ਵਹੀਦਾ ਰਹਿਮਾਨ ਨੂੰ ਦਾਦਾਸਾਹਿਬ ਫਾਲਕੇ ਐਵਾਰਡ

ਵਹੀਦਾ ਰਹਿਮਾਨ ਨੂੰ ਦਾਦਾਸਾਹਿਬ ਫਾਲਕੇ ਐਵਾਰਡ

ਅਦਾਕਾਰਾ ਨੇ ਫਿਲਮ ਇੰਡਸਟਰੀ ਨੂੰ ਸਮਰਪਿਤ ਕੀਤਾ ਆਪਣਾ ਵੱਕਾਰੀ ਪੁਰਸਕਾਰ
ਨਵੀਂ ਦਿੱਲੀ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਇੱਥੇ ਅਦਾਕਾਰਾ ਵਹੀਦਾ ਰਹਿਮਾਨ ਨੂੰ ਵੱਕਾਰੀ ਦਾਦਾਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ। ਰਹਿਮਾਨ ਭਾਰਤੀ ਸਨਿੇਮਾ ਦਾ ਇਹ ਸਰਬਉੱਚ ਪੁਰਸਕਾਰ ਹਾਸਲ ਕਰਨ ਵਾਲੀ ਅੱਠਵੀਂ ਮਹਿਲਾ ਕਲਾਕਾਰ ਹੈ। ਇੱਥੋਂ ਦੇ ਵਿਗਿਆਨ ਭਵਨ ਵਿੱਚ ਕਰਵਾਏ ਗਏ 69ਵੇਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਗਮ ਵਿੱਚ ਪੁਰਸਕਾਰ ਹਾਸਲ ਕਰਨ ਤੋਂ ਬਾਅਦ ਰਹਿਮਾਨ (85) ਨੇ ਇਸ ਨੂੰ ਆਪਣੀ ‘ਪਿਆਰੀ ਫਿਲਮ ਇੰਡਸਟਰੀ’ ਅਤੇ ਇਸ ਦੇ ਵੱਖ-ਵੱਖ ਵਿਭਾਗਾਂ ਨੂੰ ਸਮਰਪਿਤ ਕੀਤਾ।
ਉਨ੍ਹਾਂ ਕਿਹਾ, “ਮੈਂ ਬਹੁਤ ਸਨਮਾਨਿਤ ਅਤੇ ਨਿਮਰ ਮਹਿਸੂਸ ਕਰ ਰਹੀ ਹਾਂ ਪਰ ਅੱਜ ਮੈਂ ਜੋ ਵੀ ਪ੍ਰਾਪਤ ਕੀਤਾ ਹੈ ਉਹ ਮੇਰੀ ਪਿਆਰੀ ਫਿਲਮ ਇੰਡਸਟਰੀ ਸਦਕਾ ਹੈ। ਖੁਸ਼ਕਿਸਮਤੀ ਨਾਲ ਮੈਨੂੰ ਸਿਖਰਲੇ ਨਿਰਦੇਸ਼ਕਾਂ, ਨਿਰਮਾਤਾਵਾਂ, ਲੇਖਕਾਂ ਅਤੇ ਸੰਗੀਤਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ।’’ ਉਨ੍ਹਾਂ ਮੇਕਅੱਪ ਕਲਾਕਾਰਾਂ, ਅਤੇ ਕਾਸਟਿਊਮ ਡਿਜ਼ਾਈਨਰਾਂ ਨੂੰ ਵੀ ਸਿਹਰਾ ਦਿੰਦਿਆਂ ਕਿਹਾ, “ਮੈਨੂੰ ਉਨ੍ਹਾਂ ਤੋਂ ਬਹੁਤ ਸਮਰਥਨ, ਸਤਿਕਾਰ ਅਤੇ ਪਿਆਰ ਮਿਲਿਆ ਹੈੈ। ਇਸੇ ਲਈ ਮੈਂ ਇਹ ਪੁਰਸਕਾਰ ਫਿਲਮ ਇੰਡਸਟਰੀ ਦੇ ਸਾਰੇ ਵਿਭਾਗਾਂ ਨਾਲ ਸਾਂਝਾ ਕਰ ਰਹੀ ਹਾਂ। ਫ਼ਿਲਮ ਸਿਰਫ ਇੱਕ ਵਿਅਕਤੀ ਵੱਲੋਂ ਨਹੀਂ ਬਣਾਈ ਜਾਂਦੀ। ਸਾਨੂੰ ਇੱਕ-ਦੂਜੇ ਦੀ ਲੋੜ ਹੁੰਦੀ ਹੈ।’’ ਪੰਜ ਮੈਂਬਰੀ ਜਿਊਰੀ ਨੇ ਰਹਿਮਾਨ ਨੂੰ ਵੱਕਾਰੀ ਪੁਰਸਕਾਰ ਲਈ ਚੁਣਿਆ ਸੀ। ਜਿਊਰੀ ਵਿੱਚ ਰਹਿਮਾਨ ਦੀ ਕਰੀਬੀ ਦੋਸਤ ਅਤੇ ਪਿਛਲੇ ਸਾਲ ਦੀ ਦਾਦਾਸਾਹਿਬ ਪੁਰਸਕਾਰ ਜੇਤੂ ਆਸ਼ਾ ਪਾਰੇਖ, ਅਦਾਕਾਰ ਚਿਰੰਜੀਵੀ, ਪਰੇਸ਼ ਰਾਵਲ, ਪ੍ਰਸੰਨਜੀਤ ਚੈਟਰਜੀ ਅਤੇ ਫਿਲਮ ਨਿਰਮਾਤਾ ਸ਼ੇਖਰ ਕਪੂਰ ਸ਼ਾਮਲ ਸਨ।
ਰਹਿਮਾਨ ਨੇ ਹਿੰਦੀ ਫਿਲਮਾਂ ਵਿੱਚ ਆਪਣਾ ਸਫਰ 1956 ਵਿੱਚ ਗੁਰੂ ਦੱਤ ਦੀ ਫਿਲਮ ‘ਸੀਆਈਡੀ’ ਨਾਲ ਸ਼ੁਰੂ ਕੀਤਾ ਸੀ ਅਤੇ ਪੰਜ ਦਹਾਕਿਆਂ ਤੋਂ ਵੱਧ ਲੰਮੇ ਆਪਣੇ ਸ਼ਾਨਦਾਰ ਕਰੀਅਰ ਦੌਰਾਨ ਉਨ੍ਹਾਂ ‘ਪਿਆਸਾ’, ‘ਕਾਗਜ਼ ਕੇ ਫੂਲ’, ‘ਚੌਧਵੀਂ ਕਾ ਚਾਂਦ’, ‘ਗਾਈਡ’, ‘ਕਭੀ ਕਭੀ’ ਅਤੇ ਖਾਮੋਸ਼ੀ ਸਮੇਤ ਹੋਰ ਕਈ ਹਿੱਟ ਫਿਲਮਾਂ ਦਿੱਤੀਆਂ।
ਉਨ੍ਹਾਂ ਵੱਖ-ਵੱਖ ਭਾਸ਼ਾਵਾਂ ਵਿੱਚ 90 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ ਦੀ ਆਖਰੀ ਫਿਲਮ 2021 ਵਿੱਚ ‘ਸਕੇਟਰ ਗਰਲ’ ਆਈ ਸੀ।
‘ਰੇਸ਼ਮਾ ਔਰ ਸ਼ੇਰਾ’ ਲਈ ਉਨ੍ਹਾਂ ਨੂੰ ਰਾਸ਼ਟਰੀ ਫਿਲਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੂੰ ਪਦਮਸ੍ਰੀ ਅਤੇ ਪਦਮ ਭੂਸ਼ਣ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।