ਵਧਦੇ ਜਲ ਸੰਕਟ ਨੂੰ ਰੋਕਣਾ ਸਮੇਂ ਦੀ ਵੱਡੀ ਲੋੜ

ਵਧਦੇ ਜਲ ਸੰਕਟ ਨੂੰ ਰੋਕਣਾ ਸਮੇਂ ਦੀ ਵੱਡੀ ਲੋੜ

ਡਾ. ਸਤਿੰਦਰ ਸਿੰਘ

ਪੂਰੇ ਵਿਸ਼ਵ ਵਿੱਚ 22 ਮਾਰਚ ਦਾ ਦਿਨ ‘ਵਿਸ਼ਵ ਪਾਣੀ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵਿਚ ਮਤਾ ਪਾਸ ਕਰਕੇ ਪਾਣੀ ਦੀ ਮਹੱਤਤਾ ਨੂੰ ਸਮਝਦੇ ਹੋਏ ਅਤੇ ਪਾਣੀ ਦੀ ਪੂਰੇ ਵਿਸ਼ਵ ਵਿੱਚ ਮੌਜੂਦਾ ਸਥਿਤੀ ਉਪਰ ਚਿੰਤਾ ਪ੍ਰਗਟ ਕਰਦੇ ਹੋਏ, 22 ਮਾਰਚ 1993 ਨੂੰ ਪਹਿਲੀ ਵਾਰ ਵਿਸ਼ਵ ਜਲ ਦਿਵਸ ਮਨਾਉਣ ਮੌਕੇ ਪਾਣੀ ਦੀ ਬੱਚਤ ਅਤੇ ਪਾਣੀ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ ਸੰਦੇਸ਼ ਦਿੱਤਾ ਗਿਆ। ਵਿਸ਼ਵ ਜਲ ਦਿਵਸ 2023 ਦਾ ਥੀਮ ਪਾਣੀ ਅਤੇ ਸੈਨੀਟੇਸ਼ਨ ਸੰਕਟ ਦੇ ਹੱਲ ਲਈ ਤੇਜ਼ੀ ਨਾਲ ਤਬਦੀਲੀ ਲਿਆਉਣਾ ਹੈ। ਇਸ ਥੀਮ ਨੂੰ ਲੈ ਕੇ ਵਿਸ਼ਵ ਪੱਧਰ ’ਤੇ ਆਮ ਲੋਕਾਂ ਨੂੰ ਪਾਣੀ ਦੀ ਵਰਤੋਂ, ਉਪਯੋਗ ਅਤੇ ਸੁਚੱਜੇ ਪ੍ਰਬੰਧਨ ਪ੍ਰਤੀ ਤਬਦੀਲੀ ਲਿਆਉਣ ਲਈ ਪ੍ਰੇਰਿਤ ਅਤੇ ਜਾਗਰੂਕ ਕਰਨਾ ਹੈ।

ਮਨੁੱਖ ਅਤੇ ਜੀਵ ਜੰਤੂਆਂ ਲਈ ਪਾਣੀ ਸਭ ਤੋਂ ਕੀਮਤੀ ਕੁਦਰਤੀ ਤੋਹਫ਼ਾ ਹੈ। ਪਾਣੀ ਦੀ ਕਦਰ ਸਿਰਫ਼ ਕੀਮਤ ਦੇ ਪੱਖ ਤੋਂ ਹੀ ਨਹੀਂ, ਬਲਕਿ ਵਾਤਾਵਰਨ, ਸਮਾਜਿਕ ਅਤੇ ਸੱਭਿਆਚਾਰਕ ਮਹੱਤਵ ਦੇ ਪੱਖ ਤੋਂ ਵੀ ਹੈ। ਇਸ ਲਈ ਹੀ ਤਾਂ ਵਿਸ਼ਵ ਪੱਧਰ ’ਤੇ ਇਹ ਟੀਚਾ ਨਿਸ਼ਚਿਤ ਕੀਤਾ ਗਿਆ ਹੈ ਕਿ ਵਿਸ਼ਵ ਦੇ 220 ਕਰੋੜ ਤੋਂ ਵੱਧ ਲੋਕ ਜਿਨ੍ਹਾਂ ਨੂੰ ਮੌਜੂਦਾ ਸਮੇਂ ਸ਼ੁੱਧ ਪਾਣੀ ਉਪਲਬਧ ਨਹੀਂ ਹੈ, ਨੂੰ 2030 ਤੱਕ ਸ਼ੁੱਧ ਪਾਣੀ ਉਪਲਬਧ ਕਰਵਾਉਣਾ ਹੈ। ਇਸ ਉਦੇਸ਼ ਨਾਲ ਸੋਸ਼ਲ ਮੀਡੀਆ ਰਾਹੀਂ ਡਿਜੀਟਲ ਮੁਹਿੰਮ ਪੂਰੇ ਵਿਸ਼ਵ ਵਿਚ ਚਲਾ ਕੇ ਜਾਗਰੂਕਤਾ ਫੈਲਾਉਣ ਦੇ ਯਤਨ ਕੀਤੇ ਜਾ ਰਹੇ ਹਨ। ਕੁਦਰਤ ਵੱਲੋਂ ਦਿੱਤੇ ਤੋਹਫ਼ਿਆਂ ਵਿੱਚੋਂ ਪਾਣੀ ਇੱਕ ਅਨਮੋਲ ਤੋਹਫ਼ਾ ਹੈ, ਜੋ ਪੂਰੀ ਸ੍ਰਿਸ਼ਟੀ ਲਈ ਕੁਦਰਤ ਦਾ ਇੱਕ ਅਜਿਹਾ ਵਰਦਾਨ ਹੈ ਜਿਸ ਬਿਨਾਂ ਜੀਵ ਅਤੇ ਬਨਸਪਤੀ ਦਾ ਜ਼ਿੰਦਾ ਰਹਿਣਾ ਅਸੰਭਵ ਹੈ। ਸੈਂਕੜੇ ਸਾਲ ਪਹਿਲਾਂ ਵਿਗਿਆਨਿਕ ਸੋਚ ਵਾਲੇ ਗੁਰੂ ਨਾਨਕ ਦੇਵ ਜੀ ਨੇ ਕੁਦਰਤ ਦੇ ਇਸ ਅਨਮੋਲ ਤੋਹਫੇ ਦੀ ਅਹਿਮੀਅਤ ਬਾਰੇ ਸਾਨੂੰ ਜਾਗਰੂਕ ਕਰ ਦਿੱਤਾ ਸੀ। ਉਨ੍ਹਾਂ ‘ਪਵਨੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹੱਤ।।’ ਦੇ ਮਹਾਂਵਾਕ ਰਾਹੀਂ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਹੈ, ਅਰਥਾਤ ਪੂਰੀ ਸ੍ਰਿਸ਼ਟੀ ਦਾ ਜਨਮਦਾਤਾ। ਇਹ ਸੱਚ ਹੈ ਕਿ ਜੇ ਜੀਵਨ ਦੀ ਉਤਪਤੀ ਦੀ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤ ਪਾਣੀ ਵਿਚ ਹੀ ਹੋਈ ਮੰਨੀ ਜਾਂਦੀ ਹੈ। ਪਾਣੀ ਸਾਡੇ ਜੀਵਨ ਦੀ ਮੁਢਲੀ ਜਰੂਰਤ ਹੈ:

ਜਲੁ ਬਿਨੁ ਸਾਖ ਕੁਮਲਾਵਤੀ, ਉਪਜਹਿ ਨਾਹੀ ਦਾਮ ॥

