ਜੇਲ੍ਹ ਵਿਚ ਬੰਦ ‘ਵਾਰਿਸ ਪੰਜਾਬ ਦੇ’ ਕਾਰਕੁਨਾਂ, ਜਿਨ੍ਹਾਂ ਵਿੱਚ ਜਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਸਿੰਘ ਵੀ ਸ਼ਾਮਲ ਹੈ, ਦੇ ਪਰਿਵਾਰਕ ਮੈਂਬਰਾਂ ਨੇ ਅੱਜ ਉਨ੍ਹਾਂ ਨਾਲ ਮੁਲਾਕਾਤ ਕੀਤੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਗ੍ਰਿਫ਼ਤਾਰ ਕਾਰਕੁਨਾਂ ਦੇ ਇਕ ਇਕ ਜੀਅ ਨੂੰ ਉਨ੍ਹਾਂ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਸੀ, ਜਿਸ ਮਗਰੋਂ ਪਰਿਵਾਰਕ ਮੈਂਬਰਾਂ ਨੇ ਉੱਤਰ-ਪੂਰਬੀ ਰਾਜ ਦਾ ਰੁਖ਼ ਕੀਤਾ ਸੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਕ ਕਾਰਜਕਾਰੀ ਮੈਂਬਰ ਤੇ ਵਕੀਲ ਭਗਵੰਤ ਸਿੰਘ ਸਿਆਲਕਾ ਤੇ ਸਿਮਰਨਜੀਤ ਸਿੰਘ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।

ਸਿਮਰਨਜੀਤ ਸਿੰਘ ਨੇ ਮਗਰੋਂ ਪੱਤਰਕਾਰਾਂ ਨੂੰ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੂੰ ਕੌਮੀ ਸੁਰੱਖਿਆ ਐਕਟ (ਐੱਨਐੱਸਏ) ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਇਨ੍ਹਾਂ ਸਾਰਿਆਂ ’ਤੇ ਇਕੋ ਜਿਹੇ ਦੋਸ਼ ਹਨ। ਉਨ੍ਹਾਂ ਕਿਹਾ ਕਿ ਇਥੋਂ ਤੱਕ ਕਿ ਇਨ੍ਹਾਂ ਦੇ ਕੇਸਾਂ ਨਾਲ ਨੱਥੀ ਦਸਤਾਵੇਜ਼ ਵੀ ਮਿਲਦੇ ਜੁਲਦੇ ਹਨ। ਸਿੰਘ ਨੇ ਕਿਹਾ, ‘‘ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ।

ਯਕੀਨੀ ਤੌਰ ’ਤੇ ਇਹ ਸਾਜ਼ਿਸ਼ ਹੈ, ਕਿਉਂਕਿ ਉਨ੍ਹਾਂ ਖਿਲਾਫ਼ ਐੱਨਐੱਸਏ ਲਾਉਣ ਦੀ ਕੋਈ ਵਜ੍ਹਾ ਨਹੀਂ ਸੀ। ਅੰਮ੍ਰਿਤਪਾਲ ਨਸ਼ਿਆਂ ਦੀ ਅਲਾਮਤ ਖਿਲਾਫ਼ ਜਾਗਰੂਕਤਾ ਮੁਹਿੰਮ ਦੇ ਨਾਲ ਸਿੱਖੀ ਦਾ ਪ੍ਰਚਾਰ ਪਾਸਾਰ ਕਰਦਾ ਸੀ।’’ ਉਨ੍ਹਾਂ ਕਿਹਾ, ‘‘ਅਸੀਂ ਹਾਈ ਕੋਰਟ ਵਿੱਚ ਉਨ੍ਹਾਂ ਖਿਲਾਫ਼ ਐੱਨਐੱਸਏ ਤਹਿਤ ਲਾਏ ਦੋਸ਼ ਖਾਰਜ ਕਰਨ ਦੀ ਅਪੀਲ ਕੀਤੀ ਹੈ ਤੇ ਸੁਣਵਾਈ ਲਈ ਅਗਲੀ ਤਰੀਕ 1 ਮਈ ਨਿਰਧਾਰਿਤ ਹੈ।’’ ਅਧਿਕਾਰੀ ਨੇ ਕਿਹਾ ਕਿ ਪਰਿਵਾਰਕ ਮੈਂਬਰ ਪਹਿਲਾਂ ਸਥਾਨਕ ਹੋਟਲ ਵਿੱਚ ਰੁਕੇ, ਜਿੱਥੋਂ ਉਹ ਗੁਰਦੁਆਰੇ ਚਲੇ ਗਏ। ਮਗਰੋਂ ਬਾਅਦ ਦੁਪਹਿਰ ਉਨ੍ਹਾਂ ਨੂੰ ਜੇਲ੍ਹ ਲਿਜਾਇਆ ਗਿਆ। ਦੱਸ ਦੇਈਏ ਕਿ ਇੰਟੈਲੀਜੈਂਸ ਬਿਊਰੋ ਤੇ ਪੰਜਾਬ ਪੁਲੀਸ ਦੀ ਸਾਂਝੀ ਟੀਮ ਨੇ ਮੰਗਲਵਾਰ ਨੂੰ ਡਿਬਰੂਗੜ੍ਹ ਵਿੱਚ ਅੰਮ੍ਰਿਤਪਾਲ ਸਿੰਘ ਤੋਂ ਪੁੁੱਛ-ਪੜਤਾਲ ਕੀਤੀ ਸੀ।

ਿੲਸੇ ਦੌਰਾਨ ਜਥੇਬੰਦੀ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਨੇ ਦੇਸ਼ ਵਿਰੋਧੀ ਗਤੀਵਿਧੀਆਂ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਇਹ ਖੁਲਾਸਾ ਅੰਮ੍ਰਿਤਪਾਲ ਸਿੰਘ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਮਿਲਣ ਗਏ ਵਕੀਲਾਂ ਨੇ ਕੀਤਾ ਹੈ। ਅੰਮ੍ਰਿਤਪਾਲ, ਜਿਸ ਨੂੰ 23 ਅਪਰੈਲ ਨੂੰ ਮੋਗਾ ਦੇ ਪਿੰਡ ਰੋਡੇ ਤੋਂ ਗ੍ਰਿਫ਼ਤਾਰ ਕਰਨ ਮਗਰੋਂ ਡਿਬਰੂਗੜ੍ਹ ਜੇਲ੍ਹ ਤਬਦੀਲ ਕੀਤਾ ਗਿਆ ਸੀ, ਨੂੰ ਜੇਲ੍ਹ ਵਿੱਚ ਵੱਖਰੀ ਕਾਲ ਕੋਠੜੀ ’ਚ ਰੱਖਿਆ ਗਿਆ ਹੈ।