ਲੱਭੋ ਨੀ ਕੋਈ ਵੈਦ ਪੁਰਾਣਾ..!

ਲੱਭੋ ਨੀ ਕੋਈ ਵੈਦ ਪੁਰਾਣਾ..!

ਚੰਡੀਗੜ੍ਹ- ਜੀਤਮਹਿੰਦਰ ਸਿੰਘ ਸਿੱਧੂ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਹਨ। ਚਾਰ ਵਾਰ ਦਲ ਬਦਲੀ ਕੀਤੀ, ਫਿਰ ਕੀ ਹੋ ਗਿਆ। ਚਾਰ ਵਾਰ ਚੋਣ ਵੀ ਤਾਂ ਜਿੱਤੇ ਨੇ, ਇਹ ਕਿਸੇ ਨੂੰ ਦੀਂਹਦਾ ਨਹੀਂ। ਚਰਨਜੀਤ ਚੰਨੀ ਜਦੋਂ ਮੁੱਖ ਮੰਤਰੀ ਸਨ ਤਾਂ ਕਿਹਾ ਕਰਦੇ ਸਨ, ‘ਮੈਂ ਗ਼ਰੀਬ ਜ਼ਰੂਰ ਹਾਂ, ਕਮਜ਼ੋਰ ਨਹੀਂ।’ ਸ਼ਰੀਕੇ ਵਾਲੇ ਕਹਿਣ ਲੱਗੇ ਹਨ ਕਿ ਕਾਂਗਰਸ ਨੇ ਬਠਿੰਡਾ ਤੋਂ ਕਮਜ਼ੋਰ ਉਮੀਦਵਾਰ ਜੀਤ ਮਹਿੰਦਰ ਸਿੱਧੂ ਮੈਦਾਨ ’ਚ ਉਤਾਰ ਦਿੱਤਾ ਹੈ। ਮਨੋ ਮਨੀ ਸਿੱਧੂਆਂ ਦਾ ਮੁੰਡਾ ਵੀ ਸੋਚਦਾ ਹੋਊ, ‘ਵਜ਼ਨ ਪੱਖੋਂ ਗ਼ਰੀਬ ਜ਼ਰੂਰ ਹਾਂ, ਕਮਜ਼ੋਰ ਨਹੀਂ।’ ਬਰੇਕਿੰਗ ਦਾਸ ਕਿਸ਼ੋਰੀ! ਤੈਨੂੰ ਕਿਹੜੇ ਪਾਸਿਓਂ ਦਿਖ ਰਹੀ ਹੈ ਜੀਤਮਹਿੰਦਰ ਦੀ ਕਮਜ਼ੋਰੀ। ਵਿਟਾਮਿਨਾਂ ਦੀ ਘਾਟ ਤਾਂ ਹੋ ਸਕਦੀ ਹੈ ਪਰ ਸਿਆਸੀ ਤਾਕਤ ਦੀ ਕਮੀ ਤਾਂ ਕੋਈ ਦਿਖਦੀ ਨਹੀਂ। ਬਠਿੰਡੇ ਵਾਲਿਓ, ਯਕੀਨ ਕਰਿਓ, ਤੁਸੀਂ ਇੱਕ ਵਾਰ ਕੁਰਸੀ ਤਾਂ ਬਖ਼ਸ਼ੋ, ਫਿਰ ਦੇਖਣਾ ਸਿੱਧੂਆਂ ਦਾ ਮੁੰਡਾ ਕਿਵੇਂ ਊਰੀ ਵਾਂਗੂ ਲੋਕਾਂ ਖ਼ਾਤਰ ਘੁੰਮਦਾ।

ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਭਾਵੁਕ ਅਪੀਲ ਸੀ, ‘ਤੁਸੀਂ ਮੈਨੂੰ ਖ਼ੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦਿਆਂਗਾ।’ ਸੋ ਮਾਈ ਭਾਈ ਦੇ ਚਰਨਾਂ ’ਚ ਜੀਤ ਮਹਿੰਦਰ ਸਿੱਧੂ ਦੀ ਵੀ ਇਹੋ ਗੁਜ਼ਾਰਿਸ਼ ਹੈ ਕਿ ‘ਤੁਸੀਂ ਮੈਨੂੰ ਤਾਕਤ ਦਿਓ, ਮੈਂ ਤੁਹਾਨੂੰ ਰਾਜ ਦਿਆਂਗਾ।’ ਮੀਡੀਆ ਬਿਨਾਂ ਗੱਲੋਂ ਤਿੰਘ ਰਿਹਾ ਹੈ , ਕਦੇ ਰਾਜੇ ਵੜਿੰਗ ਨੂੰ ਤੇ ਕਦੇ ਬਾਜਵੇ ਨੂੰ ਸੁਆਲ ਕਰ ਰਿਹਾ ਹੈ, ਤੁਸੀਂ ਬਠਿੰਡਿਓਂ ਕਮਜ਼ੋਰ ਉਮੀਦਵਾਰ ਕਿਉਂ ਦਿੱਤਾ। ਇਵੇਂ ਇਹੋ ਰੌਲਾ ਲੁਧਿਆਣਾ ਸੀਟ ਤੋਂ ਪਿਆ ਹੈ। ਅਖ਼ੇ ਆਮ ਆਦਮੀ ਪਾਰਟੀ ਨੇ ਲੁਧਿਆਣੇ ਤੋਂ ਪੱਪੀ ਪਰਾਸ਼ਰ ਕਮਜ਼ੋਰ ਉਮੀਦਵਾਰ ਖੜ੍ਹਾ ਕਰਤਾ। ਪੱਪੀ ਪਰਾਸ਼ਰ ਸਰੀਰਕ ਤੌਰ ’ਤੇ ਡਾਢਾ ਵਜ਼ਨ ਰੱਖਦੇ ਹਨ। ਥਾਪੀਆਂ ਮਾਰ ਕੇ ਪੱਪੀ ਪਰਾਸ਼ਰ ਲਲਕਾਰ ਰਹੇ ਨੇ ‘ਲਿਆਓ ਕੰਢਾ ਤੇ ਕਰੋ ਵਜ਼ਨ’। ਚੋਣਾਂ ਦੀ ਛਿੰਝ ਵਿਚ ਹਰ ਕੋਈ ਦਾਰਾ ਭਲਵਾਨ ਬਣਿਆ ਫਿਰਦੈ। ਵੋਟਰ ਹਰ ਚੋਣ ’ਚ ਉਮੀਦਵਾਰਾਂ ਨੂੰ ਤਾਕਤੀ ਵੋਟ ਵਾਲਾ ਟਾਨਿਕ ਪਿਲਾਉਂਦਾ ਰਿਹਾ, ਖ਼ੁਦ ਸੁੱਕ ਕੇ ਤੀਲਾ ਹੋ ਗਿਆ। ਪੁਰਾਣੇ ਵੇਲਿਆਂ ’ਚ ਪੰਜਾਬ ਦੀਆਂ ਕੰਧਾਂ ’ਤੇ ਇਸ਼ਤਿਹਾਰ ਲਿਖੇ ਹੁੰਦੇ ਸਨ, ‘..ਤਾਕਤ ਲਈ ਮਿਲੋ : ਵੈਦ ਹਰਭਜਨ ਸਿੰਘ ਯੋਗੀ’। ਸਿਆਸੀ ਪਾਰਟੀਆਂ ਦੇ ਪ੍ਰਧਾਨਾਂ ਨੂੰ ਬੇਨਤੀ ਹੈ ਕਿ ਕਿਤੋਂ ਅਜਿਹਾ ਵੈਦ ਹੀ ਲੱਭ ਲਓ, ਜਿਹੜਾ ਉਮੀਦਵਾਰਾਂ ਦੀ ਕਮਜ਼ੋਰੀ ਹੀ ਚੁੱਕ ਦੇਵੇ। ਸਿਆਸੀ ਆਗੂ ਲਾਰਿਆਂ ਦੇ ਲੱਪ ਭਰ-ਭਰ ਵੰਡਦੇ ਰਹੇ, ਵੋਟਰ ਪਾਤਸ਼ਾਹ ਕਿਰਪਾ ਕਰਦਾ ਰਿਹਾ। ਇਉਂ ਦੇਸ਼ ਦਾ ਨੇਤਾ ਮਜ਼ਬੂਤ ਹੁੰਦਾ ਗਿਆ, ਵੋਟਰ ਗ਼ਰੀਬ ਹੁੰਦਾ ਗਿਆ। ਹੁਣ ਵੋਟਰ ਆਖ ਰਿਹਾ ਹੈ ਕਿ , ‘ਮੈਂ ਲਾਈਲੱਗ ਜ਼ਰੂਰ ਹਾਂ, ਕਮਜ਼ੋਰ ਨਹੀਂ’। ਕੋਈ ਸ਼ੱਕ ਹੋਵੇ ਤਾਂ ਲੰਬੀ ਤੇ ਪਟਿਆਲੇ ਆਲ਼ਿਆਂ ਨੂੰ ਪੁੱਛ ਕੇ ਦੇਖ ਲਓ।