ਪਾਣੀ ਸਮਾਜਿਕ ਅਤੇ ਸਭਿਆਚਾਰਕ ਤਰੱਕੀ, ਵਾਤਾਵਰਨ ਅਤੇ ਕੁਦਰਤ ਦਾ ਸੰਤੁਲਨ, ਦੇਸ਼ ਦੀ ਆਰਥਿਕਤਾ ਦੀ ਮਜ਼ਬੂਤੀ ਅਤੇ ਤੰਦਰੁਸਤ ਮਾਨਸਿਕਤਾ ਦਾ ਆਧਾਰ ਹੈ। ਪਰ ਪਾਣੀ ਦੀ ਇੰਨੀ ਵੱਡੀ ਮਹੱਤਤਾ ਦੇ ਬਾਵਜੂਦ ਇਸ ਕੀਮਤੀ ਤੋਹਫ਼ੇ ਦੀ ਬੇਸਮਝੀ ਅਤੇ ਬੇਕਦਰੀ ਨਾਲ ਕੀਤੀ ਜਾ ਰਹੀ ਵਰਤੋਂ/ਦੁਰਵਰਤੋਂ ਕਾਰਨ ਜਿੱਥੇ ਪਾਣੀ ਦੀ ਭਾਰੀ ਕਮੀ ਮਹਿਸੂਸ ਹੋ ਰਹੀ ਹੈ, ਉੱਥੇ ਗੁਣਵੱਤਾ ਦੀ ਘਾਟ ਅੱਜ ਚਿੰਤਾ ਦਾ ਬਹੁਤ ਵੱਡਾ ਵਿਸ਼ਾ ਬਣ ਚੁੱਕੀ ਹੈ। ਪਾਣੀ ਸਬੰਧੀ ਚਾਹੇ ਸੰਕਟ ਵਿਸ਼ਵ ਵਿਆਪੀ ਹੈ, ਪ੍ਰੰਤੂ ਸਾਡੇ ਦੇਸ਼ ਵਿੱਚ ਕਮਜ਼ੋਰ ਜਲ ਨੀਤੀ ਅਤੇ ਵਰਤੋਂ ਦੇ ਗਲਤ ਤੌਰ ਤਰੀਕੇ ਤੇ ਕਾਰਨ ਪਾਣੀ ਦੀ ਸਥਿਤੀ ਬਦਤਰ ਹੋ ਚੁੱਕੀ ਹੈ। ਸਾਡੇ ਦੇਸ਼ ਦੇ ਮਹਾਨ ਲੋਕਾਂ ਨੇ ਹਮੇਸ਼ਾ ਹੀ ਪਾਣੀ ਦੀ ਸੁਚੱਜੀ ਵਰਤੋਂ ਦੀ ਗੱਲ ਕੀਤੀ ਸੀ। ਜਿਵੇਂ ਰਹੀਮ ਜੀ ਨੇ ਕਿਹਾ ਹੈ:

ਰਹਿਮਨ ਪਾਣੀ ਰਾਖੀਏ, ਬਿਨ ਪਾਣੀ ਸਭ ਸੂਨ॥

ਪਰ ਸਾਡੇ ਪਾਣੀ ਦੇ ਸੋਮੇ ਤੇਜ਼ੀ ਨਾਲ ਖ਼ਤਮ ਹੋ ਰਹੇ ਹਨ। ਆਜ਼ਾਦੀ ਦੇ 75 ਸਾਲਾ ‘ਚ ਖੇਤੀ ਸਿੰਜਾਈ ਅਤੇ ਪੀਣ ਵਾਲੇ ਪਾਣੀ ਦਾ ਸੰਕਟ 10 ਗੁਣਾ ਵਧ ਚੁੱਕਿਆ ਹੈ। ਕੁਦਰਤੀ ਸਾਧਨਾਂ ਦੀ ਸੰਭਾਲ ਕਰਨ ਦੀ ਥਾਂ ਪਦਾਰਥਵਾਦੀ ਸੋਚ ਦੇ ਕਾਰਨ ਲਾਲਚੀ ਬਣ ਕੇ ਲਾਭ ਕਮਾਉਣ ਵਾਲੇ ਪਾਸੇ ਤੁਰ ਪਏ, ਜਿਸ ਦੇ ਕਾਰਨ ਦੇਸ਼ ਦੇ ਦੋ ਤਿਹਾਈ ਤੋਂ ਅਧਿਕ ਪਾਣੀ ਦੇ ਸੋਮਿਆਂ ਦੇ ਭੰਡਾਰ ਖਤਮ ਕਰ ਚੁੱਕੇ ਹਾਂ।

