ਵਾਅਦਾਖ਼ਿਲਾਫ਼ੀ: ਕਿਸਾਨਾਂ ਨੇ ਕੇਂਦਰ ਖ਼ਿਲਾਫ਼ ਟਰੈਕਟਰ ਮਾਰਚ ਕੱਢਿਆ

ਵਾਅਦਾਖ਼ਿਲਾਫ਼ੀ: ਕਿਸਾਨਾਂ ਨੇ ਕੇਂਦਰ ਖ਼ਿਲਾਫ਼ ਟਰੈਕਟਰ ਮਾਰਚ ਕੱਢਿਆ

ਸੰਗਰੂਰ- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਕਾਰਕੁਨਾਂ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਟਰੈਕਟਰ ਮਾਰਚ ਕੀਤਾ ਗਿਆ।

ਇੱਥੇ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਕੰਪਲੈਕਸ ਦੇ ਗੇਟ ਅੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ, ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਜ਼ਿਲ੍ਹਾ ਪ੍ਰਧਾਨ ਕਰਮ ਸਿੰਘ ਬਲਿਆਲ ਅਤੇ ਕਰਮ ਸਿੰਘ ਸੱਤ ਛਾਜਲੀ ਨੇ ਕਿਹਾ ਕਿ 9 ਦਸੰਬਰ 2021 ਨੂੰ ਕੇਂਦਰ ਸਰਕਾਰ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਸਬੰਧੀ ਕਾਨੂੰਨ ਬਣਾਉਣ, ਬਿਜਲੀ ਸੋਧ ਬਿੱਲ-2020 ਰੱਦ ਕਰਨ, ਪੁਲੀਸ ਕੇਸ ਵਾਪਸ ਲੈਣ, ਸ਼ਹੀਦ ਕਿਸਾਨ ਪਰਿਵਾਰਾਂ ਦੇ ਵਾਰਸਾਂ ਨੂੰ ਨੌਕਰੀਆਂ ਦੇਣ ਆਦਿ ਮੰਗਾਂ ਲਿਖਤੀ ਰੂਪ ਵਿੱਚ ਮੰਨੀਆਂ ਗਈਆਂ ਸਨ, ਪਰ ਮੋਦੀ ਸਰਕਾਰ ਇਨ੍ਹਾਂ ਮੰਗਾਂ ਨੂੰ ਲਾਗੂ ਕਰਨ ਤੋਂ ਮੁਕਰ ਗਈ ਹੈ।

ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਵਾਅਦਾਖਿਲਾਫੀ ਵਿਰੁੱਧ ਹੀ ਅੱਜ ਦਾ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਧਰਨੇ ਵਿੱਚ ਜ਼ਿਲ੍ਹਾ ਜਨਰਲ ਸਕੱਤਰ ਕੁਲਦੀਪ ਜੋਸ਼ੀ, ਖ਼ਜ਼ਾਨਚੀ ਸਤਨਾਮ ਸਿੰਘ ਕਿਲਾ ਭਰੀਆਂ, ਭਵਾਨੀਗੜ੍ਹ ਦੇ ਬਲਾਕ ਪ੍ਰਧਾਨ ਹਾਕਮ ਸਿੰਘ ਨਦਾਮਪੁਰ, ਮੀਤ ਪ੍ਰਧਾਨ ਲੱਖਾ ਸਿੰਘ ਬਾਲੀਆਂ, ਸੁਨਾਮ ਦੇ ਬਲਾਕ ਪ੍ਰਧਾਨ ਸੰਤ ਰਾਮ ਛਾਜਲੀ ਤੇ ਬਲਾਕ ਪ੍ਰਧਾਨ ਸ਼ੇਰਪੁਰ ਸ਼ਮਸ਼ੇਰ ਸਿੰਘ ਪੁੰਨਾਵਾਲ ਸਣੇ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ।