ਵਰ੍ਹਦੇ ਮੀਂਹ ਵਿੱਚ ਵੀ ਜਾਰੀ ਰਹੇ ਧੁੱਸੀ ਬੰਨ੍ਹ ਪੂਰਨ ਦੇ ਕਾਰਜ

ਵਰ੍ਹਦੇ ਮੀਂਹ ਵਿੱਚ ਵੀ ਜਾਰੀ ਰਹੇ ਧੁੱਸੀ ਬੰਨ੍ਹ ਪੂਰਨ ਦੇ ਕਾਰਜ

ਜਲੰਧਰ- ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਵਿੱਚ ਗੱਟਾ ਮੁੰਡੀ ਕਾਸੂ ਨੇੜੇ ਪਏ ਪਾੜ ਨੂੰ ਪੂਰਨ ਦੀ ਸੇਵਾ ਵਰ੍ਹਦੇ ਮੀਂਹ ਦੌਰਾਨ ਵੀ ਚੱਲਦੀ ਰਹੀ। ਬੰਨ੍ਹ ਉੱਪਰ ਮੀਂਹ ਕਾਰਨ ਟਰੈਕਟਰ ਟਰਾਲੀਆਂ ਖੁੱਭਦੀਆਂ ਰਹੀਆਂ ਪਰ ਕਾਰਸੇਵਕਾਂ ਤੇ ਨੌਜਵਾਨਾਂ ਦੇ ਹੌਸਲੇ ਬੁਲੰਦ ਰਹੇ। ਬੰਨ੍ਹ ਬੰਨ੍ਹਣ ਦੇ ਕਾਰਜਾਂ ਦੀ ਅਗਵਾਈ ਕਰ ਰਹੇ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਵੀ ਕਰੇਨ ਚਲਾਉਂਦੇ ਰਹੇ।
ਪਾਣੀ ਦਾ ਪੱਧਰ ਵਧਣ ਕਾਰਨ ਬੰਨ੍ਹ ਨਾਲ ਲੱਗਦੇ ਪਿੰਡਾਂ ਦੀਆਂ ਸੜਕਾਂ ’ਤੇ ਵੀ ਦੋ ਤੋਂ ਢਾਈ ਫੁੱਟ ਤੱਕ ਪਾਣੀ ਵਿੱਚ ਚੜ੍ਹ ਗਿਆ ਹੈ ਜਿਸ ਕਾਰਨ ਮਿੱਟੀ ਦੀਆਂ ਟਰਾਲੀਆਂ ਪਾੜ ਵਾਲੀ ਥਾਂ ਮੁਸ਼ਕਿਲ ਨਾਲ ਜਾ ਰਹੀਆਂ ਸਨ।
ਇਸ ਕਾਰਨ ਵੱਖ-ਵੱਖ ਪਿੰਡਾਂ ਤੋਂ ਆਈਆਂ ਮਿੱਟੀ ਦੀਆਂ ਟਰਾਲੀਆਂ ਪਿੰਡ ਕੰਗ ਖੁਰਦ ਦੀ ਦਾਣਾ ਮੰਡੀ ਵਿੱਚ ਲਹਾਉਣੀਆਂ ਪਈਆਂ। ਇੱਥੇ ਅੱਜ ਲਗਾਤਾਰ 5 ਘੰਟੇ ਮੀਂਹ ਪੈਂਦਾ ਰਿਹਾ। ਧੁੱਸੀ ਬੰਨ੍ਹ ’ਤੇ ਬਣਾਏ ਦੋ ਆਰਜ਼ੀ ਟੈਂਟਾਂ ਵਿੱਚ ਰੱਖਿਆ ਸਾਮਾਨ ਵੀ ਭਿੱਜ ਗਿਆ।
ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ 925 ਫੁੱਟ ਚੌੜੇ ਪਾੜ ਦਾ ਕੰਮ ਅਜੇ ਸਿਰਫ਼ 30 ਫ਼ੀਸਦੀ ਹੀ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਾਣੀ ਦੀ ਡੂੰਘਾਈ 30 ਫੁੱਟ ਦੇ ਕਰੀਬ ਹੋਣ ਕਾਰਨ ਜ਼ਿਆਦਾ ਸਮਾਂ ਲੱਗ ਰਿਹਾ ਹੈ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਹਤ ਸਮੱਗਰੀ ਲੈ ਕੇ ਆ ਰਹੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੰਨ੍ਹ ਨੂੰ ਪੂਰਨ ਦੇ ਲਈ ਆਪੋ ਅਪਾਣੇ ਇਲਾਕਿਆਂ ’ਚੋਂ ਮਿੱਟੀ ਦੇ ਭਰੇ ਬੋਰੇ ਅਤੇ ਡੀਜ਼ਲ ਦੇਣ ਵਿੱਚ ਯੋਗਦਾਨ ਪਾਉਣ।