ਜੇ ਗੱਲ ਕਰੀਏ ਸਾਡੇ ਖੇਤੀ ਪ੍ਰਧਾਨ ਸੂਬੇ ਪੰਜਾਬ ਦੀ ਜਿਸ ਦਾ ਨਾਮ ਹੀ ਪੰਜ ਦਰਿਆਵਾਂ ਤੋਂ ਪਿਆ, ਜਿਸ ਦੀ ਖ਼ੁਸ਼ਹਾਲੀ ਦਾ ਮੁੱਖ ਕਾਰਨ ਵੀ ਇਹ ਪਾਣੀ ਹੀ ਹੈ। ਪਰ ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿੱਚ ਪਾਣੀ ਦਾ ਅਜਿਹਾ ਗੰਭੀਰ ਸੰਕਟ ਦੇਖ ਕੇ ਲੱਗਦਾ ਹੈ, ਜੇ ਹੁਣ ਵੀ ਨਾ ਸੰਭਲੇ ਤਾਂ ਪੰਜਾਬ ਜਲਦ ਹੀ ਰੇਗਿਸਤਾਨ ਬਣ ਜਾਵੇਗਾ। ਪੰਜਾਬ ਵਿੱਚ ਪਾਣੀ ਦੇ ਸੋਮਿਆਂ ਨੂੰ ਅੱਜ ਦੂਹਰੀ ਮਾਰ ਪੈ ਰਹੀ ਹੈ। ਪਹਿਲਾਂ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਬਹੁਤ ਤੇਜ਼ੀ ਨਾਲ ਨੀਵਾਂ ਜਾਣਾ ਅਤੇ ਦੂਸਰਾ ਮੌਜੂਦਾ ਪਾਣੀ ਵਿੱਚ ਵਧਦਾ ਪ੍ਰਦੂਸ਼ਣ। ਖੇਤੀ ਪ੍ਰਧਾਨ ਸੂਬੇ ’ਚ ਪਾਣੀ ਦਾ ਪੱਧਰ ਜਿਸ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ ਇਸ ਦਾ ਸਭ ਤੋਂ ਵੱਧ ਨੁਕਸਾਨ ਕਿਸਾਨਾਂ ਨੂੰ ਹੀ ਹੋ ਰਿਹਾ ਹੈ। ਇਹ ਮੁਸੀਬਤ ਵੀ ਅਸੀਂ ਖ਼ੁਦ ਹੀ ਪੈਦਾ ਕੀਤੀ ਹੈ, ਖੇਤੀ ਸਾਡੀ ਸੰਸਕ੍ਰਿਤੀ ਸੀ, ਪਰ ਹੁਣ ਬਾਜ਼ਾਰੀਕਰਨ ਦੇ ਦੌਰ ਵਿੱਚ ਦਾਖ਼ਲ ਹੋ ਗਏ ਅਤੇ ਬਾਜ਼ਾਰੀ ਫ਼ਸਲਾਂ ਬੀਜਣ ਲੱਗੇ। 