ਵਰਕਰਾਂ ਦਾ ਹਮੇਸ਼ਾ ਸਤਿਕਾਰ ਕਰਦੈ ਅਕਾਲੀ ਦਲ: ਸੁਖਬੀਰ

ਵਰਕਰਾਂ ਦਾ ਹਮੇਸ਼ਾ ਸਤਿਕਾਰ ਕਰਦੈ ਅਕਾਲੀ ਦਲ: ਸੁਖਬੀਰ

ਜਥੇਦਾਰ ਡੰਗ ਨਮਿਤ ਅੰਤਿਮ ਅਰਦਾਸ; ਸਿਆਸੀ ਤੇ ਧਾਰਮਿਕ ਆਗੂਆਂ ਨੇ ਕੀਤੀ ਸ਼ਮੂਲੀਅਤ
ਲੁਧਿਆਣਾ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਤੀ ਸਮਰਪਿਤ ਵਰਕਰਾਂ ਦਾ ਹਮੇਸ਼ਾ ਸਤਿਕਾਰ ਕਰਦਾ ਹੈ। ਉਹ ਅੱਜ ਇੱਥੇ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿੱਚ ਹੋਈ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਹਰਭਜਨ ਸਿੰਘ ਡੰਗ ਨਮਿਤ ਅੰਤਿਮ ਅਰਦਾਸ ’ਚ ਸ਼ਾਮਲ ਹੋਣ ਪਹੁੰਚੇ ਹੋਏ ਸਨ।

ਇਸ ਮੌਕੇ ਉਨ੍ਹਾਂ ਕਿਹਾ ਕਿ ਹਰਭਜਨ ਸਿੰਘ ਡੰਗ ਪਾਰਟੀ ਦੇ ਵਫ਼ਾਦਾਰ ਸਿਪਾਹੀ, ਗਰੀਬਾਂ ਦੀ ਬਾਂਹ ਫੜਨ ਤੇ ਸੇਵਾ ਕਰਨ ਵਾਲੀ ਸ਼ਖ਼ਸੀਅਤ‌ ਸਨ, ਜਿਨ੍ਹਾਂ ਦੀਆਂ ਸੇਵਾਵਾਂ ਭੁਲਾਈਆਂ ਨਹੀਂ ਜਾ ਸਕਦੀਆਂ। ਉਨ੍ਹਾਂ ਜਥੇਦਾਰ ਡੰਗ ਦੀ ਪਤਨੀ ਸਾਬਕਾ ਕੌਂਸਲਰ ਸੁਰਜੀਤ ਕੌਰ ਡੰਗ ਅਤੇ ਉਨ੍ਹਾਂ ਦੇ ਪੁੱਤਰਾਂ ਹਰਪ੍ਰੀਤ ਸਿੰਘ ਸੋਨੀ, ਦਵਿੰਦਰ ਸਿੰਘ ਗੋਲਡੀ ਅਤੇ ਸਰਬਜੋਤ ਸਿੰਘ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਉਨ੍ਹਾਂ ਨਾਲ ਖੜ੍ਹਾ ਹੈ।

ਇਸ ਮੌਕੇ ਗਿਆਨੀ ਰਘਬੀਰ ਸਿੰਘ, ਜਥੇਦਾਰ ਹੀਰਾ ਸਿੰਘ ਗਾਬੜ੍ਹੀਆ, ਪ੍ਰਵੀਨ ਬਾਂਸਲ ਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਸ਼ਰਧਾ ਦੇ ਫੁੱਲ ਕਰਦਿਆਂ ਡੰਗ ਦੇ ਜੀਵਨ ’ਤੇ ਰੌਸ਼ਨੀ ਪਾਈ।‌ ਇਸ ਮੌਕੇ ਚਰਨਜੀਤ ਸਿੰਘ ਅਟਵਾਲ, ਡਾ. ਦਲਜੀਤ ਸਿੰਘ ਚੀਮਾ, ਅਮਰਜੀਤ ਸਿੰਘ ਚਾਵਲਾ, ਗੁਰਚਰਨ ਸਿੰਘ ਗਰੇਵਾਲ, ਮਹੇਸ਼ ਮਇੰਦਰ ਸਿੰਘ ਗਰੇਵਾਲ, ਸ਼ਰਨਜੀਤ ਸਿੰਘ ਢਿੱਲੋਂ, ਐਡਵੋਕੇਟ ਪਰੁਉਪਕਾਰ ਸਿੰਘ ਘੁੰਮਣ, ਹਰਚਰਨ ਸਿੰਘ ਗੋਹਲਵੜੀਆ, ਵਿਧਾਇਕ ਚੌਧਰੀ ਮਦਨ ਲਾਲ ਬੱਗਾ, ਵਿਧਾਇਕ ਦਲਜੀਤ ਸਿੰਘ ਭੋਲਾ, ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ, ਵਿਧਾਇਕ ਗੁਰਪ੍ਰੀਤ ਗੋਗੀ ਆਦਿ ਹਾਜ਼ਰ ਸਨ।