ਵਾਦੀ ਵਿੱਚ ਸ਼ਰਧਾਲੂਆਂ ’ਤੇ ਟੁੱਟਿਆ ਕਹਿਰ – ਅਮਰਨਾਥ ਗੁਫ਼ਾ ਨੇੜੇ ਬੱਦਲ ਫਟਣ ਕਾਰਨ 13 ਮੌਤਾਂ

ਵਾਦੀ ਵਿੱਚ ਸ਼ਰਧਾਲੂਆਂ ’ਤੇ ਟੁੱਟਿਆ ਕਹਿਰ – ਅਮਰਨਾਥ ਗੁਫ਼ਾ ਨੇੜੇ ਬੱਦਲ ਫਟਣ ਕਾਰਨ 13 ਮੌਤਾਂ

ਵਾਦੀ ਵਿੱਚ ਸ਼ਰਧਾਲੂਆਂ ’ਤੇ ਟੁੱਟਿਆ ਕਹਿਰ – ਅਮਰਨਾਥ ਗੁਫ਼ਾ ਨੇੜੇ ਬੱਦਲ ਫਟਣ ਕਾਰਨ 13 ਮੌਤਾਂ

ਕਰੀਬ 40 ਲੋਕ ਲਾਪਤਾ; ਰਾਹਤ ਤੇ ਬਚਾਅ ਕਾਰਜ ਜਾਰੀ; ਪ੍ਰਸ਼ਾਸਨ ਨੇ ਯਾਤਰਾ ਰੋਕੀ

ਸ੍ਰੀਨਗਰ – ਜੰਮੂ ਕਸ਼ਮੀਰ ਸਥਿਤ ਪਵਿੱਤਰ ਅਮਰਨਾਥ ਗੁਫ਼ਾ ਲਾਗੇ ਬੱਦਲ ਫਟਣ ਨਾਲ ਕਰੀਬ 13 ਲੋਕਾਂ ਦੀ ਮੌਤ ਹੋ ਗਈ ਹੈ। ਕਰੀਬ 40 ਲੋਕ ਲਾਪਤਾ ਵੀ ਦੱਸੇ ਜਾ ਰਹੇ ਹਨ। ਇਸੇ ਦੌਰਾਨ ਪੰਜ ਲੋਕਾਂ ਨੂੰ ਬਚਾਇਆ ਵੀ ਗਿਆ ਹੈ। ਬੱਦਲ ਫਟਣ ਕਾਰਨ ਆਏ ਹੜ੍ਹ ਨਾਲ ਕਰੀਬ 25 ਟੈਂਟਾਂ ਦਾ ਨੁਕਸਾਨ ਹੋਇਆ ਹੈ ਤੇ ਉੱਥੇ ਲੱਗੇ ਲੰਗਰਾਂ ਨੂੰ ਵੀ ਨੁਕਸਾਨ ਪੁੱਜਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੱਦਲ ਸ਼ਾਮ ਕਰੀਬ 5.30 ਵਜੇ ਫਟਿਆ ਤੇ ਉਸ ਵੇਲੇ ਭਰਵੀਂ ਬਾਰਿਸ਼ ਹੋ ਰਹੀ ਸੀ। ਬੱਦਲ ਫਟਣ ਕਾਰਨ ਆਏ ਹੜ੍ਹ ਦੇ ਪਾਣੀ ਨੇ ਅਮਰਨਾਥ ਧਾਮ ਦੇ ਬੇਸ ਕੈਂਪ ਉਤੇ ਮਾਰ ਕੀਤੀ ਹੈ। ਉੱਥੇ ਕਰੀਬ 25 ਟੈਂਟ ਲੱਗੇ ਹੋਏ ਸਨ ਤੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਸੀ। ਫ਼ੌਜ ਤੇ ਆਈਟੀਬੀਪੀ ਵੱਲੋਂ ਰਾਹਤ ਤੇ ਬਚਾਅ ਕਾਰਜ ਕੀਤੇ ਜਾ ਰਹੇ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਤੋਂ ਘਟਨਾ ਬਾਰੇ ਜਾਣਕਾਰੀ ਹਾਸਲ ਕੀਤੀ ਹੈ। ਉਨ੍ਹਾਂ ਕੇਂਦਰੀ ਬਲਾਂ ਤੇ ਜੰਮੂ ਕਸ਼ਮੀਰ ਪ੍ਰਸ਼ਾਸਨ ਨੂੰ ਹਦਾਇਤ ਦਿੱਤੀ ਹੈ ਕਿ ਹਾਦਸੇ ਦੀ ਮਾਰ ਹੇਠ ਆਏ ਲੋਕਾਂ ਨੂੰ ਬਚਾਉਣ ਲਈ ਤੇਜ਼ੀ ਨਾਲ ਕਾਰਵਾਈ ਕੀਤੀ ਜਾਵੇ।
ਐੱਨਡੀਆਰਐਫ ਦੀ ਟੀਮ ਤੇ ਫ਼ੌਜ ਵੱਲੋਂ ਫਸੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਐੱਨਡੀਆਰਐਫ ਦੀਆਂ ਹੋਰ ਟੀਮਾਂ ਵੀ ਮੌਕੇ ਉਤੇ ਭੇਜੀਆਂ ਜਾ ਰਹੀਆਂ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਘਟਨਾ ਉਤੇ ਦੁੱਖ ਪ੍ਰਗਟ ਕੀਤਾ ਹੈ। ਉਪ ਰਾਜਪਾਲ ਨੇ ਕਿਹਾ ਕਿ ਉਹ ਸਥਿਤੀ ’ਤੇ ਨੇੜਿਓਂ ਨਿਗਰਾਨੀ ਰੱਖ ਰਹੇ ਹਨ ਤੇ ਸ਼ਰਧਾਲੂਆਂ ਨੂੰ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਘਟਨਾ ਉਤੇ ਦੁੱਖ ਜ਼ਾਹਿਰ ਕਰਦਿਆਂ ਉਪ ਰਾਜਪਾਲ ਤੋਂ ਹਾਦਸੇ ਬਾਰੇ ਜਾਣਕਾਰੀ ਲਈ ਹੈ। ਇਕ ਲੱਖ ਤੋਂ ਵੱਧ ਸ਼ਰਧਾਲੂ ਹੁਣ ਤੱਕ ਅਮਰਨਾਥ ਯਾਤਰਾ ਕਰ ਚੁੱਕੇ ਹਨ ਤੇ ਅੱਜ ਵੀ ਭਗਵਤੀ ਨਗਰ ਬੇਸ ਕੈਂਪ (ਜੰਮੂ) ਤੋਂ 6159 ਯਾਤਰੀ ਰਵਾਨਾ ਹੋਏ ਸਨ। ਅੱਜ ਗਏ ਯਾਤਰੀਆਂ ਵਿਚੋਂ 2037 ਬਾਲਟਾਲ ਕੈਂਪ ਤੇ 4122 ਪਹਿਲਗਾਮ ਬੇਸ ਕੈਂਪ ਗਏ ਸਨ।
ਮੂ ਕਸ਼ਮੀਰ ਪ੍ਰਸ਼ਾਸਨ ਵੱਲੋਂ ਹੈਲਪਲਾਈਨ ਕਾਇਮ

ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਪਵਿੱਤਰ ਅਮਰਨਾਥ ਗੁਫ਼ਾ ਨੇੜੇ ਬੱਦਲ ਫਟਣ ਦੇ ਮੱਦੇਨਜ਼ਰ ਹੈਲਪਲਾਈਨ ਲਾਂਚ ਕੀਤੀ ਹੈ। ਸ੍ਰੀ ਅਮਰਨਾਥ ਧਾਮ ਬੋਰਡ ਨੇ ਚਾਰ ਟੈਲੀਫੋਨ ਨੰਬਰ ਜਾਰੀ ਕੀਤੇ ਹਨ ਜਿੱਥੇ ਘਟਨਾ ਨਾਲ ਜੁੜੀ ਜਾਣਕਾਰੀ ਦਿੱਤੀ ਜਾਵੇਗੀ। ਅਮਰਨਾਥ ਯਾਤਰਾ ਲਈ ਹੈਲਪਲਾਈਨ ਨੰਬਰ: ਐੱਨਡੀਆਰਐਫ: 011-23438252 011-23438253, ਕਸ਼ਮੀਰ ਡਿਵੀਜ਼ਨ ਹੈਲਪਲਾਈਨ : 0194-2496240, ਸ਼ਰਾਈਨ ਬੋਰਡ ਹੈਲਪਲਾਈਨ: 0194-2313149, ਤ੍ਰਾਸਦੀ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਅਮਰਨਾਥ ਯਾਤਰਾ ਨੂੰ ਫ਼ਿਲਹਾਲ ਰੋਕ ਦਿੱਤਾ ਹੈ। ਯਾਤਰਾ ਦੁਬਾਰਾ ਸ਼ੁਰੂ ਕਰਨ ਬਾਰੇ ਫ਼ੈਸਲਾ ਰਾਹਤ ਤੇ ਬਚਾਅ ਕਾਰਜ ਮੁਕੰਮਲ ਹੋਣ ਮਗਰੋਂ ਕੀਤਾ ਜਾਵੇਗਾ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਮੌਤਾਂ ਉਤੇ ਦੁੱਖ ਜ਼ਾਹਿਰ ਕੀਤਾ ਹੈ।