90 ਪ੍ਰਤੀਸ਼ਤ ਤਕ ਭੂ ਜਲ ਖੇਤੀ ਦੇ ਕੰਮ ਆ ਰਿਹਾ ਹੈ। ਇਸ ਕਾਰਨ ਅੱਜ ਤੋਂ 25 ਸਾਲ ਪਹਿਲਾਂ ਮਾਲਵਾ ਖੇਤਰ ਦਾ ਕਿਸਾਨ 35 ਤੋਂ 40 ਫੁੱਟ ਤੱਕ ਦੇ ਬੋਰ ਤੋਂ ਪਾਣੀ ਲੈ ਕੇ ਖੇਤੀ ਕਰਦੇ ਸਨ ਅਤੇ ਬੋਰ ਦੀ ਲਾਗਤ ਸਿਰਫ਼ 3000 ਤੋਂ 3500 ਰੁਪਏ ਆਉਂਦੀ ਸੀ। ਅੱਜ ਸਧਾਰਨ ਬੋਰ ਦਾ ਪਾਣੀ ਮਿਲਣਾ ਤਾਂ ਇੱਕ ਸੁਪਨਾ ਹੋ ਗਿਆ ਹੈ। ਹੁਣ ਹਰ ਜ਼ਿਮੀਂਦਾਰ 350 ਤੋਂ 450 ਫੁੱਟ ਦੇ ਸਬਮਰਸੀਬਲ ਪੰਪ ਲਗਵਾ ਕੇ ਖੇਤੀ ਕਰ ਰਿਹਾ ਹੈ, ਜਿਸ ਉੱਪਰ 1.50 ਲੱਖ ਰੁਪਏ ਤੱਕ ਦਾ ਖਰਚ ਆਉਂਦਾ ਹੈ ਤੇ ਕਿਸਾਨਾਂ ਦੀ ਆਰਥਿਕਤਾ ਤਰਸਯੋਗ ਹੁੰਦੀ ਜਾ ਰਹੀ ਹੈ। ਕਰਜ਼ੇ ਹੇਠ ਦੱਬਿਆ ਕਿਸਾਨ ਖੁਦਕੁਸ਼ੀਆਂ ਕਰ ਕੇ ਜੀਵਨ ਲੀਲਾ ਸਮਾਪਤ ਕਰ ਰਿਹਾ ਹੈ। ਪੰਜਾਬ ਵਿੱਚ 100 ਪ੍ਰਤੀਸ਼ਤ ਹੀ ਭੂਮੀ ਦੀ ਸਿੰਜਾਈ ਹੁੰਦੀ ਹੈ। ਪ੍ਰੰਤੂ ਦਰਿਆ ਅਤੇ ਨਹਿਰਾਂ ਮੌਜੂਦ ਹੋਣ ਦੇ ਬਾਵਜੂਦ 70 ਪ੍ਰਤੀਸ਼ਤ ਤੋਂ ਵੱਧ ਸਿੰਜਾਈ ਭੂਜਲ ਰਾਹੀਂ ਹੀ ਕੀਤੀ ਜਾਂਦੀ ਹੈ। ਪੰਜਾਬ ਅੰਦਰ 30 ਲੱਖ ਹੈਕਟੇਅਰ ਭੂਮੀ ਦਾ ਰਕਬਾ ਝੋਨੇ ਹੇਠ ਹੈ, ਜਿਸ ਦੀ ਸਿੰਜਾਈ 13.68 ਲੱਖ ਟਿਊਬਵੈੱਲਾਂ ਰਾਹੀਂ ਹੀ ਕੀਤੀ ਜਾਦੀ ਹੈ। ਸੁਬੇ ਅੰਦਰ ਜ਼ਮੀਨਦੋਜ਼ ਪਾਣੀ 145 ਫੀਸਦੀ ਦੀ ਦਰ ਨਾਲ ਕੱਢਿਆ ਜਾ ਰਿਹਾ ਹੈ ਜੋ ਕਿ ਬੇਹੱਦ ਚਿੰਤਾ ਦਾ ਵਿਸ਼ਾ ਹੈ। ਸੂਬੇ ਦੇ ਕੁੱਲ 138 ਬਲਾਕਾਂ ਵਿੱਚੋਂ 110 ਬਲਾਕ ਅਜਿਹੇ ਹਨ, ਜਿੱਥੇ ਖ਼ਤਰੇ ਦੀ ਹੱਦ ਤੋਂ ਵੱਧ ਪਾਣੀ ਕੱਢਿਆ ਜਾ ਰਿਹਾ ਹੈ। ਖੇਤੀਬਾੜੀ ਵਿੱਚ ਕੀਟਨਾਸ਼ਕਾਂ ਅਤੇ ਹੋਰ ਰਸਾਇਣਕ ਖਾਦਾਂ ਦੀ ਲੋੜ ਤੋਂ ਵੱਧ ਹੁੰਦੀ ਵਰਤੋਂ ਕਾਰਨ, ਇਹ ਜ਼ਹਿਰੀਲੇ ਤੱਤ ਧਰਤੀ ਹੇਠਲੇ ਪਾਣੀ ਵਿਚ ਪਹੁੰਚ ਚੁੱਕੇ ਹਨ। ਇਸ ਪ੍ਰਦੂਸ਼ਿਤ ਪਾਣੀ ਦੀ ਵਰਤੋਂ ਨੇ ਮਾਲਵਾ ਖੇਤਰ ਵਿੱਚ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਨੂੰ ਜਨਮ ਦਿੱਤਾ ਹੈ।

ਸਨਅਤੀ ਅਦਾਰੇ ਗੰਧਲਾ ਅਤੇ ਜ਼ਹਿਰੀਲਾ ਪਾਣੀ ਨਜ਼ਦੀਕ ਲੱਗਦੇ ਪਾਣੀ ਦੇ ਸੋਮਿਆਂ ਵਿੱਚ ਮਿਲਾ ਕੇ ਵਾਤਾਵਰਨ ਸੰਤੁਲਨ ਵਿਗਾੜ ਰਹੇ ਹਨ। ਅਜੋਕੇ ਉਦਯੋਗੀਕਰਨ ਦੇ ਦੌਰ ਵਿੱਚ ਪਾਣੀ ਪ੍ਰਦੂਸ਼ਣ ਲਈ ਸਭ ਤੋਂ ਵੱਧ ਜ਼ਿੰਮੇਵਾਰ ਸਾਡੇ ਕਾਰਖਾਨੇ ਅਤੇ ਫੈਕਟਰੀਆਂ ਹਨ। ਜਦੋਂ ਇਹ ਜ਼ਹਿਰੀਲੇ ਪਦਾਰਥ ਸਾਡੇ ਦਰਿਆਵਾਂ, ਝੀਲਾਂ ਅਤੇ ਹੋਰ ਪਾਣੀ ਦੇ ਸੋਮਿਆਂ ਵਿੱਚ ਮਿਲਦੇ ਹਨ, ਤਾਂ ਸਭ ਤੋਂ ਵੱਧ ਮਨੁੱਖੀ ਸਿਹਤ ਲਈ ਨੁਕਸਾਨਦੇਹ ਸਾਬਤ ਹੁੰਦੇ ਹਨ। ਵਧਦੀ ਆਬਾਦੀ ਅਤੇ ਸ਼ਹਿਰੀਕਰਨ ਨੇ ਵੀ ਪਾਣੀ ਦੇ ਸੋਮਿਆਂ ਚ ਪ੍ਰਦੂਸ਼ਣ ਵਿੱਚ ਬਹੁਤ ਵੱਡਾ ਵਾਧਾ ਕੀਤਾ ਹੈ। ਪਲਾਸਟਿਕ ਦੇ ਲਿਫਾਫਿਆਂ ਦੀ ਵਧਦੀ ਵਰਤੋਂ ਨੇ ਸੀਵਰੇਜ ਵਿਵਸਥਾ ਤੋਂ ਲੈ ਕੇ ਸਮੁੰਦਰ ਤਕ ਤਬਾਹੀ ਮਚਾਈ ਹੋਈ ਹੈ।

ਘਰਾਂ ਵਿੱਚ ਪਾਣੀ ਦੀ ਬੱਚਤ ਲਈ ਬਹੁਤ ਘੱਟ ਯਤਨ ਕੀਤੇ ਜਾ ਰਹੇ ਹਨ। ਸਵੇਰੇ ਉੱਠਦੇ ਸਮੇਂ ਦੰਦ ਸਾਫ ਕਰਨ ਤੋਂ ਲੈ ਕੇ ਨਹਾਉਣ, ਕੱਪੜੇ ਧੋਣ, ਕਾਰ ਸਾਫ ਕਰਨ ਅਤੇ ਪਾਣੀ ਸ਼ੁੱਧ ਕਰਨ ਲਈ ਆਰਓ ਦੀ ਹੁੰਦੀ ਵਰਤੋਂ ਨਾਲ ਸੈਂਕੜੇ ਲਿਟਰ ਪਾਣੀ ਹਰ ਘਰ ਵਿੱਚ ਵਿਅਰਥ ਜਾ ਰਿਹਾ ਹੈ। ਪਾਣੀ ਨੂੰ ਸੋਧਣ ਅਤੇ ਰੀਸਾਈਕਲ ਕਰਕੇ ਦੁਬਾਰਾ ਵਰਤੋਂ ਦੇ ਮਾਮਲੇ ਵਿੱਚ ਦੇਸ਼ ਦੀ ਤਸਵੀਰ ਧੁੰਦਲੀ ਹੈ। ਘਰਾਂ ਵਿੱਚ ਪਹੁੰਚੇ ਪਾਣੀ ਦਾ 80 ਪ੍ਰਤੀਸ਼ਤ ਭਾਗ ਸੀਵਰ ਵਿਚ ਚਲਾ ਜਾਂਦਾ ਹੈ। ਜਦਕਿ ਇਜ਼ਰਾਈਲ ਵਰਗੇ ਦੇਸ਼ ਵਿੱਚ 100 ਪ੍ਰਤੀਸ਼ਤ ਪਾਣੀ ਸੋਧ ਕੇ 94 ਪ੍ਰਤੀਸ਼ਤ ਦੁਬਾਰਾ ਘਰੇਲੂ ਵਰਤੋਂ ਲਈ ਵਰਤਿਆ ਜਾਂਦਾ ਹੈ।

ਮਨੁੱਖੀ ਸਰੀਰ ਵਿੱਚ 70 ਪ੍ਰਤੀਸ਼ਤ ਹਿੱਸਾ ਪਾਣੀ ਹੈ, ਸਾਡੇ ਖ਼ੂਨ ਦਾ 90 ਪ੍ਰਤੀਸ਼ਤ ਹਿੱਸਾ ਪਾਣੀ ਹੈ, ਜੇ ਸਰੀਰ ਵਿੱਚ ਥੋੜ੍ਹੀ ਜਿਹੀ ਪਾਣੀ ਦੀ ਕਮੀ ਹੋ ਜਾਵੇ ਤਾਂ ਸਾਡੀ ਮੌਤ ਤੱਕ ਹੋ ਸਕਦੀ ਹੈ। ਇਸ ਲਈ ਅਸੀਂ ਤੁਰੰਤ ਇਲਾਜ ਕਰਵਾਉਂਦੇ ਹਾਂ। ਪ੍ਰੰਤੂ ਸਾਡੀ ਧਰਤੀ ਮਾਂ ਦੇ ਪਾਣੀ ਦੀ ਕਮੀ ਨੂੰ ਰੋਕਣ ਲਈ ਅਸੀਂ ਕੀ ਯਤਨ ਕਰ ਰਹੇ ਹਾਂ। ਪਾਣੀ ਦੇ ਸੋਮਿਆਂ ਵਿੱਚ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਅਤੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਣ ਲਈ ਬਿਨਾਂ ਕਿਸੇ ਦੇਰੀ ਦੇ ਵਿਸ਼ੇਸ਼ ਯਤਨ ਕੀਤੇ ਜਾਣ ਦੀ ਸਖਤ ਜਰੂਰਤ ਹੈ। ਇਸ ਸੰਕਟ ਦੇ ਹੱਲ ਲਈ ਸਮਾਜ ਅਤੇ ਸਰਕਾਰ ਦੋਵਾਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ। ਪਾਣੀ ਦੀ ਬੱਚਤ ਅਤੇ ਉਪਯੋਗ ਸਬੰਧੀ ਵਿਸ਼ੇਸ਼ ਸਿੱਖਿਆ ਅਤੇ ਟ੍ਰੇਨਿੰਗ ਦਾ ਪ੍ਰਬੰਧ ਕਰਨਾ ਜ਼ਰੂਰੀ ਹੈ।